ਭਬਾਤ ’ਚ ਅਪਰਾਧਾਂ ਨੂੰ ਠੱਲ ਪਾਉਣ ਲਈ ਬਣੇਗਾ ਪੁਲਿਸ ਬੀਟ ਬਾਕਸ
ਜ਼ੀਰਕਪੁਰ, 2 ਜੁਲਾਈ- ਪਿੰਡ ਭਬਾਤ ਵਿਚ ਵਧ ਰਹੀ ਅਬਾਦੀ ਅਤੇ ਚੋਰੀ ਸਮੇਤ ਹੋਰ ਵਾਰਦਾਤਾਂ ਦੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਨੇ ਇਲਾਕੇ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਅਹਿਮ ਫੈਸਲਾ ਲਿਆ ਹੈ। ਪਿੰਡ ਵਾਸੀਆਂ ਦੀ ਮੰਗ ’ਤੇ ਏ.ਐੱਸ.ਪੀ. ਜ਼ੀਰਕਪੁਰ ਗ਼ਜ਼ਲਪ੍ਰੀਤ ਕੌਰ ਨੇ ਭਬਾਤ ਵਿਚ ਪੁਲਿਸ ਬੀਟ ਬਾਕਸ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਏ.ਐੱਸ.ਪੀ. ਨੇ ਕਿਹਾ ਕਿ ਬੀਟ ਬਾਕਸ ਸ਼ੁਰੂ ਹੋਣ ਨਾਲ ਭਬਾਤ ਦੇ ਨਾਲ-ਨਾਲ ਆਸ-ਪਾਸ ਦੀਆਂ ਕਈ ਕਾਲੋਨੀਆਂ ਨੂੰ ਵੀ ਸੁਰੱਖਿਆ ਕਵਚ ਮਿਲੇਗਾ। ਇਹ ਬੀਟ ਬਾਕਸ ਪੀ.ਐਨ.ਬੀ. ਬੈਂਕ ਨੇੜੇ ਸਰਕਾਰੀ ਜਗ੍ਹਾ ’ਤੇ ਬਣਾਇਆ ਜਾਵੇਗਾ, ਜਿਸ ਲਈ ਪਿੰਡ ਵਾਸੀਆਂ ਵਲੋਂ ਲਿਖਤੀ ਸਹਿਮਤੀ ਵੀ ਦਿੱਤੀ ਗਈ ਹੈ।
ਪਿੰਡ ਵਾਸੀਆਂ ਮੁਤਾਬਕ ਸਟੇਡੀਅਮ ਦੇ ਆਲੇ-ਦੁਆਲੇ ਸ਼ਾਮ ਸਮੇਂ ਭੀੜ ਵਧ ਜਾਂਦੀ ਹੈ। ਇਥੋਂ ਦੋਪਹੀਆ ਵਾਹਨ ਚੋਰੀ ਹੋਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਰਸਤੇ ਵਿਚ ਜਾਮ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਮੌਜੂਦਗੀ ਨਾਲ ਸ਼ੱਕੀ ਗਤੀਵਿਧੀਆਂ ’ਤੇ ਰੋਕ ਲੱਗੇਗੀ ਅਤੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਵਧੇਗੀ।
ਬੀਟ ਬਾਕਸ ਵਿਚ ਇਕ ਥਾਣੇਦਾਰ ਅਤੇ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ, ਜੋ ਇਲਾਕੇ ਦੀ ਨਿਗਰਾਨੀ, ਗਸ਼ਤ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ਿੰਮੇਵਾਰ ਹੋਣਗੇ। ਇਸ ਮੌਕੇ ਕੌਂਸਲਰ ਮਨੀ, ਆਪ ਵਾਰਡ ਇੰਚਾਰਜ ਪ੍ਰਤਾਪ ਵਿਰਕ, ਵਾਰਡ ਨੰਬਰ 29 ਇੰਚਾਰਜ ਅਮਰੀਕ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਵਿੱਕੀ ਭਬਾਤ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
;
;
;
;
;
;
;
;
;