ਹਲਕਾ ਸੁਲਤਾਨਪੁਰ ਲੋਧੀ ਅੰਦਰ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ
ਸੁਲਤਾਨਪੁਰ ਲੋਧੀ, 25 ਜੂਨ (ਥਿੰਦ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅੰਦਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਕਾਰਜ਼ ਲਈ 195 ਬੀ. ਐਲ. ਓਜ. ਅਤੇ 16 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਡੀ. ਐਮ. ਸੁਲਤਾਨਪੁਰ ਲੋਧੀ ਜਸਜੀਤ ਸਿੰਘ ਕਮ. ਈ. ਆਰ. ਓ. ਨੇ ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਭਰੇ ਹੋਏ ਫੀਲਡ/ਇਨਿਊਮਰੇਸ਼ਨ ਫਾਰਮਾਂ ਦੀ ਵੰਡ ਅੱਜ ਸ਼ੁਰੂ ਹੋ ਗਈ ਹੈ, ਅਤੇ ਇਹ ਕੰਮ ਬੂਥ ਲੈਵਲ ਅਫ਼ਸਰਾਂ ਰਾਹੀਂ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਅਹਿਮ ਲੋਕ ਕਾਰਜ ਲਈ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿਚ 195 ਬੀ.ਐੱਲ.ਓਜ਼ ਅਤੇ 16 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਨੇ ਹਲਕੇ ਦੇ ਵੋਟਰਾਂ ਨੂੰ ਇਹ ਭਰੋਸਾ ਦਿਵਾਇਆ ਕਿ ਇਸ ਪ੍ਰਕਿਰਿਆ ਦੌਰਾਨ ਕਿਸੇ ਵੀ ਯੋਗ ਵੋਟਰ ਦਾ ਨਾਮ ਨਹੀਂ ਕੱਟਿਆ ਜਾਵੇਗਾ ਅਤੇ ਅਸਲੀ ਵੋਟਰਾਂ ਨੂੰ ਬਿਲਕੁਲ ਵੀ ਖੱਜਲ-ਖੁਆਰ ਨਹੀਂ ਕੀਤਾ ਜਾਵੇਗਾ।
ਇਸ ਮੁਹਿੰਮ ਦਾ ਮੁੱਖ ਮਕਸਦ ਸਿਰਫ਼ ਇਹ ਯਕੀਨੀ ਬਣਾਉਣਾ ਹੈ ਕਿ ਵੋਟਰ ਸੂਚੀ ਬਿਲਕੁਲ ਦਰੁਸਤ, ਮੁਕੰਮਲ ਅਤੇ ਅੱਪਡੇਟ ਹੋਵੇ। ਇਸ ਮੌਕੇ ਈ.ਆਰ.ਓ. ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਦੋਂ ਵੀ ਬੀ.ਐੱਲ.ਓ. ਉਨ੍ਹਾਂ ਦੇ ਘਰ ਜਾਂ ਮੁਹੱਲੇ ਵਿਚ ਆਉਣ, ਤਾਂ ਉਹ ਪੂਰਾ ਸਹਿਯੋਗ ਦੇਣ, ਸਹੀ ਜਾਣਕਾਰੀ ਪ੍ਰਦਾਨ ਕਰਨ ਅਤੇ ਲੋੜੀਂਦੇ ਦਸਤਾਵੇਜ਼ ਦਿਖਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਜਿੱਥੇ ਵੀ ਸਹਾਇਤਾ ਦੀ ਲੋੜ ਹੋਵੇਗੀ, ਬੀ.ਐੱਲ.ਓਜ਼ ਫਾਰਮ ਭਰਨ ਵਿਚ ਵਸਨੀਕਾਂ ਦੀ ਪੂਰੀ ਮਦਦ ਅਤੇ ਅਗਵਾਈ ਕਰਨਗੇ। ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਬੇਨਤੀ ਕੀਤੀ ਜਾਂਦੀ ਹੈ ਕਿ ਫਾਰਮ ਪ੍ਰਾਪਤ ਕਰਨਾ, ਇਸਨੂੰ ਸਹੀ ਢੰਗ ਨਾਲ ਭਰਨਾ, ਅਤੇ ਭਰਿਆ ਹੋਇਆ ਤੇ ਦਸਤਖ਼ਤ ਕੀਤਾ ਫਾਰਮ ਵਾਪਸ ਬੀ.ਐੱਲ.ਓ. ਨੂੰ ਸੌਂਪਣਾ ਇਕ ਸਮਾਂ-ਬੱਧ ਗਤੀਵਿਧੀ ਹੈ।
ਇਸ ਵਿਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ, ਤਾਂ ਜੋ ਇਹ ਕੰਮ ਨਿਰਵਿਘਨ ਅਤੇ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਸਬ ਰਜਿਸਟਰਾਰ ਗੁਰਵਿੰਦਰ ਸਿੰਘ ਵਿਰਕ, ਰਣਜੀਤ ਸਿੰਘ ਸੈਣੀ, ਸਟੈਨੋ ਜਗਦੀਸ਼ ਲਾਲ, ਨਰੇਸ਼ ਕੋਹਲੀ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।
;
;
;
;
;
;
;