ਮੁੱਖ ਮੰਤਰੀ ਮਾਨ ਦੇ ਫਗਵਾੜਾ ਦੌਰੇ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ, ਕਿਸਾਨਾਂ ਨੇ ਬਕਾਇਆ ਗੰਨਾ ਭੁਗਤਾਨ ਲਈ ਮੁਲਾਕਾਤ ਦੀ ਮੰਗ ਕੀਤੀ
ਫਗਵਾੜਾ, 18 ਜੂਨ (ਹਰਜੋਤ ਸਿੰਘ ਚਾਨਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਫਗਵਾੜਾ ਦੌਰੇ ਨੂੰ ਲੈ ਕੇ ਵੀਰਵਾਰ ਨੂੰ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਗਾਂਧੀ ਚੌਕ ਵਿਖੇ ਹੋਣ ਵਾਲੇ “ਮਿਲਣੀ ਪ੍ਰੋਗਰਾਮ” ਤੋਂ ਪਹਿਲਾਂ ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਤਾਇਨਾਤੀ ਕੀਤੀ ਗਈ ਅਤੇ ਕਈ ਥਾਵਾਂ ’ਤੇ ਪਾਬੰਦੀਆਂ ਲਗਾਈਆਂ ਗਈਆਂ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਦਾਣਾ ਮੰਡੀ ਫਗਵਾੜਾ ਵਿਚ ਇਕੱਠੇ ਹੋ ਕੇ ਗੋਲਡਨ ਸੰਧਰ ਸ਼ੂਗਰ ਮਿੱਲ ਵਲੋਂ ਕਿਸਾਨਾਂ ਦੇ ਕਰੀਬ 28 ਕਰੋੜ ਰੁਪਏ ਦੇ ਬਕਾਇਆ ਭੁਗਤਾਨ ਨਾ ਕਰਨ ਖ਼ਿਲਾਫ਼ ਰੋਸ ਪ੍ਰਗਟ ਕਰਨਗੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਏ, ਨਹੀਂ ਤਾਂ ਉਹ ਦਾਣਾ ਮੰਡੀ ਵਿਚ ਧਰਨਾ ਸ਼ੁਰੂ ਕਰਨਗੇ।
ਦੂਜੇ ਪਾਸੇ ਪੁਲਿਸ ਨੇ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਦਵਿੰਦਰ ਕੌਰ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ। ਦੋਵੇਂ ਆਗੂ ਮੁੱਖ ਮੰਤਰੀ ਨੂੰ ਦਿਵਿਆਂਗ ਵਿਅਕਤੀਆਂ ਦੀਆਂ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਦੇਣਾ ਚਾਹੁੰਦੇ ਸਨ।
ਮੁੱਖ ਮੰਤਰੀ ਦੇ ਸ਼ਾਮ 7:00 ਵਜੇ ਤੋਂ ਬਾਅਦ ਫਗਵਾੜਾ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਨੇ ਬਾਜ਼ਾਰ ਬੰਸਾਂਵਾਲਾ, ਗਾਂਧੀ ਚੌਕ, ਲੋਹਾ ਮੰਡੀ ਰੋਡ, ਰੇਲਵੇ ਰੋਡ ਅਤੇ ਸਰਾਏ ਰੋਡ ਸਮੇਤ ਕਈ ਮੁੱਖ ਮਾਰਗਾਂ ’ਤੇ ਬੈਰੀਕੇਡ ਲਗਾ ਦਿੱਤੇ। ਇਸ ਕਾਰਨ ਸ਼ਹਿਰ ਦੇ ਬਾਜ਼ਾਰਾਂ ਅਤੇ ਸੜਕਾਂ ‘ਤੇ ਦਿਨ ਭਰ ਸੰਨਾਟਾ ਛਾਇਆ ਰਿਹਾ।
ਟ੍ਰੈਫਿਕ ਪਾਬੰਦੀਆਂ ਅਤੇ ਬੈਰੀਕੇਡਿੰਗ ਕਾਰਨ ਆਮ ਲੋਕਾਂ, ਦੁਕਾਨਦਾਰਾਂ ਅਤੇ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਵਪਾਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਕਿਉਂਕਿ ਗਾਹਕ ਬਾਜ਼ਾਰਾਂ ਤੱਕ ਨਹੀਂ ਪਹੁੰਚ ਸਕੇ।
;
;
;
;
;
;
;
;