ਫਾਜ਼ਿਲਕਾ ਨਗਰ ਕੌਂਸਲ ’ਤੇ ਭਾਜਪਾ ਦਾ ਕਬਜ਼ਾ, ਅਨੀਤਾ ਜੈਰਥ ਬਣੀ ਪ੍ਰਧਾਨ
ਫਾਜ਼ਿਲਕਾ, 21 ਜੁਲਾਈ (ਪ੍ਰਦੀਪ ਕੁਮਾਰ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਫਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਗਈ। ਇਸ ਚੋਣ ਵਿਚ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਦੀ ਕੁਰਸੀ ’ਤੇ ਕਬਜ਼ਾ ਕਰ ਲਿਆ ਹੈ। ਭਾਜਪਾ ਦੀ ਅਨੀਤਾ ਜੈਰਥ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ, ਜਦਕਿ ਭਗਵਾਨ ਦਾਸ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਰਾਣੀ ਦੇਵੀ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਹੈ।
ਨਗਰ ਕੌਂਸਲ ਦਫ਼ਤਰ ਵਿਚ ਹੋਈ ਚੋਣ ਦੌਰਾਨ ਕੁੱਲ 21 ਵੋਟਰਾਂ ਵਿਚੋਂ ਭਾਜਪਾ ਦੇ ਹੱਕ ਵਿਚ 12 ਵੋਟਾਂ ਪਈਆਂ, ਜਿਸ ਤੋਂ ਬਾਅਦ ਅਨੀਤਾ ਜੈਰਥ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ 4 ਕੌਂਸਲਰਾਂ ਦੇ ਨਾਲ-ਨਾਲ ਵਿਧਾਇਕ ਵੀ ਗੈਰਹਾਜ਼ਰ ਰਹੇ।
ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਜਿੱਤ ਦਾ ਜ਼ੋਰਦਾਰ ਜਸ਼ਨ ਮਨਾਇਆ ਗਿਆ। ਵਰਕਰਾਂ ਨੇ ਇੱਕ-ਦੂਜੇ ਨੂੰ ਗੁਲਾਲ ਲਗਾ ਕੇ ਅਤੇ ਮਠਿਆਈਆਂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਭਾਜਪਾ ਆਗੂ ਸੁਰਜੀਤ ਜਿਆਣੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਪਹਿਲਾਂ ਵੀ ਸ਼ਹਿਰ ਵਿਚ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਇਸੇ ਕਰਕੇ ਲੋਕਾਂ ਨੇ ਭਾਜਪਾ ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਨਗਰ ਕੌਂਸਲ ਵਿਚ ਕੰਮ ਕਰਕੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੂਰੀ ਇਮਾਨਦਾਰੀ ਨਾਲ ਯਤਨ ਕੀਤੇ ਜਾਣਗੇ।
ਨਵ-ਨਿਯੁਕਤ ਪ੍ਰਧਾਨ ਅਨੀਤਾ ਜੈਰਥ ਦੇ ਪਤੀ ਅਸ਼ੋਕ ਜੈਰਥ ਨੇ ਕਿਹਾ ਕਿ ਚੋਣ ਬਿਲਕੁਲ ਸ਼ਾਂਤੀਪੂਰਨ ਢੰਗ ਨਾਲ ਹੋਈ ਹੈ। ਭਾਜਪਾ ਦੇ 12 ਕੌਂਸਲਰਾਂ ਨੇ ਉਨ੍ਹਾਂ ਦੇ ਹੱਕ ਵਿਚ ਵੋਟ ਪਾ ਕੇ ਉਨ੍ਹਾਂ ਨੂੰ ਪ੍ਰਧਾਨ ਦੀ ਕੁਰਸੀ ’ਤੇ ਬਿਠਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਂਸਲਰਾਂ ਦੀ ਗੈਰਹਾਜ਼ਰੀ ਦੇ ਬਾਵਜੂਦ ਉਹ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੰਦੇ ਹਨ ਕਿ ਜਿਸ ਸੇਵਾ ਭਾਵਨਾ ਨਾਲ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ’ਤੇ ਪੂਰੀ ਤਰ੍ਹਾਂ ਖਰਾ ਉਤਰਨਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨਗੇ।
ਉਧਰ, ਏ.ਡੀ.ਸੀ. ਨੇ ਚੋਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 21 ਵੋਟਰ ਸਨ, ਜਿਨ੍ਹਾਂ ਵਿਚੋਂ 12 ਵੋਟਾਂ ਭਾਜਪਾ ਦੇ ਹੱਕ ਵਿਚ ਪਈਆਂ। ਇਸ ਦੇ ਆਧਾਰ ’ਤੇ ਅਨੀਤਾ ਜੈਰਥ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ। ਰਾਣੀ ਦੇਵੀ ਨੂੰ ਵਾਈਸ ਪ੍ਰਧਾਨ ਚੁਣੇ ਜਾਣ ਦੀ ਵੀ ਜਾਣਕਾਰੀ ਦਿੱਤੀ ਗਈ।
;
;
;
;
;
;
;
;