10-12-2023
ਸਰਬਜੀਤ ਸੋਹੀ ਦੀ ਕਾਵਿ ਸੰਵੇਦਨਾ
ਸੰਪਾਦਕ : ਡਾ. ਗੋਪਾਲ ਸਿੰਘ ਬੁੱਟਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 128
ਸੰਪਰਕ : 99150-05814
ਆਸਟ੍ਰੇਲੀਆ ਨਿਵਾਸੀ ਪ੍ਰਵਾਸੀ ਕਵੀ ਸਰਬਜੀਤ ਸੋਹੀ ਨੇ ਪੰਜਾਬੀ ਕਵਿਤਾ ਦੀਆਂ ਚਾਰ ਪੁਸਤਕਾਂ 'ਸੂਰਜ ਆਵੇਗਾ ਕੱਲ੍ਹ ਵੀ', 'ਤਰਕਸ਼ ਵਿਚਲੇ ਹਰਫ਼', 'ਲਹੂ ਵਿਚ ਮੌਲਦੇ ਗੀਤ', 'ਹਰਫ਼ ਹਮੇਸ਼ਾ ਰਹਿਣਗੇ' ਰਚੀਆਂ ਹਨ ਤੇ ਕੁਝ ਕਾਵਿ-ਪੁਸਤਕਾਂ ਸੰਪਾਦਿਤ ਵੀ ਕੀਤੀਆਂ ਹਨ। ਪੰਜਾਬੀ ਦੇ ਪ੍ਰਸਿੱਧ ਅਤੇ ਪ੍ਰਬੁੱਧ ਆਲੋਚਕ ਡਾ. ਗੋਪਾਲ ਸਿੰਘ ਬੁੱਟਰ ਨੇ ਇਨ੍ਹਾਂ ਚਾਰੇ ਪੁਸਤਕਾਂ ਬਾਰੇ ਅੱਡ-ਅੱਡ ਵਿਦਵਾਨ ਆਲੋਚਕਾਂ ਦੇ ਥੀਸਸ ਅਤੇ ਪ੍ਰਵਚਨ ਇਸ ਪੁਸਤਕ ਵਿਚ ਦਰਜ ਕੀਤੇ ਹਨ, ਜਿਨ੍ਹਾਂ ਤੋਂ ਕਵੀ ਦੀ ਕਾਵਿ-ਸੰਵੇਦਨਾ ਵੀ ਥਾਹ ਮਿਲਦੀ ਹੈ। ਆਪਣਾ ਸਮੁੱਚਾ ਪ੍ਰਭਾਵ ਦਰਸਾਉਂਦਿਆਂ ਡਾ. ਬੁੱਟਰ ਲਿਖਦੇ ਹਨ :
'ਸਰਬਜੀਤ ਸੋਹੀ ਆਪਣੀ ਕਵਿਤਾ ਵਿਚ ਬਹੁ-ਪਾਸਾਰੀ ਤੇ ਬਹੁ-ਪਰਤੀ ਤਣਾਉ ਨੂੰ ਆਪਣੀ ਸੰਵੇਦਨਾ ਦੀ ਗ੍ਰਿਫ਼ਤ ਵਿਚ ਲਿਆ ਕੇ ਸੁਹਜਾਤਮਕ ਕਾਵਿ-ਰਚਨਾਵਾਂ ਦੀ ਸਿਰਜਣਾ ਕਰਦਾ ਹੈ। ਸਰਬਜੀਤ ਸੋਹੀ ਬੁਨਿਆਦੀ ਤੌਰ 'ਤੇ ਸਮਾਜਵਾਦੀ ਪਹੁੰਚ ਵਾਲੇ ਲੋਕ ਹਿਤੈਸ਼ੀ ਨਜ਼ਰੀਏ ਤੋਂ ਸਮਾਜਕ ਯਥਾਰਥ ਨੂੰ ਦੇਖਣ, ਸਮਝਣ ਤੇ ਆਪਣੀਆਂ ਕਾਵਿ-ਕਿਰਤਾਂ ਵਿਚ ਪ੍ਰਤੀਬਿੰਬਤ ਕਰਨ ਵਾਲਾ ਨੌਜਵਾਨ ਕਵੀ ਹੈ। ਇਸ ਲਈ ਸਮਾਜਿਕ ਵਿਸੰਗਤੀਆਂ ਤੇ ਸੋਸ਼ਕ ਵਰਗ ਦੇ ਅਮਾਨਵੀ ਵਿਹਾਰ ਤੋਂ ਉਤਪੰਨ ਹੋਣ ਵਾਲੇ ਜਟਿਲ ਯਥਾਰਥ ਵਿਚਲੇ ਵਿਰੋਧ ਤੇ ਵਿਦਰੋਹੀ ਰੁਝਾਨ ਦਾ ਉਸ ਦਾ ਕਾਵਿ-ਸਿਰਜਣਾ ਦਾ ਮੁੱਖ ਸਰੋਕਾਰਬਣਨਾ ਸੁਭਾਵਿਕ ਹੈ।'
ਡਾ. ਨਵਰੂਪ ਕੌਰ ਦਾ ਆਖਣਾ ਹੈ, 'ਕਵੀ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਉਹ ਕੇਵਲ ਮਨੁੱਖ ਦੇ ਗ਼ਰਕ ਜਾਣ ਦੇ ਕਾਰਨਾਂ ਦੀ ਤਲਾਸ਼ ਕਰਕੇ ਸਿਰਫ਼ ਨਿਸ਼ਾਨਦੇਹੀ ਹੀ ਨਹੀਂ ਕਰਦਾ, ਸਗੋਂ ਉਹ ਤਾਂ ਮਨੁੱਖ ਨੂੰ ਜਾਗ੍ਰਿਤ ਕਰਨ ਲਈ ਪੂਰਾ ਤਾਣ ਲਾਉਂਦਾ ਹੈ।'
ਡਾ. ਅਰਵਿੰਦਰ ਕੌਰ ਕਾਕੜਾ ਦਾ ਥੀਸਸ ਹੈ, 'ਇਸ ਸਮੁੱਚੀ ਕਵਿਤਾ ਦਾ ਮੁਲਾਂਕਣ ਕਰਦਿਆਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਸੋਹੀ ਦੀ ਸ਼ਾਇਰੀ ਜੁਝਾਰੂਵਾਦੀ ਦਾ ਕਾਵਿ-ਦਾਰਾ ਦੀ ਪੁਨਰ ਸਿਰਜਣਾ ਹੈ। ਜੋ ਅਜੋਕੇ ਫ਼ਿਰਕੂ ਫਾਸ਼ੀਵਾਦੀ ਦੌਰ ਵਿਚ ਅਮਾਨਵੀ ਵਰਤਾਰੇ ਨਾਲ ਤਿੱਖੇ ਰੂਪ ਵਿਚ ਪੇਸ਼ ਆਉਂਦੀ ਹੈ।'
ਡਾ. ਚਰਨਜੀਤ ਪੱਡਾ ਲਿਖਦੇ ਹਨ, 'ਸੋਹੀ ਕਾਵਿ ਦੀ ਵਚਨਬੱਧਤਾ ਦਾ ਵਿਚਾਰਧਾਰਾਈ ਆਧਾਰ ਕਲਾ ਦੀ ਸਿਰਜਣਾ ਮਨੁੱਖੀ ਅਵਚੇਤਨ ਦੀ ਰਚਨਾ ਹੈ ਅਤੇ ਇਸ ਦੇ ਆਧਾਰ 'ਤੇ ਕਲਾਕਿਰਤ ਅਤੇ ਸਮੁੱਚੇ ਵਿਚ ਇਕਸਾਰਤਾ ਸਥਾਪਿਤ ਕੀਤੀ ਜਾ ਸਕਦੀ ਹੈ।'
ਡਾ. ਆਤਮ ਰੰਧਾਵਾ ਦਾ ਕਥਨ ਹੈ, 'ਸਰਬਜੀਤ ਸੋਹੀ ਦੀ ਇਹ ਕਵਿਤਾ ਦੀ ਪ੍ਰਗਤੀਵਾਦੀ ਸਮਝ, ਵਿਦਰੋਹੀ ਧੁਨੀਆਂ, ਤਿੱਖੇ ਤੇ ਤੱਤੇ ਬਿੰਬਾਂ-ਪ੍ਰਤੀਕਾਂ ਨਾਲ ਓਤਪੋਤ ਹੈ।'
ਡਾ. ਮਨੀਸ਼ ਕੁਮਾਰ ਆਖਦੇ ਹਨ, 'ਸੋਹੀ ਬੁਨਿਆਦੀ ਤੌਰ 'ਤੇ ਸਮਾਜਵਾਦੀ ਪਹੁੰਚ ਵਾਲੇ ਲੋਕ ਹਿਤੈਸ਼ੀ ਨਜ਼ਰੀਏ ਤੋਂ ਸਮਾਜਿਕ ਯਥਾਰਥ ਨੂੰ ਦੇਖਣ-ਸਮਝਣ ਤੇ ਪ੍ਰਤੀਬਿੰਬਤ ਕਰਨ ਵਾਲਾ ਨੌਜਵਾਨ ਸ਼ਾਇਰ ਹੈ।
ਇਨ੍ਹਾਂ ਸਾਰੇ ਪ੍ਰਵਚਨਾਂ ਅਤੇ ਕਥਨਾਂ ਤੋਂ ਆਭਾਸ ਹੁੰਦਾ ਹੈ ਕਿ ਸੋਹੀ ਪ੍ਰਗਤੀਵਾਦੀ ਤੇ ਕਠੋਰ ਯਥਾਰਥ ਦੇ ਸਨਮੁਖ ਰਹਿਣ ਵਾਲਾ ਕਵੀ ਹੈ, ਪ੍ਰਪੱਕ ਗ਼ਜ਼ਲਗੋਅ ਹੈ। ਉਹ ਪਾਸ਼, ਦਿਲ ਅਤੇ ਉਦਾਸੀ ਦੀ ਪਰੰਪਰਾ ਨੂੰ ਪ੍ਰਣਾਇਆ ਸ਼ਾਇਰ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਕੰਚਨ ਕਾਇਆ
ਸੰਜੋਗੀ : ਅਮਰਜੀਤ ਚੰਦਨ
ਪ੍ਰਕਾਸ਼ਕ : ਨਵਯੁੱਗ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 350 ਰੁਪਏ, ਸਫ਼ੇ : 217
ਸੰਪਰਕ : 011-26802488
ਪ੍ਰੇਮ ਸਾਡੀ ਜ਼ਿੰਦਗੀ ਦਾ ਆਧਾਰ ਹੈ। ਕਵਿਤਾ ਰੂਹ ਦੀ ਬੋਲੀ ਹੈ। ਇਹ ਕਾਵਿ-ਪੁਸਤਕ ਅਜੋਕੀ ਪੰਜਾਬੀ ਪ੍ਰੇਮ ਕਵਿਤਾ ਦੇ ਦਰਸ਼ਨ ਕਰਾਉਂਦੀ ਹੈ। ਇਸ ਵਿਚ ਬਹੁਤ ਸਾਰੇ ਕਵੀਆਂ ਦੀਆਂ ਪ੍ਰੇਮ ਕਵਿਤਾਵਾਂ ਨੂੰ ਸੰਜੋਇਆ ਗਿਆ ਹੈ ਜਿਵੇਂ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਫ਼ੈਜ਼ ਅਹਿਮਦ ਫ਼ੈਜ਼, ਪ੍ਰੀਤਮ ਸਿੰਘ ਸਫ਼ੀਰ, ਹਰਿਭਜਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ, ਸੁਰਜੀਤ ਪਾਤਰ, ਪਾਸ਼, ਮੁਨੀਰ ਨਿਆਜ਼ੀ, ਬਾਵਾ ਬਲਵੰਤ, ਪ੍ਰੋ. ਮੋਹਨ ਸਿੰਘ, ਸੋਹਨ ਸਿੰਘ ਮੀਸ਼ਾ, ਕੈਲਾਸ਼ ਪੁਰੀ, ਸੁਖਵਿੰਦਰ ਅੰਮ੍ਰਿਤ, ਅਮਰਜੀਤ ਚੰਦਨ, ਸਤੀ ਕੁਮਾਰ, ਹਰਮਨਜੀਤ ਸਿੰਘ ਆਦਿ। ਆਓ ਕਵਿਤਾ ਦੀਆਂ ਕੁਝ ਝਲਕਾਂ ਮਾਣੀਏ :
-ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ,
ਅਸੀਂ ਧਾਅ ਗਲਵੱਕੜੀ ਪਾਈ।
ਨਿਰਾ ਨੂਰ ਤੁਸੀਂ ਹੱਥ ਨਾ ਆਏ,
ਸਾਡੀ ਕੰਬਦੀ ਰਹੀ ਕਲਾਈ।
-ਇਸ ਜਿੰਦੜੀ ਦੇ ਲੂੰ ਲੂੰ ਕਣ ਕਣ,
ਤੂੰ ਤੇਰੀ ਖ਼ੁਸ਼ਬੋਈ ਆ।
ਇਸ਼ਕਾ ਦੀ ਇਕ ਤਰਲ ਚੁਆਤੀ,
ਕੱਖਾਂ ਹੇਠ ਲੁਕੋਈ ਆ।
-ਇਸ਼ਕ ਅਸਮਾਨ ਵਰਗਾ ਹੈ,
ਜੋ ਨੀਲਾ ਕੇਸਰੀ ਹੁੰਦੈ
ਤਵੀ ਤੇ ਬੈਠ ਜਾਂਦਾ ਹੈ ਤੇ ਉੱਪਰੋਂ ਸੀਅ ਨਹੀਂ ਕਰਦਾ।
-ਕੋਈ ਬੋਲ ਵੇ ਮੁੱਖੋਂ ਬੋਲ, ਸੱਜਣਾ ਸਾਂਵਲਿਆ
ਸਾਡੇ ਸਾਹ ਵਿਚ ਚੇਤਰ ਘੋਲ, ਸੱਜਣਾ ਸਾਂਵਲਿਆ।
-ਇਕ ਤੂੰ ਹੋਵੇਂ
ਤਾਂ ਜੀਅ ਲਈਏ
ਅਰਸ਼ੀ ਅਮਿਉਂ
ਰਸ ਪੀ ਲਈਏ।
ਇਸ ਪੁਸਤਕ ਵਿਚ ਪੂਰੀ ਇਕ ਸਦੀ ਦੇ ਅੱਸੀ ਪੰਜਾਬੀ ਕਵੀਆਂ ਨੂੰ ਰੂਬਰੂ ਕੀਤਾ ਗਿਆ ਹੈ। ਪ੍ਰੇਮ ਨਾਲ ਭਰਪੂਰ, ਪ੍ਰੇਮ ਵੰਡਦੀਆਂ ਕਵਿਤਾਵਾਂ ਦੇ ਇਸ ਸੰਗ੍ਰਹਿ ਦਾ ਭਰਪੂਰ ਸੁਆਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਮੇਰਾ ਦਾਗ਼ਿਸਤਾਨ
(ਭਾਗ ਦੂਜਾ)
ਲੇਖਕ : ਰਸੂਲ ਹਮਜ਼ਾਤੋਵ
ਅਨੁਵਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 220 ਸਫ਼ੇ : 224
ਸੰਪਰਕ : 98146-28027
ਰਸੂਲ ਹਮਜ਼ਾਤੋਵ ਸੰਸਾਰ ਸਾਹਿਤ ਵਿਚ ਚਰਚਿਤ ਨਾਂਅ ਹੈ। ਉਸ ਦੀ ਪੁਸਤਕ 'ਮੇਰਾ ਦਾਗਿਸਤਾਨ' ਏਨੀ ਪ੍ਰਸਿੱਧ ਹੋਈ ਹੈ ਕਿ ਦੁਨੀਆ ਭਰ ਦੀਆਂ ਜ਼ਬਾਨਾਂ ਵਿਚ ਇਸ ਨੂੰ ਉਲਥਾਇਆ ਗਿਆ ਹੈ। ਪੰਜਾਬੀ ਵਿਚ ਵੀ ਇਹਦੇ ਬਹੁਤ ਸਾਰੇ ਅਨੁਵਾਦ ਹੋ ਚੁੱਕੇ ਹਨ। ਪਿਛਲੇ ਦਿਨਾਂ ਵਿਚ ਕਰਮ ਸਿੰਘ ਜ਼ਖ਼ਮੀ ਨੇ ਇਸ ਦਾ ਦੋ ਭਾਗਾਂ ਵਿਚ ਅਨੁਵਾਦ ਕੀਤਾ ਹੈ। ਦੂਜੇ ਭਾਗ ਦੇ ਅੰਤਰਗਤ ਇਸ ਦੇ 19 ਸਿਰਲੇਖ ਬਣਾਏ ਗਏ ਹਨ, ਜਿਨ੍ਹਾਂ ਵਿਚ ਅੱਗ, ਪਿਤਾ, ਪਾਣੀ, ਮਾਂ, ਘਰ, ਇਨਸਾਨ, ਮਾਤ ਭਾਸ਼ਾ, ਹੰਸ, ਸ਼ਬਦ, ਗੀਤ, ਪੁਸਤਕ ਤੇ ਕਿਤਾਬ ਆਦਿ ਦਾ ਜ਼ਿਕਰ ਮਿਲਦਾ ਹੈ। ਪਹਿਲੇ ਭਾਗ ਦੀ ਤਰ੍ਹਾਂ ਇਸ ਭਾਗ ਵਿਚ ਵੀ ਲੇਖਕ ਨੇ ਵੱਖ-ਵੱਖ ਵਿਸ਼ਿਆਂ ਬਾਰੇ ਲਿਖਦਿਆਂ ਬਹੁਤ ਸਾਰੇ ਮੁਹਾਵਰੇ, ਅਖੌਤਾਂ ਤੇ ਕਵਿਤਾਵਾਂ ਦੀ ਬੜੀ ਸਹਿਜ ਨਾਲ ਤੇ ਆਮ ਵਰਤੋਂ ਕੀਤੀ ਹੈ। ਇਹ ਅਜਿਹੀਆਂ ਹਨ ਜੋ ਲੋਕ ਮਨਾਂ ਵਿਚ ਸਾਂਭੀਆਂ ਹੋਈਆਂ ਹਨ। ਕਿਤਾਬ ਵਿਚ ਅੰਕਿਤ ਅਜਿਹੀਆਂ ਕੁਝ ਉਕਤੀਆਂ ਵੇਖਣਯੋਗ ਹਨ :
* ਇਸ ਧਰਤੀ 'ਤੇ ਜਨਮ ਲੈਣ ਵਾਲਾ ਹਰ ਆਦਮੀ ਇਨਸਾਨ ਨਹੀਂ ਹੁੰਦਾ। ਉਡਣ ਵਾਲਾ ਹਰ ਪਰਿੰਦਾ ਉਕਾਬ ਨਹੀਂ ਹੁੰਦਾ। (63) * ਅੰਮਾ ਮੈਨੂੰ ਸਿੱਖਿਆ ਦਿਆ ਕਰਦੇ ਸਨ ਨਾਂਅ ਤੋਂ ਵੱਡਾ ਕੋਈ ਪੁਰਸਕਾਰ ਨਹੀਂ, ਜ਼ਿੰਦਗੀ ਤੋਂ ਵੱਡਾ ਕੋਈ ਖਜ਼ਾਨਾ ਨਹੀਂ। ਇਸ ਨੂੰ ਸੰਭਾਲ ਕੇ ਰੱਖੋ। (67)
* ਜੋ ਪਰਾਏ ਘੋੜੇ 'ਤੇ ਸਵਾਰ ਹੁੰਦੈ, ਉਹ ਛੇਤੀ ਹੀ ਹੇਠਾਂ ਡਿਗ ਜਾਂਦੈ। ਸਾਡਾ ਖੰਜਰ ਕਿਸੇ ਦੂਜੇ ਦੀ ਪੁਸ਼ਾਕ ਨਾਲ ਸ਼ੋਭਾ ਨਹੀਂ ਦਿੰਦਾ। (92) * ਭਾਸ਼ਾ ਦੀ ਮਾਤ ਭੂਮੀ ਵਾਂਗ ਰਾਖੀ ਕਰਨੀ ਚਾਹੀਦੀ ਹੈ। (114) * ਗਾਇਆ ਨਾ ਜਾਣ ਵਾਲਾ ਗੀਤ ਤਾਂ ਜਿਵੇਂ ਉੱਡ ਨਾ ਸਕਣ ਵਾਲਾ ਪਰਿੰਦਾ ਹੈ, ਜਿਵੇਂ ਨਾ ਫਰਕਣ ਵਾਲਾ, ਨਾ ਧੜਕਣ ਵਾਲਾ ਦਿਲ ਹੈ। (134)
* ਸਾਡੇ ਇੱਥੇ ਕਿਹਾ ਜਾਂਦਾ ਹੈ ਕਿ ਜੋ ਗਾਉਣ ਨਹੀਂ ਜਾਣਦਾ, ਉਹਨੂੰ ਪਸ਼ੂਆਂ ਦੇ ਵਾੜੇ ਵਿਚ ਰਹਿਣਾ ਚਾਹੀਦਾ ਹੈ। (148)
* ਤੁਸੀਂ ਗਾਣਾ ਗਾ ਦਿਓ ਅਤੇ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਤੁਸੀਂ ਕਿਹੋ ਜਿਹੇ ਆਦਮੀ ਹੋ। (188)
ਇਸ ਤਰ੍ਹਾਂ ਦੀਆਂ ਸਿਖਿਆਦਾਇਕ, ਪ੍ਰੇਰਨਾਮਈ ਅਤੇ ਆਦਰਸ਼ਕ ਉਕਤੀਆਂ ਥਾਂ-ਥਾਂ 'ਤੇ ਇਸ ਕਿਤਾਬ ਵਿਚ ਉਪਲਬਧ ਹਨ। ਕਰਮ ਸਿੰਘ ਜ਼ਖ਼ਮੀ ਵਲੋਂ ਅਨੁਵਾਦ ਕੀਤੀਆਂ ਹੋਰ 9 ਕਿਤਾਬਾਂ ਵਾਂਗ ਇਹ ਕਿਤਾਬ ਵੀ ਮੂਲ ਦਾ ਭੁਲੇਖਾ ਪਾਉਂਦੀ ਹੈ। ਪੰਜਾਬੀ ਪਾਠਕਾਂ ਨੂੰ ਇਸ ਕਿਤਾਬ ਰਾਹੀਂ ਬਹਮੁੱਲੀ ਜਾਣਕਾਰੀ ਪ੍ਰਾਪਤ ਹੋਵੇਗੀ, ਅਜਿਹਾ ਮੇਰਾ ਵਿਸ਼ਵਾਸ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਜਗੀਰ ਸਿੰਘ ਜਗਤਾਰ ਦੀਆਂ ਸੰਪਾਦਕੀ ਰਚਨਾਵਾਂ
ਸੰਪਾਦਕ : ਡਾ. ਬਲਦੇਵ ਸਿੰਘ ਬੱਦਨ ਅਤੇ ਡਾ. ਰੀਨਾ ਕੁਮਾਰੀ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨ, ਦਿੱਲੀ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 099588-31357
ਡਾ. ਬਲਦੇਵ ਸਿੰਘ ਬੱਦਨ ਅਤੇ ਉਨ੍ਹਾਂ ਦੇ ਸਹਿਯੋਗੀ ਡਾ. ਰੀਨਾ ਕੁਮਾਰੀ ਨੇ ਪੱਤਰਕਾਰੀ ਦੇ ਖੇਤਰ ਵਿਚ ਇਕ ਮੰਨੇ-ਪ੍ਰਮੰਨੇ ਹਸਤਾਖਰ ਜਗੀਰ ਸਿੰਘ ਜਗਤਾਰ ਦੇ ਵੱਖੋ-ਵੱਖਰੇ ਅਖ਼ਬਾਰਾਂ ਵਿਚ ਛਪੇ ਸੰਪਾਦਕੀ ਲੇਖਾਂ ਦਾ ਸੰਗ੍ਰਹਿ 'ਜਗੀਰ ਸਿੰਘ ਜਗਤਾਰ ਦੀਆਂ ਸੰਪਾਦਕੀ ਰਚਨਾਵਾਂ' ਪ੍ਰਕਾਸ਼ਿਤ ਕੀਤਾ ਹੈ। ਬੇਸ਼ੱਕ ਸਾਹਿਤਕ ਵਿਦਵਾਨ ਅਤੇ ਅਲੋਚਕ ਅਜਿਹੇ ਸੰਪਾਦਕੀ ਲੇਖਾਂ ਨੂੰ ਮੂਲ ਸਿਰਜਣਾਤਮਕ ਸਾਹਿਤ ਦੀ ਵੰਨਗੀ ਤੋਂ ਵੱਖਰੀ ਸ਼੍ਰੇਣੀ ਵਿਚ ਰੱਖਦੇ ਹਨ, ਫਿਰ ਵੀ ਅਜਿਹੇ ਲੇਖਾਂ ਦੀ ਸਮਾਜਿਕ, ਸਿਆਸਤੀ ਨਬਜ਼ ਤੇ ਪੀਡੀ ਪਕੜ ਹੋਣ ਕਰਕੇ ਇਹ ਮੌਜੂਦਾ ਹਾਲਾਤ ਦਾ ਦਰਪਣ ਹੁੰਦੇ ਹਨ ਜਿਨ੍ਹਾਂ ਵਿਚ ਘਟਨਾਕ੍ਰਮ 'ਤੇ ਵਿਸ਼ੇਸ਼ ਦ੍ਰਿਸ਼ਟੀ ਅਤੇ ਵਿਚਾਰਧਾਰਾ ਰਾਹੀਂ ਟਿੱਪਣੀਆਂ ਕੀਤੀਆਂ ਗਈਆਂ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਪੋਸਟਮਾਰਟਮ ਵੀ ਕੀਤਾ ਗਿਆ ਹੁੰਦਾ ਹੈ। ਕਿਸੇ ਹੱਦ ਤੱਕ ਸੰਬੰਧਿਤ ਅਖ਼ਬਾਰ ਦੀ ਵਿਚਾਰਧਾਰਕ ਨੀਤੀ ਨਾਲ ਵੀ ਇਨ੍ਹਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਸਾਂਝ ਹੋਣੀ ਵੀ ਜ਼ਰੂਰੀ ਹੁੰਦੀ ਹੈ। ਕਿਉਂਕਿ ਪੁਸਤਕ ਵਿਚਲੇ ਵਧੇਰੇ ਲੇਖ ਪੰਜਾਬੀ ਟ੍ਰਿਬਿਊਨ ਅਤੇ ਨਵਾਂ ਜ਼ਮਾਨਾ ਵਿਚ ਪ੍ਰਕਾਸ਼ਿਤ ਹੋਏ ਹਨ, ਇਸ ਤੋਂ ਹੀ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ। ਪੁਸਤਕ ਵਿਚ ਸੰਕਲਿਤ 37 ਲੇਖ ਲੋਕਤੰਤਰੀ ਚੋਣਾਂ, ਸਿੱਖਿਆ ਜਗਤ, ਕਿਸਾਨ ਔਰਤਾਂ ਦੀਆਂ ਖੁਦਕੁਸ਼ੀਆਂ, ਕਾਲਾ ਧਨ ਅਤੇ ਭ੍ਰਿਸ਼ਟਾਚਾਰ, ਮਾਂ-ਬੋਲੀ ਤੇ ਸੰਕਟ, ਵੀ.ਆਈ.ਪੀ. ਕਲਚਰ, ਕਿਸਾਨ ਮਜ਼ਦੂਰ ਏਕਤਾ, ਸ਼ਹੀਦਾਂ ਦਾ ਸਨਮਾਨ, ਪਰਾਲੀ ਜਲਾਉਣ ਦਾ ਸੰਕਟ, ਅੱਤਵਾਦ, ਪੰਜਾਬ, ਪੰਜਾਬੀ ਤੇ ਪੰਜਾਬੀਅਤ 'ਤੇ ਹਮਲੇ, ਪੰਜਾਬ ਤੇ ਕੇਂਦਰ ਦੇ ਨੀਤੀਗਤ ਟਕਰਾਅ ਆਦਿ ਭਖਦੇ ਮਸਲਿਆਂ ਨੂੰ ਆਧਾਰ ਬਣਾਇਆ ਗਿਆ ਹੈ। ਜਗੀਰ ਸਿੰਘ ਜਗਤਾਰ ਨੇ ਆਪਣੀ ਕਲਮ ਦੇ ਹਥਿਆਰ ਨਾਲ ਆਪਣੇ ਫ਼ਰਜ਼ ਨੂੰ ਬਾਖੂਬੀ ਅੰਜਾਮ ਦਿੱਤਾ ਹੈ। ਪੁਸਤਕ ਨੂੰ ਪੜ੍ਹਦਿਆਂ ਜਗੀਰ ਸਿੰਘ ਜਗਤਾਰ ਦੇ ਸੰਪਾਦਕੀ ਲੇਖਾਂ ਤੋਂ ਛੁੱਟ ਉਸ ਦੇ ਐਸ.ਡੀ. ਕਾਲਜ, ਬਰਨਾਲਾ ਦੀ ਸਪਤਾਹਿਕ 'ਸਮਾਜ ਤੇ ਪੱਤਰਕਾਰ' ਪੱਤ੍ਰਿਕਾ ਦੇ ਮੁੱਖ ਸੰਪਾਦਕ ਵਜੋਂ ਸੇਵਾ ਕਰਨ ਦਾ ਵੀ ਪਤਾ ਚਲਦਾ ਹੈ। ਜਗਤਾਰ ਵਲੋਂ ਆਪਣੇ ਇਲਾਕੇ ਵਿਚ ਸਾਹਿਤਕ ਸੰਮੇਲਨ, ਕਵੀ ਦਰਬਾਰ, ਸੈਮੀਨਾਰ ਤੋਂ ਇਲਾਵਾ ਸਮਾਜ ਦੀ ਭਲਾਈ ਲਈ ਕੈਂਪ ਆਯੋਜਿਤ ਕਰਾਉਣੇ, ਖਾਸ ਕਰਕੇ ਪੇਂਡੂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਿਚ ਮਦਦ ਕਰਨੀ ਵਰਗੇ ਸਮਾਜ ਸੇਵੀ ਦੇ ਗੁਣਾਂ ਦਾ ਵੀ ਗਿਆਨ ਹੁੰਦਾ ਹੈ। ਉਸ ਦੀ ਇਹ ਵਡਮੁੱਲੀ ਦੇਣ ਕਈਆਂ ਲਈ ਪ੍ਰੇਰਨਾ ਦਾ ਸੋਮਾ ਬਣੇਗੀ। ਹੱਥਲੀ ਪੁਸਤਕ ਸਿਰਫ਼ ਜਗਤਾਰ ਦੇ ਅਖ਼ਬਾਰੀ ਲੇਖਾਂ ਦਾ ਸੰਕਲਨ ਮਾਤਰ ਨਾ ਹੋ ਕੇ ਉਸ ਦੀ ਸੰਪੂਰਨ ਸ਼ਖ਼ਸੀਅਤ ਦੇ ਰੂ-ਬਰੂ ਕਰਾਉਣ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਪਰਛਾਵਿਆਂ ਦੀ ਡਾਰ
ਗ਼ਜ਼ਲਕਾਰਾ : ਨੀਲੂ ਜਰਮਨੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98154-48958
ਨੀਲੂ ਜਰਮਨੀ ਦੀ ਇਹ ਦੂਜੀ ਕਾਵਿ-ਪੁਸਤਕ ਅਤੇ ਪਹਿਲਾ ਗ਼ਜ਼ਲ-ਸੰਗ੍ਰਹਿ ਹੈ। ਉਸ ਦੇ ਪਹਿਲੇ ਕਾਵਿ-ਸੰਗ੍ਰਹਿ ਬੈਰਾਗ ਨੇ ਉਸ ਦੀ ਪੰਜਾਬੀ ਕਾਵਿ ਜਗਤ ਵਿਚ ਡੂੰਘੀ ਪਹਿਚਾਣ ਕਰਵਾ ਦਿੱਤੀ ਸੀ। ਪੁਸਤਕ ਵਿਚ 64 ਗ਼ਜ਼ਲਾਂ, 96 ਸਫ਼ਿਆਂ ਵਿਚ ਸੁਭਾਇਮਾਨ ਹਨ। ਨੀਲੂ ਦੇ ਸ਼ਿਅਰਾਂ ਵਿਚ ਅੰਤਾਂ ਦਾ ਜਜ਼ਬਾ ਅਤੇ ਦਰਦ ਹੈ। ਉਹ ਸਹਿਜ ਨਾਲ ਸ਼ਿਅਰ ਕਹੇ ਤਾਂ ਉਹ ਵੀ ਵਿਸ਼ੇਸ਼ਤਾ ਨਾਲ ਰਹਾਉ ਸਥਿਤੀ ਵਿਚ ਪਰਵਾਚਣ ਦੀ ਮੰਗ ਕਰਦਾ ਹੈ। ਉਸ ਨੇ (ਸ਼ਾਇਰ) ਕ੍ਰਿਸ਼ਨ ਭਨੋਟ ਕੋਲੋਂ ਗ਼ਜ਼ਲ ਤਕਨੀਕ ਨੂੰ ਸਾਣੇ ਚੜ੍ਹਾਇਆ ਹੈ। ਸੁਪਨੇ ਸੱਧਰਾਂ, ਸ਼ੋਖੀਆਂ ਸ਼ਰਾਰਤਾਂ ਸੰਗ, ਸੰਕੋਚ, ਸੰਵੇਦਨਾ, ਸੰਜੋਗ, ਵਿਯੋਗ, ਰੀਝਾਂ, ਸੂਖਮਤਾ, ਸਹਿਜਤਾ, ਸਰਲਤਾ, ਵਲਵਲੇ, ਹੰਝੂ ਹਾਵੇ ਹਉਕੇ ਜਿਹੇ ਅਹਿਸਾਸਾਂ ਨਾਲ ਸਜੀਆਂ ਉਸ ਦੀਆਂ ਗ਼ਜ਼ਲਾਂ ਪਾਠਕ/ਸਰੋਤੇ ਨੂੰ ਬਾਹੋਂ ਫੜ ਕੇ ਆਪਣੇ ਕੋਲ ਬਿਠਾਉਣ ਦੇ ਕਾਬਲ ਹਨ। ਨੀਲੂ ਦੀ ਸ਼ਬਦਾਵਲੀ ਅਤੇ ਬਿੰਬ ਪ੍ਰਤੀਕ ਸ਼ੁੱਧ ਪੰਜਾਬੀ ਵਿਚੋਂ ਆਉਂਦੇ ਹਨ। ਸ਼ਿਅਰ ਸ਼ਿਅਰ ਦੀ ਗਹਿਰਾਈ ਦਿਲ ਤੋਂ ਹੋ ਕੇ ਰੂਹ ਨੂੰ ਦਸਤਕ ਦਿੰਦੀ ਹੈ। ਉਸ ਦੇ ਸ਼ਿਅਰਾਂ ਵਿਚ ਨਾਰੀ ਮਨ ਦੇ ਕੋਮਲ ਅਤੇ ਅਣਕਹੇ ਅਹਿਸਾਸ ਸਰੂਪ ਹੁੰਦੇ ਹਨ। ਉਹ ਬੜੀ ਸ਼ਿੱਦਤ ਨਾਲ ਬਿਆਨ ਨੂੰ ਚਿੱਤਰਪਟ ਉੱਤੇ ਲਿਆਉਂਦੀ ਹੈ।
ਨੀਲੂ ਦੀ ਸ਼ੇਅਰਕਾਰੀ ਨਾਰੀ ਮਨ ਦੀ ਤਸਵੀਰ ਕਸ਼ੀ ਤੋਂ ਲੈ ਕੇ ਰਾਜਨੀਤੀ, ਸਮਾਜਿਕਤਾ, ਧਾਰਮਿਕਤਾ ਅਤੇ ਸੱਭਿਆਚਾਰਕ ਗੁਣਾਂ ਔਗੁਣਾਂ ਅਤੇ ਵਿਗਾੜਾਂ ਨੂੰ ਪੇਸ਼ ਕਰਦੀ ਹੈ :
ਤੇਰੇ ਸੰਵਿਧਾਨ ਦੇ ਅੰਬੇਦਕਰ ਜੀ
ਸਭ ਸਫ਼ੇ ਵਿਕ ਗਏ ਬਾਜ਼ਾਰ ਅੰਦਰ
ਬਦੋਸ਼ੇ ਰੋਜ਼ ਹਨ ਸੂਲੀ 'ਤੇ ਚੜ੍ਹਦੇ
ਖਤਾ ਮੁਜਰਿਮ ਦੀ ਬਖਸ਼ੀ ਜਾ ਰਹੀ ਹੈ।
ਨੀਲੂ ਗ਼ਜ਼ਲ ਦੇ ਹਰ ਇੰਦਰਾਜ ਤਕਨੀਕੀ ਪੱਖ ਨੂੰ ਮਾਣ ਦਿੰਦੀ ਹੈ :
ਗ਼ਜ਼ਲ ਧੀਏ ਜਰਾ ਉੱਠ
ਸਾਂਭ ਸਿਰ ਤੇ ਬਹਿਰ ਦੀ ਚੁੰਨੀ,
ਤੇਰੀ ਖਾਤਰ ਕੁੜੇ ਸ਼ਾਇਰ
ਨਵੇਂ ਅੰਦਾਜ਼ ਲੈ ਆਏ।
ਨੀਲੂ ਇਕ ਮਾਂ ਹੈ, ਧੀ ਹੈ, ਸੁਪਤਨੀ ਅਤੇ ਕਿਸੇ ਦੀ ਭੈਣ ਹੈ ਉਹ ਇਸ ਫਲਸਫ਼ੇ ਨੂੰ ਬੜੇ ਸਹਿਜ ਨਾਲ ਵਰਕੇ 'ਤੇ ਲਿਆ ਧਰਤੀ ਹੈ :
ਮੈਂ ਵੀ ਬੁੱਧ ਦੀ ਬਾਣੀ ਪੜ੍ਹ ਕੇ
ਛਡ ਚੱਲੀ ਸਾਂ ਰਾਤੀਂ ਘਰ ਨੂੰ,
ਪਰ ਛਾਤੀ 'ਚੋਂ ਸ਼ਿੰਮਦੇ ਦੁੱਧ ਨੇ
ਦੇਹਲੀ ਤੋਂ ਹੀ ਮੋੜ ਲਿਆ ਹੈ।
ਪੁਸਤਕ ਉੱਤੇ ਡਾ. ਸੁਰਜੀਤ ਪਾਤਰ ਨੇ ਵੀ ਹਾਂ ਮੁਖੀ ਮੁਹਰ ਲਾਈ ਹੈ ਅਤੇ ਜਸਵੀਰ ਰਾਣਾ ਕ੍ਰਿਸ਼ਨ ਭਨੋਟ ਤੇ ਇਕ ਹੋਰ ਗ਼ਜ਼ਲਕਾਰਾ ਨੇ ਵੀ ਨੀਲੂ ਦੀਆਂ ਗ਼ਜ਼ਲਾਂ ਦੀ ਸਿਫ਼ਤ ਕੀਤੀ ਹੈ। ਮੈਂ ਕੁਝ ਸ਼ਿਅਰ ਇਸ ਪੁਸਤਕ ਵਿਚੋਂ ਪਾਠਕਾਂ ਲਈ ਏਥੇ ਦਰਜ ਕਰਨਾ ਚਾਹਾਂਗਾ ਤਾਂ ਕਿ ਉਹ ਦਾਲ 'ਚੋਂ ਦਾਣਾ ਟੋਹ ਸਕਣ :
-ਗਏ ਸੀ ਜੋ ਵਿਦੇਸ਼ਾਂ ਨੂੰ ਘਰਾਂ ਦੇ ਹਾਸਿਆਂ ਖਾਤਿਰ,
ਜਦੋਂ ਪਰਤੇ ਦਰਾਂ ਦੇ ਰੁਦਨ ਨੇ ਹੈਰਾਨ ਕੀਤਾ ਸੀ।
(ਬਹਿਰ ਹਜਜ ਸਾਲਿਮ)
-ਤੁਹਾਡੇ ਰੂਬਰੂ ਹੋਵਾਂ ਕਿਵੇਂ ਮੈਂ
ਅਜੇ ਖੁਦ ਨੂੰ ਨਹੀਂ ਪਹਿਚਾਣਦੀ ਹਾਂ
ਜੋ ਸਿਰ ਧੜ ਤੇ ਦਿਸੇ ਮੇਰਾ ਨਹੀਂ ਹੈ
ਤੇ ਧੜ ਵੀ ਹੈ ਬੇਗਾਨਾ ਜਾਣਦੀ ਹਾਂ।
(ਬਹਿਰ : ਹਜਜ ਮੁਸੱਦਸ ਮਕਫੂਫ ਮਹਿਜੂਫ਼)
-ਮੇਰੇ ਸੀਨੇ ਵਿਚ ਜੋ ਖੁਭਿਆ ਪੱਥਰ ਦਾ ਪ੍ਰਛਾਵਾਂ
ਬਣ ਜਾਵੇ ਸਾਰੰਗੀ ਜਦ ਮੈਂ ਰਾਤਾਂ ਨੂੰ ਉੱਠ ਗਾਵਾਂ।
ਬਹਿਰ ਸਤ ਫੇਲੁਨ (ਦਵੱਈਆ)
-ਮੈਂ ਪੈਰ ਉਸ ਦੇ ਛੁਹ ਕੇ ਜਦ ਵੀ ਨੇ ਰਾਗ ਛੇੜੇ,
ਲਗਦਾ ਸੁਰਾਂ ਦੀ ਦੇਵੀ ਖ਼ੁਦ ਹੀ ਸਾਕਾਰ ਹੋਈ।
(ਬਹਿਰ ਮੁਚਾਰਿਆ ਮੁਸੱਮਨ ਅਖਰਬ)
-ਕੰਧਾਂ ਕਰਾ ਕੇ ਬਾਗ਼ ਨੂੰ ਤਾਲਾ ਲਗਾ ਗਏ
ਉਹ ਸੋਚਦੇ ਰੁਤ ਕੈਦ ਹੈ ਕੀਤੀ ਬਹਾਰ ਦੀ
(ਬਹਿਰ ਮੁਜਾਰਿਆ ਮੁਸੱਮਨ ਮਹਿਕੂਫ਼ ਮਹਿਜੂਫ)
ਭਾਵੇਂ ਨੀਲੂ ਨੇ ਬਹਿਰਾਂ ਛੰਦਾਂ ਦੀ ਭੀੜ ਤੋਂ ਸੰਕੋਚ ਕੀਤਾ ਹੈ ਪਰ ਜਿੰਨੇ ਵੀ ਛੰਦ ਬਹਿਰ ਕਹੇ ਨੇ ਪੂਰੇ ਨਿਭਾਏ ਹਨ। ਨਾਰੀ ਕਵਿੱਤਰੀਆਂ ਦੀ ਸਫਲ ਪੇਸ਼ਕਾਰੀ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਤਲਵੰਡੀ ਸਲੇਮ ਨੂੰ ਜਾਂਦੀ ਸੜਕ
(ਪਾਸ਼ ਦੀ ਵਾਰਤਕ)
ਸੰਪਾਦਨ : ਸੋਹਣ ਸਿੰਘ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 476+16
ਸੰਪਰਕ : 98152-98459
ਸ. ਸੋਹਣ ਸਿੰਘ ਸੰਧੂ ਦੇ ਸਿਦਕ ਅਤੇ ਸਿਰੜ ਨੂੰ ਸਤਿਕਾਰ ਕਿ ਉਸ ਨੇ ਆਪਣੇ ਪਿਆਰੇ ਪੁੱਤਰ ਪਾਸ਼ ਦੀਆਂ ਰਚਨਾਵਾਂ ਨੂੰ ਇਕ ਸੂਝਵਾਨ ਅਤੇ ਸਜੱਗ ਪਾਠਕ ਵਾਂਗ ਪੜ੍ਹਿਆ ਹੈ। ਕੁਦਰਤ ਨੇ ਉਸ ਨਾਲ ਇਨਸਾਫ਼ ਕੀਤਾ ਹੋਵੇ ਜਾਂ ਨਾ, ਪਰ ਉਸ ਨੇ ਇਕ ਸੁਯੋਗ ਪਿਤਾ ਦੇ ਧਰਮ ਨਾਲ ਜ਼ਰੂਰ ਇਨਸਾਫ਼ ਕੀਤਾ ਹੈ। ਪਾਸ਼ ਦੀ ਸਮੁੱਚੀ ਕਵਿਤਾ, ਪਾਸ਼ ਬਾਰੇ ਕੀਤੀ ਗਈ ਸਮੀਖਿਆ ਨੂੰ ਇਕ-ਇਕ ਜਿਲਦ ਵਿਚ ਪ੍ਰਕਾਸ਼ਿਤ ਕਰਨ ਦੇ ਨਾਲ-ਨਾਲ, ਹੁਣ ਉਸ ਨੇ ਪਾਸ਼ ਦੀ ਸਮੁੱਚੀ ਵਾਰਤਕ (ਯਾਦਾਂ, ਸਵੈਜੀਵਨੀ, ਡਾਇਰੀ ਅਤੇ ਖ਼ਤ ਆਦਿ) ਨੂੰ ਵੀ ਇਕ ਹੀ ਜਿਲਦ ਵਿਚ ਸੰਕਲਿਤ ਕਰ ਕੇ ਪਾਠਕਾਂ ਹਿਤ ਸਾਂਭ ਲਿਆ ਹੈ। 'ਤਲਵੰਡੀ ਸਲੇਮ ਨੂੰ ਜਾਂਦੀ ਸੜਕ' ਸਿੱਧੀ ਪਾਸ਼ ਦੀ ਸੰਵੇਦਨਾ ਤੱਕ ਵੀ ਜਾਂਦੀ ਹੈ।
ਇਸ ਪੁਸਤਕ ਵਿਚ ਸੰਕਲਿਤ ਕਈ ਰਚਨਾਵਾਂ ਪਾਸ਼ ਦੇ ਬੇਲਿਹਾਜ਼ੇ ਸੁਭਾਅ ਵੱਲ ਵੀ ਸੰਕੇਤ ਕਰ ਜਾਂਦੀਆਂ ਹਨ। ਉਹ ਤਕਲੱਫ ਜਾਂ ਫਾਰਮਲ ਵਿਹਾਰ ਦਾ ਮੁਦਈ ਨਹੀਂ ਸੀ। ਇਸ ਪੱਖੋਂ ਉਹ ਪੂਰਨ ਭਾਂਤ 'ਪੰਜਾਬੀ' ਸੀ, ਉਸ ਨੇ ਆਪਣੀ ਪੰਜਾਬੀਅਤ ਨੂੰ ਕਾਇਮ ਰੱਖਿਆ ਸੀ। ਜਿਹੜੀ ਗੱਲ ਉਸ ਨੂੰ ਪਸੰਦ ਨਹੀਂ ਸੀ ਆਉਂਦੀ, ਉਹ ਅਗਲੇ ਦੇ ਮੂੰਹ ਉੱਪਰ ਕਹਿ ਦਿੰਦਾ ਸੀ ਬਲਕਿ ਲਿਖ ਦਿੰਦਾ ਸੀ ਤਾਂ ਕਿ ਬਾਅਦ ਵਿਚ ਮੁੱਕਰ ਨਾ ਸਕੇ। ਭਾਵੇਂ ਉਹ ਆਪਣੇ ਜੀਵਨ ਵਿਚ ਲਗਾਤਾਰ ਬਹੁਤ ਸਾਰੇ ਝਮੇਲਿਆਂ ਵਿਚ ਫਸਿਆ ਰਿਹਾ ਤਾਂ ਵੀ ਉਹ ਲਿਖਣ-ਪੜ੍ਹਨ ਲਈ ਵਕਤ ਕੱਢ ਹੀ ਲੈਂਦਾ ਸੀ। ਪੰਜਾਬੀ ਸਾਹਿਤ ਵਿਚ ਬਹੁਤ ਘੱਟ ਲੋਕ ਉਸ ਜਿੰਨਾ ਪੜ੍ਹੇ-ਲਿਖੇ ਹੋਣਗੇ ਉੱਪਰੋਂ ਤੁੱਰਾ ਇਹ ਕਿ ਉਸ ਦੀ ਯਾਦ-ਸ਼ਕਤੀ ਕਮਾਲ ਦੀ ਸੀ। ਉਹ ਕਿਸੇ ਵੀ ਵਕਤ ਪੰਜਾਬੀ, ਭਾਰਤੀ ਜਾਂ ਯੂਰਪੀ ਲੇਖਕ ਨੂੰ ਹਵਾਲੇ ਵਾਸਤੇ, ਕੋਟ ਕਰ ਸਕਦਾ ਸੀ।
ਇਸ ਪੁਸਤਕ ਵਿਚ ਸੰਕਲਿਤ ਰਚਨਾਵਾਂ ਪਾਸ਼ ਦੇ ਸਾਹਿਤ-ਸ਼ਾਸਤਰ ਦਾ ਨਿਰਮਾਣ ਕਰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਕਾਵਿ ਦੀ ਵੱਥ (content) ਅਤੇ ਕੱਥ (express}on) ਦੇ ਪਰਸਪਰ ਸੰਬੰਧਾਂ ਬਾਰੇ ਪਤਾ ਚਲਦਾ ਹੈ। ਉਹ ਸੁਰਜੀਤ ਪਾਤਰ, ਮਨਜੀਤ ਟਿਵਾਣਾ ਅਤੇ ਅਮਿਤੋਜ ਵਰਗੇ ਸਮਰੱਥ ਕਵੀਆਂ ਦਾ ਤੁਲਨਾਤਮਿਕ ਅਧਿਐਨ ਕਰ ਸਕਦਾ ਸੀ। ਅੱਜ ਜੇ ਉਹ ਜਿਊਂਦਾ ਹੁੰਦਾ ਤਾਂ ਉਹ ਇਕ ਨਾਨੇ ਵਜੋਂ ਸਾਹਮਣੇ ਆਉਂਦਾ। ਇਸ ਰੂਪ ਵਿਚ ਭਲਾ ਉਹ ਕਿਵੇਂ ਲਗਦਾ? ਕੁਝ ਵੱਖਰਾ ਹੁੰਦਾ ਜਾਂ ਨਾ! ਬੰਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਜੀਵਨ ਬਾਬਾ ਬਚਿੱਤਰ ਸਿੰਘ ਜੀ ਸ਼ਹੀਦ
ਲੇਖਕ : ਰਣਧੀਰ ਸਿੰਘ ਸੰਭਲ
ਪ੍ਰਕਾਸ਼ਕ : ਮਾਤਾ ਖੀਵੀ ਜੀ ਸਿੱਖ ਸੇਵਾ ਸੁਸਾਇਟੀ ਯੂ.ਕੇ., ਪੰਜਾਬ
ਮੁੱਲ : 200 ਰੁਪਏ, ਸਫ਼ੇ : 179
ਗਿਆਨੀ ਰਣਧੀਰ ਸਿੰਘ ਸੰਭਲ ਦੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਲਗਭਗ 30 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਪੁਸਤਕ ਵਿਚ ਉਸ ਨੇ ਸਿੱਖ ਪੰਥ ਦੇ ਮਹਾਨ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਦੀ ਸੂਰਬੀਰਤਾ ਭਰਪੂਰ ਜੀਵਨੀ ਦੇ ਵੱਖ-ਵੱਖ ਪਹਿਲੂਆਂ 'ਤੇ ਰੌਸ਼ਨੀ ਪਾਈ ਹੈ। ਉਸ ਨੇ ਡੂੰਘੀ ਖੋਜ ਦੇ ਨਾਲ-ਨਾਲ ਬਹੁਤ ਸਾਰੀਆਂ ਸਹਾਇਕ ਪੁਸਤਕਾਂ ਦੇ ਅਧਿਐਨ ਉਪਰੰਤ ਇਸ ਪੁਸਤਕ ਦੀ ਰਚਨਾ ਕੀਤੀ। ਬਾਬਾ ਬਚਿੱਤਰ ਸਿੰਘ ਜੀ ਬਾਰੇ ਲੇਖਕ ਨੇ ਦੱਸਿਆ ਹੈ ਕਿ ਆਪ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਸਨ। ਆਪ 10 ਭਰਾ ਸਨ, ਜੋ ਸਾਰੇ ਹੀ ਗੁਰੂ ਘਰ ਦੇ ਸੇਵਕ ਅਤੇ ਸੂਰਬੀਰ ਯੋਧੇ ਸਨ। ਭਾਈ ਬਚਿੱਤਰ ਸਿੰਘ ਜੀ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਸੰਗਤ ਵਿਚ ਬਿਤਾਇਆ ਸੀ। ਆਪ ਤਲਵਾਰ ਦੇ ਧਨੀ ਸਨ। ਗੁਰੂ ਸਾਹਿਬ ਵਲੋਂ ਲੜੀਆਂ ਗਈਆਂ ਤਕਰੀਬਨ ਸਾਰੀਆਂ ਹੀ ਜੰਗਾਂ ਵਿਚ ਆਪ ਨੇ ਇਕ ਸੂਰਬੀਰ ਸਿਪਾਹੀ ਵਜੋਂ ਹਿੱਸਾ ਲਿਆ ਸੀ। ਪਹਾੜੀ ਰਾਜਿਆਂ ਨੇ ਜਦੋਂ ਲੋਹਗੜ੍ਹ ਕਿਲ੍ਹੇ ਦਾ ਮਜ਼ਬੂਤ, ਦਰਵਾਜ਼ਾ ਤੋੜਨ ਵਾਸਤੇ ਇਕ ਸ਼ਰਾਬੀ ਹਾਥੀ ਨੂੰ ਅੱਗੇ ਲਿਆਂਦਾ ਤਾਂ ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ਿਸ਼ ਕੀਤਾ ਨਾਗਨੀ ਬਰਛਾ ਪੂਰੇ ਜ਼ੋਰ ਨਾਲ ਹਾਥੀ ਦੇ ਸਿਰ ਵਿਚ ਖੋਭ ਦਿੱਤਾ ਅਤੇ ਜਦੋਂ ਉਸ ਨੂੰ ਵਾਪਸ ਖਿਚਿਆ ਤਾਂ ਹਾਥੀ ਚਿੰਘਾੜਦਾ ਹੋਇਆ ਪਿਛਾਂਹ ਨੂੰ ਭੱਜ ਪਿਆ ਅਤੇ ਦੁਸ਼ਮਣ ਫ਼ੌਜਾਂ ਨੂੰ ਲਤਾੜ ਸੁੱਟਿਆ। ਇਸ ਤਰ੍ਹਾਂ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ।
ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਉਪਰੰਤ ਗੁਰੂ ਸਾਹਿਬ ਪਰਿਵਾਰ ਸਹਿਤ ਰੋਪੜ ਵੱਲ ਨੂੰ ਚੱਲ ਪਏ। ਸਰਸਾ ਨਦੀ 'ਤੇ ਭਾਈ ਬਚਿੱਤਰ ਸਿੰਘ ਜੀ ਦੇ ਜਥੇ ਦੀ ਭਾਰੀ ਮੁਗਲ ਫ਼ੌਜਾਂ ਨਾਲ ਗਹਿਗੱਚ ਲੜਾਈ ਹੋਈ। ਬਹਾਦਰੀ ਨਾਲ ਲੜਦੇ ਹੋਏ ਭਾਈ ਸਾਹਿਬ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿਚ ਕੋਟਲਾ ਨਿਹੰਗ ਖ਼ਾਨ ਵਿਖੇ ਚੜ੍ਹਾਈ ਕਰ ਗਏ।
ਉਪਰੰਤ ਲੇਖਕ ਨੇ ਪੁਸਤਕ ਵਿਚ ਭਾਈ ਮਨੀ ਸਿੰਘ ਜੀ ਸ਼ਹੀਦ, ਬਾਬਾ ਦੀਪ ਸਿੰਘ ਜੀ ਸ਼ਹੀਦ, ਬਾਬਾ ਬੰਦਾ ਸਿੰਘ ਜੀ ਬਹਾਦਰ ਆਦਿ ਸੂਰਬੀਰ ਸ਼ਹੀਦਾਂ ਦੀਆਂ ਸੰਖੇਪ ਜੀਵਨੀਆਂ ਅਤੇ ਇਤਿਹਾਸਕ ਗੁਰਦੁਆਰਿਆਂ ਦਾ ਇਤਿਹਾਸ ਵਰਨਣ ਕੀਤਾ ਹੈ।
ਲੇਖਕ ਨੇ ਪੁਸਤਕ ਵਿਚ ਕੁਝ ਹੋਰ ਵਿਦਵਾਨਾਂ ਦੇ ਵਿਸ਼ੇ ਨਾਲ ਸੰਬੰਧਿਤ ਲੇਖ ਵੀ ਸ਼ਾਮਿਲ ਕੀਤੇ ਹਨ।
ਛਪਾਈ ਤੇ ਦਿੱਖ ਪੱਖੋਂ ਵੀ ਇਹ ਸੁੰਦਰ ਪੁਸਤਕ ਹੈ। ਪੂਰੀ ਆਸ ਹੈ ਕਿ ਸਿੱਖ ਕੌਮ ਦੀ ਨਵੀਂ ਪਨੀਰੀ ਤੇ ਨੌਜਵਾਨ ਪੀੜ੍ਹੀ ਵਾਸਤੇ ਇਹ ਪੁਸਤਕ ਪ੍ਰੇਰਨਾ ਸਰੋਤ ਸਾਬਤ ਹੋਵੇਗੀ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਮੂਕ-ਸੰਵਾਦ
ਲੇਖਿਕਾ : ਇੰਦਰਜੀਤ ਨੰਦਨ
ਪ੍ਰਕਾਸ਼ਕ : ਸੱਚਲ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 80
ਸੰਪਰਕ : 94637-05318
ਹਥਲਾ ਕਾਵਿ-ਸੰਗ੍ਰਹਿ 'ਮੂਕ-ਸੰਵਾਦ' ਇੰਦਰਜੀਤ ਨੰਦਨ ਵਲੋਂ ਸੱਚਮੁੱਚ ਹੀ ਕੁਦਰਤ ਨਾਲ ਇੱਕਸੁਰ ਹੋ ਕੇ ਰਚਾਇਆ ਗਿਆ ਮੂਕ-ਸੰਵਾਦ ਹੈ। ਪੁਸਤਕ ਵਿਚਲੀਆਂ ਰਚਨਾਵਾਂ ਆਕਾਰ ਪੱਖੋਂ ਬੇਸ਼ੱਕ ਬਹੁਤ ਛੋਟੀਆਂ ਹਨ ਪਰ ਵਿਚਾਰ ਪੱਖ ਤੋਂ ਇਨ੍ਹਾਂ ਦਾ ਘੇਰਾ ਬੜਾ ਵਿਸ਼ਾਲ ਹੈ। ਮਾਨਵੀ ਮਨ ਦੀਆਂ ਗੁੰਝਲਦਾਰ ਪਰਤਾਂ ਨੂੰ ਫਰੋਲਣ ਦੀ ਸੂਖਮ ਸੂਝ-ਬੂਝ ਉਨ੍ਹਾਂ ਦੇ ਹਰ ਸ਼ਬਦ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਉਨ੍ਹਾਂ ਅਨੁਸਾਰ ਆਪਣੇ ਮੂਲ ਨੂੰ ਪਛਾਣਨਾ ਹੀ ਅਸਲ ਵਿਚ ਕੁਦਰਤੀ ਸਿਰਜਣ ਪ੍ਰਕਿਰਿਆ ਵਿਚ ਸ਼ਾਮਲ ਹੋਣਾ ਹੈ, ਭੂਤ ਦੇ ਪਛਤਾਵਿਆਂ ਅਤੇ ਭਵਿੱਖ ਦੇ ਨਿਰਮੂਲ ਖ਼ਤਰਿਆਂ ਤੋਂ ਮੁਕਤ ਹੋ ਕੇ ਵਰਤਮਾਨ ਵਿਚ ਜਿਊਣਾ ਹੈ।
ਇੰਦਰਜੀਤ ਨੰਦਨ ਸਮਝਦੇ ਹਨ ਕਿ ਮਨੁੱਖ ਕਿਸੇ ਵੀ ਕਾਰਜ ਵਿਚ ਆਪਣੀ ਸੰਪੂਰਨਤਾ ਨਾਲ ਸ਼ਾਮਿਲ ਨਹੀਂ ਹੁੰਦਾ। ਉਹ ਜੋ ਕੁਝ ਵੀ ਕਰਦਾ ਹੈ, ਅੱਧੇ-ਅਧੂਰੇ ਮਨ ਨਾਲ ਕਰਦਾ ਹੈ ਅਤੇ ਹਰ ਮੁਕਾਮ 'ਤੇ ਸਦਾ ਆਪਣੇ ਹੀ ਖ਼ਿਲਾਫ਼ ਰਹਿੰਦਾ ਹੈ। ਜਿਸ ਚੀਜ਼ ਨੂੰ ਉਹ ਛੱਡਣਾ ਚਾਹੁੰਦਾ ਹੈ, ਉਸ ਦੀ ਪਕੜ ਹੋਰ ਮਜ਼ਬੂਤ ਹੁੰਦੀ ਰਹਿੰਦੀ ਹੈ ਅਤੇ ਪ੍ਰਾਪਤ ਹੋਈ ਵਡਮੁੱਲੀ ਸੌਗਾਤ ਵੀ ਉਸ ਲਈ ਗਿਲਾਨੀ ਦਾ ਕਾਰਨ ਬਣ ਜਾਂਦੀ ਹੈ। ਅਸਲ ਵਿਚ ਇਹ ਦਵੰਦ ਹੀ ਮਨੁੱਖ ਦੀ ਬੇਚੈਨੀ ਦੀ ਬੁਨਿਆਦ ਹੈ:
ਘਾਹ 'ਤੇ ਤੁਰਨਾ ਹੈ ਤਾਂ
ਤ੍ਰੇਲ ਨਾਲ ਦੋਸਤੀ ਕਰ ਲਓ
ਨਹੀਂ ਤਾਂ ਐਵੇਂ ਹੀ
ਗਿਲਾਨੀ ਨਾਲ ਭਰੇ ਰਹੋਗੇ
ਬੋਝਲ ਪੈਰਾਂ ਨਾਲ
ਇੱਕ ਕਦਮ ਵੀ ਨਹੀਂ
ਪੁੱਟਿਆ ਜਾਣਾ...।
ਇਸ ਤੋਂ ਪਹਿਲਾਂ ਉਨ੍ਹਾਂ ਦੀ ਕਲਮ ਤੋਂ ਕਵਿਤਾ ਅਤੇ ਵਾਰਤਕ ਦੀਆਂ ਅੱਧੀ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਕਵਿਤਾ ਨੂੰ ਉਹ ਕੇਵਲ ਕਲਪਨਾ ਨਹੀਂ ਬਲਕਿ ਬਨਸਪਤੀ, ਭੂਗੋਲ, ਇਤਿਹਾਸ ਅਤੇ ਬਹੁਤ ਕੁਝ ਹੋਰ ਵੀ ਮੰਨਦੇ ਹਨ। ਦਰਿਆਵਾਂ ਵਰਗੀ ਸਹਿਜਤਾ, ਅੰਬਰ ਵਰਗੀ ਵਿਆਪਕਤਾ ਅਤੇ ਸਾਗਰ ਵਰਗੀ ਅਡੋਲਤਾ ਉਨ੍ਹਾਂ ਦੀ ਕਵਿਤਾ ਦਾ ਹਾਸਲ ਹੈ। ਇਸ ਪੜ੍ਹਨਯੋਗ, ਮਾਣਨਯੋਗ ਅਤੇ ਸੰਭਾਲਣਯੋਗ ਪੁਸਤਕ ਦਾ ਪੁਰਜ਼ੋਰ ਸਵਾਗਤ ਕਰਨਾ ਬਣਦਾ ਹੈ।ਕਾਰਵਾਂ ਜ਼ਿੰਦਗੀ ਦਾ
ਕਾਰਵਾਂ ਜ਼ਿੰਦਗੀ ਦਾ
ਲੇਖਕ : ਸੁਭਾਸ਼ 'ਦੀਵਾਨਾ'
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ
ਮੁੱਲ : 150 ਰੁਪਏ, ਸਫ਼ੇ : 74
ਸੰਪਰਕ : 98888-29666
ਸੁਭਾਸ਼ ਦੀਵਾਨਾ ਪੰਜਾਬੀ ਗ਼ਜ਼ਲ ਦੇ ਅਜਿਹੇ ਵਗਦੇ ਦਰਿਆ ਹਨ, ਜਿਨ੍ਹਾਂ ਨੂੰ ਗ਼ਜ਼ਲ ਲਿਖਣੀ ਨਹੀਂ ਪੈਂਦੀ ਬਲਕਿ ਉਨ੍ਹਾਂ ਦੇ ਮੂੰਹੋਂ ਸਹਿਜੇ ਹੀ ਨਿਕਲੇ ਹੋਏ ਸ਼ਬਦ ਗ਼ਜ਼ਲ ਦਾ ਰੂਪ ਧਾਰਨ ਕਰ ਲੈਂਦੇ ਹਨ। ਤਸੱਲੀ ਵਾਲੀ ਗੱਲ ਹੈ ਕਿ ਹਥਲੇ ਗ਼ਜ਼ਲ-ਸੰਗ੍ਰਹਿ 'ਕਾਰਵਾਂ ਜ਼ਿੰਦਗੀ ਦਾ' ਵਿਚ ਕੋਈ ਵੀ ਅਜਿਹਾ ਸ਼ਿਅਰ ਦੇਖਣ ਨੂੰ ਨਹੀਂ ਮਿਲਦਾ, ਜੋ ਵਜ਼ਨ-ਬਹਿਰ ਦੀਆਂ ਸ਼ਰਤਾਂ ਪੂਰੀਆਂ ਨਾ ਕਰਦਾ ਹੋਵੇ। ਵਿਅੰਗਾਤਮਿਕ ਸ਼ੈਲੀ ਉਨ੍ਹਾਂ ਦੀ ਗ਼ਜ਼ਲਕਾਰੀ ਨੂੰ ਹੋਰ ਖ਼ੂਬਸੂਰਤ ਬਣਾ ਦਿੰਦੀ ਹੈ:
ਹੋਰ ਹਾਂ ਮੈਂ ਖ਼ੁਦ, ਹੋਰ ਹੀ ਦੇਵਾਂ,
ਦੂਜਿਆਂ ਨੂੰ ਉਪਦੇਸ਼।
ਮੇਰੇ ਅੰਦਰ ਦੋ ਦੋ ਰੂਹਾਂ,
ਕਰ ਗਈਆਂ ਪਰਵੇਸ਼।
ਰੂਪਕ ਪੱਖ ਦੇ ਨਾਲ-ਨਾਲ ਵਿਚਾਰਕ ਪੱਖ ਤੋਂ ਵੀ ਉਨ੍ਹਾਂ ਦੀ ਗ਼ਜ਼ਲਕਾਰੀ ਕਿਤੇ ਥਿੜਕਦੀ ਦਿਖਾਈ ਨਹੀਂ ਦਿੰਦੀ। ਸੁਭਾਸ਼ ਦੀਵਾਨਾ ਕੇਵਲ ਉਮਰ ਬਿਤਾਉਣ ਨੂੰ ਹੀ ਜਿਊਣਾ ਨਹੀਂ ਸਮਝਦੇ ਬਲਕਿ ਉਨ੍ਹਾਂ ਅਨੁਸਾਰ ਤਾਂ ਜ਼ਿੰਦਗੀ ਕਿਸੇ ਸਬੱਬੀਂ ਮਿਲੇ ਉਤਸਵ ਵਾਂਗ ਆਪਣੇ-ਆਪੇ ਨਾਲ ਇੱਕਸੁਰ ਹੋ ਕੇ ਮਾਣੇ ਹੋਏ ਖ਼ੂਬਸੂਰਤ ਪਲਾਂ ਦਾ ਹੀ ਦੂਜਾ ਨਾਂਅ ਹੈ, ਜਿਸ ਨੂੰ ਮਨੁੱਖ ਨੇ ਆਪਣੀਆਂ ਬੇਲੋੜੀਆਂ ਇੱਛਾਵਾਂ ਅਤੇ ਲਾਲਸਾਵਾਂ ਦੀ ਅੰਨ੍ਹੀ ਦੌੜ ਵਿਚ ਖ਼ੁਦ ਜੀਅ ਦਾ ਜੰਜਾਲ ਬਣਾ ਲਿਆ ਹੈ:
ਜੋ ਕੁੱਝ ਚਾਹਵਾਂ, ਸਭ ਹੋ ਜਾਵੇ,
ਫਿਰ ਕੀ ਹੋਵੇਗਾ।
ਇਕ ਨਵੀਂ ਚਾਹਤ ਨੂੰ ਲੈ ਕੇ
ਦਿਲ ਮੁੜ ਰੋਵੇਗਾ।
ਇਹ ਵੀ ਉਨ੍ਹਾਂ ਦੀ ਗ਼ਜ਼ਲਕਾਰੀ ਦਾ ਹੀ ਹਾਸਲ ਹੈ ਕਿ ਉਨ੍ਹਾਂ ਨੇ ਗ਼ਜ਼ਲ ਨੂੰ ਰਵਾਇਤੀ ਧਾਰਨਾਵਾਂ ਨਾਲੋਂ ਤੋੜ ਕੇ ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਆਮ ਆਦਮੀ ਦੀ ਹੋਣੀ ਨਾਲ ਜੋੜਿਆ ਹੈ। ਗੰਧਲੀ ਹੋ ਰਹੀ ਧਾਰਮਿਕਤਾ, ਨਿੱਘਰ ਰਹੀ ਸਿਆਸਤ, ਖੋਖਲਾ ਹੋ ਰਿਹਾ ਸਮਾਜਿਕ ਤਾਣਾ-ਬਾਣਾ ਅਤੇ ਮਨਫ਼ੀ ਹੋ ਰਹੀਆਂ ਨੈਤਿਕ ਕਦਰਾਂ-ਕੀਮਤਾਂ ਉਨ੍ਹਾਂ ਦੀ ਸ਼ਿਅਰਕਾਰੀ ਦੇ ਕੇਂਦਰ ਵਿਚ ਹਨ। ਹੁਣ ਤੱਕ ਉਨ੍ਹਾਂ ਦੇ ਦਸ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਪੰਜਾਬੀ ਪਾਠਕਾਂ ਨੂੰ ਅਜਿਹੀ ਵਡਮੁੱਲੀ ਸੌਗਾਤ ਦੇਣ ਲਈ ਮੈਂ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਸ਼ਬਦਾਂ ਦੇ ਦਰਿਆ
ਲੇਖਕ : ਬਲਬੀਰ ਸਿੰਘ ਸੈਣੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98146-73236
ਬਲਬੀਰ ਸਿੰਘ ਸੈਣੀ ਪੰਜਾਬੀ ਦਾ ਬਹੁਪੱਖੀ ਤੇ ਬਹੁਪਰਤੀ ਕਲਮਕਾਰ ਹੈ, ਜਿਸ ਦੀਆਂ ਵੱਖ-ਵੱਖ ਵਿਧਾਵਾਂ ਨਾਲ ਸੰਬੰਧਿਤ ਦਰਜਨ ਤੋਂ ਵੱਧ ਪੁਸਤਕਾਂ ਛਪ ਚੁੱਕੀਆਂ ਹਨ। ਉਸ ਦੀ ਪਹਿਚਾਣ ਭਾਵੇਂ ਇਕ ਗ਼ਜ਼ਲਕਾਰ ਦੇ ਤੌਰ 'ਤੇ ਵਧੇਰੇ ਹੈ ਪਰ ਉਸ ਨੇ ਇਕ ਵਾਰਤਾਕਾਰ ਵਜੋਂ ਵੀ ਭਰਵੀਂ ਹਾਜ਼ਰੀ ਲਗਵਾਈ ਹੈ। ਵਿਚਾਰਨਯੋਗ ਪੁਸਤਕ 'ਸ਼ਬਦਾਂ ਦੇ ਦਰਿਆ' ਇਕ ਕਹਾਣੀ ਸੰਗ੍ਰਹਿ ਤੋਂ ਬਾਅਦ ਉਸ ਦੀ ਦੂਸਰੀ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਦੇ ਪੰਦਰਾਂ ਲਘੂ ਲੇਖ ਸ਼ਾਮਿਲ ਹਨ। ਇਹ ਹਨ 'ਤਜ਼ਰਬਿਆਂ ਦੀ ਕੁੱਖ 'ਚੋਂ ਪੈਦਾ ਹੋਈ ਜ਼ਿੰਦਗੀ', 'ਸੱਚ', 'ਗੱਲ ਤਾਂ ਜ਼ਰਾ ਕੁ ਢੀਠ ਬਣਨ ਦੀ ਹੈ', 'ਪੰਜਾਬੀ ਲੋਕਗੀਤਾਂ ਵਿਚ ਰੁੱਖ', 'ਡਬਲ-ਰੋਲ', 'ਘੁੰਡ-ਇਕ ਸਮਾਜਿਕ ਬੁਰਾਈ', 'ਪਿਆਰ', 'ਚਾਪਲੂਸੀ-ਇਕ ਕਲਾ', 'ਔਰਤ ਹੁਣ ਵੀ ਔਰਤ ਹੈ ਤੇ ਮਰਦ ਹੁਣ ਵੀ ਮਰਦ', 'ਹਿੰਦੂ ਧਰਮ ਵਿਚ ਭਗਤੀ ਲਹਿਰ', 'ਸਾਹਿਤਕ ਪੱਤਰਕਾਵਾਂ ਦੀ ਭੂਮਿਕਾ ਅਤੇ ਜ਼ੀਨਤ ਬਣਦੀਆਂ ਪੁਸਤਕਾਂ', 'ਸ਼ਾਹ ਮੁਹੰਮਦ ਦਾ ਵਤਨ ਪਿਆਰ', 'ਨਵੀਨ ਭਾਰਤ ਦੇ ਮੰਦਿਰ-ਭਾਖੜਾ ਡੈਮ ਅਤੇ ਨੰਗਲ ਡੈਮ', 'ਸਹੁੰਆਂ' ਤੇ 'ਉਰਲੀਆਂ ਪਰਲੀਆਂ'। ਪੜ੍ਹਨ ਉਪਰੰਤ ਇਹ ਪੁਸਤਕ ਲੇਖਕ ਦਾ ਜ਼ਿੰਦਗੀਨਾਮਾ ਮਹਿਸੂਸ ਹੁੰਦੀ ਹੈ। 'ਆਪਣੀ ਐਨਕ ਆਪਣਾ ਚਿਹਰਾ' ਸਿਰਲੇਖ ਅਧੀਨ ਸੈਣੀ ਨੇ ਆਪਣੇ ਬੀਤੇ ਦੇ ਕਈ ਰੌਚਕ ਤੱਤ ਪੇਸ਼ ਕੀਤੇ ਹਨ। ਬਹੁਤੇ ਨਿਬੰਧ ਦਿਲਚਸਪ, ਜਾਣਕਾਰੀ ਭਰਪੂਰ ਤੇ ਜ਼ਿੰਦਗੀ ਦੇ ਸੁਹਜ ਨਾਲ ਲਬਰੇਜ਼ ਹਨ। ਕੁਝ ਹਲਕੇ-ਫੁਲਕੇ ਨਿਬੰਧ ਪਾਠਕ ਦਾ ਮਨੋਰੰਜਨ ਵੀ ਕਰਦੇ ਹਨ ਤੇ ਵਿਸ਼ੇ ਨੂੰ ਨਵੇਂ ਪਰਿਪੇਖ ਤੋਂ ਵੀ ਦੇਖਦੇ ਹਨ। ਲੇਖਕ ਦੇ ਸਵੈਕਥਨ ਅਨੁਸਾਰ ਉਸ ਨੇ ਲੰਬਾ ਸਮਾਂ ਨੰਗਲ ਵਿਚ ਗੁਜ਼ਾਰਿਆ ਹੈ, ਇਸ ਲਈ ਭਾਖੜਾ ਤੇ ਨੰਗਲ ਡੈਮ ਸੰਬੰਧੀ ਉਸ ਦਾ ਲੇਖ ਬਹੁਤ ਕਰੀਬੀ ਨਿਰਖ-ਪਰਖ ਤੋਂ ਬਾਅਦ ਲਿਖਿਆ ਲਗਦਾ ਹੈ। ਇਨ੍ਹਾਂ ਦੇ ਕਈ ਵੇਰਵੇ ਅਸਲੋਂ ਨਵੇਂ ਹਨ ਤੇ ਪਾਠਕ ਨੂੰ ਨਵੀਂ ਜਾਣਕਾਰੀ ਪ੍ਰਦਾਨ ਕਰਦੇ ਹਨ। ਬਲਬੀਰ ਸਿੰਘ ਸੈਣੀ ਦੀ ਸ਼ੈਲੀ ਵਾਰਤਕ ਹੁੰਦੇ ਹੋਏ ਵੀ ਕਾਵਿਕ ਤੇ ਰਵਾਨਗੀ ਨਾਲ ਤੁਰਦੀ ਹੈ। ਛੋਟੇ ਲੇਖ ਪੜ੍ਹਨ ਲਈ ਸੌਖ ਪੈਦਾ ਕਰਦੇ ਹਨ ਤੇ ਅਕਾਊ ਨਹੀਂ ਹੁੰਦੇ, ਇਹ ਪੁਸਤਕ ਇਸ ਕਥਨ ਦੀ ਸੁੰਦਰ ਉਦਾਹਰਨ ਹੈ। ਨਵੀਆਂ ਜਾਣਕਾਰੀਆਂ ਤੇ ਜ਼ਿੰਦਗੀ ਵਿਚ ਖ਼ੂਬਸੂਰਤੀ ਪੈਦਾ ਕਰਨ ਲਈ 'ਸ਼ਬਦਾਂ ਦੇ ਦਰਿਆ' ਵਧੀਆ ਪੁਸਤਕ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਬਿਲਕੁਲ ਸਾਹਮਣੇ
ਲੇਖਕ : ਗੁਰਿੰਦਰ ਸਿੰਘ ਕਲਸੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98881-39135
ਬਹੁਤ ਹੀ ਅਨੁਭਵੀ ਲੇਖਕ ਗੁਰਿੰਦਰ ਸਿੰਘ ਕਲਸੀ ਨੇ ਦਰਜਨ ਦੇ ਕਰੀਬ ਉਨ੍ਹਾਂ ਸਾਹਿਤਕਾਰਾਂ ਨੂੰ ਸ਼ਬਦ ਚਿੱਤਰ ਰਾਹੀਂ ਪਾਠਕਾਂ ਦੇ ਵੀ 'ਬਿਲਕੁਲ ਸਾਹਮਣੇ' ਲਿਆਉਣ ਦਾ ਯਤਨ ਕੀਤਾ ਹੈ, ਜੋ ਸਾਹਿਤਕਾਰ ਹਮੇਸ਼ਾ ਖਿਆਲਾਂ ਦੀ ਆਪਸੀ ਸਾਂਝ ਨੂੰ ਬਰਕਰਾਰ ਰੱਖਦੇ ਆ ਰਹੇ ਹਨ।
ਸੁਰਜੀਤ ਸਿੰਘ 'ਜੀਤ' ਨੂੰ ਇੱਕ ਵਿਲੱਖਣ ਵਿਅਕਤੀਤੱਵ ਦਸਦਿਆਂ ਉਸ ਦੇ ਨਾਲ ਮੇਲ ਮਿਲਾਪ ਤੇ ਉਸ ਦੀ ਸਾਹਿਤਕਾਰੀ ਦੇ ਹਰ ਰੰਗ ਨੂੰ ਬੜੀ ਬਰੀਕੀ 'ਚ ਪੇਸ਼ ਕੀਤਾ ਹੈ :-
'ਰਿਸ਼ਵਤ ਬਣ ਗਈ ਫੀਸ, ਜ਼ਮਾਨਾ ਬਦਲ ਗਿਆ।
ਤੂੰ ਵੀ ਕਰ ਲੈ ਰੀਸ, ਜ਼ਮਾਨਾ ਬਦਲ ਗਿਆ।'
ਕੁਝ ਮਸ਼ਖਰਿਆਂ ਵਲੋਂ ਕਿਸੇ ਖ਼ਾਸ ਸਾਹਿਤ ਸਭਾ ਨਾਲ ਖ਼ਾਸ ਜਾਤੀ ਸੂਚਕ ਜੋੜ ਕੇ ਬੇਤੁਕੀ ਅਲੋਚਨਾ ਦੀ ਚੀਸ ਨੂੰ ਵੀ ਇਸ ਲੇਖ ਵਿੱਚ ਵਰਨਣ ਕੀਤਾ ਗਿਆ ਹੈ।
ਪੀੜਾਂ ਦਾ ਪਰਾਗਾ 'ਲਾਲ ਮਿਸਤਰੀ' (ਸਰਵਣ ਸਿੰਘ) ਸਖਤ ਮਿਹਨਤ ਭਰੀ ਕਿਰਤ ਕਰਦਾ ਹੋਇਆ ਸਾਹਿਤਕ ਸਿਰਜਣਾ ਵੀ ਕਰ ਰਿਹਾ ਹੈ :-
'ਖਾਮੋਸ਼ ਸੋਹਲ ਜਿਹੀ ਜਿੰਦੜੀ ਨੂੰ, ਦਸ ਕਿੱਥੇ ਲੈ ਜਾਂ ਸੱਜਣਾ ਵੇ ਇੱਕ ਤੰਦ ਪਿਆਰ ਦੀ ਦੇ ਦੇ ਤੂੰ, ਅਸਾਂ ਮਨ ਦਰਦੀ ਨੂੰ ਕੱਜਣਾ ਵੇ।'
ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਮਨਮੋਹਨ ਸਿੰਘ ਦਾਊਂ ਦੇ ਕਾਵਿ ਸਰੋਵਰ ਵਿਚੋਂ ਫੁਟਿਆ ਸ਼ਬਦਾਂ ਦਾ ਚਸ਼ਮਾ:-
'ਤਨਦੇਹੀ ਦੀ ਝੀਲ ਦੇ ਅੰਦਰ,
ਰੋਜ਼ ਤਿਹਾਇਆ ਗੀਤ ਸੁਲਗਦਾ,
ਮਨ ਦੇ ਭਰੇ ਸਰੋਵਰ ਵਿੱਚੋਂ
ਕਿਹੜੀ ਕਿਹੜੀ ਲਹਿਰ ਸੰਭਾਲਾਂ।'
ਆਪਣੇ ਪ੍ਰਤਿਮਾਨ ਸਿਰਜਣ ਵਾਲਾ ਅਮਰਜੀਤ ਕੌਂਕੇ, ਕਹਾਣੀਕਾਰ ਸੰਤਵੀਰ, ਕਵੀ ਤੇ ਚਿੱਤਰਕਾਰ ਇੰਦਰਜੀਤ ਸਿੰਘ ਬਾਲਾ, ਸੁਧੀਰ ਕੁਮਾਰ ਸੁਧੀਰ, ਯਾਦਾਂ ਨੂਰ ਦੀਆਂ (ਡਾ.ਸੁਤਿੰਦਰ ਸਿੰਘ ਨੂਰ), ਹਾਸ ਵਿਅੰਗ ਲੇਖਕ ਜੇ. ਐਲ. ਨੰਦਾ, ਕਲਾ ਤਪੱਸਵੀ ਰਵਿੰਦਰ ਸੂਦ ਜੁਗਨੂੰ ਦੇ ਸਫਲ ਜੀਵਨ ਦੇ ਸੰਗਰਾਮ ਤੇ ਸਾਹਿਤਕ ਤਪਸਿਆ ਨੂੰ ਸ਼ਬਦ ਚਿੱਤਰਾਂ ਵਿਚ ਬੜੀ ਸੁਹਿਰਦਤਾ ਨਾਲ ਪੇਸ਼ ਕੀਤਾ ਗਿਆ ਹੈ।
ਵਿਅੰਗ ਸਾਹਿਤ ਦੇ ਸਰਪੰਚ ਅਜੀਤ ਸਿੰਘ ਢੰਗਰਾਲੀ ਦੀ ਵਾਚਣ ਵਿਚਾਰਨ ਵਾਲੀ ਵਿਅੰਗਮਈ ਕਾਵਿ ਵੰਨਗੀ:-
'ਪੈਸਾ ਖਰਚ ਤੇ ਚੋਣਾਂ ਜਿੱਤ, ਸਿਆਸਤ ਵਿੱਚ ਕੋਈ ਨਹੀਂ ਮਿੱਤ। ਪਹਿਲੋਂ ਖਰਚੇ ਫੇਰ ਕਮਾਵੇ, ਸਿਆਸੀ ਬੰਦਾ ਮਾਰ ਨਾ ਖਾਵੇ।'
ਲੇਖਕਾਂ ਵਿੱਚ ਹੁੰਦਾ ਸਰਸਰੀ ਹਾਸਾ- ਠੱਠਾ, ਨੋਕ- ਝੋਕ ਤੇ ਰੁੱਸਣਾ- ਮੰਨਣਾ ਵੀ ਇਸ ਪੁਸਤਕ 'ਬਿਲਕੁਲ ਸਾਹਮਣੇ' ਦਾ ਸਿਖਰ ਹੋ ਨਿਬੜਦਾ ਹੈ। ਸੋ ਇਸ ਪੁਸਤਕ ਰਾਹੀਂ ਉਕਤ ਲੇਖਕਾਂ ਦੇ ਕੋਮਲ ਭਾਵੀ ਚਿਹਰੇ ਤੇ ਮਨਾਂ ਦੇ ਹਾਵ ਭਾਵ ਤੇ ਸੋਚ ਵਿਚਾਰ ਪੰਜਾਬੀ ਸਾਹਿਤ ਜਗਤ ਦੇ ਐਨ 'ਬਿਲਕੁਲ ਸਾਹਮਣੇ' ਉੱਭਰ ਕੇ ਸਮਾਜ ਨੂੰ ਪ੍ਰਭਾਵਿਤ ਕਰਨ ਦੇ ਪੂਰੇ ਸਮਰੱਥ ਹਨ ਹੈ।
-ਮਾ: ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਮੋਬਾਈਲ : 98764-74858
ਵੇਲੇ ਵੇਲੇ ਦਾ ਸੱਚ
ਕਵੀ : ਰਾਜਪਾਲ ਬੋਪਾਰਾਏ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 99157-21132
'ਵੇਲੇ ਵੇਲੇ ਦਾ ਸੱਚ' ਕਾਵਿ-ਸੰਗ੍ਰਹਿ ਰਾਜਪਾਲ ਬੋਪਾਰਾਏ ਦਾ ਤੀਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਹਾਸ਼ੀਏ' ਅਤੇ 'ਰਿਜ਼ਕ ਵਿਹੂਣੇ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਹ ਕਾਵਿ-ਸੰਗ੍ਰਹਿ ਉਸ ਨੇ ਕੁਦਰਤੀ ਕਰੋਪੀਆਂ ਤੇ ਦੁਨਿਆਵੀ ਦੁਸ਼ਵਾਰੀਆਂ ਦੀ ਨੰਗੇ ਪਿੰਡੇ ਮਾਰ ਝੱਲਦੇ, ਕਦੇ ਡਿੱਗਦੇ, ਕਦੇ ਉੱਠਦੇ, ਕਦੇ ਲੜਦੇ, ਕਦੇ ਮਰਦੇ ਅਤੇ ਵਾਰ-ਵਾਰ ਮਰ ਕੇ ਜਿੱਤਦੇ ਸਿਦਕੀ ਕਾਮੇ, ਕਿਸਾਨਾਂ, ਕਿਰਤੀਆਂ ਨੂੰ ਸਮਰਪਿਤ ਕਰਦਿਆਂ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਉਸ ਦੀ ਹਮਦਰਦੀ ਅਤੇ ਪ੍ਰਤੀਬੱਧਤਾ ਰਾਜ ਸੱਤਾ ਅਤੇ ਉਸ ਦੇ ਭਾਈਵਾਲਾਂ ਵਲੋਂ ਸਤਾਈ ਜਾਂਦੀ ਖ਼ਲਕਤ ਦੇ ਨਾਲ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਅੱਕ ਦਾ ਸੱਚ' ਤੋਂ ਲੈ ਕੇ 'ਸਿਰ ਦੀ ਕੀਮਤ' ਤੱਕ 54 ਕਵਿਤਾਵਾਂ ਇਮਾਨਦਾਰੀ, ਸਿਦਕ, ਸਬਰ, ਸੰਤੋਖ ਦੇ ਨਾਲ-ਨਾਲ ਆਪਣੇ ਹੱਕਾਂ ਲਈ ਲੜਨ ਦੇ ਜਜ਼ਬੇ ਦੀ ਵੀ ਤਰਜਮਾਨੀ ਕਰਦੀਆਂ ਹਨ। ਇਸ ਸਮੇਂ ਦੋ ਵਾਪਰੇ ਦੁਖਾਂਤ : ਕੋਰੋਨਾ ਅਤੇ ਕਾਲੇ ਖੇਤੀ ਕਾਨੂੰਨ ਜਿਥੇ ਪ੍ਰਕਿਰਤਕ ਦੁਸ਼ਵਾਰੀਆਂ, ਰਾਜ-ਸੱਤਈ ਵਰਤਾਰਿਆਂ ਰਾਹੀਂ ਸੰਤਾਪ ਦਾ ਬੋਧ ਕਰਵਾਉਂਦੇ ਹਨ, ਉਥੇ ਹੀ ਮਨੁੱਖੀ ਹੋਂਦ ਦੇ ਸਵਾਲ ਤੇ ਜੰਗਜੂਆਂ ਵਾਂਗ ਲੜਨ ਦੇ ਸੰਕੇਤ ਵੀ ਮਨੁੱਖ ਅੰਦਰ ਚਿਣਗ ਤੋਂ ਭਾਂਬੜ ਬਣਨ ਵੱਲ ਸਾਂਝੇ ਮਾਨਵੀ ਯਤਨਾਂ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੇ ਹਨ। 'ਵੇਲੇ ਵੇਲੇ ਦਾ ਸੱਚ' ਕਵਿਤਾ ਵਿਚ ਬੇਸ਼ੱਕ ਮਨੁੱਖ ਦੇ ਆਪਣੇ ਹੱਕਾਂ ਲਈ ਲੜਨ ਦੀ ਪ੍ਰਵਿਰਤੀ ਨੂੰ ਅਜਲੀ ਵਰਤਾਰੇ ਵਜੋਂ ਪੇਸ਼ ਕੀਤਾ ਗਿਆ ਹੈ, ਉਥੇ ਹੀ ਕਵੀ ਦੀ ਮਹਾਨਤਾ ਇਸ ਕਰਕੇ ਵੀ ਹੈ ਕਿ ਉਹ ਮਨੁੱਖੀ ਕਮਜ਼ੋਰੀਆਂ ਪ੍ਰਤੀ ਵੀ ਸੁਚੇਤ ਹੈ। ਇਨ੍ਹਾਂ ਕਥਨਾਂ ਦੀ ਪੁਸਤਕੀ ਪਾਠਕ ਨੂੰ 'ਅੱਕ ਦਾ ਸੱਚ', 'ਕੋਧਰੇ ਦੀ ਰੋਟੀ', 'ਰਾਹ ਦੀ ਸਮਝ', 'ਆਂਦਰਾਂ ਦੀ ਰੀਝ', 'ਰੋਟੀ', 'ਦੇਵਤਾ', 'ਸਤਵਾਂ ਦਰਿਆ', 'ਤੈਨੂੰ ਕਦੋਂ ਦਰਦ ਆਉਣਾ', 'ਚੌਸਰ', 'ਸੜਕਾਂ ਦੇ ਕਿੱਲ', 'ਭੰਡੋ ਭੰਡੋਰੀਆ', 'ਕੁੱਕੜ-ਖੇਹ', 'ਭੁਰ ਗਏ ਸੁਪਨੇ', 'ਸਿਰ ਦੀ ਕੀਮਤ' ਆਦਿ ਕਵਿਤਾਵਾਂ ਦਾ ਪਾਠ ਅਤੇ ਚਿੰਤਨ ਕਰਦਿਆਂ ਮਹਿਸੂਸ ਹੋਵੇਗੀ। ਆਸ ਦੇ ਇਨ੍ਹਾਂ ਕਾਵਿਕ ਬੋਲਾਂ ਨਾਲ '...ਬਨਵਾਸ ਕਿੰਨਾ ਲੰਬਾ ਹੋਵੇਗਾ, ਕਹਿ ਨਹੀਂ ਸਕਦਾ, ਪਰ ਏਨਾ ਜ਼ਰੂਰ ਹੈ, ਸੰਘਰਸ਼ ਦੀ ਲੜਾਈ, ਮੈਂ ਜਿੱਤਾਂਗਾ ਇਕ ਦਿਨ...' ਮੁਬਾਰਕ ਅਤੇ ਆਮੀਨ।
ਕਾਦਰ ਦੀ ਕੁਦਰਤ
ਲੇਖਿਕਾ : ਸਤਵੰਤ ਕੌਰ ਪੰਧੇਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 148
ਸੰਪਰਕ : 98146-73236
'ਕਾਦਰ ਦੀ ਕੁਦਰਤ' ਕਾਵਿ-ਸੰਗ੍ਰਹਿ ਪਰਵਾਸੀ ਸ਼ਾਇਰਾ ਸਤਵੰਤ ਕੌਰ ਪੰਧੇਰ ਦੀ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾਂ 'ਮਗਨੋਲੀ ਦੇ ਫੁੱਲ'-2011, 'ਰੂਹ ਦੀਆਂ ਪੈੜਾਂ' ਅਤੇ ਅੰਗਰੇਜ਼ੀ ਭਾਸ਼ਾ 'ਚ 'kudrat d}an kav}&tawan'-2013 ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਕਵਿੱਤਰੀ ਪ੍ਰਮੁੱਖ ਤੌਰ 'ਤੇ ਕਾਦਰ ਦੀ ਕੁਦਰਤ 'ਚ ਰਚੀ-ਮੁਚੀ ਬਨਸਪਤੀ, ਪ੍ਰਾਣੀ ਅਤੇ ਹੋਰ ਕੁਦਰਤੀ ਵਰਤਾਰਿਆਂ ਪ੍ਰਤੀ ਗੁਰਬਾਣੀ ਦੇ ਸੰਦਰਭ ਵਿਚ ਜਾ ਕੇ ਇਕ ਪਰਮਾਤਮਾ ਵਲੋਂ ਰਚਾਈ ਗਈ ਲੀਲ੍ਹਾ ਦਾ ਵਿਖਿਆਨ 'ਸ਼ੁਕਰ ਕਰਾਂ' ਕਵਿਤਾ ਤੋਂ ਲੈ ਕੇ 'ਮੌਤ ਨਾਲ ਗੁਫ਼ਤਗੂ' ਤੱਕ ਦੀਆਂ 85 ਕਵਿਤਾਵਾਂ ਕਰਦੀ ਪ੍ਰਤੀਤ ਹੁੰਦੀ ਹੈ। ਇਸੇ ਲਈ ਉਸ ਨੇ ਇਹ ਕਾਵਿ-ਸੰਗ੍ਰਹਿ ਉਨ੍ਹਾਂ ਦੋਸਤਾਂ ਦੇ ਨਾਂਅ ਸਮਰਪਿਤ ਕੀਤਾ ਹੈ ਜੋ ਕਾਦਰ ਦੀ ਰਚੀ ਕੁਦਰਤ ਦਾ ਨਿੱਤ ਦੀਦਾਰ ਕਰਦਿਆਂ ਸਮੁੱਚੀ ਕਾਇਨਾਤ 'ਚ ਉਸ ਦੇ ਝਲਕਾਰੇ ਦੇਖਦੇ ਹਨ। ਇਹ ਉਹ ਰੂਹਾਂ ਹਨ, ਜਿਨ੍ਹਾਂ ਵਿਚ ਇਹ ਦੇਖਣ-ਪਰਖਣ ਦੀ ਸਮਝ ਹੈ ਕਿ ਇਹ ਸਾਰਾ ਜਗਤ-ਪਸਾਰਾ ਉਸੇ ਇਕ ਦੀ ਹੀ ਕਰਾਮਾਤ ਹੈ। ਇਸੇ ਲਈ ਹੀ ਕਵਿੱਤਰੀ 'ਸ਼ੁਕਰ ਕਰਾਂ' ਕਵਿਤਾ 'ਚ ਉਸ ਪਰਵਰਦਿਗਾਰ ਦੇ ਦਰਸ਼ਨ ਕੁਦਰਤ ਰਾਣੀ 'ਚ ਕਰਦਿਆਂ ਆਪਣਾ ਸ਼ੁਕਰਾਨਾ ਪੇਸ਼ ਕਰਦੀ ਹੈ। ਇਸੇ ਤਰ੍ਹਾਂ ਦੇ ਭਾਵ 'ਧੰਨ ਤੇਰੀ ਕੁਦਰਤ', 'ਐ ਕੁਦਰਤ! ਤੇਰੀ ਰਹਿਮਤ ਦੇ...', 'ਕੁਦਰਤ ਹੀ ਕੁਦਰਤ', 'ਪੰਜ ਸੋਝੀਆਂ', 'ਸਾਡੀ ਰੁਸ ਗਈ ਕੁਦਰਤ ਰਾਣੀ', 'ਬਾਣੀ ਬਾਬੇ ਨਾਨਕ ਦੀ' ਅਤੇ ਹੋਰ ਅਨੇਕਾਂ ਕਵਿਤਾਵਾਂ 'ਚ ਕੁਦਰਤ ਦੇ ਵੱਖ-ਵੱਖ ਰੰਗਾਂ : ਧਰਤੀ, ਬੱਦਲ, ਸੂਰਜ, ਮਾਲੀ, ਫੁੱਲ, ਚਿੜੀਆਂ, ਜਨੌਰਾਂ, ਪਾਣੀ, ਪਿਆਰ, ਰੁੱਖ, ਮੌਤ, ਗੁਲਾਬ, ਮਾਵਾਂ, ਘਰ, ਸਫ਼ਰ, ਸ਼ਬਦ ਆਦਿ ਪ੍ਰਤੀਕਾਤਮਕ ਸ਼ਬਦਾਂ ਦੇ ਰਾਹੀਂ ਇਨ੍ਹਾਂ ਦੀ ਸਾਰਥਕਤਾ ਦਾ ਗਹਿਰਾ ਅਹਿਸਾਸ ਪਾਠਕ-ਮਨਾਂ 'ਚ ਸਿਰਜਦੀ ਹੈ ਅਤੇ ਦ੍ਰਿੜ੍ਹ ਕਰਵਾਉਂਦੀ ਹੈ ਕਿ ਇਹ ਸਾਰਾ ਪਾਸਾਰਾ ਉਸੇ ਇਕ ਦਾ ਹੀ ਹੈ। ਜੇਕਰ ਮਨੁੱਖ ਮਾਤਰ ਅਜਿਹਾ ਮਹਿਸੂਸ ਕਰ ਕੇ, ਅਮਲ ਕਰ ਲਵੇ ਤਾਂ ਮਨੁੱਖ ਨਫ਼ਰਤ, ਈਰਖਾ, ਲਾਲਚ, ਮੋਹ ਦੇ ਭਵ-ਸਾਗਰ ਤੋਂ ਪਾਰ ਹੋ ਸਕੇਗਾ। ਪਰ ਅਜਿਹਾ ਵਾਪਰਦਾ ਨਹੀਂ, ਇਹ ਵੀ ਉਸ ਦੀ ਖੇਡ ਦਾ ਇਕ ਭਾਗ ਹੈ। ਇਸੇ ਲਈ ਉਹ 'ਚੱਲ ਓ ਮਨਾਂ ਚੱਲ...' ਕਵਿਤਾ 'ਚ ਉਹ ਉਸ ਸੰਸਾਰ 'ਚ ਵਸਣਾ ਚਾਹੁੰਦੀ ਹੈ ਜਿਥੇ ਝੂਠ, ਫ਼ਰੇਬ, ਕਪਟ, ਭ੍ਰਿਸ਼ਟਾਚਾਰ, ਨਫ਼ਰਤ, ਈਰਖਾ, ਸਾੜਤਾ, ਮੋਹ, ਦਾ ਬੋਲ-ਬਾਲਾ ਨਹੀਂ ਹੈ। ਉਸ ਦਾ ਗੁਰਬਾਣੀ ਦੇ ਆਸ਼ੇ ਮੁਤਾਬਿਕ ਇਹ ਪੱਕਾ ਅਕੀਦਾ ਹੈ ਕਿ ਕੁਦਰਤ ਦਾ ਹਿਰਦਾ ਬਹੁਤ ਵਿਸ਼ਾਲ ਹੈ। ਉਹ ਮਨੁੱਖ ਦੀਆਂ ਭੁੱਲਾਂ ਨੂੰ ਜ਼ਰੂਰ ਮੁਆਫ਼ ਕਰ ਦੇਵੇਗੀ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096