ਭਬਾਤ 'ਚ ਕੈਂਟਰ ਦੀ ਟੱਕਰ ਨਾਲ ਸਕੂਟੀ ਸਵਾਰ ਔਰਤ ਦੀ ਮੌਤ
ਜ਼ੀਰਕਪੁਰ, 30 ਜੂਨ-ਭਬਾਤ ਦੇ ਗੋਗਾ ਮਾੜੀ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸਕੂਟੀ ਸਵਾਰ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਸੁਨੀਤਾ ਰਾਣੀ, ਵਾਸੀ ਰਿਵਰਡੇਲ ਅਪਾਰਟਮੈਂਟ, ਭਬਾਤ, ਜ਼ੀਰਕਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਨੀਤਾ ਰਾਣੀ ਆਪਣੀ ਐਕਟਿਵਾ 'ਤੇ ਕਿਸੇ ਕੰਮ ਤੋਂ ਵਾਪਸ ਘਰ ਆ ਰਹੀ ਸੀ। ਜਦੋਂ ਉਹ ਗੋਗਾ ਮਾੜੀ ਨੇੜੇ ਪਹੁੰਚੀ ਤਾਂ ਇੱਕ ਕੈਂਟਰ ਦੀ ਲਪੇਟ ਵਿੱਚ ਆ ਗਈ। ਹਾਦਸੇ ਤੋਂ ਤੁਰੰਤ ਬਾਅਦ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਵੀਆਈਪੀ ਰੋਡ ਸਥਿਤ ਜੇਪੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਸੈਕਟਰ-32 ਹਸਪਤਾਲ, ਚੰਡੀਗੜ੍ਹ ਰੈਫਰ ਕਰ ਦਿੱਤਾ। ਉੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਕੈਂਟਰ ਦਿੱਲੀ ਤੋਂ ਨਮਕੀਨ ਦਾ ਸਮਾਨ ਖੁਸ਼ਹਾਲ ਐਨਕਲੇਵ ਵਿੱਚ ਸਪਲਾਈ ਕਰਨ ਆਇਆ ਹੋਇਆ ਸੀ। ਪੁਲਿਸ ਨੇ ਹਾਦਸੇ ਸਬੰਧੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੈਂਟਰ ਚਾਲਕ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਹਾਦਸੇ ਤੋਂ ਬਾਅਦ ਇਲਾਕਾ ਵਾਸੀਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਜਿੱਥੇ ਇਹ ਹਾਦਸਾ ਵਾਪਰਿਆ ਉਹ ਪੂਰੀ ਤਰ੍ਹਾਂ ਰਿਹਾਇਸ਼ੀ ਇਲਾਕਾ ਹੈ ਅਤੇ ਸੜਕਾਂ ਵੀ ਕਾਫ਼ੀ ਤੰਗ ਹਨ। ਇਸ ਦੇ ਬਾਵਜੂਦ ਇੱਥੇ ਵੱਡੀ ਗਿਣਤੀ ਵਿੱਚ ਗੋਦਾਮ ਬਣੇ ਹੋਏ ਹਨ, ਜਿਨ੍ਹਾਂ ਕਾਰਨ ਹਰ ਰੋਜ਼ ਭਾਰੀ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਬਣੇ ਗੋਦਾਮਾਂ ਦੀ ਜਾਂਚ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
;
;
;
;
;
;
;
;