18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਲੁਧਿਆਣਾ ਦੇ ਮੰਦਿਰ ਵਿਚ ਚੋਰੀ, ਸਦੀਆਂ ਪੁਰਾਣੀ ਦੁਰਲੱਭ ਠਾਕੁਰ ਜੀ ਦੀ ਮੂਰਤੀ ਚੋਰੀ

ਲੁਧਿਆਣਾ, 18 ਅਗਸਤ (ਪ੍ਰਦੀਪ ਭੰਡਾਰੀ) - ਲੁਧਿਆਣਾ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਇਸ...

ਅਜੀਤ ਡੈਸਕ 18-08-2026

ਲੁਧਿਆਣਾ, 18 ਅਗਸਤ (ਪ੍ਰਦੀਪ ਭੰਡਾਰੀ) - ਲੁਧਿਆਣਾ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਹੁਣ ਉਹ ਮੰਦਿਰਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਪਿੱਛੇ ਨਹੀਂ ਹਟ ਰਹੇ। ਤਾਜ਼ਾ ਮਾਮਲਾ ਫੀਲਡ ਗੰਜ ਕੂਚਾ ਨੰਬਰ 10 ਸਥਿਤ ਸ਼੍ਰੀ ਸਨਾਤਨ ਧਰਮ ਸਭਾ ਸ਼੍ਰੀ ਕ੍ਰਿਸ਼ਨ ਮੰਦਰ ਤੋਂ ਸਾਹਮਣੇ ਆਇਆ ਹੈ।

ਦੇਰ ਰਾਤ ਕਰੀਬ 12 ਤੋਂ 1 ਵਜੇ ਦੇ ਦਰਮਿਆਨ ਦੋ ਚੋਰ ਮੰਦਿਰ ਦੇ ਮੁੱਖ ਦਰਵਾਜ਼ੇ ਦੇ ਦੋਵੇਂ ਤਾਲੇ ਤੋੜ ਕੇ ਅੰਦਰ ਦਾਖ਼ਲ ਹੋਏ। ਸੀ.ਸੀ.ਟੀ.ਵੀ. ਵਿਚ ਦਿਖਾਈ ਦੇ ਰਿਹਾ ਹੈ ਕਿ ਚੋਰਾਂ ਨੇ ਮੰਦਿਰ ਦੇ ਅੰਦਰ ਕਾਫੀ ਦੇਰ ਤੱਕ ਤਲਾਸ਼ੀ ਲਈ। ਉਨ੍ਹਾਂ ਵਲੋਂ ਕਈ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਜਾਰੀ ਦੇ ਬਕਸੇ ਨੂੰ ਵੀ ਤੋੜ ਕੇ ਦੇਖਿਆ ਗਿਆ।

ਇਸ ਤੋਂ ਬਾਅਦ ਚੋਰਾਂ ਨੇ ਸਾਊਂਡ ਸਿਸਟਮ ਵਾਲੀ ਅਲਮਾਰੀ ਨੂੰ ਤੋੜਿਆ ਅਤੇ ਕੀਮਤੀ ਸਮਾਨ ਦੀ ਭਾਲ ਕੀਤੀ। ਆਖਿਰ ਵਿਚ ਉਹ ਮੰਦਿਰ ਦੇ ਗਰਭ ਗ੍ਰਹਿ ਵਿਚ ਦਾਖ਼ਲ ਹੋਏ ਅਤੇ ਉੱਥੋਂ ਕਈ ਸਾਲ ਪੁਰਾਣੀ ਦੁਰਲੱਭ ਠਾਕੁਰ ਜੀ ਦੀ ਪ੍ਰਤਿਮਾ ਚੋਰੀ ਕਰਕੇ ਆਪਣੇ ਨਾਲ ਲੈ ਗਏ। ਮੰਦਿਰ ਦੇ ਮੁੱਖ ਪੁਜਾਰੀ ਮੁਤਾਬਕ ਇਹ ਪ੍ਰਤਿਮਾ ਬੇਹੱਦ ਦੁਰਲੱਭ ਸੀ ਅਤੇ ਜਦੋਂ ਤੋਂ ਉਨ੍ਹਾਂ ਦੇ ਪਰਿਵਾਰ ਦੀਆਂ ਪਿਛਲੀਆਂ ਤਿੰਨ ਪੀੜ੍ਹੀਆਂ ਮੰਦਰ ਵਿੱਚ ਸੇਵਾ ਕਰ ਰਹੀਆਂ ਹਨ, ਉਦੋਂ ਤੋਂ ਇਹ ਪ੍ਰਤਿਮਾ ਇੱਥੇ ਸਥਾਪਿਤ ਸੀ। ਭਗਤਾਂ ਦਾ ਵੀ ਇਸ ਪ੍ਰਤਿਮਾ ਨਾਲ ਖਾਸ ਲਗਾਅ ਸੀ।

ਪੁਜਾਰੀ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਵਿਚ ਮੰਦਿਰ ਵਿਚ ਇਹ ਤੀਜੀ ਚੋਰੀ ਹੈ, ਜਦਕਿ ਪਿਛਲੇ ਕਰੀਬ ਦੋ ਮਹੀਨਿਆਂ ਵਿਚ ਇਹ ਦੂਜੀ ਵਾਰਦਾਤ ਹੈ। ਇਸ ਤੋਂ ਪਹਿਲਾਂ ਚੋਰ ਮੰਦਿਰ ਦੀ ਦਾਨ ਪੇਟੀ ਵੀ ਚੁੱਕ ਕੇ ਲੈ ਗਏ ਸਨ। ਉਸ ਮਾਮਲੇ ਵਿਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।

ਮੰਦਰ ਪ੍ਰਬੰਧਕਾਂ ਮੁਤਾਬਕ ਚੋਰ ਕਰੀਬ ਡੇਢ ਘੰਟੇ ਤੱਕ ਮੰਦਿਰ ਦੇ ਅੰਦਰ ਘੁੰਮਦੇ ਰਹੇ ਅਤੇ ਜੋ ਵੀ ਸਮਾਨ ਉਨ੍ਹਾਂ ਨੂੰ ਕੀਮਤੀ ਲੱਗਿਆ, ਉਹ ਨਾਲ ਲੈ ਗਏ। ਮੰਦਿਰ ਕਮੇਟੀ ਵਲੋਂ ਇਸ ਸਬੰਧੀ ਥਾਣਾ ਲੁਧਿਆਣਾ ਡਿਵੀਜ਼ਨ ਨੰਬਰ 2 ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਪਿਛਲੀ ਖ਼ਬਰ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਮੁਬਾਰਕਪੁਰ ਕਾਜਵੇਅ ਬੰਦ ਅਗਲੀ ਖ਼ਬਰ ਨਗਰ ਨਿਗਮ ਨੇ ਸੜਕ ਕਿਨਾਰੇ ਕੀਤੇ ਨਜਾਇਜ਼ ਕਬਜ਼ੇ ਹਟਾਏ