30-05-2024
ਜੀਵ-ਜੰਤੂਆਂ ਨੂੰ ਨਾ ਸਾੜੋ
ਪੰਜਾਬ ਵਿਚ ਅਸੀਂ ਬਹੁਤ ਥਾਵਾਂ 'ਤੇ ਦੇਖਦੇ ਹਾਂ ਕਿ ਕੁਝ ਲੋਕ ਆਪਣੇ ਕਣਕ ਦੀ ਵਾਢੀ ਵਾਲੇ ਖੇਤਾਂ ਵਿਚ ਜਗ੍ਹਾ-ਜਗ੍ਹਾ 'ਤੇ ਅੱਗ ਲਗਾ ਰਹੇ ਹਨ। ਅੱਗ ਲੱਗਣ ਕਰਕੇ ਖੇਤਾਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਲੱਗੇ ਹੋਏ ਬਹੁਤ ਸਾਰੇ ਪੌਦਿਆਂ, ਦਰੱਖ਼ਤਾਂ ਦਾ ਨੁਕਸਾਨ ਹੋ ਰਿਹਾ ਹੈ। ਇਹ ਪੌਦੇ ਦਰੱਖ਼ਤ ਕੁਝ ਚੰਗੇ ਇਨਸਾਨਾਂ ਵਲੋਂ ਸੜਕਾਂ ਦੇ ਕਿਨਾਰਿਆਂ 'ਤੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣ ਲਈ ਲਗਾਏ ਗਏ ਸਨ। ਪਰ ਕੁਝ ਘਟੀਆ ਸੋਚ ਵਾਲੇ ਲੋਕ ਇਨ੍ਹਾਂ ਦਰੱਖ਼ਤਾਂ ਨੂੰ ਵੀ ਅੱਗ ਨਾਲ ਸਾੜ ਰਹੇ ਹਨ।
ਜਿਨ੍ਹਾਂ ਨੂੰ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ। ਇਸ ਅੱਗ ਦੀ ਲਪੇਟ ਵਿਚ ਬਹੁਤ ਸਾਰੇ ਜੀਵ-ਜੰਤੂ, ਪੰਛੀ ਵੀ ਸੜ ਰਹੇ ਹਨ। ਇਹ ਬਹੁਤ ਵੱਡਾ ਪਾਪ ਤੇ ਕਾਨੂੰਨੀ ਜੁਰਮ ਵੀ ਹੈ। ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਅੱਗ ਲਾਉਣ ਦੀਆਂ ਘਟਨਾਵਾਂ ਵਿਚ ਕਈ ਥਾਵਾਂ 'ਤੇ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ।
ਕਈ ਪਰਿਵਾਰਾਂ ਦੇ ਮੈਂਬਰ ਇਨ੍ਹਾਂ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਆਪਣੀ ਜਾਨਾਂ ਗਵਾ ਚੁੱਕੇ ਹਨ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਜਿੰਨਾ ਲੋਕਾਂ ਦੇ ਖੇਤ ਵਿਚ ਅੱਗ ਲੱਗਣ ਕਰਕੇ ਜੋ ਵੀ ਦਰੱਖ਼ਤਾਂ, ਪੌਦਿਆਂ ਅਤੇ ਲੋਕਾਂ ਦਾ ਜਾਨੀ-ਮਾਲੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਇਆ ਹੈ, ਉਹ ਜਿਨ੍ਹਾਂ ਲੋਕਾਂ ਨੇ ਆਪਣੇ ਖੇਤਾਂ ਵਿਚ ਅੱਗ ਲਗਾਈ, ਉਨ੍ਹਾਂ ਲੋਕਾਂ ਤੋਂ ਭਰਵਾਈ ਕਰਵਾਈ ਜਾਵੇ। ਅਜਿਹੇ ਲੋਕਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।