ਖੇਤਾਂ ਚੋਂ ਮਿਲੀ ਨੌਜਵਾਨ ਦੀ ਲਾਸ਼
ਟਾਂਗਰਾ (ਅੰਮ੍ਰਿਤਸਰ), 15 ਜੁਲਾਈ (ਹਰਜਿੰਦਰ ਸਿੰਘ ਕਲੇਰ) - ਜੀ.ਟੀ. ਰੋਡ 'ਤੇ ਪਿੰਡ ਮੱਲੀਆਂ ਦਾਣਾ ਪਾਣੀ ਢਾਬੇ ਦੇ ਸਾਹਮਣੇ ਖੇਤਾਂ ਵਿਚ ਸਥਿਤ ਮੋਟਰ ਦੇ ਕਮਰੇ ਵਿਚੋਂ ਇਕ 28 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਥੋਥੀਆ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ 13 ਜੁਲਾਈ ਦੀ ਸ਼ਾਮ ਆਪਣੇ ਮੋਟਰਸਾਈਕਲ ਨੰਬਰ 'ਤੇ ਕਿਸੇ ਨਿੱਜੀ ਕੰਮ ਲਈ ਘਰੋਂ ਨਿਕਲਿਆ ਸੀ, ਪਰ ਵਾਪਸ ਨਹੀਂ ਪਰਤਿਆ। ਪਰਿਵਾਰ ਵਲੋਂ ਦੋ ਦਿਨ ਉਸ ਦੀ ਭਾਲ ਕੀਤੀ ਗਈ, ਪਰ ਅੱਜ ਸਵੇਰੇ ਉਸ ਦੀ ਲਾਸ਼ ਖੇਤਾਂ ਵਿਚ ਬਣੇ ਮੋਟਰ ਦੇ ਕਮਰੇ ਵਿਚੋਂ ਮਿਲੀ।
ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ, ਜੋ ਪਿੰਡ ਥੋਥੀਆ ਦੀ ਮੌਜੂਦਾ ਪੰਚਾਇਤ ਮੈਂਬਰ ਹਨ, ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਗੁਰਪ੍ਰੀਤ ਸਿੰਘ ਪੇਂਟ ਦਾ ਕੰਮ ਕਰਦਾ ਸੀ, ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਅਤੇ ਨਸ਼ੇ ਦਾ ਆਦੀ ਵੀ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਧੀਆਂ ਛੱਡ ਗਿਆ ਹੈ, ਜਿਨ੍ਹਾਂ ਵਿਚੋਂ ਸਭ ਤੋਂ ਛੋਟੀ ਧੀ ਦਾ ਜਨਮ ਕੇਵਲ ਪੰਜ ਦਿਨ ਪਹਿਲਾਂ ਹੀ ਹੋਇਆ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ। ਪੁਲਿਸ ਨੇ ਧਾਰਾ 174ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਇਲਾਕੇ ਦੇ ਕੁਝ ਲੋਕਾਂ ਨੇ ਸ਼ੱਕ ਜਤਾਇਆ ਕਿ ਨੌਜਵਾਨ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੋ ਸਕਦਾ ਹੈ, ਕਿਉਂਕਿ ਉਸ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਦੱਸੇ ਜਾ ਰਹੇ ਹਨ। ਹਾਲਾਂਕਿ ਪੁਲਿਸ ਨੇ ਇਸ ਸੰਬੰਧੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ ਅਤੇ ਕਿਹਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਹੋ ਸਕੇਗਾ।
ਜਾਂਚ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
;
;
;
;
;
;
;
;