ਘਰੋਂ ਸਕੂਲ ਲਈ ਨਿਕਲੇ ਛੇ ਬੱਚੇ ਮੰਦਰ ਪਹੁੰਚੇ, ਸਮਾਜ ਸੇਵੀ ਵਿੱਕੀ ਆਵਲਾ ਦੀ ਸੂਝਬੂਝ ਨਾਲ ਸੁਰੱਖਿਅਤ ਸਕੂਲ ਭੇਜੇ ਗਏ
ਗੁਰੂਹਰਸਹਾਏ (ਫ਼ਿਰੋਜ਼ਪੁਰ), 20 ਜੁਲਾਈ (ਕਪਿਲ ਕੰਧਾਰੀ)- ਬੇਰ ਸਾਹਿਬ ਕੋਲ ਸਥਿਤ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਛੇ ਵਿਦਿਆਰਥੀ ਸੋਮਵਾਰ ਸਵੇਰੇ ਘਰੋਂ ਸਕੂਲ ਜਾਣ ਲਈ ਨਿਕਲੇ, ਪਰ ਸਕੂਲ ਨਾ ਪਹੁੰਚ ਕੇ ਘੁੰਮਦੇ-ਘੁੰਮਦੇ ਕਰੀਬ 11 ਵਜੇ ਸ਼ਹਿਰ ਦੇ ਪ੍ਰਸਿੱਧ ਮਾਤਾ ਜੱਜਲ ਵਾਲੀ ਮੰਦਰ ਵਿਚ ਪਹੁੰਚ ਗਏ। ਉੱਥੇ ਉਹ ਸਹਿਮੇ ਹੋਏ ਇਕ ਪਾਸੇ ਬੈਠੇ ਸਨ। ਇਸ ਦੌਰਾਨ ਹਰ ਰੋਜ਼ ਮੰਦਰ ਵਿਚ ਮੱਥਾ ਟੇਕਣ ਆਉਣ ਵਾਲੇ ਸਮਾਜ ਸੇਵੀ ਵਿੱਕੀ ਆਵਲਾ ਦੀ ਨਜ਼ਰ ਇਨ੍ਹਾਂ ਬੱਚਿਆਂ 'ਤੇ ਪਈ।
ਉਨ੍ਹਾਂ ਨੇ ਦੇਖਿਆ ਕਿ ਬੱਚਿਆਂ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ ਅਤੇ ਉਨ੍ਹਾਂ ਦੇ ਮੋਢਿਆਂ 'ਤੇ ਕਿਤਾਬਾਂ ਨਾਲ ਭਰੇ ਸਕੂਲੀ ਬੈਗ ਸਨ। ਵਿੱਕੀ ਆਵਲਾ ਨੇ ਪਿਆਰ ਨਾਲ ਬੱਚਿਆਂ ਨਾਲ ਗੱਲਬਾਤ ਕੀਤੀ। ਪਹਿਲਾਂ ਤਾਂ ਬੱਚਿਆਂ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਭਰੋਸਾ ਦੇਣ 'ਤੇ ਉਨ੍ਹਾਂ ਨੇ ਦੱਸਿਆ ਕਿ ਉਹ ਸਕੂਲ ਦੇਰ ਨਾਲ ਪਹੁੰਚੇ ਸਨ। ਉਨ੍ਹਾਂ ਨੂੰ ਲੱਗਾ ਕਿ ਸਕੂਲ ਦਾ ਗੇਟ ਬੰਦ ਹੋ ਗਿਆ ਹੈ ਅਤੇ ਡਾਂਟ ਪਵੇਗੀ, ਇਸ ਡਰ ਕਾਰਨ ਉਹ ਸਕੂਲ ਜਾਣ ਦੀ ਬਜਾਏ ਸ਼ਹਿਰ ਵਿਚ ਘੁੰਮਦੇ ਰਹੇ ਅਤੇ ਆਖ਼ਿਰ ਮੰਦਰ ਆ ਕੇ ਬੈਠ ਗਏ।
ਬੱਚਿਆਂ ਨੇ ਇਹ ਵੀ ਕਿਹਾ ਕਿ ਉਹ ਸੋਚ ਰਹੇ ਸਨ ਕਿ ਦੁਪਹਿਰ ਛੁੱਟੀ ਹੋਣ ਤੋਂ ਬਾਅਦ ਹੀ ਘਰ ਵਾਪਸ ਚਲੇ ਜਾਣਗੇ। ਉਸ ਤੋਂ ਬਾਅਦ ਤੁਰੰਤ ਸਕੂਲ ਪ੍ਰਬੰਧਕਾਂ ਨਾਲ ਫ਼ੋਨ 'ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਣ 'ਤੇ ਸਕੂਲ ਪ੍ਰਬੰਧਕ ਰਜਿੰਦਰ ਸਿੰਘ ਅਤੇ ਕਿਰਪਾਲ ਮੰਦਰ ਪਹੁੰਚੇ। ਉਨ੍ਹਾਂ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਬੱਚਿਆਂ ਨੇ ਦੱਸਿਆ ਕਿ ਸਕੂਲ ਪਹੁੰਚਣ 'ਤੇ ਕਿਸੇ ਲੜਕੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਹੁਣ ਦੇਰ ਹੋਣ ਕਾਰਨ ਡਾਂਟ ਪਵੇਗੀ। ਇਸ ਡਰ ਕਾਰਨ ਉਹ ਵਾਪਸ ਮੁੜ ਗਏ ਅਤੇ ਸ਼ਹਿਰ ਵਿਚ ਘੁੰਮਦੇ ਘੁੰਮਦੇ ਮੰਦਿਰ ਆ ਗਏ।
ਇਸ ਤੋਂ ਬਾਅਦ ਰਜਿੰਦਰ ਸਿੰਘ ਅਤੇ ਕਿਰਪਾਲ ਬੱਚਿਆਂ ਨੂੰ ਆਪਣੀ ਕਾਰ ਰਾਹੀਂ ਸਕੂਲ ਲੈ ਗਏ। ਸਕੂਲ ਵਿਚ ਬੱਚਿਆਂ ਦੇ ਮਾਪਿਆਂ ਨੂੰ ਵੀ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਪੂਰੇ ਮਾਮਲੇ ਤੋਂ ਜਾਣੂੰ ਕਰਵਾਇਆ ਗਿਆ। ਮਾਪਿਆਂ ਨੇ ਕਿਹਾ ਕਿ ਉਹ ਹਰ ਰੋਜ਼ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣ ਤੋਂ ਬਾਅਦ ਆਪਣੇ ਕੰਮ 'ਤੇ ਚਲੇ ਜਾਂਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿਚ ਬੱਚਿਆਂ 'ਤੇ ਹੋਰ ਧਿਆਨ ਦਿੱਤਾ ਜਾਵੇਗਾ। ਇਸ ਘਟਨਾ ਨੇ ਸਮੇਂ ਸਿਰ ਬੱਚਿਆਂ ਪ੍ਰਤੀ ਚੌਕਸੀ ਵਰਤਣ ਅਤੇ ਉਨ੍ਹਾਂ ਨਾਲ ਪਿਆਰ ਭਰੇ ਵਿਹਾਰ ਦੀ ਮਹੱਤਤਾ ਨੂੰ ਇਕ ਵਾਰ ਫਿਰ ਉਜਾਗਰ ਕੀਤਾ।
;
;
;
;
;
;
;