09-09-2024
ਆਤਮ-ਹੱਤਿਆਵਾਂ
ਅੱਜ ਕੱਲ੍ਹ ਆਤਮ ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਵਧ ਰਿਹਾ ਹੈ। ਆਤਮ ਹੱਤਿਆਵਾਂ ਦੀਆਂ ਖ਼ਬਰਾਂ ਅੱਜ ਕੱਲ੍ਹ ਰੋਜ਼ਾਨਾ ਅਖ਼ਬਾਰ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ। ਸਾਡੇ ਸਮਾਜ ਸਾਹਮਣੇ ਅੱਜ ਇਹ ਸਭ ਤੋਂ ਵੱਡਾ ਸਵਾਲ ਹੈ। ਮਰਦ-ਔਰਤ, ਬੱਚੇ-ਬੁੱਢੇ, ਅਮੀਰ-ਗ਼ਰੀਬ ਸਭ ਵਰਗ ਵਿਚ ਇਹ ਵੇਖਣ ਸੁਣਨ ਨੂੰ ਮਿਲ ਰਿਹਾ ਹੈ। ਸਮਝ ਨਹੀਂ ਆਉਂਦੀ ਕਿ ਇਹੋ ਜਿਹੀ ਕਿਹੜੀ ਚੀਜ਼ ਇਨਸਾਨ ਨੂੰ ਮਜਬੂਰ ਕਰ ਦਿੰਦੀ ਹੈ ਕਿ ਉਹ ਆਪਣਾ ਕਦਮ ਆਤਮਹੱਤਿਆ ਵੱਲ ਲੈ ਜਾਂਦਾ ਹੈ। ਜ਼ਿੰਦਗੀ ਇਨਸਾਨ ਨੂੰ ਕੋਈ ਵਾਰ-ਵਾਰ ਥੋੜ੍ਹਾ ਮਿਲਦੀ ਹੈ। ਇੰਝ ਲੱਗਦਾ ਹੈ ਜਿਵੇਂ ਇਨਸਾਨ ਦੀ ਜਗਿਆਸਾ, ਉਮੀਦਾਂ, ਤ੍ਰਿਸ਼ਨਾ, ਉਸ ਦੀਆਂ ਜ਼ਰੂਰਤਾਂ ਤੋਂ ਵਧ ਲੋੜਾਂ, ਉਸ ਦੀਆਂ ਉਮੀਦਾਂ ਹੀ ਬਹੁਤ ਵਧ ਗਈਆਂ ਹਨ, ਜੇ ਇਨ੍ਹਾਂ ਵਿਚੋਂ ਕੋਈ ਪੂਰੀ ਨਾ ਹੋਵੇ ਤਾਂ ਇਨਸਾਨ ਅੰਦਰ ਹੀ ਅੰਦਰ ਮਰਦਾ ਰਹਿੰਦਾ ਹੈ ਅਤੇ ਉਸ ਮੋੜ ਤੱਕ ਪਹੁੰਚ ਜਾਂਦਾ ਹੈ, ਜਿਸ 'ਤੇ ਜਾ ਕੇ ਉਹ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਂਦਾ ਹੈ, ਆਤਮ ਹੱਤਿਆ ਕਰਨਾ ਉਸ ਦੀ ਮਜਬੂਰੀ ਬਣ ਜਾਂਦੀ ਹੈ। ਅੱਜ ਜ਼ਰੂਰੀ ਹੈ ਇਹੋ ਜਿਹੀਆਂ ਘਟਨਾਵਾਂ 'ਤੇ ਚਿੰਤਾ ਕਰਨ ਅਤੇ ਸੋਚਣ ਦੀ। ਆਤਮ ਹੱਤਿਆਵਾਂ ਸਾਡੇ ਸਮੁੱਚੇ ਸਮਾਜ 'ਤੇ ਧੱਬਾ ਲਾ ਰਹੀਆਂ ਹਨ। ਮਨੁੱਖ ਨੂੰ ਦੁੱਖ ਜਾਂ ਮੁਸ਼ਕਿਲ ਵੇਖ ਕੇ ਘਬਰਾਉਣਾ ਨਹੀਂ ਚਾਹੀਦਾ, ਸਗੋਂ ਉਸ ਮੁਸ਼ਕਿਲ ਦਾ ਹੱਲ ਕੱਢਣ ਲਈ ਯਤਨ ਕਰਨੇ ਚਾਹੀਦੇ ਹਨ। ਜਿਵੇਂ ਦਿਨ ਤੋਂ ਰਾਤ ਅਤੇ ਹਨੇਰੇ ਤੋਂ ਬਾਅਦ ਚਾਨਣ ਨੇ ਆਉਣਾ ਹੀ ਹੁੰਦਾ ਹੈ। ਉਸੇ ਤਰ੍ਹਾਂ ਦੁੱਖ ਅਤੇ ਮੁਸ਼ਕਿਲ ਤੋਂ ਬਾਅਦ ਸੁੱਖ ਨੇ ਆਉਣਾ ਹੀ ਹੈ। ਸਾਨੂੰ ਹਰ ਮੁਸੀਬਤ ਦਾ ਨਿਡਰ ਹੋ ਕੇ ਹੌਸਲਾ ਬਣਾ ਕੇ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਆਤਮ ਹੱਤਿਆਵਾਂ ਵਰਗੀਆਂ ਘਟਨਾਵਾਂ ਤੋਂ ਪਾਸਾ ਵੱਟ ਲੈਣਾ ਚਾਹੀਦਾ ਹੈ।
-ਗੌਰਵ ਮੁੰਜਾਲ ਪੀ.ਸੀ.ਐਸ.
ਵਧ ਰਹੇ ਬਜ਼ੁਰਗ ਆਸ਼ਰਮ
ਮਨੁੱਖੀ ਰਿਸ਼ਤੇ ਦਾ ਆਪਣਾ-ਆਪਣਾ ਖ਼ਾਸ ਮਹੱਤਵ ਹੈ। ਔਲਾਦ ਦਾ ਆਪਣੇ ਮਾਤਾ-ਪਿਤਾ ਨਾਲ ਵੀ ਰਿਸ਼ਤਾ ਅਸੀਮ ਸੁੱਖ ਦੇਣ ਵਾਲਾ ਹੈ। ਦੁਨੀਆ ਦੀ ਬਹੁ-ਗਿਣਤੀ ਵਿਖਾਵੇ ਵਿਚ ਫਸੀ ਹੋਣ ਦੇ ਕਾਰਨ ਮਨੁੱਖੀ ਫਰਜ਼ਾਂ ਨੂੰ ਭੁਲਾਈ ਬੈਠੀ ਹੈ। ਅੱਜ ਤੋਂ ਕੁਝ ਚਿਰ ਪਹਿਲਾਂ ਪੰਜਾਬ ਅੰਦਰ ਬਿਰਧ ਆਸ਼ਰਮ ਨਾਂਅ ਦੀ ਕੋਈ ਵੀ ਸੰਸਥਾ ਵੇਖਣ ਨੂੰ ਨਹੀਂ ਸੀ ਮਿਲਦੀ ਪਰ ਅੱਜ ਪੰਜਾਬ ਵਿਚ ਵਧ ਰਹੀਆਂ ਬਿਰਧ ਆਸ਼ਰਮ ਨਾਂਅ ਦੀਆਂ ਸੰਸਥਾਵਾਂ ਪੰਜਾਬ ਦੇ ਮੱਥੇ 'ਤੇ ਕਲੰਕ ਹਨ। ਇਨ੍ਹਾਂ ਬਿਰਧ ਆਸ਼ਰਮਾਂ ਵਿਚ ਉਹ ਬਜ਼ੁਰਗ ਜਾਣ. ਜਿਨ੍ਹਾਂ ਦਾ ਕੋਈ ਧੀ-ਪੁੱਤਰ ਨਹੀਂ ਜਾਂ ਕੋਈ ਰਿਸ਼ਤੇਦਾਰ ਨਹੀਂ, ਤਾਂ ਕੋਈ ਹਰਜ਼ ਨਹੀਂ ਪਰ ਜ਼ਿਆਦਾਤਰ ਇਨ੍ਹਾਂ ਆਸ਼ਰਮਾਂ ਅੰਦਰ ਉਹ ਬਜ਼ੁਰਗ ਹਨ, ਜਿਹੜੇ ਖ਼ੁਦ ਔਲਾਦ ਵਾਲੇ ਹੁੰਦੇ ਹਨ ਪਰ ਕੀ ਕਾਰਨ ਹਨ ਕਿ ਇਨ੍ਹਾਂ ਦੇ ਬੱਚੇ ਇਨ੍ਹਾਂ ਨੂੰ ਘਰ ਰੱਖਣ ਲਈ ਤਿਆਰ ਨਹੀਂ? ਜਿਹੜੇ ਮਨੁੱਖ ਆਪਣੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਹਨ ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਵੀ ਸੋਚਣਾ ਚਾਹੀਦਾ ਹੈ। ਸਾਡੇ ਬੱਚੇ ਵੀ ਸਾਡੇ ਨਾਲ ਇਹੋ ਜਿਹਾ ਹੀ ਸਲੂਕ ਕਰਨਗੇ? ਬਜ਼ੁਰਗਾਂ ਦੀ ਸੇਵਾ ਛੱਡ ਕੇ ਤੀਰਥਾਂ 'ਤੇ ਇਸ਼ਨਾਨ ਕਰਨੇ, ਪੁੰਨ ਦਾਨ ਕਰਨਾ ਸਭ ਵਿਅਰਥ ਹਨ। ਆਓ, ਪੰਜਾਬ ਵਾਸੀਓ, ਬਿਰਧ ਆਸ਼ਰਮ ਜੋ ਵਧ ਰਹੇ ਹਨ ਇਹ ਸਾਡੇ ਲਈ ਸ਼ਰਮ ਵਾਲੀ ਗੱਲ ਹੈ। ਇਸ ਨੂੰ ਠੱਲ੍ਹ ਤਾਂ ਹੀ ਪਾਈ ਜਾ ਸਕਦੀ ਹੈ, ਜੇ ਅਸੀਂ ਆਪਣੇ ਬਜ਼ੁਰਗਾਂ ਨੂੰ ਘਰਾਂ ਅੰਦਰ ਸਨਮਾਨ ਦੇਈਏ ਅਤੇ ਉਨ੍ਹਾਂ ਦਾ ਪਿਆਰ ਮਾਣੀਏ, ਇਹੋ ਹੀ ਬੈਕੁੰਠ ਹੈ।
-ਰਿੰਕਲ ਮੁੱਖ ਅਧਿਆਪਕਾ ਫਿਰੋਜ਼ਪੁਰ।
ਰੁੱਖ ਸੰਭਾਲੋ
ਅਜੋਕੇ ਮਨੁੱਖ ਦੀ ਮੁਢਲੀ ਲੋੜ ਰੁੱਖਾਂ ਨੂੰ ਬਚਾਉਣਾ ਹੈ। ਸਾਵਣ, ਭਾਦੋਂ ਦੋ ਮਹੀਨੇ ਰੁੱਖ ਲਗਾਉਣ ਦਾ ਵਧੀਆ ਸਮਾਂ ਹੈ। ਜਿੰਨਾ ਜ਼ਰੂਰੀ ਨਵੇਂ ਰੁੱਖਾਂ ਨੂੰ ਲਗਾਉਣਾ ਹੈ, ਉਸ ਤੋਂ ਵਧੇਰੇ ਲੱਗੇ ਹੋਏ ਰੁੱਖਾਂ ਨੂੰ ਸੰਭਾਲਨਾ ਜ਼ਰੂਰੀ ਹੈ। ਸਿਰਫ਼ ਦਿਖਾਵੇ ਅਤੇ ਗਿਣਤੀ ਲਈ ਰੁੱਖ ਲਗਾਉਣ ਦੀ ਬਜਾਏ, ਸੌ ਦੀ ਜਗ੍ਹਾ ਭਾਵੇਂ ਦੋ ਰੁੱਖ ਲਗਾ ਲਈਏ, ਪਰ ਉਨ੍ਹਾਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰੀਏ। ਰੁੱਖਾਂ ਦੇ ਵਧਣ-ਫੁੱਲਣ ਨਾਲ ਹੀ ਸਾਡੇ ਚੁਗਿਰਦੇ ਵਿਚ ਬਹਾਰ ਆਵੇਗੀ। ਸਾਡੇ ਲਗਾਏ ਦੋ ਰੁੱਖਾਂ ਦੀ ਅਹਿਮੀਅਤ ਅਨੇਕਾਂ ਉਨ੍ਹਾਂ ਖਿਲਾਰੇ ਬੀਜਾਂ ਤੋਂ ਵਧੇਰੇ ਹੋਵੇਗੀ, ਜੋ ਪੁੰਗਰਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਹਾਂ, ਇਹ ਜ਼ਰੂਰੀ ਹੈ ਕਿ ਹੁਣ ਟਾਵੇਂ ਟੱਲੇ ਰੁੱਖਾਂ ਨਾਲ ਗੁਜ਼ਾਰਾ ਨਹੀਂ ਹੋਣਾ। ਸਾਨੂੰ ਜੰਗਲ ਵਿਕਸਿਤ ਕਰਨ ਦੀ ਲੋੜ ਹੈ। ਜੰਗਲਾਂ ਨੂੰ ਮੁੜ ਵਿਕਸਿਤ ਕਰਨ ਲਈ ਬਹੁਤ ਹੀ ਜ਼ਿਆਦਾ ਯਤਨ ਕਰਨੇ ਪੈਣਗੇ, ਪਤਾ ਨਹੀਂ ਕਿੰਨੇ ਕੁ ਸਾਲ ਯਤਨ ਕਰਨ ਤੋਂ ਬਾਅਦ ਉਸ ਤਰ੍ਹਾਂ ਦੇ ਜੰਗਲ ਫਿਰ ਤੋਂ ਆਬਾਦ ਹੋ ਸਕਣਗੇ। ਅਜੋਕਾ ਮਨੁੱਖ ਇਹ ਭੁੱਲ ਰਿਹਾ ਹੈ, ਕਿ ਰੁੱਖਾਂ ਬਿਨਾਂ ਸਾਹ ਲੈਣਾ ਕਿੰਨਾ ਮੁਸ਼ਕਿਲ ਹੋ ਜਾਵੇਗਾ, ਆਪਣੇ ਨਿੱਜੀ ਸਵਾਰਥ ਲਈ ਰੁੱਖਾਂ ਨੂੰ ਵੱਢ ਕੇ ਨੁਕਸਾਨ ਪਹੁੰਚਾ ਰਿਹਾ ਹੈ, ਜੰਗਲਾਂ ਨੂੰ ਤਬਾਹ ਕਰ ਰਿਹਾ ਹੈ। ਜੋ ਲੋਕ ਰੁੱਖਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਉਨ੍ਹਾਂ 'ਤੇ ਸਖ਼ਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ। ਰੁੱਖਾਂ ਨਾਲ ਵਧੀਕੀ ਕਰਨ ਵਾਲਿਆਂ ਵਿਰੁੱਧ ਜੋ ਕਾਨੂੰਨ ਬਣਿਆ ਹੈ ਉਸ ਨੂੰ ਕਾਗਜ਼ਾਂ ਵਿਚ ਦਫ਼ਨਾਉਣ ਦੀ ਬਜਾਏ ਅਮਲੀ ਜਾਮਾ ਪਹਿਨਾਇਆ ਜਾਵੇ।
-ਕਮਲਜੀਤ ਕੌਰ ਗੁੰਮਟੀ
ਬਰਨਾਲਾ
ਮੁਫ਼ਤ ਦੀਆਂ ਸਹੂਲਤਾਂ
ਹਰਿਆਣਾ, ਜੰਮੂ-ਕਸ਼ਮੀਰ 'ਚ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਨੇ ਕਰ ਦਿੱਤਾ ਹੈ। ਅਕਸਰ ਹੀ ਚੋਣਾਂ ਦੌਰਾਨ ਗੰਭੀਰ ਸਵਾਲ ਉੱਠਦੇ ਰਹਿੰਦੇ ਹਨ। ਰਾਜਨੀਤਕ ਪਾਰਟੀਆਂ ਲੋਕਾਂ ਨੂੰ ਮੁਫ਼ਤ ਦੀ ਸਹੂਲਤਾਂ ਦੇ ਲਾਲਚ ਦੇ ਚੋਣਾਂ ਸਮੇਂ ਦਾਅ ਖੇਡ ਪ੍ਰਦੇਸ਼ ਨੂੰ ਕਰਜ਼ਾਈ ਕਰ ਨਕਾਰਾ ਕਰ ਰਹੀਆਂ ਹਨ। ਜੰਮੂ-ਕਸ਼ਮੀਰ ਵਿਚ ਪੀ.ਡੀ.ਪੀ. ਦੀ ਨੇਤਾ ਨੇ ਮੁਫਤ ਦੀਆਂ ਸਹੂਲਤਾਂ ਦੀ ਆਪਣੇ ਮੈਨੀਫੈਸਟੋ 'ਚ ਝੜੀ ਲਗਾ ਦਿੱਤੀ ਹੈ। ਅਪਰਾਧਿਕ ਪ੍ਰਵਿਰਤੀ ਵਾਲੇ ਉਮੀਦਵਾਰ ਚੋਣਾਂ ਜਿੱਤ ਮੁਲਕ ਨੂੰ ਲੁੱਟ ਕੇ ਖਾਂਦੇ ਹਨ। ਜਾਤ-ਪਾਤ 'ਚ ਵੰਡ ਪਾ ਵੋਟਾਂ ਬਟੋਰੀਆਂ ਜਾਂਦੀਆਂ ਹਨ। ਹੁਣ ਜਦੋਂ ਦੋ ਰਾਜਾਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ, ਵੋਟਰਾਂ ਨੂੰ ਸੋਚ ਸਮਝ ਇਮਾਨਦਾਰ, ਪੜ੍ਹੇ-ਲਿਖੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ, ਜੋ ਬੇਦਾਗ ਤੇ ਮੁਫ਼ਤ ਸਹੂਲਤਾਂ ਵੰਡਣ ਤੇ ਲੋਕਾਂ ਨੂੰ ਨਕਾਰਾ ਬਣਾਉਣ ਵਾਲਾ ਨਾ ਹੋਵੇ। ਭਾਜਪਾ, ਜੋ ਪੂਰਨ ਬਹੁਮਤ 'ਚ ਹੈ, ਨੂੰ ਸਦਨ 'ਚ ਕਾਨੂੰਨ ਬਣਾ ਦਾਗੀਆਂ ਦੇ ਚੋਣ ਲੜਨ 'ਤੇ ਪਾਬੰਦੀ ਲਗਾ ਮੁਫਤ ਰਿਓੜੀਆਂ ਦੇਣ 'ਤੇ ਪਾਬੰਦੀ ਲਗਾ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ। ਘੱਟ ਤੋਂ ਘੱਟ ਉਮੀਦਵਾਰ ਦੀ ਤਲੀਮ ਮੈਟਰਿਕ ਕਰਨੀ ਚਾਹੀਦੀ ਹੈ। ਪੰਜਾਬ ਵਿਚ ਕਾਰਪੋਰੇਸ਼ਨਾਂ, ਪੰਚਾਇਤੀ ਚੋਣਾਂ ਪੈਣੀਆਂ ਹਨ। ਅਕਸਰ ਦੇਖਿਆ ਹੈ ਔਰਤ ਕੌਂਸਲਰ, ਸਰਪੰਚ ਦਾ ਘਰਵਾਲਾ ਹੀ ਸਰਪੰਚੀ ਤੇ ਕੌਂਸਲਰੀ ਕਰਦਾ ਹੈ। ਇਸ ਲਈ ਵੋਟਰ ਨੂੰ ਕਾਬਲ ਮਹਿਲਾ ਦੀ ਚੋਣ ਕਰਨੀ ਚਾਹੀਦੀ ਹੈ, ਜੋ ਆਪਣੇ ਘਰ ਵਾਲੇ ਤੇ ਨਿਰਭਰ ਨਾ ਹੋਵੇ ਤੇ ਉਸ ਵਿਚ ਖ਼ੁਦ ਕਾਬਲੀਅਤ ਹੋਵੇ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ,
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।