ਜ਼ੀਰਕਪੁਰ, 11 ਮਈ (ਹੈਪੀ ਪੰਡਵਾਲਾ)- ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਦੇ ਦਫ਼ਤਰ ਨੂੰ ਅੱਜ ਕੁਝ ਅਣਪਛਾਤੇ ਨਕਾਬਪੋਸ਼ ਨੌਜਵਾਨਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਹਮਲਾਵਰਾਂ ਨੇ ਦਫ਼ਤਰ ਦੇ ਅੰਦਰ ਵੜ ਕੇ ਆਗੂ ਸੈਣੀ ਦੀ ਤਸਵੀਰ 'ਤੇ ਸਿਆਹੀ ਸੁੱਟੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਹ ਘਟਨਾ ਅੱਜ ਦਿਨ ਦਿਹਾੜੇ ਜ਼ੀਰਕਪੁਰ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਵਾਪਰੀ। ਜਿਸ ਵੇਲੇ ਇਹ ਘਟਨਾ ਹੋਈ ਉਦੋਂ ਸੈਣੀ ਦਫ਼ਤਰ ਵਿੱਚ ਮੌਜੂਦ ਨਹੀਂ ਸਨ ਉਹ ਡੇਰਾਬੱਸੀ ਹਲਕੇ ਵਿਚ ਚੋਣ ਪ੍ਰਚਾਰ ਲਈ ਗਏ ਹੋਏ ਸਨ।
ਨਕਾਬਪੋਸ਼ ਨੌਜਵਾਨਾਂ ਨੇ ਅਚਾਨਕ ਦਫ਼ਤਰ ਵਿਚ ਦਾਖਲ ਹੋ ਕੇ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਗੂ ਸੈਣੀ ਦੀ ਤਸਵੀਰ ਨੂੰ ਸਿਆਹੀ ਨਾਲ ਖ਼ਰਾਬ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਦਫ਼ਤਰ ਇਕੱਠੇ ਹੋ ਗਏ। ਭਾਜਪਾ ਆਗੂਆਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕਦਿਆਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿਚ ਵਿਰੋਧੀ ਧਿਰ ਦੇ ਆਗੂ ਸੁਰੱਖਿਅਤ ਨਹੀਂ ਹਨ। ਇਸ ਮੌਕੇ ਆਗੂ ਸੈਣੀ ਨੇ ਕਿਹਾ ਕਿ ਇਹ ਘਟਨਾ ਵਿਰੋਧੀ ਪਾਰਟੀਆਂ ਦੀ ਬੁਖਲਾਹਟ ਦਾ ਨਤੀਜਾ ਹੈ।
ਉਹ ਭਾਜਪਾ ਨੂੰ ਮਿਲ ਰਹੇ ਲੋਕ ਸਮਰਥਨ ਤੋਂ ਘਬਰਾ ਗਏ ਹਨ ਅਤੇ ਹੁਣ ਅਜਿਹੀਆਂ ਘਟੀਆ ਹਰਕਤਾਂ 'ਤੇ ਉਤਰ ਆਏ ਹਨ। ਪਰ ਅਸੀਂ ਅਜਿਹੀਆਂ ਧਮਕੀਆਂ ਜਾਂ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਾਂ। ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਵਲੋਂ ਦਫ਼ਤਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।