11-12-2023
ਪਰਾਲੀ ਦੀ ਸਮੱਸਿਆ
ਪਰਾਲੀ ਦੀ ਸਾਂਭ-ਸੰਭਾਲ ਦੇਰੀ ਨਾਲ ਹੋਣ ਕਾਰਨ ਕਣਕ ਦੀ ਬਿਜਾਈ 'ਤੇ ਵੀ ਅਸਰ ਪੈ ਰਿਹਾ ਹੈ। ਝੋਨੇ ਦੀ ਬਿਜਾਈ ਵੀਹ ਦਿਨ ਲੇਟ ਹੋਣ ਕਾਰਨ ਇਸ ਦੀ ਕਟਾਈ ਵੀ ਪਛੜ ਜਾਂਦੀ ਹੈ ਅਤੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਮਸ਼ੀਨਾਂ ਵੀ ਨਹੀਂ ਮਿਲਦੀਆਂ। ਭਾਵੇਂ ਪਰਾਲੀ ਨੂੰ ਅੱਗਾਂ ਲਗਾਉਣੀਆਂ ਬੰਦ ਕਰਨ ਸੰਬੰਧੀ ਸੁਪਰੀਮ ਕੋਰਟ ਵਲੋਂ ਸੁਣਾਏ ਫ਼ੈਸਲੇ ਤੋਂ ਬਾਅਦ ਪ੍ਰਸ਼ਾਸਨ ਵੀ ਸਖ਼ਤੀ ਕਰ ਰਿਹਾ ਹੈ ਤੇ ਕਿਸਾਨਾਂ ਨੂੰ ਜੁਰਮਾਨੇ ਵੀ ਕੀਤੇ ਜਾ ਰਹੇ ਹਨ, ਪਰ ਫਿਰ ਵੀ ਕਈ ਕਿਸਾਨ ਅੱਗਾਂ ਲਗਾਉਣ ਲਈ ਮਜਬੂਰ ਹਨ ਤਾਂ ਕਿ ਉਹ ਕਣਕ ਬੀਜਣ ਲਈ ਖੇਤ ਤਿਆਰ ਕਰ ਸਕਣ। ਜੇਕਰ ਝੋਨੇ ਦੇ ਬਦਲ ਵਜੋਂ ਫ਼ਸਲੀ ਵਿਭਿੰਨਤਾ ਲਿਆਂਦੀ ਜਾਵੇ ਤਾਂ ਹੀ ਪਰਾਲੀ ਦੀ ਸਮੱਸਿਆ ਹੱਲ ਹੋਵੇਗੀ ਅਤੇ ਪਾਣੀ ਦੇ ਡਿਗ ਰਹੇ ਪੱਧਰ 'ਚ ਵੀ ਸੁਧਾਰ ਹੋ ਸਕਦਾ ਹੈ ਪ੍ਰੰਤੂ ਇਸ ਲਈ ਕਿਸਾਨਾਂ ਨੂੰ ਝੋਨੇ ਦੇ ਬਦਲ ਵਜੋਂ ਕਿਸੇ ਹੋਰ ਫ਼ਸਲ ਤੋਂ ਝੋਨੇ ਜਿੰਨੀ ਆਮਦਨ ਨਹੀਂ ਹੁੰਦੀ, ਜਿਸ ਕਾਰਨ ਝੋਨਾ ਲਗਾਉਣਾ ਉਨ੍ਹਾਂ ਦੀ ਮਜਬੂਰੀ ਬਣ ਗਈ ਹੈ। ਸੋ, ਸਰਕਾਰਾਂ ਨੂੰ ਢੁਕਵਾਂ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਪਰਾਲੀ ਤੇ ਪ੍ਰਦੂਸ਼ਣ ਦੀ ਗੰਭੀਰ ਬਣੀ ਸਮੱਸਿਆ ਸੁਲਝਾਈ ਜਾ ਸਕੇ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਅੰਗਹੀਣਾਂ ਦਾ ਸਤਿਕਾਰ ਕਰੋ
ਕਈ ਇਹੋ ਜਿਹੇ ਵੀ ਅਪਾਹਜ ਵਿਅਕਤੀ ਹਨ ਜਿਨ੍ਹਾਂ ਦੇ ਹੌਂਸਲੇ ਸਾਹਮਣੇੇ ਸਰੀਰਕ ਚੁਣੌਤੀਆਂ ਵੀ ਝੁਕ ਗਈਆਂ ਹਨ। ਉਨ੍ਹਾਂ ਅੰਗਹੀਣ ਸ਼ਖ਼ਸੀਅਤਾਂ ਨੇ ਅੰਗਹੀਣਤਾ ਨੂੰ ਆਪਣੇ ਹੌਸਲੇ ਉੱਤੇ ਕਦੀ ਹਾਵੀ ਨਹੀਂ ਹੋਣ ਦਿੱਤਾ।
ਅਪਾਹਿਜ ਵਿਅਕਤੀਆਂ ਨੇ ਹਰ ਫੀਲਡ ਵਿਚ ਬਾਜ਼ੀ ਮਾਰੀ ਹੈ, ਜਿਸ ਵਿਚ ਪੈਰਾਉਲੰਪਿਕ ਖੇਡਾਂ ਹਨ ਵਿਚ ਆਪਣਾ ਲੋਹਾ ਮਨਾਇਆ ਹੈ। ਮੈਂ ਇਨ੍ਹਾਂ ਜਾਂਬਾਜ਼ ਸ਼ਖ਼ਸੀਅਤਾਂ ਦੇ ਹੌਂਸਲੇ ਅਤੇ ਦ੍ਰਿੜ੍ਹਤਾ ਪ੍ਰਤੀ ਸਲੂਟ ਕਰਦਾ ਹਾਂ। ਜੋ ਲੋਕ ਖ਼ਾਸ ਕਰ ਨੇਤਾ ਲੋਕ ਅੰਗਹੀਣਾਂ ਪ੍ਰਤੀ ਉਨ੍ਹਾਂ ਪ੍ਰਤੀ ਤਰਸ ਕਰਨ ਲਈ ਅਜਿਹੇ ਲਫ਼ਜ਼ ਬੋਲਦੇ ਹਨ ਜਿਸ ਨਾਲ ਉਨ੍ਹਾਂ ਦੇ ਮਨ ਵਿਚ ਹੀਨ ਭਾਵਨਾ ਪੈਦਾ ਹੁੰਦੀ ਹੈ।
ਲਫ਼ਜ਼ ਇਸਤੇਮਾਲ ਨਹੀਂ ਕਰਨੇ ਚਾਹੀਦੇ। ਸਗੋਂ ਉਨ੍ਹਾਂ ਨੂੰ ਉਤਸ਼ਾਹਿਤ ਕਰ ਮਨੋਬਲ ਵਧਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਇਹ ਲੋਕ ਸਰੀਰਕ ਤੌਰ 'ਤੇ ਅਪਾਹਜ ਕਹਿ ਕੇ ਕੌਝਾ ਮਜ਼ਾਕ ਉਡਾਉਂਦੇ ਹਨ। ਉਨ੍ਹਾਂ ਦੀ ਆਪਣੀ ਸੋਚ ਸਰੀਰਕ ਤੌਰ 'ਤੇ ਫਿੱਟ ਹੁੰਦੇ ਹੋਏ ਵੀ ਅਪਾਹਜ ਹੁੰਦੀ ਹੈ। ਅਪੰਗ ਵਿਅਕਤੀਆਂ ਲਈ ਉਨ੍ਹਾਂ ਦੀਆਂ ਲੋੜਾਂ ਦੀਆਂ ਮੁਢਲੀਆਂ ਸਹੂਲਤਾਂ ਲਈ ਕਈ ਐਕਟ ਬਣੇ ਹਨ ਪਰ ਉਨ੍ਹਾਂ ਨੂੰ ਜ਼ਿਆਦਾ ਤਰ ਸਹੂਲਤਾਂ ਪ੍ਰਦਾਨ ਨਹੀਂ ਹੋ ਰਹੀਆਂ। ਸਰਕਾਰਾਂ ਨੂੰ ਇਸ ਪ੍ਰਤੀ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ। ਸਾਨੂੰ ਅੰਗਹੀਣ ਦਿਵਸ 'ਤੇ ਹਰ ਪ੍ਰਾਣੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਸਾਡੇ ਸਮਾਜ ਦਾ ਅੰਗ ਹਨ ਇਨ੍ਹਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਸਹੀ ਸਤਿਕਾਰ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ਫਿਰ ਹੀ ਸਾਡੇ ਆਲਮੀ ਅੰਗਹੀਣ ਦਿਵਸ ਮਨਾਉਣ ਦਾ ਕੋਈ ਅਰਥ ਰਹਿ ਜਾਂਦਾ ਹੈ।
-ਗੁਰਮੀਤ ਸਿੰਘ ਵੇਰਕਾ
ਫ਼ੈਸ਼ਨ ਜਾਂ ਦਿਖਾਵਾ?
ਬਹੁਤ ਸਾਰੇ ਲੋਕ ਕਿਸੇ ਵੀ ਸਮਾਜਿਕ ਕਾਰਜ ਵਿਚ ਅਹਿਮ ਯੋਗਦਾਨ ਪਾਉਂਦੇ ਹਨ ਪਰ ਇਸ ਦੇ ਨਾਲ ਹੀ ਉਹ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਬਹੁਤ ਸਾਰੇ ਲੋਕ ਕਿਸੇ ਗ਼ਰੀਬ ਨੂੰ ਦਾਨ ਦਿੰਦੇ ਹਨ ਪਰ ਦਾਨ ਕਰਦੇ ਸਮੇਂ ਉਸ ਦੀ ਪੋਟੋ ਕਲਿੱਕ ਕਰਵਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੰਦੇ ਹਨ। ਇਸ ਦੇ ਨਾਲ-ਨਾਲ ਵਟਸਐਪ ਤੇ ਫੇਸ ਬੁੱਕ 'ਤੇ ਆਪਣਾ ਸਟੇਟਸ ਪਾਉਣਾ ਵੀ ਨਹੀਂ ਭੁੱਲਦੇ। ਮੇਰਾ ਮੰਨਣਾ ਹੈ ਕਿ ਜੇਕਰ ਚੰਗੇ ਸਮਾਜਿਕ ਕੰਮ ਨੂੰ ਇਹੋ ਜਿਹੀ ਮਹੱਤਤਾ ਨਾਲ ਕੀਤਾ ਜਾਵੇ ਕਿ ਇਸ ਨਾਲ ਤੁਹਾਨੂੰ ਸਮਾਜ ਵਿਚ ਪਛਾਣ ਮਿਲ ਜਾਵੇ ਤਾਂ ਤੁਹਾਨੂੰ ਪਛਾਣ ਤਾਂ ਮਿਲ ਸਕਦੀ ਹੈ ਪਰ ਤੁਹਾਡੇ ਮਨ ਨੂੰ ਸੰਤੁਸ਼ਟੀ ਨਹੀਂ ਮਿਲ ਸਕਦੀ। ਜੇਕਰ ਕਿਸੇ ਕਾਰਨ ਕਰਕੇ ਤੁਸੀਂ ਸਮਾਜਿਕ ਪਛਾਣ ਬਣਾਉਣ ਵਿਚ ਸਫਲ ਨਹੀਂ ਹੋ ਪਾਉਂਦੇ ਹੋ, ਤਾਂ ਇਸ ਨਾਲ ਅਸੰਤੁਸ਼ਟੀ ਦੀ ਸਥਿਤੀ ਪੈਦਾ ਹੋ ਜਾਵੇਗੀ ਅਤੇ ਮਨੁੱਖੀ ਮਨ ਵਿਚ ਤਣਾਅ ਵੱਸ ਜਾਵੇਗਾ। ਅੱਜਕੱਲ੍ਹ ਛੋਟੇ-ਮੋਟੇ ਕੰਮ ਕਰਦੇ ਹੋਏ ਵੀ ਹਰ ਵਿਅਕਤੀ ਉਸ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਨਾ ਨਹੀਂ ਭੁੱਲਦਾ।
ਸੋਸ਼ਲ ਮੀਡੀਆ 'ਤੇ ਫੋਟੋਆਂ ਅਪਡੇਟ ਕਰਨਾ ਫੈਸ਼ਨ ਹੈ ਜਾਂ ਦਿਖਾਵਾ ਇਹ ਗੱਲ ਸਮਝ ਤੋਂ ਬਾਹਰ ਹੈ ਪਰ ਕਿਸੇ ਗ਼ਰੀਬ ਲਈ ਕੁਝ ਕਰਨ ਤੋਂ ਬਾਅਦ ਉਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਸਾਡੀ ਸੱਭਿਅਤਾ ਦੇ ਖ਼ਿਲਾਫ਼ ਹੈ। ਇਹ ਕਿਸੇ ਵੀ ਹਾਲਤ ਵਿਚ ਮਨ ਦੀ ਸੰਤੁਸ਼ਟੀ ਨਹੀਂ ਹੋ ਸਕਦੀ। ਇਸ ਨੂੰ ਦਿਖਾਵਾ ਅਤੇ ਫੈਸ਼ਨ ਕਿਹਾ ਜਾ ਸਕਦਾ ਹੈ । ਮੇਰਾ ਵਿਚਾਰ ਹੈ ਕਿ ਕਿਸੇ ਵੀ ਗ਼ਰੀਬ ਵਿਅਕਤੀ ਨੂੰ ਦਾਨ ਦੇਣ ਉਪਰੰਤ ਉਸ ਦੀ ਫੋਟੋ ਨੂੰ ਕਿਸੇ ਵੀ ਹਾਲਤ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਨਾ ਕੀਤਾ ਜਾਏ। ਜੇਕਰ ਤੁਸੀਂ ਅਤੇ ਤੁਹਾਡਾ ਮਨ ਸਮਾਜਿਕ ਅਤੇ ਚੰਗੇ ਕੰਮ ਕਰਦੇ ਸਮੇਂ ਖ਼ੁਸ਼ੀ ਮਹਿਸੂਸ ਕਰਦੇ ਹੋ ਤਾਂ ਤੁਸੀਂ ਯਕੀਨੀ ਤੌਰ 'ਤੇ ਸੰਤੁਸ਼ਟ ਮਹਿਸੂਸ ਕਰੋਗੇ।
-ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।