ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਈਸੀਏਆਈ ਚੰਡੀਗੜ੍ਹ ਸ਼ਾਖਾ ਦੇ ਸੀਏ ਡੇ ਸਮਾਰੋਹ ਦਾ ਕੀਤਾ ਉਦਘਾਟਨ
ਜ਼ੀਰਕਪੁਰ (ਮੁਹਾਲੀ), 1 ਜੁਲਾਈ - ਦਿ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈਸੀਏਆਈ) ਦੀ ਚੰਡੀਗੜ੍ਹ ਸ਼ਾਖਾ ਵਲੋਂ ਬੁੱਧਵਾਰ ਨੂੰ ਚਾਰਟਰਡ ਅਕਾਊਂਟੈਂਟਸ ਡੇ (ਸੀਏ ਡੇ) ਪੂਰੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ ਸੈਕਟਰ-35 ਸਥਿਤ ਆਈਸੀਏਆਈ ਭਵਨ ਵਿਚ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਚਾਰਟਰਡ ਅਕਾਊਂਟੈਂਟਸ ਅਤੇ ਸ਼ਾਖਾ ਦੇ ਅਹੁਦੇਦਾਰਾਂ ਨੇ ਹਾਜ਼ਰੀ ਭਰੀ।
ਸ਼ਾਮ ਨੂੰ ਜ਼ੀਰਕਪੁਰ ਸਥਿਤ ਪਾਮਜ਼ ਵਿਚ ਕਰਵਾਏ ਗਏ ਭਵਿਆ ਸਮਾਰੋਹ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਕੀਤਾ। ਇਸ ਮੌਕੇ ਸੀਨੀਅਰ ਭਾਜਪਾ ਆਗੂ ਸੰਜੇ ਟੰਡਨ ਅਤੇ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ।
ਰਾਜਪਾਲ ਕਟਾਰੀਆ ਨੇ ਚਾਰਟਰਡ ਅਕਾਊਂਟੈਂਟਸ ਭਾਈਚਾਰੇ ਨੂੰ ਸੀਏ ਡੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਦੇਸ਼ ਦੀ ਆਰਥਿਕ ਤਰੱਕੀ, ਵਿੱਤੀ ਪਾਰਦਰਸ਼ਤਾ ਅਤੇ ਸੁਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਚਾਰਟਰਡ ਅਕਾਊਂਟੈਂਟਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸੀਏ ਸਿਰਫ਼ ਵਿੱਤੀ ਮਾਹਿਰ ਹੀ ਨਹੀਂ, ਸਗੋਂ ਰਾਸ਼ਟਰ ਨਿਰਮਾਣ ਦੇ ਅਹਿਮ ਭਾਗੀਦਾਰ ਵੀ ਹਨ।
ਸਮਾਰੋਹ ਦੌਰਾਨ ਆਈਸੀਏਆਈ ਚੰਡੀਗੜ੍ਹ ਸ਼ਾਖਾ ਦੇ ਅਹੁਦੇਦਾਰਾਂ ਨੇ ਰਾਜਪਾਲ ਦਾ ਸਨਮਾਨ ਕੀਤਾ ਅਤੇ ਸ਼ਾਖਾ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।
ਸੱਭਿਆਚਾਰਕ ਸ਼ਾਮ ਦਾ ਮੁੱਖ ਆਕਰਸ਼ਣ ਪ੍ਰਸਿੱਧ ਨਿਜ਼ਾਮੀ ਬੰਧੂਆਂ ਦੀ ਸੂਫ਼ੀਆਨਾ ਸੰਗੀਤ ਪੇਸ਼ਕਾਰੀ ਰਹੀ। ਉਨ੍ਹਾਂ ਦੀ ਰੂਹਾਨੀ ਗਾਇਕੀ ਨੇ ਮੌਜੂਦ ਮਹਿਮਾਨਾਂ ਅਤੇ ਮੈਂਬਰਾਂ ਨੂੰ ਮੰਤਰਮੁਗਧ ਕਰ ਦਿੱਤਾ। ਸਮਾਗਮ ਦੇ ਅੰਤ ਵਿਚ ਸਾਰੇ ਮਹਿਮਾਨਾਂ ਲਈ ਰਾਤ ਦੇ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਆਈਸੀਏਆਈ ਚੰਡੀਗੜ੍ਹ ਸ਼ਾਖਾ ਦੇ ਅਹੁਦੇਦਾਰ, ਸੀਨੀਅਰ ਚਾਰਟਰਡ ਅਕਾਊਂਟੈਂਟਸ, ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਰਹੇ।
;
;
;
;
;
;
;
;