JALANDHAR WEATHER

ਗੋਲੀਆਂ ਚਲਾਉਣ ਦੇ ਮਾਮਲੇ 'ਚ ਨੌਜਵਾਨ ਗ੍ਰਿਫ਼ਤਾਰ, ਨਾਜਾਇਜ਼ ਪਿਸਤੌਲ ਬਰਾਮਦ

ਲੁਧਿਆਣਾ, 29 ਜੂਨ (ਪਰਮਿੰਦਰ ਸਿੰਘ ਅਹੂਜਾ/ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਸੈਕਟਰ-32 ਵਿਚ ਬੀਤੀ ਰਾਤ ਪਿਸਤੌਲ ਦੀ ਨੋਕ 'ਤੇ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਹੁਣ ਵੱਡਾ ਖ਼ੁਲਾਸਾ ਹੋਇਆ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਘਟਨਾ ਦੋ ਧਿਰਾਂ ਵਿਚਾਲੇ ਚੱਲ ਰਹੀ ਪੁਰਾਣੀ ਰੰਜਿਸ਼ ਦਾ ਨਤੀਜਾ ਸੀ।
ਥਾਣਾ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਕਰੀਬ 12 ਤੋਂ 15 ਨੌਜਵਾਨਾਂ ਨੇ ਆਪਸੀ ਰੰਜਿਸ਼ ਕਾਰਨ ਇਕ-ਦੂਜੇ 'ਤੇ ਹਮਲਾ ਕੀਤਾ ਅਤੇ ਇਸ ਦੌਰਾਨ ਗੋਲੀਆਂ ਵੀ ਚੱਲੀਆਂ। ਪੁਲਿਸ ਮੁਤਾਬਕ ਅਗਵਾ ਹੋਇਆ ਨੌਜਵਾਨ ਸ਼ੁਭਮ ਵੀ ਗੋਲੀਬਾਰੀ ਵਿਚ ਸ਼ਾਮਿਲ ਸੀ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਸ਼ੁਭਮ ਕੋਲੋਂ 32 ਬੋਰ ਦਾ ਨਾਜਾਇਜ਼ ਪਿਸਤੌਲ ਵੀ ਬਰਾਮਦ ਕੀਤਾ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸ਼ੁਭਮ ਖ਼ਿਲਾਫ਼ ਪਹਿਲਾਂ ਤੋਂ ਹੀ ਪੰਜ ਅਪਰਾਧਿਕ ਮਾਮਲੇ ਦਰਜ ਹਨ।
ਥਾਣਾ ਮੁਖੀ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਸ਼ੁਭਮ ਨੂੰ ਅਗਵਾ ਕਰਕੇ ਲਿਜਾਇਆ ਗਿਆ ਅਤੇ ਬਾਅਦ ਵਿਚ ਉਸ ਨੂੰ ਪੀਏਯੂ ਨੇੜੇ ਛੱਡ ਕੇ ਹਮਲਾਵਰ ਫ਼ਰਾਰ ਹੋ ਗਏ।
ਫਿਲਹਾਲ ਪੁਲਿਸ ਨੇ ਸ਼ੁਭਮ ਸਮੇਤ ਉਸ 'ਤੇ ਹਮਲਾ ਕਰਨ ਵਾਲੇ ਚਾਰ ਨਾਮਜ਼ਦ ਮੁਲਜ਼ਮਾਂ ਅਤੇ 12 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੁਭਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਜਲੰਧਰ

ਅਜੀਤ ਟੀ ਵੀ