JALANDHAR WEATHER

ਸਿਵਲ ਏਅਰਪੋਰਟ ਵਿਰਕ ਕਲਾਂ (ਬਠਿੰਡਾ) ਤੋਂ ਦਿੱਲੀ ਨੂੰ ਜਾਣ ਵਾਲੀਆਂ ਉਡਾਣਾਂ ਅਕਤੂਬਰ ਮਹੀਨੇ ਵਿਚ ਮਨਜ਼ੂਰੀ ਨਾਂ ਮਿਲਣ ਕਰਕੇ ਹੋ ਸਕਦੀਆਂ ਹਨ ਬੰਦ

ਬੱਲੂਆਣਾ (ਬਠਿੰਡਾ), 20 ਜੁਲਾਈ (ਗੁਰਨੈਬ ਸਾਜਨ)- ਸਿਵਲ ਏਅਰਪੋਰਟ ਵਿਰਕ ਕਲਾਂ (ਬਠਿੰਡਾ) ਤੋਂ ਦਿੱਲੀ ਨੂੰ ਜਾਣ ਵਾਲੀਆਂ ਉਡਾਣਾਂ ਅਕਤੂਬਰ ਮਹੀਨੇ ਵਿਚ ਮਨਜ਼ੂਰੀ ਨਾਂ ਮਿਲਣ ਕਰਕੇ ਬੰਦ ਹੋ ਸਕਦੀਆਂ ਹਨ, ਹਵਾਈ ਉਡਾਣਾਂ ਬੰਦ ਹੋਣ ਨਾਲ ਮਾਲਵਾ ਖਿੱਤਾ, ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ਦੇ ਹਵਾਈ ਸਫ਼ਰ ਕਰਨ ਦੇ ਚਾਹਵਾਨ ਮੁਸਾਫ਼ਰਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਸਕਦਾ ਹੈ।

ਇੱਥੇ ਜ਼ਿਕਰਯੋਗ ਹੈ ਕਿ ਸਿਵਲ ਏਅਰਪੋਰਟ ਵਿਰਕ ਕਲਾਂ ਦੇ ਰਨਵੇਅ ਦੀ ਨੀਂਹ ਦੇ ਭੂਮੀ ਪੂਜਨ ਦੀ ਰਸਮ 6 ਜੂਨ 2011 ਨੂੰ ਸਰਪੰਚ ਗੁਰਮੀਤ ਕੌਰ ਤੇ ਸਮੂਹ ਗ੍ਰਾਮ ਪੰਚਾਇਤ ਵਿਰਕ ਕਲਾਂ ਦੀ ਹਾਜ਼ਰੀ ਵਿਚ ਡਾ. ਗੁਰਚਰਨ ਸਿੰਘ ਵਿਰਕ ਕਲਾਂ ਨੇ ਰੱਖੀ ਸੀ। ਬਠਿੰਡਾ ਦੇ ਆਸ -ਪਾਸ ਦੇ ਯਾਤਰੀਆਂ ਲਈ 11 ਦਸੰਬਰ 2016 ਨੂੰ ਏਅਰ ਇੰਡੀਆ ਹਵਾਈ ਸੇਵਾ ਦੀ ਪਹਿਲੀ ਉਡਾਣ ਬਠਿੰਡਾ ਤੋਂ ਦਿੱਲੀ ਲਈ ਸ਼ੁਰੂ ਹੋਈ ਸੀ। ਬਠਿੰਡਾ ਤੋਂ ਦਿੱਲੀ ਹਵਾਈ ਰਸਤੇ ਤੋਂ ਜਾਣ ਲਈ 45 ਮਿੰਟ ਦਾ ਸਮਾਂ ਲੱਗਦਾ ਹੈ।

ਉਸ ਸਮੇਂ ਇਕ ਪਾਸੇ ਦਾ ਕਿਰਾਇਆ 1050 ਰੁਪਏ ਸੀ।ਉਸ ਸਮੇਂ ਦੌਰਾਨ ਹੀ ਵਿਰਕ ਕਲਾਂ ਏਅਰਪੋਰਟ ਤੋਂ ਗਾਜ਼ੀਆਬਾਦ ਦੇ ਹਿੰਡਨ ਏਅਰਪੋਰਟ ਤੱਕ ਫਲਾਈ ਵਿੱਗ ਏਅਰਲਾਈਨਜ਼ ਦੀ ਉਡਾਣ ਹਰ ਰੋਜ਼ ਜਾਂਦੀ ਸੀ ਅਤੇ ਇਸ ਤੋਂ ਇਲਾਵਾ ਅਲਾਇੰਸ ਏਅਰ ਦੀ ਹਵਾਈ ਸੇਵਾ ਜੰਮੂ ਵੈਸ਼ਨੂੰ ਦੇਵੀ ਦੇ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਲਈ ਵੀ ਜਾਂਦੀ ਸੀ। ਜਿਸ ਦਾ ਇਕ ਪਾਸੇ ਦਾ ਕਿਰਾਇਆ ਮਹਿਜ਼ 1150 ਰੁਪਏ ਸੀ, ਜੰਮੂ ਜਾਣ ਲਈ ਸਮਾਂ 35 ਮਿੰਟ ਦਾ ਲੱਗਦਾ ਸੀ।

ਪਰ ਅੱਜਕਲ੍ਹ ਵਿਰਕ ਕਲਾਂ ਤੋਂ ਦਿੱਲੀ ਦਾ ਕਿਰਾਇਆ 2 ਹਜ਼ਾਰ ਤੋਂ 25 ਸੌ ਰੁਪਏ ਹੈ। ਜਦੋਂ ਸਿਵਲ ਏਅਰਪੋਰਟ ਵਿਰਕ ਕਲਾਂ ਤੋਂ ਦਿੱਲੀ ਲਈ ਉਡਾਣਾਂ ਸ਼ੁਰੂ ਹੋਈਆਂ ਸਨ ਤਾਂ ਉਸ ਸਮੇਂ ਵਿਰਕ ਕਲਾਂ ਸਿਵਲ ਏਅਰਪੋਰਟ ਤੇ ਯਾਤਰੀਆਂ ਦੀ ਕਾਫੀ ਚਹਿਲ ਪਹਿਲ ਹੁੰਦੀ ਸੀ। ਪਰ ਕੋਰੋਨਾ ਕਾਲ ਦੌਰਾਨ ਹਵਾਈ ਅੱਡਾ ਬੰਦ ਰਹਿਣ ਤੋਂ ਬਾਅਦ ਦੁਬਾਰਾ ਫੇਰ ਮਿਤੀ 7 ਅਕਤੂਬਰ 2023 ਨੂੰ ਉਡਾਣਾਂ ਸ਼ੁਰੂ ਹੋਈਆਂ ਸਨ। ਇਸ ਸਬੰਧੀ ਸਿਵਲ ਏਅਰਪੋਰਟ ਐਡਵਾਈਜਰੀ ਕਮੇਟੀ ਮੈਂਬਰ ਡਾ. ਗੁਰਚਰਨ ਸਿੰਘ ਵਿਰਕ ਕਲਾਂ ਨੇ ਦੱਸਿਆ ਕਿ ਅੱਜ ਕੱਲ੍ਹ ਹਫ਼ਤੇ ਵਿਚ ਪੰਜ ਹਵਾਈ ਉਡਾਣਾਂ ਸਿਵਲ ਏਅਰਪੋਰਟ ਵਿਰਕ ਕਲਾਂ ਤੋਂ ਅਲਾਇੰਸ ਏਅਰ ਦੀ ਉਡਾਣ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੱਕ ਜਾਂਦੀ ਹੈ। ਇਹ ਉਡਾਣ ਹਫ਼ਤੇ ਦੇ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਛੱਡ ਕੇ ਬਾਕੀ ਦੇ ਦਿਨ ਜਾਂਦੀਆਂ ਹਨ। ਜਦੋਂ ਕਿ 31 ਜੁਲਾਈ 2026 ਤੱਕ ਐਤਵਾਰ ਵਾਲਾ ਦਿਨ ਇਸ ਉਡਾਣ ਚੋਂ ਘੱਟ ਹੋ ਜਾਵੇਗਾ। ਫੇਰ ਹਫ਼ਤੇ ਵਿਚ ਚਾਰ ਉਡਾਣਾਂ ਰਹਿ ਜਾਣਗੀਆਂ। ਵਿਰਕ ਕਲਾਂ ਏਅਰਪੋਰਟ ਤੇ ਦਿੱਲੀ ਤੋਂ 3.10 ਮਿੰਟ ਤੇ ਉਡਾਣ ਆਉਂਦੀ ਹੈ ਅਤੇ ਵਾਪਸ 3.35 ਮਿੰਟ ਤੇ ਦਿੱਲੀ ਨੂੰ ਫੇਰ ਰਵਾਨਾ ਹੋ ਜਾਂਦੀ ਹੈ।

ਦਿੱਲੀ ਜਾਣ ਵਾਲੇ ਯਾਤਰੀਆਂ ਵਿਚੋਂ ਤੇਲ ਰਿਫਾਇਨਰੀ, ਏਮਜ ਬਠਿੰਡਾ, ਏਅਰ ਫੋਰਸ ਸਟੇਸ਼ਨ ਭਿਸੀਆਣਾ, ਸੈਂਟਰਲ ਯੂਨੀਵਰਸਿਟੀ ਘੁੱਦਾ, ਆਦੇਸ਼ ਮੈਡੀਕਲ, ਅਦਾਰਾ ਐਨ. ਐਫ. ਐਲ, ਉੱਤਰ ਭਾਰਤ ਦੀ ਸਭ ਤੋਂ ਵੱਡੀ ਫੌਜੀ ਛਾਉਣੀ, ਇਹੋ ਜਿਹੀਆਂ ਅਨੇਕਾਂ ਸੰਸਥਾਵਾਂ ਚੋਂ ਬਾਹਰਲੇ ਸੂਬਿਆਂ ਵਿਚ ਜਾਣ ਵਾਲੇ ਯਾਤਰੀਆਂ ਵਾਸਤੇ ਇਹ ਉਡਾਣਾਂ ਬਹੁਤ ਵਧੀਆ ਸਾਧਨ ਸੀ, ਇਨ੍ਹਾਂ ਅਦਾਰਿਆਂ ਦੇ ਮੁਲਾਜ਼ਮ ਤੇ ਅਫ਼ਸਰਾਂ ਦੇ ਹਵਾਈ ਸਫ਼ਰ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਉਡਾਣ ਬੰਦ ਕਰਨ ਦੀ ਬਜਾਏ ਘੱਟੋ ਘੱਟ ਹਰ ਰੋਜ਼ ਇਕ ਉਡਾਣ ਦੀ ਸੇਵਾ ਯਕੀਨੀ ਬਣਾਈ ਜਾਵੇ। ਉਡਾਣ ਵਿਚ ਕਮੀ ਨਾਂ ਕੀਤੀ ਜਾਵੇ, ਸਗੋਂ ਹੋਰ ਉਡਾਣਾਂ ਮੁਹੱਈਆ ਕਰਵਾਈਆਂ ਜਾਣ।

ਉਨ੍ਹਾਂ ਦੱਸਿਆ ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਯਾਤਰੀ ਜਿਨ੍ਹਾਂ ਦੀ ਟਿਕਟ ਬੁਕਿੰਗ ਹੁੰਦੀ ਹੈ, ਇੱਥੋਂ ਤੱਕ ਕਿ ਯਾਤਰੀ ਵੇਟਿੰਗ ਰੂਮ ਵਿਚ ਹਵਾਈ ਜਹਾਜ਼ ਦੇ ਦਿੱਲੀ ਤੋਂ ਉਤਰਨ ਦੀ ਉਡੀਕ ਵਿਚ ਬੈਠੇ ਹੁੰਦੇ ਹਨ ਤੇ ਅਚਾਨਕ ਮੈਸੇਜ ਦੇ ਜ਼ਰੀਏ ਜਦੋਂ ਯਾਤਰੀਆਂ ਨੂੰ ਇਹ ਸੂਚਨਾ ਮਿਲਦੀ ਹੈ ਕਿ ਅੱਜ ਦੀ ਫਲਾਈਟ ਅਚਾਨਕ ਰੱਦ ਹੋ ਗਈ ਹੈ ਤਾਂ ਯਾਤਰੀਆਂ ਨੂੰ ਬੜੀ ਭਾਰੀ ਮਯੂਸੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਮਾਨਸਿਕ ਤਨਾਅ ਤੇ ਹੋਰ ਵੀ ਨੁਕਸਾਨ ਯਾਤਰੀਆਂ ਨੂੰ ਝੱਲਣਾ ਪੈਂਦਾ ਹੈ। ਕਿਸੇ ਯਾਤਰੀ ਨੇ ਅੱਗੇ ਆਪਣੀ ਕਿਸੇ ਰਿਸ਼ਤੇਦਾਰੀ ਦੇ ਵਿਆਹ ਫੰਕਸ਼ਨ ਵਿਚ ਜਾਣਾ ਹੁੰਦਾ ਹੈ। ਇਸ ਵਾਸਤੇ ਜਦੋਂ ਅਚਾਨਕ ਫਲਾਈਟ ਰੱਦ ਹੁੰਦੀ ਹੈ ਤਾਂ ਯਾਤਰੀ ਦੁੱਖ ਭਰੀ, ਮਾਨਸਿਕ, ਆਰਥਿਕ ਪੀੜਾ ਚੋਂ ਗੁਜ਼ਰਦਾ ਹੈ।

ਜੇਕਰ ਅਲਾਇੰਸ ਏਅਰ ਨੂੰ ਆਰ .ਸੀ,.ਐਸ. ਦੇ ਨਵੀਨੀਕਰਨ ਦੇ ਵਾਧੇ ਦੀ ਮਨਜ਼ੂਰੀ ਨਾਂ ਦਿੱਤੀ ਤਾਂ ਉਡਾਣਾਂ ਬੰਦ ਹੋ ਜਾਣਗੀਆਂ। ਜਿਸ ਦੀ ਆਖਰੀ ਮਿਤੀ 28 ਅਕਤੂਬਰ 2026 ਤੱਕ ਦੀ ਹੈ। ਅਗਰ ਇਸ ਤੋਂ ਬਾਅਦ ਭਵਿੱਖ ਵਿਚ ਆਰ.ਸੀ.ਐਸ . ਦੇ ਨਵੀਨੀਕਰਨ ਵਿਚ ਵਾਧਾ ਨਾਂ ਕੀਤਾ ਗਿਆ ਤਾਂ ਕਿਸੇ ਪ੍ਰਕਾਰ ਦੀ ਕੋਈ ਉਡਾਣ ਇਸ ਏਅਰਪੋਰਟ ਤੋਂ ਦਿੱਲੀ ਲਈ ਨਹੀਂ ਜਾਵੇਗੀ, ਹਵਾਈ ਅੱਡੇ ਬੰਦ ਹੋਣ ਦਾ ਗਵਾਂਢੀ ਸੂਬੇ ਹਰਿਆਣਾ ਦੇ ਇਲਾਕਾ ਸਿਰਸਾ, ਮਾਲਵਾ ਪੱਟੀ ਤੋਂ ਇਲਾਵਾ ਰਾਜਸਥਾਨ ਦੇ ਇਲਾਕੇ ਗੰਗਾ ਨਗਰ ਦੇ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੀ ਮਯੂਸੀ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਜਦੋਂ ਕੋਈ ਹਵਾਈ ਸੇਵਾ ਮੁਹੱਈਆ ਨਾਂ ਹੋਈ ਤਾਂ ਏਅਰਪੋਰਟ ਵਿਰਕ ਕਲਾਂ ਦੇ ਮੁਲਾਜ਼ਮ ਵੀ ਬੇਰੁਜ਼ਗਾਰ ਹੋ ਜਾਣਗੇ।

ਏਅਰਪੋਰਟ ਸੁੰਨਸਾਨ ਹੋਣ ਦਾ ਖਦਸ਼ਾ ਹੈ। ਇਸ ਵਾਸਤੇ ਇਸ ਏਅਰਪੋਰਟ ਨੂੰ ਸੁਚਾਰੂ ਰੂਪ ਨਾਲ ਚਾਲੂ ਰੱਖਣ ਵਾਸਤੇ ਪਿਛਲੇ ਸਾਲ ਲੋਕ ਸਭਾ ਇਜਲਾਸ ਦੌਰਾਨ ਸੰਸਦ ਵਿਚ ਸਬੰਧਿਤ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਜੋ ਕਿ ਸਿਵਲ ਏਅਰਪੋਰਟ ਐਡਵਾਈਜਰੀ ਕਮੇਟੀ ਦੀ ਚੇਅਰਪਰਸਨ ਵੀ ਹੈ। ਉਨ੍ਹਾਂ ਨੇ ਸੰਸਦ ਵਿਚ ਹਵਾਈ ਸੇਵਾਵਾਂ ਬੰਦ ਨਾਂ ਹੋਣ ਸਬੰਧੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਅੱਗੇ ਮੰਗ ਰੱਖੀ ਸੀ ਕਿ ਸਿਵਲ ਏਅਰਪੋਰਟ ਵਿਰਕ ਕਲਾਂ ਤੋਂ ਦਿੱਲੀ ਦੀਆਂ ਉਡਾਣਾਂ ਵਿਚ ਵਾਧਾ ਕੀਤਾ ਜਾਵੇ। ਵਿਰਕ ਕਲਾਂ ਏਅਰਪੋਰਟ ਤੋਂ ਹਰ ਰੋਜ਼ ਇਕ ਉਡਾਣ ਜੰਮੂ ਮਾਤਾ ਵੈਸ਼ਨੂੰ ਦੇਵੀ ਦੇ ਸ਼ਰਧਾਲੂਆਂ ਦੀ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਪਹਿਲਾਂ ਵਾਂਗ ਚਾਲੂ ਕਰਵਾਈ ਜਾਵੇ।

ਸਬੰਧਿਤ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਤੁਹਾਡੀ ਮੰਗ ਜਾਇਜ਼ ਹੈ ਹਵਾਈ ਸੇਵਾਵਾਂ ਇਸੇ ਤਰਾਂ ਬਰਕਰਾਰ ਰੱਖੀਆਂ ਜਾਣਗੀਆਂ। ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਗੁਆਂਢੀ ਸੂਬੇ ਰਾਜਸਥਾਨ ਹਰਿਆਣਾ ਤੇ ਮਾਲਵਾ ਖਿੱਤੇ ਦੇ ਹਵਾਈ ਸਫ਼ਰ ਕਰਨ ਵਾਲੇ ਮੁਸਾਫਰਾਂ ਦੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹਦੀ ਮਨਜੂਰੀ ਦਿੱਤੀ ਜਾਵੇ ਤਾਂ ਕਿ ਇਹ ਹਵਾਈ ਸੇਵਾਵਾਂ ਇਸੇ ਤਰ੍ਹਾਂ ਲਗਾਤਾਰ ਚਾਲੂ ਰਹਿ ਸਕਣ। ਬਠਿੰਡਾ ਦੇ ਟੈਕਸੀ ਚਲਾਉਣ ਵਾਲੇ ਡਰਾਈਵਰਾਂ ਦਾ ਰੁਜ਼ਗਾਰ ਵੀ ਪਹਿਲਾਂ ਵਾਂਗ ਬਰਕਰਾਰ ਰਹੇ ਅਤੇ ਸਿਵਲ ਏਅਰਪੋਰਟ ਤੇ ਪਹਿਲਾ ਵਾਂਗ ਚਹਿਲ ਪਹਿਲ ਬਣੀ ਰਹੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ