JALANDHAR WEATHER

ਸਿੱਕਮ ’ਚ ਨਿਰਮਾਣ ਅਧੀਨ ਸੁਰੰਗ ਢਹਿਣ ਨਾਲ 12 ਮੌਤਾਂ

ਗੰਗਟੋਕ, 21 ਜੁਲਾਈ (ਪੀ.ਟੀ.ਆਈ)-ਸਿੱਕਮ ਦੇ ਨਾਮਚੀ ਜ਼ਿਲ੍ਹੇ ’ਚ ਇਕ ਨਿਰਮਾਣ ਅਧੀਨ ਸੁਰੰਗ ਢਹਿਣ ਨਾਲ 12 ਮਜ਼ਦੂਰਾਂ ਦੀ ਮੌਤ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ, ਕਿਉਂਕਿ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਗ ਨੇ ਦੱਸਿਅ ਕਿ ਝੋਲੁੰਗੇ ਦੇ ਸਮਰਦੁੰਗ ’ਚ ਐਨ.ਐਚ.ਪੀ.ਸੀ (ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ) ਤੀਸਤਾ ਪਣ ਬਿਜਲੀ ਪ੍ਰਾਜੈਕਟ ਤਹਿਤ ਨਿਰਮਾਣ ਅਧੀਨ ਸੁਰੰਗ ਜ਼ਮੀਨ ਖਿਸਕਣ ਕਾਰਨ ਢਹਿ ਗਈ। ਮੁੱਖ ਮੰਤਰੀ ਨੇ ਦੱਸਿਆ ਕਿ ਉਸ ਸਮੇਂ ਪ੍ਰਾਜੈਕਟ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਕੁੱਲ 25 ਵਿਅਕਤੀ ਸੁਰੰਗ ’ਚ ਫਸ ਗਏ ਸਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਫ਼ੋਨ ’ਤੇ ਗੱਲ ਕਰਕੇ ਰਾਹਤ ਅਤੇ ਬਚਾਅ ਕਾਰਜਾਂ ਦੀ ਜਾਣਕਾਰੀ ਲਈ। ਨਾਮਚੀ ਪੁਲਿਸ ਨੇ ਇਕ ਬਿਆਨ ’ਚ ਦੱਸਿਆ ਕਿ ਮੰਗਲਵਾਰ ਸਵੇਰੇ ਸਾਢੇ 9 ਵਜੇ ਤੱਕ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਿਨ੍ਹਾਂ ’ਚੋਂ 7 ਦੀ ਪਛਾਣ ਹੋ ਗਈ ਹੈ, ਜਦੋਂਕਿ ਤਿੰਨ ਅਣਪਛਾਤੀਆਂ ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਸਿੰਗਤਮ ਭੇਜ ਦਿੱਤਾ ਗਿਆ। ਜਿਨ੍ਹਾਂ ਸੱਤ ਮ੍ਰਿਤਕਾਂ ਦੀ ਪਛਾਣ ਹੋਈ ਹੈ, ਉਨ੍ਹਾਂ ’ਚੋਂ ਚਾਰ ਪੱਛਮੀ ਬੰਗਾਲ ਦੇ ਜਲਪਾਈਗੁੜੀ ਨਾਲ, ਇਕ-ਇਕ ਪੰਜਾਬ, ਅਸਾਮ ਅਤੇ ਦੇਹਰਾਦੂਨ (ਉੱਤਰਾਖੰਡ) ਨਾਲ ਸੰਬੰਧਿਤ ਹਨ। ਮੁੱਖ ਮੰਤਰੀ ਨੇ ਇਕ ਬਿਆਨ ’ਚ ਕਿਹਾ ਕਿ ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਦੁੱਖ ਦੀ ਇਸ ਘੜੀ ’ਚ ਅਸੀਂ ਉਨ੍ਹਾਂ ਦੇ ਨਾਲ ਹਾਂ। ਉਹ ਖ਼ੁਦ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਨਾਮਚੀ ਜ਼ਿਲ੍ਹਾ ਪ੍ਰਸ਼ਾਸਨ, ਸਿੱਕਮ ਪੁਲਿਸ, ਐਸ.ਡੀ.ਆਰ.ਐਫ, ਸਿੱਕਮ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਅਤੇ ਐਨ.ਡੀ.ਆਰ.ਐਫ ਦੀਆਂ ਟੀਮਾਂ ਸੁਰੰਗ ਦੇ ਅੰਦਰ ਫਸੇ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕੰਮ ਕਰ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਸਮੇਂ ਢਿੱਗਾਂ ਡਿੱਗਣ ਕਾਰਨ ਨਿਰਮਾਣ ਅਧੀਨ ਸੁਰੰਗ ਅੰਦਰ ਦਾਖ਼ਲ ਹੋਣ ਵਾਲਾ ਮੁੱਖ ਰਸਤਾ ਬੰਦ ਹੋ ਗਿਆ ਸੀ ਅਤੇ ਵਿਅਕਤੀ ਅੰਦਰ ਫਸ ਗਏ ਸਨ। ਉਨ੍ਹਾਂ ਦੱਸਿਆ ਕਿ ਸੁਰੰਗ ਅੰਦਰ ਗੈਸ ਦਾ ਰਿਸਾਅ ਹੋਣ ਕਾਰਨ ਬਚਾਅ ਕਾਰਜਾਂ ’ਚ ਮੁਸ਼ਕਿਲ ਆਈ ਅਤੇ ਸੁਰੰਗ ਅੰਦਰ ਫਸੇ ਕਾਮਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਦੌਰਾਨ ਕਈ ਬਚਾਅ ਕਰਮੀ ਵੀ ਬੇਹੋਸ਼ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ