26-05-2024
ਖੋਜ ਨਿਧਾਨ
ਸਿੱਖ ਅਧਿਐਨ ਅਤੇ ਚਿੰਤਕ
(ਵਿਸ਼ੇਸ਼ ਅੰਕ ਜਨਵਰੀ ਤੋਂ ਜੂਨ 2024)
ਮੁੱਖ ਸੰਪਾਦਕ :
ਡਾ. ਗੁਰਮੀਤ ਸਿੰਘ ਸਿੱਧੂ
ਪ੍ਰਕਾਸ਼ਕ : ਗੁਰਗਿਆਨ ਇੰਸਟੀਚਿਊਟ ਫਾਰ ਹਿਊਮਨ ਕੰਸਰਲਜ਼, ਪਟਿਆਲਾ
ਮੁੱਲ : 100 ਰੁਪਏ ਸਫ਼ੇ : 94
ਸੰਪਰਕ : 98145-90699
ਸਾਲ ਵਿਚ ਦੋ ਵਾਰ ਛਪਣ ਵਾਲਾ ਖੋਜ ਨਿਧਾਨ ਅੰਕ ਸਿੱਖ ਅਧਿਐਨ ਚਿੰਤਕ ਵਿਸ਼ੇਸ਼ ਅੰਕ ਵਜੋਂ ਪਾਠਕਾਂ ਦੇ ਰੂ-ਬਰੂ ਕੀਤਾ ਗਿਆ ਹੈ। ਮੁੱਖ ਸੰਪਾਦਕ ਵਲੋਂ ਇਸ ਅੰਕ ਵਿਚ ਉੱਘੇ ਸਿੱਖ ਚਿੰਤਕਾਂ ਤੇ ਵਿਦਵਾਨਾਂ ਵਲੋਂ ਵੱਖ-ਵੱਖ ਵਿਸ਼ਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ ਹੈ। ਅਸੀਂ ਰੋਜ਼ਾਨਾ ਦੇ ਜੀਵਨ ਵਿਚ ਵੇਖ ਰਹੇ ਹਾਂ, ਗੁਰਬਾਣੀ ਦੀ ਸਮਝ ਲਈ ਗੁਰਮਤਿ ਵਿਚਾਰ ਗੁਰੂ ਕਾਲ ਤੋਂ ਨਿਰੰਤਰ ਹੋ ਰਹੀ ਹੈ। ਇਸ ਲਗਾਤਾਰਤਾ ਵਿਚ ਯੋਗਦਾਨ ਪਾਉਣ ਵਾਲੇ ਸਿੱਖ ਚਿੰਤਕਾਂ ਤੇ ਵਿਚਾਰਵਾਨਾਂ ਤੋਂ ਸੇਧ ਲੈਣ ਲਈ ਇਨ੍ਹਾਂ ਦੇ ਕਾਰਜਾਂ ਦਾ ਸਿਲਸਿਲੇਵਾਰ ਅਧਿਐਨ ਕਰਨ ਦੀ ਲੋੜ ਹੈ। ਭਾਵੇਂ ਸਿੱਖ ਚਿੰਤਨ ਦਾ ਮੂਲ ਆਧਾਰ ਗੁਰਬਾਣੀ ਹੈ, ਪ੍ਰੰਤੂ ਆਧੁਨਿਕ ਚਿੰਤਨ ਦੇ ਪ੍ਰਭਾਵ ਅਧੀਨ ਗੁਰਬਾਣੀ ਵਿਆਖਿਆ ਉੱਪਰ ਇਤਿਹਾਸ ਤੇ ਰਾਜਨੀਤੀ ਦੀ ਝਲਕ ਸਾਫ਼ ਵਿਖਾਈ ਦਿੰਦੀ ਹੈ। ਸੰਪਾਦਕ ਮੁਤਾਬਿਕ ਅਜੋਕੇ ਸਿੱਖ ਚਿੰਤਕ ਦੇ ਰੁਝਾਨ ਨੂੰ ਸਮਝਣ ਲਈ ਸਿੱਖ ਚਿੰਤਨ ਦੀ ਮੌਲਿਕਤਾ ਨੂੰ ਸਮਝਣਾ ਜ਼ਰੂਰੀ ਹੈ। ਸਿੱਖ ਅਧਿਐਨ ਦੇ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਬਹੁਤੇ ਵਿਦਵਾਨਾਂ ਨੇ ਸਿੱਖ ਪਛਾਣ ਦੀ ਵਿਲੱਖਣਤਾ ਦੇ ਸਿਧਾਂਤਕ ਆਧਾਰਾਂ ਨੂੰ ਸਮਝਣ ਦੀ ਬਜਾਏ ਸਿੱਖੀ ਨੂੰ ਇਤਿਹਾਸਕ ਪਰਕਿਰਿਆ ਜਾਂ ਪ੍ਰਚੱਲਿਤ ਪਰੰਪਰਾਵਾਂ ਦੀ ਲਗਾਤਾਰਤਾ ਵਿਚ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸੰਪਾਦਕ ਵਲੋਂ ਇਸ ਅੰਕ ਨੂੰ ਪਾਠਕਾਂ ਦੇ ਸਨਮੁੱਖ ਕਰਨ ਦਾ ਮੁੱਖ ਉਦੇਸ਼ ਗੁਰਬਾਣੀ ਦੇ ਸਿਧਾਂਤ ਸਮਝਣਾ ਹੈ। ਸਮੇਂ-ਸਮੇਂ ਭਾਵੇਂ ਗੁਰਬਾਣੀ ਵਿਆਖਿਆ ਦੇ ਤੌਰ-ਤਰੀਕੇ ਬਦਲਦੇ ਰਹੇ ਹਨ ਪਰ ਗੁਰਬਾਣੀ ਦੀ ਸਮਝ ਲਈ ਅਤੇ ਧਰਮ ਗ੍ਰੰਥਾਂ ਦੇ ਅਧਿਐਨ ਲਈ ਨਵੀਆਂ ਦ੍ਰਿਸ਼ਟੀਆਂ ਅਤੇ ਧਾਰਮਿਕ ਵਿਆਖਿਆ ਸ਼ਾਸਤਰ ਦੀਆਂ ਵਿਧੀਆਂ ਨੂੰ ਦ੍ਰਿਸ਼ਟੀਗੋਚਰ ਕਰਨਾ ਪਵੇਗਾ। ਇਸ ਖੋਜ ਪੱਤਰ ਵਿਚ ਛੇ ਖੋਜ ਪੱਤਰ ਸ਼ਾਮਿਲ ਕੀਤੇ ਗਏ ਹਨ।
ਇਨ੍ਹਾਂ ਖੋਜ ਪੱਤਰਾਂ ਵਿਚ ਮੁੱਖ ਸੰਪਾਦਕ ਡਾ. ਗੁਰਮੀਤ ਸਿੰਘ ਸਿੱਧੂ ਵਲੋਂ ਪੇਸ਼ ਕੀਤਾ ਖੋਜ-ਪੱਤਰ 'ਸਿੱਖ ਅਧਿਐਨ : ਰਹੱਸਮਈ ਚਿੰਤਨ ਜਾਂ ਸਿੱਖ ਇਤਿਹਾਸ' ਜਿਸ ਵਿਚ 'ਸਿੱਖ ਅਧਿਐਨ ਦੀ ਸਥਿਤੀ', 'ਸਿੱਖ ਅਧਿਐਨ ਦੀ ਉਤਪਤੀ', 'ਸਿੱਖ ਅਧਿਐਨ ਦਾ ਉਦੇਸ਼' ਉੱਪਰ ਵਿਚਾਰ ਪੇਸ਼ ਕੀਤੇ ਗਏ ਹਨ। ਦੂਜਾ ਖੋਜ ਪੱਤਰ ਵਿਦਵਾਨ ਰੇਸ਼ਮ ਸਿੰਘ ਵਲੋਂ 'ਭਾਈ ਨੰਦ ਲਾਲ ਗੋਇਆ ਦੀਆਂ ਰਚਨਾਵਾਂ', 'ਪੁਨਰ ਸਮੀਖਿਆ ਅਧੀਨ ਸੰਖੇਪ ਜੀਵਨ' ਅਤੇ 'ਰਚਨਾਵਾਂ' ਨੂੰ ਵਿਚਾਰ ਗੋਚਰੇ ਰੱਖਿਆ ਗਿਆ ਹੈ। ਤੀਜਾ ਖੋਜ ਉੱਘੇ ਵਿਦਵਾਨ ਡਾ. ਤੇਜਿੰਦਰ ਕੌਰ ਧਾਲੀਵਾਲ ਵਲੋਂ 'ਗਿਆਨੀ ਗਿਆਨ ਸਿੰਘ', 'ਜੀਵਨ' ਅਤੇ 'ਰਚਨਾ ਸੰਸਾਰ' ਵਿਸ਼ੇ ਅਧੀਨ 'ਪਰਿਵਾਰਕ ਪਿਛੋਕੜ', 'ਮੁੱਢਲਾ ਜੀਵਨ', 'ਗਿਆਨੀ ਗਿਆਨ ਸਿੰਘ ਦੀ ਸ਼ਖ਼ਸੀਅਤ' ਅਤੇ 'ਰਚਨਾ ਸੰਸਾਰ', ਚੌਥਾ ਖੋਜ ਪੱਤਰ 'ਪ੍ਰਿੰਸੀਪਲ ਤੇਜਾ ਸਿੰਘ' ਦੇ 'ਜੀਵਨ ਤੇ ਸ਼ਖ਼ਸੀਅਤ' : 'ਅਧਿਆਪਨ ਕਾਰਜ', 'ਪ੍ਰਬੰਧਕੀ ਕਾਰਜ', 'ਘਰੇਲੂ ਜੀਵਨ' ਉੱਪਰ ਵਿਦਵਤਾ ਭਰਪੂਰ ਵਿਚਾਰ ਡਾ. ਤੇਜਿੰਦਰਪਾਲ ਸਿੰਘ ਵਲੋਂ ਪੇਸ਼ ਕੀਤੇ ਗਏ ਹਨ। ਪੰਜਵਾਂ ਖੋਜ ਪੱਤਰ ਡਾ. ਗੁਰਮੇਲ ਸਿੰਘ ਵਲੋਂ 'ਡਾ. ਤਾਰਨ ਸਿੰਘ ਦੀ ਗੁਰਬਾਣੀ ਵਿਆਖਿਆਕਾਰੀ' ਅਧੀਨ 'ਵਿਸ਼ੇਸ਼ਤਾਵਾਂ/ਲੱਛਣ', 'ਪ੍ਰਸੰਗਿਕ ਇਕਾਈ ਅਰਥ ਪੱਧਤੀ', 'ਸਿਧਾਂਤਿਕ ਵਿਆਖਿਆ ਅਤੇ ਅੰਤਿਮ ਖੋਜ ਪੱਤਰ', 'ਡਾ. ਵਿਕਰਮ ਸਿੰਘ' : 'ਜੀਵਨ, ਕਾਰਜ' ਅਤੇ 'ਚਿੰਤਨ' ਅਧੀਨ 'ਡਾ. ਸਾਹਿਬ ਦੇ ਕਾਰਜ', 'ਰਚਨਾ ਕਾਰਜ', 'ਗੁਰਮਤਿ ਦਰਸ਼ਨ ਅਧਿਐਨ' ਵਿਚ 'ਡਾ. ਵਿਕਰਮ ਸਿੰਘ ਦਾ ਸਥਾਨ' ਤੇ ਉੱਘੇ ਵਿਦਵਾਨ ਵਿਕਰਮਜੀਤ ਸਿੰਘ ਦੇ ਵਿਚਾਰਾਂ ਦੀ ਲੜੀ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਪੁਸਤਕ ਦੇ ਆਰੰਭ ਵਿਚ ਸੰਪਾਦਕੀ ਅਧੀਨ ਮੁੱਖ ਸੰਪਾਦਕ ਵਲੋਂ 'ਸਿੱਖ ਚਿੰਤਨ ਅਤੇ ਸਿੱਖ ਅਧਿਐਨ' ਅੰਕ ਨਾਲ ਸਾਂਝ ਪਵਾਉਣ ਦਾ ਸਫਲ ਉਪਰਾਲਾ ਕੀਤਾ ਹੈ। ਖੋਜ ਨਿਧਾਨ ਅੰਕ ਦੇ ਅੰਤ ਵਿਚ ਇਕ ਪੁਸਤਕ ਦਾ ਰੀਵਿਊ ਵੀ ਪੇਸ਼ ਕੀਤਾ ਹੈ।
ਸਮੁੱਚਾ ਖੋਜ ਨਿਧਾਨ ਅੰਕ ਦੀ ਸਫਲ ਸੰਪਾਦਨਾ ਲਈ ਮੁੱਖ ਸੰਪਾਦਕ ਆਪਣੇ ਮਿੱਥੇ ਟੀਚੇ ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕਰਨ ਲਈ ਵਧਾਈ ਦਾ ਪਾਤਰ ਹੈ। ਨਿਕਟ ਭਵਿੱਖ ਵਿਚ ਖੋਜੀ ਵਿਦਵਾਨਾਂ ਨੂੰ ਨਿੱਗਰ ਸਮੱਗਰੀ ਦੇਣ ਲਈ ਖੋਜ-ਨਿਧਾਨ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦਾ ਰਹੇਗਾ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਮਾਵਾਂ
ਲੇਖਕ : ਡਾ. ਅਮਰਜੀਤ ਸਿੰਘ 'ਉਮਰ'
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼ ਨਵੀਂ ਦਿੱਲੀ
ਮੁੱਲ : 275 ਰੁਪਏ ਸਫ਼ੇ : 108
ਸੰਪਰਕ : 098111-65455
ਡਾ. ਅਮਰਜੀਤ ਸਿੰਘ 'ਉਮਰ' ਗਲਪਕਾਰ ਅਤੇ ਕਵੀ ਹੈ। ਉਹਦੇ ਦੋ ਕਾਵਿ-ਸੰਗ੍ਰਹਿ (ਰਿਸਦੇ ਜ਼ਖ਼ਮ, ਜੁਗਨੂੰ), ਇਕ ਕਹਾਣੀ ਸੰਗ੍ਰਹਿ (ਠੱਕ-ਠੱਕ-ਠੱਕ) ਅਤੇ 'ਮਾਵਾਂ' ਤੋਂ ਬਿਨਾਂ ਦੋ ਨਾਵਲ (ਹੋਰ ਨਹੀਂ, ਅੰਨ੍ਹੀਆਂ) ਛਪ ਚੁੱਕੇ ਹਨ। ਰੀਵਿਊ ਅਧੀਨ ਨਾਵਲ 'ਮਾਵਾਂ' ਦੇ 32 ਛੋਟੇ-ਛੋਟੇ ਕਾਂਡ ਹਨ, ਜਿਸ ਵਿਚ ਆਦਰਸ਼ਕ, ਸਮਾਜਿਕ ਤੇ ਰੁਮਾਂਟਿਕ ਕਹਾਣੀ ਹੈ। ਮੁੱਖ ਤੌਰ 'ਤੇ ਇਸ ਵਿਚ ਦੋ ਕਹਾਣੀਆਂ ਹਨ - ਮਾਂ-ਮਹਿੱਟਰ ਬੱਚੇ (ਭੈੜਾ) ਦੇ ਪਰਵਰਿਸ਼ ਦੀ ਗਾਥਾ ਅਤੇ ਸਨੇਹ ਨਾਂਅ ਦੀ ਵਿਆਹੁਤਾ, ਪਰ ਨਿਰਸੰਤਾਨ ਔਰਤ ਦੀ ਆਪਣੇ ਗੁਆਂਢੀ ਸੇਵਾ ਸਿੰਘ ਪ੍ਰਤੀ ਕਾਮ-ਖਿੱਚ। ਹਰਨਾਮ ਕੌਰ (ਨਾਮੋ) ਦੀ ਬੱਚੇ (ਭੈੜਾ) ਦੇ ਜਨਮ ਤੋਂ ਤੁਰੰਤ ਬਾਅਦ ਮੌਤ ਹੋ ਜਾਂਦੀ ਹੈ, ਜਿਸ ਦੇ ਪਹਿਲਾਂ ਦੋ ਬੱਚੇ (ਇਕ ਹੋਰ ਧੀ ਤੇ ਪੁੱਤ) ਹਨ। ਨਵਜੰਮਿਆ ਬਾਲ (ਭੈੜਾ) ਗੁਆਂਢਣ ਸਰਦਾਰਨੀ ਭਾਬੀ, ਭਾਬੀ ਦੀ ਨੂੰਹ, ਨਾਨੀ, ਮਾਸੀ, ਮਾਸੀ ਦੀ ਦਰਾਣੀ, ਨਾਨੀ ਦੀ ਵੱਡੀ ਭੈਣ, ਨਾਨੀ ਦੀ ਨੂੰਹ ਤੋਂ ਮਾਂ ਦਾ ਪਿਆਰ ਲੈਂਦਾ ਹੈ। ਪਤਨੀ ਦੀ ਮੌਤ ਪਿੱਛੋਂ ਪਤੀ ਸੇਵਾ ਸਿੰਘ (46 ਸਾਲ) ਦਾ ਰੁਟੀਨ ਬਦਲ ਜਾਂਦਾ ਹੈ।
ਉਹਦਾ ਚੰਗਾ ਕੰਮ-ਕਾਰ ਹੈ, ਪੈਸੇ ਵਾਲਾ ਹੈ, ਪਰ ਹੁਣ ਰੋਜ਼ ਸ਼ਾਮ ਨੂੰ ਦਾਰੂ ਪੀ ਕੇ ਘਰ ਆਉਂਦਾ ਹੈ। ਘਰ 'ਚ ਵੱਡੀ ਧੀ ਦੀ ਪੜ੍ਹਾਈ ਛੁੱਟ ਜਾਂਦੀ ਹੈ, ਉਹ ਘਰ ਦਾ ਸਾਰਾ ਕੰਮ ਧੰਦਾ ਕਰਦੀ ਹੈ, ਭਰਾ ਨੂੰ ਤਿਆਰ ਕਰਕੇ ਸਕੂਲ ਭੇਜਦੀ ਹੈ, ਉਹਨੂੰ ਮਾਂ ਤੇ ਭੈਣ ਦਾ ਪਿਆਰ ਦਿੰਦੀ ਹੈ। ਨਵਜੰਮਿਆ ਬਾਲ ਨਾਨੀ ਲੈ ਜਾਂਦੀ ਹੈ । ਸੇਵਾ ਸਿੰਘ ਉਮਰ ਤੋਂ ਬਹੁਤਾ ਵੱਡਾ ਨਹੀਂ ਲੱਗਦਾ।
ਨੇੜੇ ਰਹਿੰਦੀ ਗੁਆਂਢਣ ਸਨੇਹ, ਜੋ ਸ਼ੇਰੂ ਨਾਲ ਵਿਆਹੀ ਹੈ, ਨਾਮੋ ਦੀ ਪੱਕੀ ਸਹੇਲੀ ਹੈ, ਹੁਣ ਸੇਵਾ ਸਿੰਘ ਨਾਲ ਕਾਮ-ਸੰਬੰਧ ਬਣਾ ਕੇ ਮਾਂ ਬਣਨ ਦੇ ਸੁਪਨੇ ਵੇਖਦੀ ਹੈ। ਨਾਮੋ ਦੀ ਮੌਤ ਪਿੱਛੋਂ ਉਹ ਸੇਵਾ ਸਿੰਘ ਦੇ ਬੱਚਿਆਂ ਦੀ ਦੇਖਭਾਲ ਦੇ ਬਹਾਨੇ ਅਕਸਰ ਸੇਵਾ ਸਿੰਘ ਦੇ ਘਰ ਆਉਂਦੀ- ਜਾਂਦੀ ਹੈ। ਉਹਨੂੰ ਸੇਵਾ ਸਿੰਘ ਨਾਲ ਇਕੱਲਿਆਂ ਮਿਲਣ ਦੇ ਬਹੁਤ ਮੌਕੇ ਮਿਲਦੇ ਹਨ, ਜਿਸ ਨਾਲ ਉਹ ਆਪਣੀ ਕਾਮ-ਇੱਛਾ ਪੂਰੀ ਕਰ ਸਕੇ, ਪਰ ਹਰ ਵਾਰ ਕੋਈ ਨਾ ਕੋਈ ਵਿਘਨ ਪੈ ਜਾਂਦਾ ਹੈ। ਸੇਵਾ ਸਿੰਘ ਆਪਣੀ ਧੀ ਦਾ ਵਿਆਹ ਕਰਕੇ ਪਿੱਛੋਂ ਆਪ ਵੀ ਵਿਆਹ ਕਰ ਲੈਂਦਾ ਹੈ। ਵਿਚਾਰੀ ਸਨੇਹ ਦੀਆਂ ਮਨ ਦੀਆਂ ਮਨ ਵਿਚ ਹੀ ਰਹਿ ਜਾਂਦੀਆਂ ਹਨ। ਡਾ. ਉਮਰ ਨੇ ਕੁਝ ਥਾਵਾਂ 'ਤੇ ਉਲਟ ਬਿਆਨੀ ਵੀ ਕੀਤੀ ਹੈ - 28ਵੇਂ ਕਾਂਡ ਵਿਚ ਗੁੱਡੀ (ਸੇਵਾ ਸਿੰਘ ਦੀ ਧੀ) ਦੇ ਵਿਆਹ ਲਈ ਬਰਾਤ ਰਾਤੀਂ ਨੌਂ ਵਜੇ ਆਉਂਦੀ ਹੈ ਤੇ ਅਗਲੇ ਦਿਨ ਸਵੇਰੇ ਅਨੰਦ ਕਾਰਜ ਹੁੰਦੇ ਹਨ; 29ਵੇਂ ਕਾਂਡ ਵਿਚ ਚਾਰ ਫੇਰਿਆਂ ਦਾ ਜ਼ਿਕਰ ਕੀਤਾ ਹੈ। ਕਈ ਥਾਈਂ ਗੁਰਬਾਣੀ ਅਤੇ ਆਪਣੀਆਂ ਕਵਿਤਾਵਾਂ ਕਿਤੇ-ਕਿਤੇ ਕਿਸੇ ਕਥਨ ਦੀ ਪ੍ਰੋੜ੍ਹਤਾ ਲਈ ਵਰਤੀਆਂ ਹਨ। ਸਿੱਧ-ਪੱਧਰੀ ਕਹਾਣੀ ਅਤੇ ਸਧਾਰਨ ਕਥਾਨਕ ਵਾਲੇ ਇਸ ਸੰਖਿਪਤ ਨਾਵਲ ਨੂੰ ਪਾਠਕ ਮਹਿਜ਼ ਦੋ ਕੁ ਘੰਟੇ ਵਿਚ ਪੜ੍ਹ ਸਕਦਾ ਹੈ। ਲੇਖਕ ਨੇ ਇਸ ਨੂੰ ਸੱਚੀ ਕਹਾਣੀ 'ਤੇ ਆਧਾਰਿਤ ਦੱਸਿਆ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਭਾਰਤੀ ਫ਼ੌਜ ਦੀਆਂ ਜੰਗਾਂ
ਲੇਖਕ : ਕਰਨਲ ਬਲਬੀਰ ਸਿੰਘ ਸਰਾਂ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 200 ਰੁਪਏ, ਸਫ਼ੇ : 167
ਸੰਪਰਕ : 92165-50612
ਕਰਨਲ ਬਲਬੀਰ ਸਿੰਘ ਸਾਬਕਾ ਫ਼ੌਜੀ ਹੈ, ਜਿਸ ਦਾ ਬੇਟਾ ਵੀ ਫ਼ੌਜ ਵਿਚ ਰਿਹਾ ਹੈ। ਉਸ ਨੂੰ ਫ਼ੌਜੀ ਜੀਵਨ ਬਾਰੇ ਨਿੱਜੀ ਅਨੁਭਵ ਹੈ, ਜਿਸ ਨੂੰ ਉਸ ਨੇ ਸ਼ਬਦਾਂ ਵਿਚ ਪਰੋ ਕੇ ਪਾਠਕਾਂ ਦੇ ਹਵਾਲੇ ਕੀਤਾ ਹੈ। ਉਸ ਨੇ ਫ਼ੌਜੀ ਜੀਵਨ ਦਾ ਇਤਿਹਾਸ ਵੀ ਗਹੁ ਨਾਲ ਵਾਚਿਆ ਹੋਇਆ ਹੈ। ਉਸ ਨੇ ਨੌਕਰੀ ਕਰਦਿਆਂ ਹੋ ਚੁੱਕੀਆਂ ਲੜਾਈਆਂ ਦੀ ਰਣ-ਭੂਮੀ ਅਤੇ ਰਣ-ਤੱਤੇ ਦੇ ਮੈਦਾਨ ਵੀ ਵੇਖੇ ਹੋਏ ਹਨ। ਇਸ ਪੁਸਤਕ ਵਿਚ ਉਸ ਨੇ ਭਾਰਤੀ ਰੱਖਿਆ ਸੈਨਾਵਾਂ ਵਲੋਂ ਲੜੀਆਂ ਗਈਆਂ ਲੜਾਈਆਂ/ਯੁੱਧਾਂ ਦਾ ਬਾਖੂਬੀ ਵਰਣਨ ਕੀਤਾ ਹੈ। ਹਥਲੀ ਪੁਸਤਕ ਦੇ ਉਸ ਨੇ 14 ਕਾਂਡ ਬਣਾਏ ਹਨ। ਵਿਭਿੰਨ ਕਾਂਡਾਂ ਵਿਚ ਜਨਰਲ ਕਰਿਆਪਾ ਸਮੇਂ ਜ਼ੋਜੀਲਾ ਫ਼ਤਹਿ ਕਾਂਡ, ਆਪ੍ਰੇਸ਼ਨ ਵਿਜੇ ਕਾਂਡ 1961 ਗੋਆ, (ਇਸ ਕਾਂਡ ਦੇ ਅੰਤ 'ਤੇ ਮੇਜਰ ਸ਼ਿਵਦੇਵ ਸੰਧੂ ਦੀ ਸ਼ਹੀਦੀ ਦਾ ਜ਼ਿਕਰ ਹੈ) ਰਣਖੇਤਰ ਛੰਬ (ਕਸ਼ਮੀਰ) ਦੀਆਂ ਤਿੰਨ ਲੜਾਈਆਂ 1947, 1965, 1971 ਦਾ ਬਿਰਤਾਂਤ ਹਾਸਿਲ ਹੈ, ਜਿਸ ਵਿਚ ਭਾਰਤੀ ਫ਼ੌਜ ਦੀ ਹਾਰ ਦਾ ਕਾਰਨ ਇਕਦਮ ਬਦਲੀ ਪਲਾਨ ਬਾਰੇ ਦੱਸਿਆ ਹੈ। ਬੈਟਲ ਆਫ਼ ਤੁਕਤੁਕ 1971 ਵਿਚ ਲੱਦਾਖ ਖੇਤਰ ਵਿਚ ਲੜੀ ਗਈ। ਇਸ ਬਾਰੇ ਰੈਜੀਮੈਂਟ ਦੇ ਇਤਿਹਾਸ 'ਤੇ ਆਧਾਰਿਤ ਵਿਸਥਾਰ ਵਿਚ ਚਾਨਣਾ ਪਾਇਆ ਗਿਆ ਹੈ। ਪੁੰਛ ਦੀਆਂ ਤਿੰਨ ਲੜਾਈਆਂ (1947, 1965, 1971) ਦਾ ਬਿਰਤਾਂਤ ਸਿਰਜਿਆ ਗਿਆ ਹੈ। ਕਮੋਡੋਰ ਗੁਰਨਾਮ ਸਿੰਘ ਅਤੇ ਮੇਜਰ ਜਨਰਲ ਕਸ਼ਮੀਰੀ ਲਾਲ ਰਤਨ ਵਿਚਕਾਰ 2016 ਵਿਚ ਹੋਈ ਇੰਟਰਵਿਊ ਨੂੰ ਆਧਾਰ ਬਣਾਇਆ ਗਿਆ ਹੈ। 8 ਸਿੱਖ ਐਲ. ਆਈ. ਦੁਆਰਾ ਫ਼ਤਹਿਪੁਰ 'ਤੇ ਜਿੱਤ ਬਾਰੇ ਗੱਲ ਕਰਦਿਆਂ ਭਾਰਤੀ ਅਤੇ ਪਾਕਿਸਤਾਨੀ ਫ਼ੌਜ ਦੇ ਹੋਏ ਨੁਕਸਾਨ ਬਾਰੇ ਦੱਸਿਆ ਹੈ। ਇਵੇਂ ਹੀ ਬੈਟਲ ਆਫ਼ ਫ਼ਾਜ਼ਿਲਕਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਰਬਤੀ ਅਲੀ (ਰਾਜਿਸਥਾਨ) 1971 ਵਿਚ ਕਬਜ਼ਾ ਕਰਨ ਦੀ ਕਥਾ ਪ੍ਰਸਤੁਤ ਹੈ। 1999 ਵਿਚ ਕਾਰਗਿਲ ਦੀਆਂ ਚੋਟੀਆਂ ਬਾਰੇ 8 ਸਿੱਖ ਬਟਾਲੀਅਨ ਦਾ ਚਿੱਤਰਨ ਹੈ। ਸੰਘਰਸ਼ ਕਰਦੇ ਫ਼ੌਜੀਆਂ ਨੂੰ ਭੁੱਖ ਲਗਦੀ ਹੈ। ਸਵਾਦੀ ਖਾਣਾ ਮੰਗਦੇ ਹਨ। ਬੰਗਲਾਦੇਸ਼ ਦੀ ਲੜਾਈ ਦੀ ਜਿੱਤ ਸਮੇਂ ਦੋ ਪੀਪੇ ਅੰਬ ਦੇ ਆਚਾਰ ਦੇ ਆਏ, ਜਿਸ ਦਾ ਫ਼ੌਜੀਆਂ ਨੇ ਸਵਾਦ ਮਾਣਿਆ। ਸ੍ਰੀਨਗਰ ਫੀਲਡ ਅਫ਼ਸਰ ਅਤੇ ਫਲਾਇੰਗ ਅਫ਼ਸਰ (1971) ਨਿਰਮਲ ਜੀਤ ਸਿੰਘ ਸੇਖੋਂ 'ਪਰਮ ਵੀਰ ਚੱਕਰ (ਮਰਨ ਉਪਰੰਤ), ਮੇਜਰ ਸ਼ਸ਼ੀਧਰਨ ਅਤੇ ਉਸ ਦੀ ਅਪਾਹਜ ਪਤਨੀ ਦੀ ਹਿਰਦੇਵੇਧਕ ਕਥਾ ਹੈ। 19 ਸਤੰਬਰ, 2023 ਅਤੇ 23/24 ਨਵੰਬਰ 2023 ਨੂੰ ਜਿਹੜੇ ਵੀਰਗਤੀ ਨੂੰ ਪ੍ਰਾਪਤ ਕਰਕੇ ਅਸਮਾਨ ਦੇ ਤਾਰੇ ਬਣ ਗਏ, ਉਨ੍ਹਾਂ ਨੂੰ ਸ਼ਰਧਾ ਨਾਲ ਯਾਦ ਕੀਤਾ ਗਿਆ ਹੈ। ਫ਼ੌਜ ਦੀ ਲੜਾਈ ਬਾਰੇ ਬੜੀ ਮੁੱਲਵਾਨ ਗੱਲ ਕਹੀ ਗਈ ਹੈ :-'ਫ਼ੌਜ ਕੋਈ ਵੀ ਲੜਾਈ ਵਿਉਂਤ ਕਰਨ ਵੇਲੇ, ਜ਼ਮੀਨ ਦੀ ਬਣਤਰ, ਮੌਸਮ, ਪਾਣੀ, ਹੱਥ ਹੇਠ ਸਾਧਨ ਅਤੇ ਦੁਸ਼ਮਨ ਵਲੋਂ ਕਿਆਸ ਕੀਤੀ ਕਾਰਵਾਈ ਨੂੰ ਧਿਆਨ ਵਿਚ ਰੱਖ ਕੇ ਕਰਦੀ ਹੈ। ਸਰਕਾਰ (ਸਿਵਲ) ਵਲੋਂ ਫ਼ੌਜ ਨੂੰ ਦਿੱਤਾ ਮੰਤਵ ਹਮੇਸ਼ਾ ਮੁੱਖ ਉਦੇਸ਼ ਹੁੰਦਾ ਹੈ। ਹਰ ਕਾਰਵਾਈ ਇਸ ਉਦੇਸ਼ ਦੀ ਪੂਰਤੀ ਹਿਤ ਕੀਤੀ ਜਾਂਦੀ ਹੈ।' ਪੰਨਾ 119. ਫ਼ੌਜ ਨੂੰ ਬਹਾਦਰੀ ਬਦਲੇ ਮਿਲੇ ਮਾਨਾਂ-ਸਨਮਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਘਟਨਾਵਾਂ ਨੂੰ ਮਿਤੀਆਂ ਅਤੇ ਸਾਲ ਸਮੇਤ ਪ੍ਰਮਾਣਿਕਤਾ ਪ੍ਰਦਾਨ ਕੀਤੀ ਗਈ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਪੰਜਾਬੀ ਵਿਆਕਰਨ
ਲੇਖਕ : ਪਾਲੀ ਖਾਦਿਮ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 150 ਰੁਪਏ, ਸਫੇ : 52
ਸੰਪਰਕ : 99143-10063
'ਪੰਜਾਬੀ ਵਿਆਕਰਨ' ਪੁਸਤਕ ਪਾਲੀ ਖਾਦਿਮ ਦੀ ਬਹੁਤ ਹੀ ਪਿਆਰੀ ਅਤੇ ਨਿਆਰੀ ਬਾਲ ਪੁਸਤਕ ਹੈ। ਲੇਖਕ ਇਸ ਤੋਂ ਪਹਿਲਾਂ ਪੰਜ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕਾ ਹੈ। ਇਹ ਪੁਸਤਕ ਵਿਆਕਰਨ ਬਾਰੇ ਹੈ ਜੋ ਕਿ ਪੰਜਾਬੀ ਮਾਂ ਬੋਲੀ ਨੂੰ ਸੁੰਦਰ ਅਤੇ ਸਫਲ ਢੰਗ ਨਾਲ ਲਿਖਣ ਦਾ ਗਿਆਨ ਬਾਲਾਂ ਨੂੰ ਬਖ਼ਸ਼ੇਗੀ। ਵਿਆਕਰਨ ਕੀ ਹੈ? ਵਿਆਕਰਨ ਦੇ ਭਾਗ, ਭਾਸ਼ਾ, ਲਿਪੀ, ਵਰਨਮਾਲਾ, ਸਵਰ, ਵਿਅੰਜਨ, ਦੁੱਤ ਅੱਖਰ, ਲਗਾਂ, ਲਗਾਖਰ, ਸ਼ਬਦ ਬੋਧ, ਨਾਂਵ, ਲਿੰਗ, ਵਚਨ, ਪੜ੍ਹਨਾਂਵ, ਕਿਰਿਆ, ਕਾਲ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸਬੰਧਕ, ਯੋਜਕ, ਵਿਸਮਿਕ ਅਤੇ ਵਾਕ-ਬੋਧ ਦਾ ਬਾਲਾਂ ਨੂੰ ਬਹੁਤ ਹੀ ਸਰਲ, ਠੇਠ ਅਤੇ ਕਾਵਿਕ ਢੰਗ ਨਾਲ ਸਮਝਾਇਆ ਗਿਆ ਹੈ। ਉਦਾਹਰਨ ਦੇ ਤੌਰ 'ਤੇ 'ਵਿਆਕਰਨ ਕੀ ਹੈ'
ਇਹ ਦੱਸੇ ਭਾਸ਼ਾ ਨੂੰ ਹੈ ਕਿਵੇਂ ਬੋਲਣਾ।
ਸ਼ੁਧ ਰੂਪ ਵਿਚ ਇਹ ਸਿਖਾਏ ਲਿਖਣਾ।
ਲਿਖਣਾ ਤੇ ਬੋਲਣਾ ਹੀ ਮੂਲ ਹੁੰਦੇ ਨੇ।
ਇਹਨਾਂ ਦੇ ਵੀ ਕੁੱਝ ਕੁ ਅਸੂਲ ਹੁੰਦੇ ਨੇ।
ਜਿਹੜੀ ਸਭ ਇਹ ਨਿਯਮ ਬਣਾਉਂਦੀ ਏ।
ਉਹੀ ਤਾਂ ਵਿਆਕਰਨ ਕਹਾਉਂਦੀ ਏ।
ਇਵੇਂ ਹੀ 'ਭਾਸ਼ਾ' ਬਾਰੇ ਬਹੁਤ ਹੀ ਸੁੰਦਰ ਢੰਗ ਨਾਲ ਸਮਝਾਇਆ ਹੈ:-
ਅੱਜ ਆਪਾਂ ਭਾਸ਼ਾ ਬਾਰੇ ਗੱਲ ਕਰਨੀ।
ਭਾਸ਼ਾ ਦੀ ਹਰੇਕ ਹੀ ਰਮਜ਼ ਪੜ੍ਹਨੀ।
ਭਾਸ਼ਾ ਹੁੰਦੀ ਦੋ ਪ੍ਰਕਾਰ ਦੀ ਸੁਣੋ।
ਪਹਿਲੀ ਨੂੰ ਤਾਂ ਆਮ ਬੋਲ ਚਾਲ ਦੀ ਕਹੋ।
ਦੂਜੀ ਭਾਸ਼ਾ ਜੋ ਸਾਹਿਤਕ ਅਖਵਾਂਵਦੀ।
ਟਕਸਾਲੀ ਭਾਸ਼ਾ ਵੀ ਇਹ ਸਦਵਾਂਵਦੀ।
ਸਾਹਿਤਕ ਭਾਸ਼ਾ ਲੇਖਣੀ 'ਚ ਆਵਦੀ।
ਵਿਆਕਰਨ ਦੇ ਨਿਯਮ ਪੁਗਾਂਵਦੀ।
ਏਵੇਂ ਹੀ 'ਲਿਪੀ' ਬਾਰੇ ਬਹੁਤ ਸੁੰਦਰ ਲਿਖਿਆ ਗਿਆ ਹੈ ਜਿਵੇਂ:-
ਊੜਾ, ਆੜਾ, ਬਿੰਦੀ, ਕੰਨਾਂ ਉਤੇ ਟਿੱਪੀ ਏ।
ਅੱਖਰਾਂ ਤੇ ਚਿੰਨ੍ਹਾਂ ਦਾ ਸਮੂਹ ਲਿਪੀ ਏ।
ਗੁਰਮਖੀ ਲਿਪੀ ਏ ਪੰਜਾਬੀ ਭਾਸ਼ਾ ਦੀ
ਹਿੰਦੀ ਭਾਸ਼ਾ ਦੀ ਏ ਦੇਵਨਾਗਰੀ।
ਲਿਪੀ ਬਿਨਾਂ ਭਾਸ਼ਾ ਨਹੀਓਂ ਯਾਦ ਰੱਖਿਓ।
ਬਾਗ ਮਿੱਠੀ ਬੋਲੀ ਦਾ ਆਬਾਦ ਰੱਖਿਓ।
ਏਵੇਂ ਹੀ 'ਵਰਨਮਾਲਾ' ਬਾਰੇ ਬਹੁਤ ਹੀ ਪਿਆਰਾ ਲਿਖਿਆ ਹੈ ਜਿਵੇਂ:-
ਤੁਰੀ ਪੈਂਤੀ ਅੱਖਰੀ ਕਤਾਰ ਆਉਂਦੀ ਹੈ।
ਤਾਹੀਓਂ ਗੁਰਮੁਖੀ ਦੇ 'ਪੈਂਤੀ' ਅਖਵਾਉਂਦੀ ਹੈ।
ਅਰਬੀ ਤੇ ਫਾਰਸੀ ਤੋਂ ਲੈ ਕੇ ਧੁਨੀਆਂ।
ਪੰਜ ਅੱਖਰਾਂ ਦੇ ਹੇਠ ਪਾਈਆਂ ਬਿੰਦੀਆਂ।
ਸੱਸਾ, ਖੱਖਾ, ਗੱਗਾ, ਜੱਜਾ ਅਤੇ ਫੱਫਾ ਬਈ।
ਪੰਜਾਬੀ ਯੂਨੀਵਰਸਿਟੀ ਲਿਆਈ ਲੱਲਾ ਬਈ।
ਗੁਰਮੁਖੀ ਪੈਂਤੀ ਤੋਂ 'ਕਤਾਲੀ ਹੋ ਗਈ।
ਪੱਤੇ ਵਧੇ ਹੋਰ ਸੋਹਣੀ ਡਾਲੀ ਹੋ ਗਈ।
ਇਵੇਂ ਹੀ ਉੱਪਰ ਲਿਖੇ ਚਿੰਨ੍ਹਾਂ ਅਤੇ ਸ਼ਬਦਾਂ ਦੀ ਵਿਆਖਿਆ ਬਹੁਤ ਹੀ ਵਧੀਆ ਸੂਝਬੂਝ ਨਾਲ ਕੀਤੀ ਗਈ ਹੈ। ਵਿਆਕਰਨ ਬਾਰੇ ਜਿੰਨੀ ਵੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕਦੀ ਹੈ ਲੇਖਕ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤਾਂ ਲਿਖਤ ਲੰਬੀ ਹੋਣ ਦੇ ਡਰੋਂ ਥੋੜ੍ਹਾ ਜਿਹਾ ਨਮੂਨਾ ਹੀ ਦੇ ਸਕਿਆ ਹਾਂ ਕੁੱਲ ਮਿਲਾ ਕੇ ਬਹੁਤ ਹੀ ਮੁਸ਼ਕਿਲ ਵਿਸ਼ੇ ਨੂੰ ਬਹੁਤ ਹੀ ਸਰਲ, ਠੇਠ ਅਤੇ ਕਲਾਤਮਿਕ ਢੰਗ ਨਾਲ ਬਾਲਾਂ ਨੂੰ ਸਮਝਾਉਣ ਦਾ ਬਹੁਤ ਹੀ ਸਾਰਥਕ ਯਤਨ ਕੀਤਾ ਹੈ। ਢੁਕਵੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਹਨ। ਮੈਂ ਜਿਥੇ ਲੇਖਕ ਦੀ ਮਿਹਨਤ ਦੀ ਦਾਦ ਦਿੰਦਾ ਹਾਂ ਉਥੇ ਬਾਲਾਂ ਅਤੇ ਅਧਿਆਪਕਾਂ ਨੂੰ ਖ਼ਾਸ ਕਰਕੇ ਪ੍ਰਾਇਮਰੀ ਦੇ ਅਧਿਆਪਕਾਂ ਨੂੰ ਇਹ ਪਿਆਰੀ ਜਹੀ ਬਾਲ ਪੁਸਤਕ ਪੜ੍ਹ ਕੇ ਵੱਧ ਤੋਂ ਵੱਧ ਲਾਹਾ ਲੈਣ ਦੀ ਬੇਨਤੀ ਕਰਦਾ ਹਾਂ। ਜਿਥੇ ਮੈਂ ਇਸ ਬਾਲ ਪੁਸਤਕ ਦਾ ਸਵਾਗਤ ਕਰਦਾ ਹਾਂ ਉੱਥੇ ਲੇਖਕ ਨੂੰ ਮੁਬਾਰਕਬਾਦ ਵੀ ਦਿੰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਡੁੱਲ੍ਹੇ ਬੇਰ
ਲੇਖਕ : ਵਜ਼ੀਰ ਸਿੰਘ ਰੰਧਾਵਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 240 ਰੁਪਏ, ਸਫ਼ੇ : 112
ਸੰਪਰਕ :
'ਡੁੱਲ੍ਹੇ ਬੇਰ' ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਦਾ ਦੂਸਰਾ ਨਾਵਲ ਹੈ। ਇਸ ਤੋਂ ਪਹਿਲਾਂ ਉਹ ਹੋਕਾ (ਮਿੰਨੀ ਕਹਾਣੀ-ਸੰਗ੍ਰਹਿ) ਅਤੇ ਨਾਵਲ 'ਦੁੱਧ ਦੀ ਲਾਜ' ਲਿਖ ਕੇ ਪੰਜਾਬੀ ਪਾਠਕਾਂ ਕੋਲ ਆਪਣੀ ਹਾਜ਼ਰੀ ਲਗਵਾ ਚੁੱਕਿਆ ਹੈ।
ਨਾਵਲ 'ਡੁੱਲ੍ਹੇ ਬੇਰ' ਪੰਜਾਬੀ ਜੀਵਨ ਦੇ ਕਠੋਰ ਅਤੇ ਕੌੜੇ ਯਥਾਰਥ ਨੂੰ ਪੇਸ਼ ਕਰਦਾ ਹੈ। ਪੰਜਾਬੀ ਮੁਹਾਵਰੇ 'ਡੁੱਲ੍ਹੇ ਬੇਰ' ਦਾ ਕੁਝ ਨਹੀਂ ਵਿਗੜਿਆ ਜਿਹੇ ਪ੍ਰਚੱਲਿਤ ਮੁਹਾਵਰੇ ਨੂੰ ਆਪਣੀ ਗਲਪੀ ਕਿਰਤ ਵਿਚ ਢਾਲ ਕੇ, ਉਥੇ ਆਪਣੀ ਨਾਵਲੀ ਸਿਰਜਣਾ ਦਾ ਪਰਿਚੈ ਦਿੱਤਾ ਹੈ। ਨਾਵਲ ਪੰਜਾਬੀ ਨੌਜਵਾਨਾਂ ਦੀ ਬੇਰੁਜ਼ਗਾਰੀ ਵੱਲ ਸੰਕੇਤ ਕਰਦਾ ਹੋਇਆ 'ਪਰਮਜੀਤ' ਜਿਹੇ ਨੌਜਵਾਨਾਂ ਨੂੰ ਪ੍ਰਵਾਸ ਕਰਨ ਲਈ ਮਜਬੂਰ ਹੁੰਦਾ ਦਿਖਾਇਆ ਗਿਆ ਹੈ। 'ਕੰਵਲ' ਜਿਹੀਆਂ ਹੋਣਹਾਰ ਸੁੰਦਰ ਕੁੜੀਆਂ ਵੱਡੇ ਘਰਾਂ ਦੇ ਨਸ਼ੇੜੀ ਕਾਕਿਆਂ ਰਮਨ ਜਿਹਿਆਂ ਨਾਲ ਵਿਆਹ ਕਰਵਾਉਣ ਲਈ ਮਜਬੂਰ ਹਨ। ਰਮਨ ਜਿਹੇ ਚਿੱਟੇ ਦੇ ਆਦੀ ਨਸ਼ੇ ਦੀ ਓਵਰਡੋਜ਼ ਲੈ ਕੇ ਮੌਤ ਨੂੰ ਗਲੇ ਲਗਾਉਂਦੇ ਦਿਖਾਏ ਗਏ ਹਨ। ਸ਼ਹਿਰਾਂ ਵਿਚ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਦੀ ਕਾਰਗੁਜ਼ਾਰੀ 'ਤੇ ਵੀ ਇਹ ਨਾਵਲ ਪ੍ਰਸ਼ਨ-ਚਿੰਨ੍ਹ ਲਗਾਉਂਦਾ ਦਿਖਾਈ ਦਿੰਦਾ ਹੈ। ਪੰਜਾਬ ਦੇ ਪਿੰਡਾਂ ਵਿਚ ਬੱਚਿਆਂ ਦੀ ਘੱਟ ਰਹੀ ਗਿਣਤੀ ਵੱਲ ਵੀ ਇਹ ਨਾਵਲ ਸੰਕੇਤ ਕਰਦਾ ਹੈ। ਜਦੋਂ ਰਮਨ ਜਿਹੇ ਨਸ਼ੇੜੀ ਓਵਰਡੋਜ਼ ਲੈਣ ਕਾਰਨ ਮੌਤ ਦੇ ਮੂੰਹ ਜਾ ਪੈਂਦੇ ਹਨ ਤਾਂ ਚੇਅਰਮੈਨ ਜਿਹੇ ਮਾਪਿਆਂ ਦੀ ਤਾਂ ਸਮਝੋ ਦੁਨੀਆ ਹੀ ਲੁੱਟੀ ਜਾਂਦੀ ਹੈ। ਨੌਜਵਾਨਾਂ ਦੀ ਬਜ਼ੁਰਗਾਂ ਪ੍ਰਤੀ ਘੱਟ ਰਹੀ ਆਸਥਾ ਤੇ ਜਾਇਦਾਦ ਪ੍ਰਤੀ ਵਧ ਰਿਹਾ ਮੋਹ ਵੀ ਰਿਸ਼ਤਿਆਂ ਦੇ ਦੁਖਾਂਤ ਨੂੰ ਪੇਸ਼ ਕਰਦਾ ਹੈ। ਕੰਵਲ ਦਾ ਭਰਾ ਮੁਸੀਬਤ ਵਿਚ ਫਸੀ ਆਪਣੀ ਭੈਣ ਦੀ ਮਦਦ ਕਰਨ ਦੀ ਬਜਾਏ, ਉਸ ਤੋਂ ਕਿਨਾਰਾਕਸ਼ੀ ਕਰਦਾ ਹੀ ਦਰਸਾਇਆ ਗਿਆ ਹੈ।
ਪਰ ਨਾਵਲਕਾਰ ਇਸ ਨਾਵਲ ਦੀਆਂ ਦੁਖਾਂਤਕ ਘਟਨਾਵਾਂ ਤੋਂ ਪਾਰ ਜਾ ਕੇ ਇਸ ਨੂੰ ਅੰਤ ਵਿਚ ਸੁਖਾਂਤਕ ਰਚਨਾ ਬਣਾਉਣ ਵਿਚ ਸਫ਼ਲ ਰਿਹਾ ਹੈ। ਇਕ ਦੂਸਰੇ ਨੂੰ ਪਸੰਦ ਕਰਨ ਵਾਲੇ ਪਾਤਰ ਪਰਮਜੀਤ ਤੇ ਕੰਵਲ ਕੈਨੇਡਾ ਜਾਂਦੇ ਮੁੜ ਮਿਲ ਜਾਂਦੇ ਹਨ ਤੇ ਆਪਣਾ ਮਨਇੱਛਤ ਸਾਥੀ ਪ੍ਰਾਪਤ ਕਰ ਲੈਂਦੇ ਹਨ। ਇਹ ਰਚਨਾ ਆਸ਼ਾਵਾਦੀ ਸੁਨੇਹਾ ਦਿੰਦੀ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਜੁਗਲਬੰਦੀ
ਲੇਖਕ : ਦੀਨਾ ਨਾਥ ਚਮਦਲ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਜਲੰਧਰ
ਮੁੱਲ :150 ਰੁਪਏ, ਸਫ਼ੇ : 157
ਸੰਪਰਕ : 98143-18326
ਦੀਨਾ ਨਾਥ ਚਮਦਲ ਦੀ ਰਚਨਾ 'ਜੁਗਲਬੰਦੀ' ਉਸ ਦੀ ਪਲੇਠੀ ਨਾਵਲੀ ਕ੍ਰਿਤ ਹੈ। ਲੇਖਕ ਨੇ ਇਸ ਨਾਵਲ ਵਿਚਲੇ ਬਿਰਤਾਂਤ ਨੂੰ ਇਸ ਢੰਗ ਨਾਲ ਸਿਰਜਿਆ ਹੈ ਕਿ ਆਰੰਭ ਤੋਂ ਅੰਤ ਤੱਕ ਜ਼ਬਰਦਸਤ ਉਤਸੁਕਤਾ ਬਣੀ ਰਹਿੰਦੀ ਹੈ। ਇਸੇ ਰੁਚੀ ਵਿਚ ਬੱਝਿਆ ਪਾਠਕ ਪੂਰੀ ਰਚਨਾ ਨੂੰ ਇਕੋ ਸਾਹੇ ਪੜ੍ਹ ਲੈਂਦਾ ਹੈ। ਨਾਵਲਕਾਰ ਨੇ ਸਾਰੀ ਕਹਾਣੀ ਨੂੰ ਇਸ ਢੰਗ ਨਾਲ ਵਿਉਂਤਿਆ ਹੈ ਕਿ ਸਾਰੀ ਰਚਨਾ ਵਿਚ ਰਿਸ਼ਤਿਆਂ ਦੀ ਪਾਕੀਜ਼ਗੀ, ਅਹਿਮੀਅਤ, ਸਤਿਕਾਰ, ਪਿਆਰ, ਹਾਸਾ ਠੱਠਾ ਪਾਠਕ ਨੂੰ ਹਰੇਕ ਵਾਕ ਵਿਚ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਨਾਵਲ ਵਿਚ ਵਾਰ-ਵਾਰ ਗੁੰਝਲਾਂ ਪੈਂਦੀਆਂ ਹਨ। ਪਾਠਕ ਸਾਹ ਰੋਕ ਕੇ 'ਅੱਗੇ ਕੀ ਹੋਵੇਗਾ', ਜਾਣਨ ਲਈ ਅਗਲਾ ਕਾਂਡ ਪੜ੍ਹਨ ਲਈ ਤੁਰੰਤ ਤੱਤਪਰ ਹੋ ਜਾਂਦਾ ਹੈ। ਇਹੋ 'ਜੁਗਲਬੰਦੀ' ਨਾਵਲ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਹੈ। ਨਾਵਲ ਦੀ ਕਥਾ ਵਸਤੂ ਵਿਚ ਤਿੰਨ ਪੀੜ੍ਹੀਆਂ ਦੀ ਕਹਾਣੀ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿ ਇੱਕੀਵੀਂ ਸਦੀ ਦੇ ਤੀਜੇ ਦਹਾਕੇ ਦੇ ਆਰੰਭ ਤੋਂ ਨਾਵਲ ਦੀ ਸ਼ੁਰੂਆਤ ਹੁੰਦੀ ਹੈ, ਜਿੱਥੇ ਇਕ ਕਿਸਾਨ ਜਰਨੈਲ ਸਿੰਘ ਅਤੇ ਉਸ ਦੀ ਪਤਨੀ ਕੁਲਵੰਤ ਕੌਰ ਦੇ ਆਪਸੀ ਸੰਵਾਦ ਰਾਹੀਂ ਪਾਠਕ ਦੇ ਮਨ ਵਿਚ ਇਕ ਖਿੱਚ ਪੈਦਾ ਹੁੰਦੀ ਹੈ। ਤੀਜੀ ਪੀੜ੍ਹੀ ਦੀ ਪ੍ਰਤੀਨਿੱਧਤਾ ਕਰਦਾ ਨਾਵਲ ਦਾ ਨਾਇਕ ਸੁਖਜੀਤ ਸਿੰਘ ਜਿੱਥੇ ਕਾਲਜ ਦੀ ਪੜ੍ਹਾਈ ਦੇ ਨਾਲ-ਨਾਲ ਆਪਣੇ ਪਿਉ-ਦਾਦੇ ਨਾਲ ਖੇਤੀਬਾੜੀ ਦੇ ਧੰਦੇ ਵਿਚ ਵੀ ਪੂਰੀ ਦਿਲਚਸਪੀ ਲੈਂਦਾ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਪੜ੍ਹਾਈ ਕਰਕੇ ਖੇਤੀਬਾੜੀ ਦੇ ਧੰਦੇ ਨੂੰ ਹੋਰ ਬਿਹਤਰ ਬਣਾਉਣ ਲਈ ਇੰਗਲੈਂਡ ਵਿਚ ਜਾ ਕੇ ਪੜ੍ਹਾਈ ਕਰਨ ਨੂੰ ਤਰਜੀਹ ਦਿੰਦਾ ਹੈ। ਪਰੰਤੂ ਇਸ ਦੇ ਨਾਲ ਹੀ ਨਾਵਲ ਵਿਚੋਂ ਉਸ ਦਾ ਇਕ ਅਜਿਹਾ ਆਦਰਸ਼ ਨਾਇਕ ਦਾ ਮੁਹਾਂਦਰਾ ਉੱਭਰਦਾ ਹੈ, ਜਿਸ ਉੱਤੇ ਉਸ ਦੇ ਮਾਂਪਿਓ ਅਤੇ ਦਾਦਾ ਵੀ ਮਾਣ ਕਰਦੇ ਹਨ। ਨਾਵਲਕਾਰ ਨੇ ਕਥਾ ਬਿਰਤਾਂਤ ਸਿਰਜਦਿਆਂ 1947 ਵਿਚ ਹੋਈ ਦੇਸ਼ ਦੀ ਵੰਡ ਦੇ ਕੁਝ ਦ੍ਰਿਸ਼ ਇਸ ਢੰਗ ਨਾਲ ਚਿੱਤਰੇ ਹਨ ਕਿ ਬੇਸ਼ੱਕ ਹਿੰਦੂਆਂ-ਸਿੱਖਾਂ ਅਤੇ ਮੁਸਲਮਾਨਾਂ ਨੇ ਇਕ-ਦੂਜੇ ਦੇ ਖ਼ੂਨ ਵਿਚ ਹੱਥ ਰੰਗੇ। ਪਰੰਤੂ ਮੁਸਲਮਾਨਾਂ ਅਤੇ ਸਿੱਖਾਂ ਵਿਚ ਸਦੀਆਂ ਤੋਂ ਚੱਲੀ ਆ ਰਹੀ ਆਪਸੀ ਪਿਆਰ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਉਸ ਔਖੇ ਵੇਲੇ ਵੀ ਬਹੁਤ ਸਾਰੇ ਲੋਕਾਂ ਨੇ ਕਾਇਮ ਰੱਖਿਆ। ਨਾਵਲ ਦੀ ਕਥਾ ਵਸਤੂ ਵਿਚ ਦਲੀਪ ਸਿੰਘ ਆਪਣੇ ਜਿਗਰੀ ਯਾਰ ਕਰੀਮ ਖ਼ਾਨ ਦੀ ਜਾਨ ਬਚਾਉਣ ਲਈ ਹਿੰਦੂਆਂ ਸਿੱਖਾਂ ਦੇ ਬਹੁਤ ਵੱਡੇ ਨਸਲੀ ਹਜ਼ੂਮ ਸਾਹਮਣੇ ਘੋਟਨਾ ਫ਼ੜ ਕੇ ਖੜ੍ਹ ਜਾਂਦਾ ਹੈ। ਇਸ ਪ੍ਰਕਾਰ ਉਹ ਨਸਲੀ ਭੀੜ ਕੋਲੋਂ ਆਪਣੇ ਮਿੱਤਰ ਦੀ ਜਾਨ ਬਚਾਉਣ ਵਿਚ ਸਫਲ ਹੋ ਜਾਂਦਾ ਹੈ। ਨਾਵਲਕਾਰ ਨੇ ਨਾਵਲ ਦੀਆਂ ਘਟਨਾਵਾਂ ਨੂੰ ਇਸ ਢੰਗ ਨਾਲ ਜੋੜਿਆ ਹੈ ਕਿ ਬਦਲਦੀਆਂ ਪਰਿਸਥਿਤੀਆਂ ਵਿਚ ਦਲੀਪ ਸਿੰਘ ਅਤੇ ਕਰੀਮ ਖ਼ਾਨ ਇੰਗਲੈਂਡ ਪਹੁੰਚ ਜਾਂਦੇ ਹਨ ਅਤੇ ਸੱਠ ਸਾਲ ਪਹਿਲਾਂ ਉਨ੍ਹਾਂ ਦੋਵਾਂ ਦੀ ਢੋਲ ਅਤੇ ਤੂੰਬਾ ਵਜਾਉਣ ਦੀ ਬਣੀ ਜੁਗਲਬੰਦੀ ਉਨ੍ਹਾਂ ਨੂੰ ਇਕ ਵਾਰੀ ਫ਼ੇਰ ਮਿਲਾ ਦਿੰਦੀ ਹੈ। ਇਸ ਪ੍ਰਕਾਰ 'ਜੁਗਲਬੰਦੀ' ਨਾਵਲ ਦਾ ਅੰਤ ਸੁਖਾਂਤਮਈ ਹੋ ਨਿੱਬੜਦਾ ਹੈ। ਦੀਨਾ ਨਾਥ ਚਮਦਲ ਦਾ ਨਾਵਲ 'ਜੁਗਲਬੰਦੀ' ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਹੋਣਾ ਜਿੱਥੇ ਪੰਜਾਬੀ ਨਾਵਲ ਸਾਹਿਤ ਨੂੰ ਹੋਰ ਵਧੇਰੇ ਸਮਰਿੱਧ ਕਰੇਗਾ, ਉੱਥੇ ਨਾਲ ਹੀ ਪੰਜਾਬੀ ਨਾਵਲ ਦੇ ਪਾਠਕਾਂ ਨੂੰ ਵੀ ਇਕ ਵਧੀਆ, ਸਿੱਖਿਆਦਾਇਕ, ਰੌਚਕ ਨਾਵਲ ਪੜ੍ਹਨ ਲਈ ਮਿਲਿਆ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 8427685020
ਹਰਫ਼ਾਂ ਦੇ ਰੰਗ
ਸੰਪਾਦਕ : ਮਨਜਿੰਦਰ ਸਿੰਘ ਸ਼ੈਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 280 ਰੁਪਏ, ਸਫ਼ੇ : 176
ਸੰਪਰਕ : 98156-41312
ਹਰਫ਼ਾਂ ਦੇ ਰੰਗ (ਸਾਂਝਾ ਕਾਵਿ-ਸੰਗ੍ਰਹਿ) ਸੰਪਾਦਕ ਮਨਜਿੰਦਰ ਸਿੰਘ ਗੋਲ੍ਹੀ ਦੇ ਵਿਸ਼ੇਸ਼ ਯਤਨਾਂ ਨਾਲ ਪਾਠਕਾਂ ਤੱਕ ਪਹੁੰਚਿਆ ਹੈ। ਇਸ ਤੋਂ ਪਹਿਲਾਂ ਮਨਜਿੰਦਰ ਸਿੰਘ ਨੇ ਪੰਜਾਬ ਦੇ ਵਾਰਸੋ (ਕਾਵਿ ਸੰਗ੍ਰਹਿ) ਕਵੀਸ਼ਰ ਅਮਰ ਸਿੰਘ ਰਾਜਿਆਣਾ : ਜੀਵਨ ਤੇ ਰਚਨਾ ਪੰਜਾਬੀ ਪਾਠਕਾਂ ਦੀ ਝੋਲੀ ਪਾਈ ਹੈ। ਇਸ ਪੁਸਤਕ ਦੀ ਭੂਮਿਕਾ ਪ੍ਰੋ. ਬ੍ਰਹਮਜਗਦੀਸ਼ ਨੇ ਲਿਖੀ ਹੈ। ਜਿਨ੍ਹਾਂ ਨੇ ਇਸ ਪੁਸਤਕ ਵਿਚ ਸ਼ਾਮਿਲ ਅੱਠ ਕਵੀਆਂ ਦੀ ਜਾਣ ਪਛਾਣ ਵੀ ਕਰਵਾਈ ਹੈ। ਇਸ ਕਾਵਿ ਸੰਗ੍ਰਹਿ ਵਿਚ ਦੋ ਨਾਰੀਆਂ ਵੀ ਸ਼ਾਮਿਲ ਹਨ। ਜਿਨ੍ਹਾਂ ਵਿਚ ਰਮਨਦੀਪ ਰਮਣੀਕ ਅਤੇ ਬਲਜਿੰਦਰ ਕੌਰ ਸ਼ੇਰਗਿੱਲ ਨੇ ਨਾਰੀ ਸਰੋਕਾਰਾਂ ਅਤੇ ਸਮਾਜਿਕ ਸਰੋਕਾਰਾਂ ਬਾਰੇ ਚਿੰਤਾ ਅਤੇ ਚੇਤਨਾ ਭਰਪੂਰ ਕਵਿਤਾਵਾਂ ਰਚੀਆਂ ਹਨ।
ਤਾਰਿਆਂ 'ਚ ਜਦ ਮੈਂ ਟਿਮਟਿਮਾਉਣਾ
ਜੁਗਨੂੰਆਂ ਵਾਂਗ ਮੈਂ ਰੁਸ਼ਨਾਉਣਾ
(ਬਲਜਿੰਦਰ ਕੌਰ ਸ਼ੇਰਗਿੱਲ)
ਬੇਵਫਾਈ ਦੀ ਵਰਣਮਾਲਾ 'ਚੋਂ
ਹਰਫ਼ ਵਫ਼ਾ ਦਾ ਢੂੰਡਦੇ ਗੁਜ਼ਰ ਚੱਲੇ
ਉਹ ਕੀ ਕਰਨਗੇ ਪਿਆਰ ਵਫ਼ਾ ਲੋਕੋ
ਜਿਹੜੇ ਉਲਝ ਕੇ ਰਹਿ ਗਏ, ਦੌਲਤਾਂ ਥੱਲੇ। ਕਵੀ ਈਸ਼ਰ ਸਿੰਘ ਲੰਭਵਾਲੀ ਨੇ ਆਪਣੀ ਰਚਨਾਵਾਂ ਰਾਹੀਂ ਸਮਾਜਿਕ ਵਿਸ਼ਿਆਂ ਉਤੇ ਬਹੁਤ ਚੇਤਨਾ ਭਰਪੂਰ ਰਚਨਾਵਾਂ ਲਿਖੀਆਂ ਹਨ। ਮਾਂ ਬੋਲੀ ਪੰਜਾਬੀ ਬਾਰੇ ਵੀ ਕਵੀ ਲਿਖਦਾ ਹੈ:
ਬਾਬੇ ਨਾਨਕ ਨੇ ਕਿੰਨਾ ਮੈਨੂੰ ਮਾਣ ਦਿੱਤਾ
ਹੋਰ ਬੋਲੀਆਂ ਨੂੰ ਆਪ ਮੇਰਾ ਹਾਣ ਦਿੱਤਾ
ਸ਼ਿਵ ਮੋਹਨ ਸਿੰਘਾ ਤੇ ਸੁਖਵਿੰਦਰਾ
ਇਨ੍ਹਾਂ ਸਾਹਮਣੇ ਨਾ ਸੋਟੇ ਤੁਸੀਂ ਚੁੱਕੋ ਵੇ
ਜੀਤ ਕੰਮੇਆਣਾ ਸੰਵੇਦਨਾਭਰਪੂਰ ਕਾਵਿ ਰਚਨਾਵਾਂ ਰਚ ਕੇ ਵਿਸ਼ਿਆਂ ਦੀ ਵੰਨ-ਸੁਵੰਨਤਾ ਬਾਰੇ ਵੀ ਚੇਤਨਾ ਰੱਖੀ ਹੈ। ਸੱਭਿਆਚਾਰਕ ਬਦਲਾਵਾਂ ਪ੍ਰਤੀ ਵੀ ਕਵੀ ਚਿੰਤਨਸ਼ੀਲ ਹੈ। ਸੁੰਦਰਪਾਲ ਪ੍ਰੇਮੀ ਨੇ ਜੀਵਨ ਸ਼ੈਲੀ, ਵਿਚਾਰਧਾਰਾ, ਸਪੂਤ ਅਤੇ ਸਿਰਨਾਵਾਂ ਨਾਂਅ ਦੀਆਂ ਰਚਨਾਵਾਂ ਰਚ ਕੇ ਮਾਨਵੀ ਜੀਵਨ ਦੇ ਬਹੁਤ ਸਾਰੇ ਪਹਿਲੂਆਂ ਬਾਰੇ ਧਿਆਨ ਦਿਵਾਇਆ ਹੈ। ਮਨਜਿੰਦਰ ਸਿੰਘ ਗੋਲ੍ਹੀ ਨੇ ਜਿਥੇ ਇਸ ਪੁਸਤਕ ਦੀ ਸੰਪਾਦਨਾ ਦਾ ਮੁਸ਼ਕਿਲ ਕਾਰਜ ਕੀਤਾ ਹੈ, ਉਥੇ ਨਾਲ ਹੀ ਬਹੁਤ ਵਧੀਆ ਰਚਨਾਵਾਂ ਵੀ ਰਚੀਆਂ ਹਨ।
ਮੋਹ ਦੀ ਟੁੱਟ ਗਈ ਤਾਰ,
ਤੂੰਬਾ ਵੱਜਣਾ ਨਹੀਂ।
ਬਣ ਗਏ ਦੁਸ਼ਮਣ ਯਾਰ, / ਮੇਲਾ ਲੱਗਣਾ ਨਹੀਂ।
ਸੱਚੇ ਨੂੰ ਪੱਥਰ, ਖ਼ੂਨ ਦਾ ਰਿਸ਼ਤਾ, ਜਾਗ ਕਿਸਾਨਾਂ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਸੁਲੱਖਣ ਮੈਹਮੀ (ਹਕੀਰ) ਨੇ ਦੁਆਵਾਂ ਰਾਹੀਂ ਪੰਜਾਬ ਦੀ ਸੁੱਖ-ਸਾਂਦ ਮੰਗੀ ਹੈ। ਦੇਸ਼ ਕੈਨੇਡਾ ਰਾਹੀਂ ਕੈਨੇਡਾ ਦੀ ਤਸਵੀਰ ਪੇਸ਼ ਕੀਤੀ ਹੈ। ਲਖਵਿੰਦਰ ਕੋਟ ਸੁਖੀਆ ਨੇ ਪੁਰਾਣੇ ਪੰਜਾਬ ਦੇ ਚਿੱਤਰ ਬਾਖੂਬੀ ਚਿਹਰੇ ਹਨ। ਕਵੀ ਨੇ 'ਸਕੂਨ' ਨਾਂਅ ਦੀ ਕਵਿਤਾ ਵਿਚ ਅਜਿਹੇ ਸਕੂਨ ਦੀ ਤਲਾਸ਼ ਕੀਤੀ ਹੈ। ਸਮੁੱਚੇ ਤੌਰ 'ਤੇ ਇਹ ਪੁਸਤਕ ਬਹੁਤ ਦਿਲਚਸਪ ਹੈ। ਸੰਪਾਦਕ ਵਧਾਈ ਦਾ ਹੱਕਦਾਰ ਹੈ।
-ਪ੍ਰੋ. ਕੁਲਜੀਤ ਕੌਰ
ਰਾਵਣ ਤੋਂ ਬੰਦੇ ਤੱਕ
ਲੇਖਕ : ਬਲਵੰਤ ਮਾਂਗਟ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਪੰਜਾਬ)
ਮੁੱਲ : 250 ਰੁਪਏ, ਸਫ਼ੇ : 80
ਸੰਪਰਕ : 78889-29853
ਇਸ ਪੁਸਤਕ ਵਿਚ ਬਲਵੰਤ ਮਾਂਗਟ ਨੇ ਬੀਤੇ ਸਮੇਂ ਦੇ 7 ਮਹਾਨ ਮਿਥਿਹਾਸਕ ਤੇ ਇਤਿਹਾਸਕ ਪਾਤਰਾਂ ਨੂੰ ਅੱਜ ਦੇ ਸੰਦਰਭ ਵਿਚ ਆਪਣੇ ਦ੍ਰਿਸ਼ਟੀਕੋਣ ਤੋਂ ਮੁੜ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਪਾਤਰ ਹਨ ਰਾਵਣ, ਦੁਰਯੋਧਨ, ਜੈਦਰਥ, ਸ਼ਿਸ਼ੂਪਾਲ, ਜਰਾਸੰਧ, ਮੱਖਲੀ ਗੁਸਾਲਕ ਅਤੇ ਬਾਬਾ ਬੰਦਾ ਸਿੰਘ ਬਹਾਦਰ। 'ਸੱਤਯਮੇਵ ਜਯਤੇ ਤੋਂ ਅੰਤ ਭਲੇ ਦਾ ਭਲਾ' ਸਿਰਲੇਖ ਦੇ ਅੰਤਰਗਤ ਲੇਖਕ ਦਾ ਮੰਨਣਾ ਹੈ ਕਿ 'ਇਨ੍ਹਾਂ 7 ਕਿਰਦਾਰਾਂ ਦੇ ਜੀਵਨ ਬਾਰੇ ਅਨੇਕਾਂ ਦ੍ਰਿਸ਼ਟੀਕੋਣ ਹੋ ਸਕਦੇ ਹਨ ਤੇ ਉਨ੍ਹਾਂ ਅਨੇਕਾਂ ਦ੍ਰਿਸ਼ਟੀਕੋਣਾਂ ਵਿਚੋਂ ਇਕ ਦ੍ਰਿਸ਼ਟੀਕੋਣ ਮੇਰਾ ਵੀ ਹੋ ਸਕਦਾ ਹੈ। ਇਹ ਦ੍ਰਿਸ਼ਟੀਕੋਣ ਬਹੁਤ ਸੀਮਤ ਅਤੇ ਅਧੂਰਾ ਹੋ ਸਕਦਾ ਹੈ।' ਨਿਰਸੰਦੇਹ ਸਮਝ ਸੂਝ ਆਪੋ-ਆਪਣੀ ਹੁੰਦੀ ਹੈ। ਮੂਲ ਰੂਪ 'ਚ ਇਹ ਪੁਸਤਕ ਖੋਜਮੂਲਕ ਸੁਭਾਅ ਦੀ ਹੈ। ਲੇਖਕ ਨੇ ਵਿਸ਼ਲੇਸ਼ਣਾਤਮਿਕ ਵਿਧੀ ਤਹਿਤ ਸਮੇਂ, ਸਥਾਨ ਤੇ ਸਥਿਤੀਆਂ ਦੇ ਸੰਦਰਭ ਵਿਚ ਸੰਬੰਧਿਤ ਪਾਤਰਾਂ ਬਾਰੇ ਗੱਲ ਕਰਨ ਦਾ ਉਪਰਾਲਾ ਕੀਤਾ ਹੈ। ਮਿਸਾਲ ਵਜੋਂ :
-ਇਕ ਪਿੰਡ ਹੈ ਜਿਥੇ ਦੁਰਯੋਧਨ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪਿੰਡ ਕੇਰਲ ਵਿਚ ਹੈ। ਇਸ ਪਿੰਡ ਵਿਚ ਦੁਰਯੋਧਨ ਨਾਲ ਸੰਬੰਧਿਤ ਇਕ ਮੰਦਰ ਹੈ। ਇਸ ਮੰਦਰ ਦਾ ਇਸ਼ਟਦੇਵ ਦੁਰਯੋਧਨ ਹੈ। ਦੁਰਯੋਧਨ ਦੀ ਮਾਂ ਗੰਧਾਰੀ ਅਤੇ ਕਰਨ ਇਸ ਮੰਦਰ ਦੇ ਉੱਪਦੇਵ ਦੇ ਤੌਰ 'ਤੇ ਪੂਜੇ ਜਾਂਦੇ ਹਨ। (ਪੰਨਾ-23)
-ਜੈਦਰਥ ਸ਼ਬਦ ਦਾ ਅਰਥ ਹੁੰਦਾ ਹੈ ਇਕ ਐਸਾ ਵਿਅਕਤੀ ਜਿਸ ਕੋਲ ਇਕ ਜਿੱਤਣ ਵਾਲਾ ਰੱਥ ਹੋਵੇ। ਜੋ ਆਪਣੇ ਰੱਥ 'ਤੇ ਬੈਠ ਕੇ ਲਗਾਤਾਰ ਜਿੱਤ ਰਿਹਾ ਹੋਵੇ। ਸਿੰਧੂ-ਨਰੇਸ਼ ਜੈਦਰਥ ਦੁਰਯੋਧਨ ਦਾ ਜੀਜਾ ਸੀ। (ਪੰਨਾ-35)
-ਤੁਸੀਂ ਚਾਹੋ ਜਾਂ ਨਾ ਚਾਹੋ ਤੁਸੀਂ ਜਰਾਸਿੰਧ ਜ਼ਰੂਰ ਹੁੰਦੇ ਹੋ। ਇਸ ਨਾਂਅ ਦੇ ਵੱਡੇ ਅਰਥ ਹਨ। ਜਰਾ ਤੋਂ ਭਾਵ ਹੁੰਦਾ ਹੈ 'ਬਿਮਾਰੀ, ਕਮਜ਼ੋਰੀ, ਬੁਢਾਪਾ ਅਤੇ ਨਿਰਭਲਤਾ ਅਤੇ ਸਿੰਧ ਤੋਂ ਭਾਵ ਹੁੰਦਾ ਹੈ ਜੁੜਨਾ। ਜਰਾਸਿੰਧ ਤੋਂ ਭਾਵ ਹੁੰਦਾ ਹੈ ਜਿਸ ਨਾਲ ਕਮਜ਼ੋਰੀ, ਨਿਰਬਲਤਾ ਜਾਂ ਬੁਢਾਪਾ ਜੁੜਿਆ ਹੋਵੇ। (ਪੰਨਾ-49)
ਬਿਨਾਂ ਸ਼ੱਕ ਪੂਰੀ ਪੁਸਤਕ ਅਨੇਕ ਪੁਸਤਕਾਂ ਦੇ ਡੂੰਘੇ ਅਧਿਐਨ ਉਪਰੰਤ ਲੇਖਕ ਦੇ ਆਪਣੇ ਦ੍ਰਿਸ਼ਟੀਕੋਣ ਦੇ ਅੰਤਰਗਤ ਅਰਕ ਰੂਪ 'ਚ ਹੋਂਦ ਵਿਚ ਆਈ ਜਾਣੀ ਜਾ ਸਕਦੀ ਹੈ। ਮਿਥਿਹਾਸ-ਇਤਿਹਾਸ ਵਿਚ ਰੁਚੀ ਰੱਖਣ ਵਾਲੇ ਪਾਠਕਾਂ ਲਈ ਇਹ ਵੱਧ ਦਿਲਚਸਪ ਤੇ ਅਰਥ ਭਰਪੂਰ ਹੋ ਸਕਦੀ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਬੀ ਜੀ
ਲੇਖਕ : ਡਾ. ਸਚਿਨ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 232
ਸੰਪਰਕ : 98729-21121
ਸਪਲੀਮੈਂਟਰੀ ਬੈਚ ਮਗਰੋਂ ਬੀ ਜੀ ਡਾ. ਸਚਿਨ ਦਾ ਦੂਸਰਾ ਨਾਵਲ ਹੈ। ਜਿਵੇਂ ਕਿ ਨਾਵਲ ਦੇ ਸਿਰਲੇਖ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਨਾਵਲ ਨਾਇਕਾ ਚਰਿੱਤਰ ਪ੍ਰਧਾਨ ਨਾਵਲ ਹੈ। ਇਸ ਵਿਚ ਬੀ ਜੀ ਉਰਫ਼ ਅੰਬੋ ਉਰਫ਼ ਨਿਰਮਲਾ ਦੇ ਸਮੁੱਚੇ ਮਿਸਾਲੀ ਜੀਵਨ ਦਾ ਸ਼ਾਬਦਿਕ ਚਿਤਰਨ ਕੀਤਾ ਗਿਆ ਹੈ। ਨਾਵਲ ਦੀ ਪਿੱਠਭੂਮੀ ਮਾਲਵੇ ਦਾ ਪਿੰਡ ਕਰਮਗੜ੍ਹ ਹੈ। ਪੇਂਡੂ ਰਹਿਤਲ-ਬਹਿਤਲ ਅਤੇ ਸੱਭਿਆਚਾਰ ਨਾਲ ਓਤ-ਪੋਤ ਕਥਾਨਕ ਪਾਠਕ ਨੂੰ ਬੀ ਜੀ ਪਾਤਰ ਦੇ ਨਾਲ-ਨਾਲ ਬਲਦੇਵ, ਕੈਲਾਸ਼, ਸਰੋਜ, ਬੰਤ ਕੌਰ, ਤੋਤੀ, ਦੀਪਕ, ਮਮਤਾ ਜਿਹੇ ਵੱਖੋ-ਵੱਖਰੀ ਸੋਚ ਤੇ ਸਲੀਕੇ ਵਾਲੇ ਪਾਤਰਾਂ ਦੇ ਵੀ ਰੂ-ਬਰੂ ਕਰਾਉਂਦਾ ਹੈ। ਬੀ ਜੀ ਸਾਨੂੰ ਹਰ ਘਰ ਦੀ ਉਸ ਸਿਆਣੀ, ਸੁਘੜ ਤੇ ਸਿਦਕੀ ਸੁਆਣੀ ਨਾਲ ਸਾਖਸ਼ਾਤਕਾਰ ਕਰਾਉਂਦੀ ਹੈ, ਜਿਹੜੀ ਉਮਰ ਭਰ ਆਪਣੇ ਪਤੀ ਅਤੇ ਨੂਹਾਂ-ਪੁੱਤਰਾਂ ਨਾਲ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦੀ ਚਲੀ ਜਾਂਦੀ ਹੈ ਲੇਕਿਨ ਉਸ ਦੇ ਅਖੌਤੀ ਆਪਣੇ ਉਸ ਨਾਲ ਆਪਣਿਆਂ ਵਾਲਾ ਸਲੂਕ ਨਹੀਂ ਕਰਦੇ। ਨਾਵਲ ਵਿਚਲੀਆਂ ਕੈਲਾਸ਼ ਤੇ ਸਰੋਜ ਵਰਗੀਆਂ ਨੂਹਾਂ ਆਪਣੇ ਸੁਆਰਥੀਪਨ, ਈਰਖਾਲੂ ਅਤੇ ਹੰਕਾਰ ਭਰੇ ਵਤੀਰੇ ਨਾਲ ਇਹ ਸਾਬਿਤ ਕਰਨ ਵਿਚ ਕੋਈ ਕਸਰ ਨਹੀਂ ਛੱਡਦੀਆਂ ਹਨ ਕਿ ਭਾਰਤੀ ਪਰੰਪਰਾਵਾਦੀ ਸਮਾਜ ਵਿਚ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਇਹ ਦੋਵੇਂ ਪਾਤਰ ਪਰਿਵਾਰ ਦਾ ਸੁੱਖ-ਚੈਨ, ਆਪਸੀ ਪ੍ਰੇਮ ਅਤੇ ਸਾਂਝੀਵਾਲਤਾ ਵਾਲਾ ਮਾਹੌਲ ਕਾਇਮ ਨਹੀਂ ਰਹਿਣ ਦਿੰਦੀਆਂ ਅਤੇ ਗੋਪਾਲ ਵਰਗਾ ਸਾਊ ਤੇ ਸੁਹਿਰਦ ਵਿਅਕਤੀ ਇਸ ਚੱਕਰਵਿਊ ਵਿਚ ਫਸ ਕੇ ਰਹਿ ਜਾਂਦਾ ਹੈ। ਲੇਖਕ ਨੇ ਦੀਪਕ ਅਤੇ ਮਮਤਾ ਪਾਤਰਾਂ ਰਾਹੀਂ ਨਵੀਂ ਪੀੜ੍ਹੀ ਲਈ ਆਪਣੇ ਬਜ਼ੁਰਗਾਂ ਦੀ ਸਾਂਭ-ਸੰਭਾਲ ਅਤੇ ਸੇਵਾ ਕਰਨ ਦਾ ਆਦਰਸ਼ ਪੇਸ਼ ਕੀਤਾ ਹੈ। ਨਾਵਲ ਪੜ੍ਹਦਿਆਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪਿੰਡ ਦੇ ਘਰਾਂ, ਸੱਥਾਂ, ਗਲੀ- ਮੁਹੱਲੇ ਵਿਚ ਵਿਚਰਦੇ ਗੱਲ-ਬਾਤ ਕਰਦੇ ਲੋਕ ਸਹਿਜ ਸੁਭਾਓ ਹੀ ਨਾਵਲ ਦੇ ਕਥਾਨਕ ਦਾ ਹਿੱਸਾ ਬਣ ਕੇ ਇਕ ਜਾਣਿਆ-ਪਛਾਣਿਆ ਪੇਂਡੂ ਪਰਿਵੇਸ਼ ਸਿਰਜ ਲੈਂਦੇ ਹਨ ਅਤੇ ਪਾਠਕ ਉਨ੍ਹਾਂ ਨਾਲ ਇਕ-ਮਿੱਕ ਹੋਇਆ ਉਨ੍ਹਾਂ ਨਾਲ ਜੁੜ ਜਾਂਦਾ ਹੈ। ਇਹ ਪਾਠਕੀ ਇਨਵਾਲਵਮੈਂਟ ਇਸ ਨਾਵਲ ਦੀ ਸਭ ਤੋਂ ਵੱਡੀ ਖੂਬੀ ਹੈ। ਦੂਸਰੇ ਇਹ ਪਾਤਰ ਜਿਵੇਂ ਹਨ ਉਵੇਂ ਹੀ ਵਿਚਰਦੇ ਹਨ ਤੇ ਪਾਠਕ ਦੇ ਮਨ ਤੇ ਆਪਣੀ ਛਾਪ ਛੱਡਦੇ ਜਾਂਦੇ ਹਨ। ਨਿਰਮਲਾ ਦਾ ਸਾਉਪਣ, ਤੋਤੀ ਦਾ ਬੜਬੋਲਾਪਣ, ਕੈਲਾਸ਼ ਦਾ ਜਿੱਦੀਪੁਣਾ, ਸਰੋਜ ਦਾ ਈਰਖਾਪਣ, ਬਲਦੇਵ ਦਾ ਮੁਹੱਬਤ ਲਈ ਸਮਰਪਣ ਭਾਵ ਆਦਿ ਉੱਘੜ ਕੇ ਸਾਮਣੇ ਆਉਂਦੇ ਹਨ। ਅਜਿਹੇ ਪਾਤਰ ਹਰ ਘਰ, ਹਰ ਪਰਿਵਾਰ, ਹਰ ਸਮਾਜ ਅਤੇ ਸਭਾ ਸੁਸਾਇਟੀ ਵਿਚ ਆਪਣੀ ਹਾਜ਼ਰੀ ਦਰਜ਼ ਕਰਾਉਂਦੇ ਅਸਾਨੀ ਨਜ਼ਰ ਆ ਜਾਂਦੇ ਹਨ। ਇਸੇ ਕਰਕੇ ਨਾਵਲ ਬੀ ਜੀ ਭਾਰਤੀ ਖ਼ਾਸ ਕਰਕੇ ਪੰਜਾਬੀ ਪੇਂਡੂ ਸਮਾਜ ਦੀ ਘਰ-ਘਰ ਦੀ ਕਹਾਣੀ ਪ੍ਰਤੀਤ ਹੁੰਦਾ ਹੈ। ਡਾ. ਸਚਿਨ ਨੇ ਆਪਣੇ ਇਸ ਨਾਵਲ ਰਾਹੀਂ ਬੀ ਜੀ ਉਰਫ਼ ਅੰਬੋ ਉਰਫ਼ ਨਿਰਮਲਾ ਪਾਤਰ ਨੂੰ ਸਦੀਵਤਾ ਪ੍ਰਦਾਨ ਕੀਤੀ ਹੈ ਅਤੇ ਨਾਵਲ ਵਿਚ ਅਜਿਹਾ ਪਰਿਵੇਸ਼ ਸਿਰਜਣਾ ਲੇਖਕ ਦੀ ਸਫਲਤਾ ਹੈ। ਨਾਵਲ ਕਥਾਨਕ ਦੀ ਗੁੰਦਵੀ ਗੋਂਦ, ਪ੍ਰਭਾਵਸ਼ਾਲੀ ਚੁਸਤ ਸੰਵਾਦਾਂ, ਸੁਭਾਵਿਕ ਮਾਨਸਿਕ ਚਰਿੱਤਰ ਚਿਤਰਣ, ਰੌਚਕ ਦ੍ਰਿਸ਼ਟਾਂਤਾਂ, ਵਾਤਾਵਰਨ ਦੀ ਕੁਦਰਤੀ ਉਸਾਰੀ ਅਤੇ ਮਲਵਈ ਮੁਹਾਵਰੇਦਾਰ ਬੋਲੀ-ਸ਼ੈਲੀ ਕਰਕੇ ਆਪਣੇ ਨਾਵਲੀ ਉਦੇਸ਼ ਦੀ ਪੂਰਤੀ ਕਰਦਾ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਤ੍ਰਾਤਸਕੀਵਾਦੀ ਹੋਣ ਦਾ ਅਰਥ
ਲੇਖਕ : ਰਾਜੇ ਤਿਆਗੀ
ਅਨੁਵਾਦ : ਰਾਜਿੰਦਰ ਕੁਮਾਰ
ਸੰਪਾਦਕ : ਸਰਬਜੀਤ ਸਿੰਘ ਸੰਧੂ
ਪ੍ਰਕਾਸ਼ਕ : ਕੈਫ਼ੇ ਵਰਲਡ, ਜਲੰਧਰ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 94179-62820
ਸੋਵੀਅਤ ਯੂਨੀਅਨ ਦੀ ਕਦੇ ਚੜ੍ਹਤ ਹੁੰਦੀ ਸੀ ਅਤੇ ਉਥੋਂ ਦਾ ਸਿਸਟਮ, ਨੇਤਾਵਾਂ ਅਤੇ ਲਿਟਰੇਚਰ ਦਾ ਆਪਣਾ ਇਕ ਮੁਕਾਮ ਹੁੰਦਾ ਸੀ। ਪਰ ਇਸ ਦੇ ਢਹਿ-ਢੇਰੀ ਹੋਣ ਉਪਰੰਤ ਕੇਵਲ ਰੂਸ ਰਹਿ ਗਿਆ, ਜਿਸ ਨੇ ਪੱਛਮੀ ਦੇਸ਼ਾਂ ਦੀਆਂ ਨੀਤੀਆਂ ਵਿਰੁੱਧ ਯੂਕਰੇਨ ਨਾਲ ਜੰਗ ਛੇੜ ਰੱਖੀ ਹੈ। ਇਸ ਪੁਸਤਕ ਵਿਚ 10 ਕੁ ਲੇਖ ਹਨ ਜੋ ਤ੍ਰਾਤਸਕੀਵਾਦੀ ਹੋਣ ਦੇ ਅਰਥਾਂ ਨੂੰ ਨਵੇਂ ਨਜ਼ਰੀਏ ਤੋਂ ਸਮਝਣ-ਸਮਝਾਉਣ ਦਾ ਯਤਨ ਕਰਦੇ ਹਨ। ਪਹਿਲਾ ਹੀ ਲੇਖ ਜਿਸ ਦੇ ਨਾਂਅ 'ਤੇ ਕਿਤਾਬ ਨੂੰ ਟਾਈਟਲ ਦਿੱਤਾ ਗਿਆ ਹੈ, ਵਿਚੋਂ ਕੁਝ ਸਤਰਾਂ ਜਿਵੇਂ : ਲੈਨਿਨ ਅਤੇ ਤ੍ਰਾਤਸਕੀ ਇਕ-ਦੂਜੇ ਨਾਲ ਸਹਿਮਤ ਅਤੇ ਅਸਹਿਮਤ ਸਨ। ਤ੍ਰਾਤਸਕੀ ਦੇ ਇਨਕਲਾਬ ਦੇ ਸਿਧਾਂਤ ਦੀ ਗੂੰਜ 1906 ਵਿਚ ਲਿਖੀ ਉਸ ਦੀ ਪ੍ਰਭਾਵਸ਼ਾਲੀ ਰਚਨਾ ਰੂਸੀ ਇਨਕਲਾਬ : ਨਤੀਜੇ ਅਤੇ ਭਵਿੱਖ ਵਿਚ ਸੁਣੀ ਗਈ। ਇਸ ਨੇ ਇਸ ਦੇ ਸਥਾਈ ਇਨਕਲਾਬ ਦੇ ਪ੍ਰਸਿੱਧ ਥੀਸਿਸ ਵਜੋਂ ਅੰਤਿਮ ਰੂਪ ਹਾਸਿਲ ਕੀਤਾ।
ਦੂਸਰੇ ਲੇਖ ਇਕ ਮੁਲਕ 'ਚ ਸਮਾਜਵਾਦ ਜਾਂ ਸਥਾਈ ਇਨਕਲਾਬ? ਵਿਚ ਪ੍ਰਸ਼ਨ-ਉੱਤਰ ਰਾਹੀਂ ਇਸ ਲੇਖ ਦੇ ਟਾਈਟਲ ਦੇ ਸੰਦਰਭ ਵਿਚ ਇਸ ਲੇਖ ਦੇ ਵਿਸ਼ੇ ਤੇ ਮਕਸਦ ਨੂੰ ਸਮਝਿਆ ਜਾ ਸਕਦਾ ਹੈ। ਤੀਸਰੇ ਲੇਖ ਸਟਾਲਿਨ ਨੇ, ਇਨਕਲਾਬ ਵਿਰੁੱਧ ਲਾਮਬੰਦੀ ਕਰਦਿਆਂ ਹੋਇਆਂ ਸੱਤਾ ਕਿਵੇਂ ਹੜੱਪੀ? ਸਟਾਲਿਨ ਨੂੰ ਇਕ ਡਿਕਟੇਟਰ ਤੇ ਜਾਬਰ ਵਜੋਂ ਦਰਸਾਇਆ ਗਿਆ ਹੈ, ਜਿਸ ਨੇ ਲੱਖਾਂ ਲੋਕਾਂ ਨੂੰ ਜੇਲ੍ਹ ਸੁੱਟਿਆ ਜਾਂ ਮੌਤ ਦੇ ਘਾਟ ਉਤਾਰਿਆ। ਉਸ ਨੂੰ ਹਿਟਲਰ ਵਾਂਗ ਹੀ ਯਹੂਦੀਆਂ ਦਾ ਦੁਸ਼ਮਣ ਵੀ ਐਲਾਨਿਆ ਗਿਆ? ਇਹ ਕੱਚ-ਸੱਚ ਹੋਰ ਪੜਤਾਲ ਦੀ ਮੰਗ ਕਰਦਾ ਹੈ। ਮਹਾਨ ਅਕਤੂਬਰ - ਇਨਕਲਾਬ ਅਤੇ ਸਾਡੇ ਕੰਮ-- ਨਾਮੀ ਲੇਖ ਦੇ ਵੀ ਕੁਝ ਦਿਲਚਸਪ ਪਹਿਲੂ ਹਨ। ਜਿਵੇਂ ਇਸ ਲੇਖ ਦੇ ਇਕ ਪੈਰ੍ਹੇ ਵਿਚ ਕੁਝ ਸਤਰਾਂ ਤੋਂ ਗਿਆਤ ਹੁੰਦਾ ਹੈ--ਅਕਤੂਬਰ ਦੌਰਾਨ ਅਸਲ ਸੰਘਰਸ਼ ਦੇ ਅਖਾੜੇ ਵਿਚ ਵੱਖ-ਵੱਖ ਮੱਤਾਂ ਦੀ ਪਰਖ ਹੋਈ ਅਤੇ ਜਿਉਂ ਹੀ ਇਹ ਅੱਗੇ ਵਧਿਆ ਇਸ ਨੇ, ਇਨ੍ਹਾਂ ਮੱਤਾਂ ਨੂੰ ਜਾਂ ਤਾਂ ਨਕਾਰ ਦਿੱਤਾ ਜਾਂ ਅਪਣਾ ਲਿਆ।
ਪੁਸਤਕ ਦੇ ਹੋਰ ਵੀ ਲੇਖ ਪੜ੍ਹਨੇ ਬਣਦੇ ਹਨ। ਸੋਵੀਅਤ ਯੂਨੀਅਨ ਅਤੇ ਸਮਾਜਵਾਦ ਤੇ ਕਮਿਊਨਿਸਟ ਦੀ ਵਿਚਾਰਧਾਰਾ ਅਤੇ ਪ੍ਰਾਪਤੀਆਂ-ਅਪ੍ਰਾਪਤੀਆਂ ਦੇ ਖ਼ੁਲਾਸਿਆਂ ਵਿਚ ਰੁਚੀ ਰੱਖਣ ਵਾਲੇ ਪਾਠਕ ਤੇ ਸਿਖਿਆਰਥੀ ਜ਼ਰੂਰ ਇਸ ਕਿਤਾਬ ਤੋਂ ਆਪੋ-ਆਪਣੇ, ਸ਼ੰਕੇ ਜਿੱਥੇ ਨਿਵਿਰਤ ਕਰਨਗੇ, ਉਥੇ ਹੋਰ ਬਹੁਤ ਕੁਝ ਗ੍ਰਹਿਣ ਕਰਦਿਆਂ ਆਪਣਾ ਇਕ ਮੱਤ ਜਾਂ ਵਿਚਾਰ ਬਣਾਉਣ ਵਿਚ ਵੀ ਸਫ਼ਲ ਹੋਣਗੇ। ਸੰਪਾਦਕਾਂ ਸਰਬਜੀਤ ਸਿੰਘ ਸੰਧੂ, ਰਾਜਿੰਦਰ ਕੁਮਾਰ ਦਾ ਇਹ ਯਤਨ ਆਪਣੇ-ਆਪ ਵਿਚ ਕਾਮਯਾਬ ਰਿਹਾ ਹੈ ਅਤੇ ਉਹ ਅੱਗਿਓਂ ਵੀ ਅਜਿਹੀਆਂ ਭਰਪੂਰ ਕੋਸ਼ਿਸ਼ਾਂ ਕਰਦੇ ਰਹਿਣਗੇ।
-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693
ਜ਼ਿੰਦਗੀ ਦੇ ਬਾਕਮਾਲ ਰਹੱਸ
ਲੇਖਕ : ਗੌਰ ਗੋਪਾਲ ਦਾਸ
ਅਨੁ: ਡਾ. ਲਖਵੀਰ ਸਿੰਘ ਜੱਟਪੁਰਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 215
ਸੰਪਰਕ : 98147-32198
ਇਸ ਪੁਸਤਕ ਦਾ ਲੇਖਕ ਇੰਜੀਨੀਅਰ ਹੈ, ਜਿਸ ਨੇ ਨੌਕਰੀ ਛੱਡ ਕੇ ਮੁੰਬਈ ਵਿਚ ਸੰਨਿਆਸੀ ਹੋ ਕੇ ਜੀਵਨ ਬਤੀਤ ਕਰਨ ਦੇ ਖਿਆਲ ਨਾਲ ਇਕ ਆਸ਼ਰਮ ਵਿਖੇ ਰਹਿਣਾ ਸ਼ੁਰੂ ਕੀਤਾ। ਪੁਸਤਕ ਦੀ ਰੂਪ-ਰੇਖਾ ਇਸ ਤਰ੍ਹਾਂ ਹੈ: ਸੰਪੂਰਨਤਾ ਅਤੇ ਸੰਤੁਲਨ ਭਰਪੂਰ ਜ਼ਿੰਦਗੀ ਜਿਊਣਾ, ਜ਼ਿੰਦਗੀ ਦੇ ਬਾਕਮਾਲ ਰਹੱਸਾਂ ਵਿਚੋਂ ਇਕ ਹੈ, ਜਿਸ ਨੂੰ ਪੁਸਤਕ ਵਿਚ ਪ੍ਰਸਤੁਤ ਕੀਤਾ ਗਿਆ ਹੈ। ਜ਼ਿੰਦਗੀ ਦਾ ਰਹੱਸ ਸੰਤੁਲਨ ਲੱਭਣਾ ਹੈ। ਜਿਸ ਤਰ੍ਹਾਂ ਗੱਡੀ ਚਾਰ ਚੱਕਿਆਂ ਉੱਪਰ ਸੰਤੁਲਨ ਬਣਾਉਂਦੀ ਹੈ, ਉਸੇ ਤਰ੍ਹਾਂ ਜ਼ਿੰਦਗੀ ਦੇ ਚਾਰ ਚੱਕਿਆਂ ਵਿਚ ਸੰਤੁਲਨ ਬਣਾਉਣ ਦੀ ਲੋੜ ਹੁੰਦੀ ਹੈ। ਇਹ ਚਾਰ ਚੱਕੇ ਹਨ : 1. ਨਿੱਜੀ ਜ਼ਿੰਦਗੀ, 2. ਰਿਸ਼ਤੇ, 3. ਕੰਮਕਾਜ਼ੀ ਜ਼ਿੰਦਗੀ, 4. ਸਮਾਜ ਨੂੰ ਦੇਣ। ਇਨ੍ਹਾਂ ਚਾਰ ਚੱਕਿਆਂ ਦੀ ਵਿਆਖਿਆ 20 ਕਾਂਡਾਂ ਵਿਚ ਕੀਤੀ ਗਈ ਹੈ। 1. ਚਾਬੀਆਂ ਭੁੱਲਣਾ (ਜਦੋਂ ਤੁਸੀਂ ਸਫਲ ਹੋ ਜਾਓ ਤਾਂ ਖ਼ੁਸ਼ੀ ਦੀਆਂ ਚਾਬੀਆਂ ਨਾ ਭੁੱਲ ਜਾਣਾ, 2. ਦਿਖਦੇ ਤੋਂ ਪਾਰ ਦੇਖਣਾ (ਹਾਸਿਆਂ ਦੇ ਓਹਲੇ ਹਰ ਕੋਈ ਇਕ ਨਿੱਜੀ ਸੰਘਰਸ਼ 'ਚੋਂ ਲੰਘ ਰਿਹਾ ਹੈ, ਜਿਸ ਬਾਰੇ ਅਸੀਂ ਕੁਝ ਨਹੀਂ ਜਾਣਦੇ), 3. ਸਫਰ ਦੀ ਸ਼ੁਰੂਆਤ (ਤੁਹਾਡੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਨ ਅਤੇ ਉਨ੍ਹਾਂ 'ਤੇ ਚਰਚਾ ਕਰਨ ਲਈ ਇਕ ਮਿੱਤਰ ਦਾ ਹੋਣਾ, ਉਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਸ਼ੁਰੂਆਤ ਹੈ), 4. ਸ਼ੁਕਰ ਵਿਚ ਵਿਗਸਣਾ (ਸਾਨੂੰ ਸਭ ਤੋਂ ਖਰਾਬ ਸਥਿਤੀਆਂ ਵਿਚ ਵੀ ਚੰਗਿਆਈ ਲੱਭਣੀ ਚਾਹੀਦੀ ਹੈ ਅਤੇ ਸ਼ੁਕਰਾਨੇ ਦੇ ਸਿਧਾਂਤ ਨਾਲ ਜੀਣਾ ਚਾਹੀਦਾ ਹੈ), 5. ਜ਼ਰਾ ਰੁਕੋ (ਸਮੇਂ-ਸਮੇਂ ਤੋਂ ਰੁਕੋ ਅਤੇ ਆਪਣੀ ਜ਼ਿੰਦਗੀ ਉੱਪਰ ਵਿਚਾਰ ਕਰੋ), 6. ਚਿੰਤਾ ਕਿਉਂ (ਜਦ ਹਾਲਾਤ ਵਸੋਂ ਬਾਹਰ ਹੋਣ ਤੇ ਤੁਸੀਂ ਕੁਝ ਕਰਨ ਦੀ ਸਥਿਤੀ 'ਚ ਨਾ ਹੋਵੋ, ਤਾਂ ਚਿੰਤਾ ਕਿਉਂ?), 7. ਅਧਿਆਤਮਕ ਅਭਿਆਸ (ਅਧਿਆਤਮਿਕ ਅਭਿਆਸ ਸਾਡੀ ਖ਼ੁਸ਼ੀ ਦੀ ਬੁਨਿਆਦ), 8. ਸੰਵੇਦਨਸ਼ੀਲ ਬੋਲੀ (ਇਕ-ਦੂਜੇ ਨਾਲ ਸੰਵੇਦਨਸ਼ੀਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ), 9. ਸਦਾਚਾਰੀ ਦ੍ਰਿਸ਼ਟੀਕੋਣ (ਦੂਜਿਆਂ ਨੂੰ ਸਮਝਣ ਲਈ ਉਹ ਰਾਹ ਚੁਣਨਾ ਚਾਹੀਦਾ ਹੈ, ਜੋ ਸਾਕਾਰਾਤਮਿਕਤਾ ਵਧਾਉਂਦਾ ਹੈ ਅਤੇ ਨਾਕਾਰਾਤਮਿਕ ਤੋਂ ਬਚਾਉਂਦਾ ਹੈ। 10, ਸੁਚੇਤ ਸੁਧਾਰ (ਸੁਧਰਨ ਲਈ ਦਿੱਤਾ ਸੁਝਾਅ ਸਾਡੇ ਰਿਸ਼ਤੇ ਨੂੰ ਬਣਾ ਜਾਂ ਤੋੜ ਸਕਦਾ ਹੈ), 11. ਮੁਆਫ਼ ਕਰਨਾ (ਨਫ਼ਰਤ ਕਦੇ ਵੀ ਨਫ਼ਰਤ ਨਹੀਂ ਮਿਟਾ ਸਕਦੀ, ਸਿਰਫ਼ ਪਿਆਰ ਹੀ ਅਜਿਹਾ ਕਰ ਸਕਦਾ ਹੈ), 12. ਸੰਬੰਧਾਂ ਦੀ ਅਹਿਮੀਅਤ (ਸਾਡੇ ਰਿਸ਼ਤੇ ਉਦੋਂ ਮਜ਼ਬੂਤ ਹੁੰਦੇ ਹਨ, ਜਦੋਂ ਉਨ੍ਹਾਂ ਵਿਚ ਅਧਿਆਤਮਿਕ ਤੱਤ ਹੁੰਦਾ ਹੈ), 13. ਹਰ ਤਰਫ਼ ਮੁਕਾਬਲਾ (ਆਪਣਾ ਮੁਕਾਬਲਾ ਖ਼ੁਦ ਨਾਲ ਕਰਨ ਦੀ ਬਜਾਏ ਦੂਜਿਆਂ ਨਾਲ ਕਰਨਾ ਹੁੰਦਾ ਹੈ), 14. ਆਤਮ ਖੋਜ (ਆਪਣਾ ਉਦੇਸ਼ ਲੱਭਣ ਲਈ ਤੁਹਾਨੂੰ ਆਤਮ-ਖੋਜ ਦੀ ਯਾਤਰਾ ਉੱਪਰ ਨਿਕਲਣਾ ਪਵੇਗਾ), 15. ਕੰਮ ਦੌਰਾਨ ਅਧਿਆਤਮਿਕਤਾ ਦੀ ਖੋਜ (ਸਾਨੂੰ ਜੀਵਨ ਵਿਚ ਅਧਿਆਤਮਿਕ ਬਣਨ ਦੀ ਇੱਛਾ ਨਹੀਂ ਰੱਖਣੀ ਚਾਹੀਦੀ ਹੈ), 16. ਅਖੰਡਤਾ ਅਤੇ ਚਰਿੱਤਰ (ਅਧਿਆਤਮਿਕਤਾ ਚੰਗੇ ਚਰਿੱਤਰ ਦੇ ਵਿਕਾਸ ਵਿਚ ਮਦਦ ਕਰਦੀ ਹੈ), 17. ਨਿਸ਼ਕਾਮ ਤਿਆਗ (ਜ਼ਿੰਦਗੀ ਸਵਾਰਥੀ ਹੋਣ ਤੋਂ ਨਿਰਸਵਾਰਥੀ ਹੋਣ ਦਾ ਸਫਰ ਹੈ), 18. ਪਹਿਲਾਂ ਪਰਿਵਾਰ (ਨਿਰਸਵਾਰਥ ਹੋਣ ਦਾ ਪਹਿਲਾ ਕਦਮ ਆਪਣੇ ਪਰਿਵਾਰ ਤੋਂ ਸ਼ੁਰੂ ਹੁੰਦਾ ਹੈ), 19. ਰਾਸ਼ਟਰ ਦੀ ਗੱਲ (ਅਸੀਂ ਰਾਸ਼ਟਰੀ ਦੀ ਸੇਵਾ ਕਰਨ ਲਈ ਆਪਣੀ ਨਿਰਸਵਾਰਥਤਾ ਨੂੰ ਵਧਾ ਸਕਦੇ ਹਨ), 20. ਸੇਵਾ ਵਿਚ ਅਨੰਦ (ਸੇਵਾ ਭਾਵਨਾ ਵਿਚ ਅਧਿਆਤਮਿਕਤਾ ਦਾ ਮਿਸ਼ਰਨ ਇਸ ਨੂੰ ਹੋਰ ਵੀ ਸੰਤੋਖਜਨਕ ਬਣਾ ਸਕਦਾ ਹੈ।)
ਪੁਸਤਕ ਦੀ ਗੈੱਟਅੱਪ, ਛਪਾਈ ਅਤੇ ਸਮੁੱਚੀ ਦਿੱਖ ਬਹੁਤ ਸੋਹਣੀ ਹੈ। ਡਾ. ਲਖਵੀਰ ਸਿੰਘ ਜਟਪੁਰਾ ਨੇ ਇਕ ਸਫਲ ਅਨੁਵਾਦਕ ਵਜੋਂ ਸ਼ਲਾਘਾਯੋਗ ਕੰਮ ਕੀਤਾ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241