JALANDHAR WEATHER

22-05-2024

 ਦਲਿਤਾਂ ਬਾਰੇ ਵੀ ਸੋਚਣ ਸਰਕਾਰਾਂ
6 ਮਈ ਦੇ ਅੰਕ ਵਿਚ ਵਿਨਾਇਕ ਦੱਤ ਦਾ ਲੇਖ 'ਪੰਜਾਬ ਦਾ ਭਵਿੱਖ ਤੇ ਦਲਿਤ ਵਰਗ ਦੀ ਤਰੱਕੀ' ਪੜ੍ਹਿਆ। ਲੇਖਕ ਨੇ ਅੰਕੜਿਆਂ ਦੀ ਮਦਦ ਨਾਲ ਜਿਸ ਤਰ੍ਹਾਂ ਪੰਜਾਬ ਵਿਚ ਦਲਿਤ ਵਰਗ ਦੀ ਸਥਿਤੀ ਬਿਆਨ ਕੀਤੀ ਹੈ, ਉਹ ਵਾਕਿਆ ਹੀ ਦਰਦਨਾਕ ਸਥਿਤੀ ਨੂੰ ਬਿਆਨ ਕਰਦੀ ਹੈ। ਪੰਜਾਬ ਦੇ ਪਿੰਡਾਂ ਵਿਚ ਰਹਿੰਦੇ ਦਲਿਤ ਵਰਗ ਵਿਚੋਂ ਖੇਤ ਮਜ਼ਦੂਰਾਂ ਨਾਲ ਸੰਬੰਧਿਤ ਪਰਿਵਾਰਾਂ ਦੇ ਹਾਲਾਤ ਏਨੇ ਜ਼ਿਆਦਾ ਖ਼ਰਾਬ ਹਨ ਕਿ ਹਾਲ ਵੇਖ ਕੇ ਰੋਣਾ ਆ ਜਾਵੇ। ਕੱਚੇ ਕੋਠਿਆਂ ਵਿਚ ਰਹਿੰਦੇ ਕਈ ਗਰੀਬ ਪਰਿਵਾਰਾਂ ਕੋਲ ਪੂਰੇ ਬਰਤਨ ਅਤੇ ਬੁਨਿਆਦੀ ਲੋੜਾਂ ਦਾ ਸਾਮਾਨ ਵੀ ਨਹੀਂ ਹੁੰਦਾ। ਰੋਟੀ ਵੀ ਰੋਜ਼ਾਨਾ ਲਗਦੀ ਦਿਹਾੜੀ 'ਤੇ ਹੀ ਨਿਰਭਰ ਕਰਦੀ ਵਰਨਾ ਕਈ ਵਾਰ ਭੁੱਖੇ ਸੌਣਾ ਪੈਂਦਾ ਹੈ। ਸਰਕਾਰਾਂ ਦਾ ਇਸ ਵਰਗ ਵੱਲ ਕਦੇ ਵੀ ਧਿਆਨ ਨਹੀਂ ਗਿਆ। ਉਹ ਇਸ ਵਰਗ ਨੂੰ ਪੈਸੇ ਲੈ ਕੇ ਵੋਟਾਂ ਪਾਉਣ ਵਾਲਾ ਵਰਗ ਸਮਝਦੀਆਂ ਹਨ, ਜਿਸ ਕਰਕੇ ਸਰਕਾਰਾਂ ਇਸ ਵਰਗ ਦੀ ਅਣਦੇਖੀ ਕਰਦੀਆਂ ਹਨ। ਅੱਜ ਵੀ ਲੋਕਤੰਤਰੀ ਸਰਕਾਰਾਂ ਜਗੀਰਦਾਰੀ ਮਾਨਸਿਕਤਾ ਹੇਠ ਹੀ ਕੰਮ ਕਰ ਰਹੀਆਂ ਹਨ। ਉਹ ਇਸ ਵਰਗ ਨੂੰ ਨਰੇਗਾ, ਮੁਫ਼ਤ ਦੀ ਕਣਕ ਤੇ ਮੁਫ਼ਤ ਬਿਜਲੀ ਤੱਕ ਹੀ ਸੀਮਤ ਰੱਖਣਾ ਚਾਹੁੰਦੀਆਂ ਹਨ। ਇਸ ਸਮੇਂ ਵਿਚ ਸਾਡੇ ਪੰਜਾਬ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਤਾਂ ਲੀਡਰਾਂ ਨੂੰ ਜਿੱਤਣ ਤੋਂ ਬਾਅਦ ਇਸ ਵਰਗ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਸ ਵਰਗ ਦੀ ਤਰਸਯੋਗ ਹਾਲਤ ਸੁਧਾਰੀ ਜਾ ਸਕੇ।


-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਮੁੱਖ ਅਧਿਆਪਕ, ਸ.ਪ੍ਰਾ.ਸ. ਝਬੇਲਵਾਲੀ।


ਸੇਧਗਾਰ ਵੀ ਹੋਵੇ ਗੀਤ-ਸੰਗੀਤ
ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਗਿਆ ਹੈ ਅਤੇ ਸਿਹਤ ਮਾਹਿਰ ਇਸ ਨੂੰ ਤਣਾਅ ਘਟਾਉਣ ਦਾ ਬਿਹਤਰ ਜ਼ਰੀਆ ਮੰਨਦੇ ਹਨ। ਲੋਕ ਗੀਤ ਲੋਕ ਮਨਾਂ ਦੀ ਤਰਜ਼ਮਾਨੀ ਕਰਦੇ ਹਨ ਅਤੇ ਵਰਤਮਾਨ ਹਾਲਾਤ ਨੂੰ ਸ਼ਾਬਦਿਕ ਬੰਧਨਾਂ 'ਚ ਬੰਨ੍ਹਦੇ ਹਨ। ਅਜੋਕੀ ਪੰਜਾਬੀ ਗਾਇਕੀ ਮਾਰਧਾੜ, ਰੁਮਾਂਸਵਾਦ ਅਤੇ ਜੱਟਵਾਦ ਦੇ ਸੀਮਿਤ ਦਾਇਰੇ 'ਚ ਸੁੰਗੜ ਕੇ ਰਹਿ ਗਈ ਹੈ। ਇਹ ਗਾਇਕੀ ਰੂਹ ਦੇ ਸਕੂਨ ਤੋਂ ਕੋਹਾਂ ਦੂਰ ਹੈ। ਮਨੋਰੰਜਨ ਦੇ ਨਾਂਅ 'ਤੇ ਨੰਗੇਜ਼ ਅਤੇ ਅਸ਼ਲੀਲਤਾ ਪਰੋਸੀ ਜਾ ਰਹੀ ਹੈ, ਪੰਜਾਬੀ ਦਾ ਸ਼ਾਬਦਿਕ ਵਿਗਾੜ ਹੱਦ ਤੋਂ ਜ਼ਿਆਦਾ ਹੋ ਰਿਹਾ ਹੈ। ਇਹ ਮੰਦਭਾਗਾ ਰੁਝਾਨ ਜਵਾਨੀ ਨੂੰ ਕੁਰਾਹੇ ਪਾਉਣ 'ਚ ਬਰਾਬਰ ਦਾ ਜ਼ਿੰਮੇਵਾਰ ਹੈ। ਇਸ ਤਰ੍ਹਾਂ ਅਜੋਕਾ ਪੰਜਾਬੀ ਗੀਤ ਸੰਗੀਤ ਸਿਹਤਮੰਦ ਮਨੋਰੰਜਨ ਦੇਣ ਅਤੇ ਸੇਧਗਾਰ ਬਣਨ ਦੀ ਬਜਾਇ ਵਪਾਰੀਕਰਨ ਦੀ ਹਨੇਰੀ 'ਚ ਰੁਲ ਗਿਆ ਹੈ। ਇਸ ਨਿਘਾਰ ਨੂੰ ਰੋਕਣ ਲਈ ਸੈਂਸਰਸ਼ਿਪ ਹੋਣੀ ਜ਼ਰੂਰੀ ਹੈ। ਇਸ ਲਈ ਇਹ ਲਾਜ਼ਮੀ ਹੈ ਗਾਇਕੀ ਮਨੋਰੰਜਨ ਦੇ ਨਾਲ ਸੇਧਗਾਰ ਵੀ ਹੋਵੇ ਤਾਂ ਹੀ ਸਮਾਜ ਅਤੇ ਜਵਾਨੀ ਦਾ ਭਲਾ ਸੰਭਵ ਹੈ।


-ਡਾ. ਗੁਰਤੇਜ ਸਿੰਘ
ਪਿੰਡ ਤੇ ਡਾਕ. ਚੱਕ ਬਖਤੂ (ਬਠਿੰਡਾ)


ਅਸਲ ਮੁੱਦੇ ਹੋਏ ਗ਼ਾਇਬ
ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਪਿੜ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪੂਰੇ ਦੇਸ਼ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਪ੍ਰਚਾਰ ਜ਼ੋਰਾਂ 'ਤੇ ਹੈ। ਹਰੇਕ ਉਮੀਦਵਾਰ ਆਪਣੀ ਪਾਰਟੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣ 'ਤੇ ਲੱਗਿਆ ਹੋਇਆ ਹੈ ਅਤੇ ਵਿਰੋਧੀ ਧਿਰ ਨੂੰ ਝੂਠਾ ਸਾਬਤ ਕਰਨ 'ਤੇ ਤੁਲਿਆ ਹੋਇਆ ਹੈ। ਹਲਕੀ ਰਾਜਨੀਤੀ ਕੀਤੀ ਜਾ ਰਹੀ ਹੈ ਤਾਂ ਕਿ ਵੋਟਰਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਆਪਣੇ ਨਾਲ ਜੋੜਿਆ ਜਾ ਸਕੇ। ਜੋ ਅਸਲ ਮੁੱਦੇ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੀ, ਨਸ਼ਿਆਂ ਨੂੰ ਖ਼ਤਮ ਕਰਨ ਦੀ, ਨਿੱਤ ਬੇਖੌਫ਼ ਹੋ ਰਹੀ ਹਿੰਸਾ ਦੀ, ਬੇਲਗਾਮ ਹੋਈ ਮਹਿੰਗਾਈ ਦੀ, ਪਲੀਤ ਹੋ ਰਹੇ ਵਾਤਾਵਰਨ ਦੀ, ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਦੀ, ਕਿਸਾਨੀ ਨਾਲ ਜੁੜੇ ਮਸਲਿਆਂ ਆਦਿ ਦੀ ਕਿਤੇ ਵੀ ਕੋਈ ਗੱਲ ਹੀ ਨਹੀਂ ਕੀਤੀ ਜਾ ਰਹੀ, ਸਿਰਫ਼ ਕੁਰਸੀ ਕਿਵੇਂ ਹਾਸਲ ਕਰਨੀ ਹੈ ਬਸ ਇਹ ਹੀ ਇਕੋ ਇਕ ਨਿਸ਼ਾਨਾ ਬਣਾਇਆ ਹੋਇਆ ਹੈ। ਹੌਲੀ-ਹੌਲੀ ਹੁਣ ਲੋਕ ਵੀ ਜਾਗਰੂਕ ਹੋ ਰਹੇ ਹਨ। ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਮੁਤਾਬਕ ਪ੍ਰਚਾਰ ਲਈ ਆ ਰਹੇ ਉਮੀਦਵਾਰਾਂ ਤੋਂ ਉਨ੍ਹਾਂ ਦੀ ਪਾਰਟੀ ਵਲੋਂ, ਉਨ੍ਹਾਂ ਦੇ ਹਲਕੇ 'ਚ ਕੀਤੇ ਕੰਮਾਂ ਬਾਰੇ ਸਵਾਲ ਕਰਨ ਦੀਆਂ ਖ਼ਬਰਾਂ ਇਸ ਵਾਰ ਚਰਚਾ ਵਿਚ ਹਨ। ਇਹ ਹੋਣਾ ਵੀ ਚਾਹੀਦਾ ਹੈ ਜੇ ਕਿਸੇ ਰਾਜਨੀਤਕ ਪਾਰਟੀ ਨੇ ਉਸ ਹਲਕੇ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੇ ਮਸਲਿਆਂ ਦਾ ਹੱਲ ਕੀਤਾ ਹੀ ਨਹੀਂ ਤਾਂ ਉਨ੍ਹਾਂ ਨੂੰ ਵੋਟਾਂ ਮੰਗਣ ਦਾ ਕੀ ਅਧਿਕਾਰ ਹੈ। ਸਾਰੇ ਵੋਟਰਾਂ ਨੂੰ ਹੁਣ ਜਾਗਰੂਕ ਹੋਣਾ ਹੀ ਪਵੇਗਾ ਤਾਂ ਕਿ ਦਰਪੇਸ਼ ਅਸਲ ਮੁੱਦਿਆਂ ਦਾ ਪੱਕਾ ਹੱਲ ਕੱਢਿਆ ਜਾ ਸਕੇ।


-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।


ਸਬਰ ਅਤੇ ਸੰਤੋਖ
ਸਬਰ ਅਤੇ ਸੰਤੋਖ ਦੀ ਜ਼ਿੰਦਗੀ ਵਿਚ ਬੇਅੰਤ ਮਹੱਤਤਾ ਹੈ। ਇਹ ਗੁਣ ਇਨਸਾਨ ਨੂੰ ਸਮਰਪਿਤ, ਸ਼ਾਂਤ ਅਤੇ ਸ੍ਰੇਸ਼ਟ ਬਣਾਉਂਦੇ ਹਨ। ਸਬਰ ਨਾਲ, ਇਨਸਾਨ ਸਖ਼ਤੀ ਅਤੇ ਧੀਰਜ ਨਾਲ ਮੁਕਾਬਲਾ ਕਰਦਾ ਹੈ, ਜਿਸ ਨਾਲ ਉਸਨੂੰ ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਨੂੰ ਸਹਿਣ ਦੀ ਸ਼ਕਤੀ ਮਿਲਦੀ ਹੈ।
ਇਨਸਾਨ ਆਪਣੀ ਹਾਲਤ ਨਾਲ ਸੰਤੋਖ ਨੂੰ ਕਬੂਲ ਕਰਦਾ ਹੈ ਅਤੇ ਮੰਨਿਆਂ ਦੀ ਬਦੋਲਤ ਸੁਖ ਅਤੇ ਖੁਸ਼ੀ ਦੀ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ। ਇਹ ਗੁਣ ਇਨਸਾਨੀ ਜੀਵਨ ਨੂੰ ਸਮਰਪਿਤ ਅਤੇ ਸੰਤੋਖਪੂਰਵਕ ਜੀਣ ਦੀ ਕਲਾ ਸਿਖਾਉਂਦੇ ਹਨ। ਸਬਰ ਅਤੇ ਸੰਤੋਖ ਦੀ ਮਿਹਨਤ ਨਾਲ, ਇਨਸਾਨ ਆਪਣੀ ਜ਼ਿੰੰਦਗੀ ਨੂੰ ਖੁਸ਼ਹਾਲੀ ਅਤੇ ਸ਼ਾਂਤੀ ਨਾਲ ਭਰ ਦੇਵੇਗਾ।


ਅਰਸ਼ਦੀਪ ਕੌਰ
ਬੀ. ਵਾਕ. (ਜੇ. ਐਮ. ਟੀ.)