08-09-2024
ਬੁੱਲ੍ਹੇ ਸ਼ਾਹ ਰਚਿਤ ਪੰਜਾਬੀ ਸੂਫ਼ੀ ਕਾਵਿ ਦਾ ਕੋਸ਼ ਵਿਗਿਆਨਕ ਅਧਿਐਨ
ਲੇਖਿਕਾ : ਡਾ. ਨਵਜੋਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 280 ਰੁਪਏ, ਸਫ਼ੇ : 145
ਸੰਪਰਕ : 94638-36591
'ਬੁੱਲ੍ਹੇ ਸ਼ਾਹ ਰਚਿਤ ਪੰਜਾਬੀ ਸੂਫ਼ੀ ਕਾਵਿ ਦਾ ਕੋਸ਼ ਵਿਗਿਆਨਕ ਅਧਿਐਨ' ਡਾ. ਨਵਜੋਤ ਕੌਰ ਦੀ ਖੋਜ ਭਰਪੂਰ ਪਲੇਠੀ ਕ੍ਰਿਤ ਹੈ। ਉਹ ਕਾਫ਼ੀ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਦੇ ਅਧਿਐਨ ਤੇ ਅਧਿਆਪਨ ਨਾਲ ਨਿੱਠ ਕੇ ਜੁੜੀ ਹੋਈ ਹੈ। ਇਸ ਤੋਂ ਪਹਿਲਾਂ ਲੇਖਿਕਾ ਦੇ ਪੰਜਾਬੀ ਭਾਸ਼ਾ, ਭਾਸ਼ਾ ਵਿਗਿਆਨ, ਕੋਸ਼ ਵਿਗਿਆਨ ਨਾਲ ਸੰਬੰਧਿਤ ਬਹੁਤ ਸਾਰੇ ਖੋਜ ਪੱਤਰ ਮਿਆਰੀ ਖੋਜ ਰਸਾਲਿਆਂ ਵਿਚ ਛਪ ਚੁੱਕੇ ਹਨ। ਇਸ ਤੋਂ ਇਲਾਵਾ ਉਹ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਅਤੇ ਕਾਨਫ਼ਰੰਸਾਂ ਵਿਚ ਨਿਰੰਤਰ ਖੋਜ ਪੱਤਰ ਪੜ੍ਹਦੀ ਰਹੀ ਹੈ।
ਬੁੱਲ੍ਹੇ ਸ਼ਾਹ ਪੰਜਾਬੀਆਂ ਦੇ ਹਰਮਨ ਪਿਆਰੇ ਅਤੇ ਮਕਬੂਲ ਪੰਜਾਬੀ ਸ਼ਾਇਰ ਹੋਏ ਹਨ। ਉਨ੍ਹਾਂ ਦੀਆਂ ਮਨ ਨੂੰ ਧੂਹ ਪਾਉਣ ਵਾਲੀਆਂ ਕਾਫ਼ੀਆਂ ਅਤੇ ਕਾਵਿ ਕਲਾ ਦੇ ਵੱਖ-ਵੱਖ ਰੂਪਾਂ ਨੇ ਪੰਜਾਬੀ ਭਾਸ਼ਾ ਨੂੰ ਸੰਸਾਰ ਪੱਧਰ ਤੱਕ ਪਹੁੰਚਾ ਦਿੱਤਾ ਹੈ। ਉਸ ਦੀ ਰਚਨਾ ਦਾ ਮੀਰੀ ਗੁਣ ਪੰਜਾਬੀ ਭਾਸ਼ਾ ਦੇ ਠੇਠ ਮੁਹਾਂਦਰੇ ਨੂੰ ਉਘਾੜਨਾ ਹੈ। ਇਸ ਪ੍ਰਕਾਰ ਡਾ. ਨਵਜੋਤ ਵਲੋਂ ਬੁੱਲ੍ਹੇ ਸ਼ਾਹ ਰਚਿਤ ਪੰਜਾਬੀ ਸੂਫ਼ੀ ਕਾਵਿ ਦਾ ਕੋਸ਼ ਵਿਗਿਆਨਕ ਅਧਿਐਨ ਕਰਨਾ ਨਿਸ਼ਚੇ ਹੀ ਬੜਾ ਸਲਾਹੁਣਯੋਗ ਕਾਰਜ ਹੈ। ਇਸ ਰਚਨਾ ਦਾ ਵਿਧੀਵਤ ਅਧਿਐਨ ਕਰਨ ਲਈ ਲੇਖਿਕਾ ਨੇ ਇਸ ਨੂੰ ਕੁੱਲ ਪੰਜ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਬੁੱਲ੍ਹੇ ਸ਼ਾਹ ਰਚਿਤ ਪੰਜਾਬੀ ਸੂਫ਼ੀ ਕਾਵਿ ਦਾ ਕੋਸ਼ ਵਿਗਿਆਨਕ ਅਧਿਐਨ ਕੀਤਾ ਗਿਆ ਹੈ। ਦੂਜੇ ਅਧਿਆਏ ਵਿਚ ਕੋਸ਼ ਵਿਗਿਆਨ ਸੰਬੰਧੀ ਜਾਣ-ਪਛਾਣ ਕਰਵਾਈ ਗਈ ਹੈ। ਤੀਜੇ ਭਾਗ ਵਿਚ ਬੁੱਲ੍ਹੇ ਸ਼ਾਹ ਦੀ ਕਾਵਿ-ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਪਰਿਪੇਖ ਤੋਂ ਧੁਨੀਆਤਮਕ ਅਧਿਐਨ ਕੀਤਾ ਗਿਆ ਹੈ। ਚੌਥੇ ਭਾਗ ਵਿਚ ਬੁੱਲ੍ਹੇ ਸ਼ਾਹ ਦੀ ਕਾਵਿ-ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਪਰਿਪੇਖ ਤੋਂ ਵਿਆਕਰਨਕ ਅਧਿਐਨ ਪੇਸ਼ ਕੀਤਾ ਗਿਆ ਹੈ। ਆਖ਼ਰੀ ਭਾਗ ਵਿਚ ਬੁੱਲ੍ਹੇ ਸ਼ਾਹ ਦੀ ਕਾਵਿ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਪਰਿਪੇਖ ਤੋਂ ਅਰਥਗਤ ਅਧਿਐਨ ਪੇਸ਼ ਕੀਤਾ ਗਿਆ ਹੈ। ਇਸ ਪ੍ਰਕਾਰ ਡਾ. ਨਵਜੋਤ ਨੇ ਸਮਕਾਲੀਨ ਸਾਹਿਤਕ ਕਿਰਤਾਂ ਵਿਚੋਂ ਭਾਸ਼ਾ ਵਿਸ਼ੇਸ਼ ਦੀ ਸ਼ਬਦਾਵਲੀ ਦੇ ਸ਼ਬਦਾਂ ਅਰਥਾਂ ਦੇ ਵਿਕਾਸ, ਇਤਿਹਾਸ, ਪਰਿਵਰਤਨਾਂ ਅਤੇ ਪਰਿਵਰਤਨਾਂ ਦੇ ਕਾਰਨਾਂ ਨੂੰ ਖੋਜਣ ਦਾ ਮੁਢਲਾ ਅਤੇ ਸਲਾਹੁਣਯੋਗ ਕਾਰਜ ਕੀਤਾ ਹੈ। ਹਥਲੀ ਪੁਸਤਕ ਜਿਥੇ ਪੰਜਾਬੀ ਸ਼ਬਦਾਵਲੀ ਅਤੇ ਬੁੱਲ੍ਹੇ ਸ਼ਾਹ ਦੇ ਕਾਵਿ ਦਾ ਕੋਸ਼ ਵਿਗਿਆਨਕ ਅਧਿਐਨ ਪੇਸ਼ ਕਰਦੀ ਹੈ, ਉਥੇ ਖੋਜ ਵਿਗਿਆਨ ਅਤੇ ਕੋਸ਼ਕਾਰੀ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਲਈ ਵੀ ਅਗਲੇਰੀ ਖੋਜ ਲਈ ਮਾਰਗ ਦਰਸ਼ਨ ਦਾ ਕਾਰਜ ਕਰੇਗੀ। ਮੈਂ ਡਾ. ਨਵਜੋਤ ਕੌਰ ਦੇ ਸਿਰੜ ਨਾਲ ਕੀਤੇ ਇਸ ਕਾਰਜ ਦੀ ਭਰਪੂਰ ਪ੍ਰਸੰਸਾ ਕਰਦਾ ਹੋਇਆ ਬੁੱਲ੍ਹੇ ਸ਼ਾਹ ਦੇ ਜੀਵਨ ਅਤੇ ਸਮੁੱਚੀ ਕਾਵਿ ਕਲਾ ਸੰਬੰਧੀ ਭਰਪੂਰ ਜਾਣਕਾਰੀ ਹਾਸਲ ਕਰਨ ਲਈ ਪੰਜਾਬੀ ਪਾਠਕਾਂ ਨੂੰ ਇਹ ਪੁਸਤਕ ਪੜ੍ਹਨ ਲਈ ਵੀ ਸਲਾਹ ਦਿੰਦਾ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਚਸ਼ਮਦੀਦ ਚੁੱਪ ਹੈ
ਲੇਖਿਕਾ : ਕੁਲਵਿੰਦਰ ਚਾਵਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 96
ਸੰਪਰਕ : 92563-85888
ਕੁਲਵਿੰਦਰ ਚਾਵਲਾ ਆਪਣੀ ਇਸ ਪਹਿਲੀ ਪੁਸਤਕ ਦੀ ਆਮਦ ਤੋਂ ਪਹਿਲਾਂ ਵੀ ਪੰਜਾਬੀ ਕਾਵਿ-ਜਗਤ ਦਾ ਜਾਣਿਆ ਪਛਾਣਿਆ ਹਸਤਾਖ਼ਰ ਹੈ ਤੇ ਸੋਸ਼ਲ ਮੀਡੀਆ 'ਤੇ ਸਰਗਰਮ ਕਵਿਤਰੀ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਦੀਆਂ 41 ਕਵਿਤਾਵਾਂ ਸ਼ਾਮਿਲ ਹਨ, ਜਿਹੜੀਆਂ ਵਿਸ਼ਿਆਂ ਪੱਖੋਂ ਵਿਭਿੰਨਤਾ ਰੱਖਦੀਆਂ ਹਨ। ਨਾਰੀ ਸਰੋਕਾਰਾਂ ਤੋਂ ਸ਼ੁਰੂ ਕਰ ਕੇ ਇਸ ਕਵਿਤਰੀ ਨੇ ਸਮਾਜਿਕ ਸਰੋਕਾਰ ਅਤੇ ਵਾਤਾਵਰਨ ਦੀਆਂ ਚੁਣੌਤੀਆਂ ਬਾਰੇ ਵਿਸ਼ੇਸ਼ ਰਚਨਾਵਾਂ ਕੀਤੀਆਂ ਹਨ। ਪ੍ਰਕਿਰਤੀ ਦੇ ਮੋਹ ਨਾਲ ਜੁੜੀਆਂ ਕਵਿਤਾਵਾਂ ਸਾਨੂੰ ਵਾਤਾਵਰਨ ਪ੍ਰਤੀ ਵੀ ਸੁਚੇਤ ਕਰਦੀਆਂ ਹਨ। 'ਉੱਜੜ ਜਾਣ ਦਿਓ ਜੰਗਲ', 'ਚਸ਼ਮਦੀਦ ਚੁੱਪ ਹੈ' ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਨਾਰੀ ਮਨ ਦੀਆਂ ਗੁੰਝਲਾਂ, ਸਮਾਜ ਦੀ ਨਾਰੀ ਪ੍ਰਤੀ ਸੋਚ, ਨਾਰੀ ਦੀਆਂ ਸਮਾਜਿਕ ਚੁਣੌਤੀਆਂ ਪ੍ਰਤੀ ਲੇਖਿਕਾ ਬਹੁਤ ਚਿੰਤਨਸ਼ੀਲ ਸੁਰ ਵਿਚ ਲਿਖਦੀ ਹੈ :-
ਕਮਰੇ ਤੋਂ ਰਸੋਈ / ਰਸੋਈ ਤੋਂ ਵਿਹੜਾ
ਵਿਹੜੇ ਤੋਂ ਘਰ ਦੀ ਛੱਤ
ਕਰ ਲੈਂਦੀ ਹੈ ਹਜ਼ਾਰਾਂ ਮੀਲ ਦਾ ਸਫ਼ਰ
ਔਰਤ ਨਿੱਕੇ ਵੱਡੇ ਕੰਮ ਕਰਦੀ ਹੈ।
ਉਹ ਨਾਰੀ ਦੀ ਸਿੱਖਿਅਤ, ਸਸ਼ਕਤ ਤੇ ਆਜ਼ਾਦ ਹੋਣ 'ਤੇ ਖ਼ੁਸ਼ ਹੈ ਪਰ ਬਾਈਪਾਸ, ਇਹ ਔਰਤਾਂ, ਰੂਪਾਂਤਰਣ ਆਦਿ ਕਵਿਤਾਵਾਂ ਵਿਚ ਨਾਰੀ ਦੇ ਸਮਾਜਿਕ ਬੰਧਨ ਤੇ ਉਮਰ ਭਰ ਜ਼ਿੰਮੇਵਾਰੀਆਂ ਦੀ ਦਲਦਲ ਦਾ ਭਾਵਪੂਰਤ ਚਿੱਤਰ ਬਿਆਨ ਕਰਦੀ ਹੈ। ਉਹ ਔਰਤ ਦੀ ਮਨੋ-ਵੇਦਨਾ ਦਾ ਬਹੁਤ ਸੁੰਦਰ ਪ੍ਰਗਟਾਵਾ ਕਰਦੀ ਹੈ। ਤੀਲੀ ਤੰਤਰ, ਆਖਰੀ ਸਾਹ, ਯੂ ਟਰਨ, ਉਹ ਝੀਲ ਉਹ ਕੁੜੀ, ਦਿਲ, ਦਿਹੁ ਸਜਣ ਅਸੀਸੜੀਆ ਕਵਿਤਾਵਾਂ ਵਿਚਾਰਨਯੋਗ ਹਨ। ਉਹ ਵਿਸ਼ਵ ਅਮਨ ਦੀ ਸਮਰਥਕ ਹੈ। ਉਹ ਆਪਣੀ ਕਾਵਿ-ਰਚਨਾ ਰਾਹੀਂ ਅਜਿਹੇ ਸਮਾਜ ਦੀ ਕਲਪਨਾ ਕਰਦੀ ਹੈ ਜੋ ਸਮਾਜ ਨਵੇਂ ਮੁਕਾਮ 'ਤੇ ਨਵੀਆਂ ਰਾਹਵਾਂ ਸਿਰਜਦਾ ਹੈ। ਰਾਵਣ ਦਾ ਪੁਤਲਾ ਸਾੜਨ ਦੀ ਥਾਂ ਉਹ ਨਸ਼ੇ ਦੇ ਦਲਾਲਾਂ ਦੇ ਪੁਤਲੇ ਸਾੜਨ ਦਾ ਸਮਰਥਨ ਕਰਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਪੂਰੇ ਵਿਸ਼ਵ ਵਿਚ ਮਾਂ ਦੀ ਪਰਿਭਾਸ਼ਾ ਇਕ ਹੈ, ਮਾਂ ਦੀ ਮਮਤਾ ਵੀ ਬਦਲੀ ਨਹੀਂ ਜਾ ਸਕਦੀ। ਕੰਪਿਊਟਰ ਅਤੇ ਤਕਨਾਲੋਜੀ ਦੇ ਪ੍ਰਚਾਰ ਪ੍ਰਸਾਰ ਨਾਲ ਪੁਰਾਤਨ ਰਸਮਾਂ ਰਿਵਾਜ, ਰਿਸ਼ਤੇ-ਨਾਤਿਆਂ ਵਿਚ ਆ ਰਹੇ ਬਦਲਾਅ ਪ੍ਰਤੀ ਵੀ ਉਹ ਸੁਚੇਤ ਹੈ। ਉਹ ਪਰਵਾਸ ਦੀਆਂ ਚੁਣੌਤੀਆਂ, ਜਾਤ-ਪਾਤ ਦੇ ਮਸਲੇ, ਕੁਦਰਤ ਤੇ ਮਨੁੱਖ ਦੀ ਭਾਈਵਾਲੀ ਪ੍ਰਤੀ ਖ਼ੁਦ ਵੀ ਸੁਚੇਤ ਹੈ ਤੇ ਹੋਰਾਂ ਨੂੰ ਵੀ ਕਰਦੀ ਹੈ। ਸਮੁੱਚੇ ਤੌਰ 'ਤੇ ਕੁਲਵਿੰਦਰ ਚਾਵਲਾ ਦੀ ਇਹ ਕਾਵਿ ਪੁਸਤਕ ਉਸ ਦੇ ਪ੍ਰਪੱਕ ਅਤੇ ਭਾਵੁਕ ਵਿਚਾਰਾਂ ਦੀ ਤਰਜਮਾਨੀ ਕਰਦੀ ਹੈ। ਇਸ ਪੁਸਤਕ ਲਈ ਮੁਬਾਰਕਬਾਦ।
-ਪ੍ਰੋ. ਕੁਲਜੀਤ ਕੌਰ
ਯਾਦਾਂ ਜੇ ਨਾ ਹੁੰਦੀਆਂ
ਲੇਖਕ : ਰੈਪੀ ਰਾਜੀਵ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 095010-01070
'ਯਾਦਾਂ ਜੇ ਨਾ ਹੁੰਦੀਆਂ' ਕਾਵਿ-ਸੰਗ੍ਰਹਿ ਰੈਪੀ ਰਾਜੀਵ ਦਾ ਦੂਸਰਾ ਕਾਵਿ-ਸੰਗ੍ਰਹਿ ਹੈ, ਜਿਸ ਨੂੰ ਉਸ ਨੇ ਆਪਣੀ ਸਤਿਕਾਰਯੋਗ ਮਾਤਾ ਸਵਰਗਵਾਸੀ ਸ੍ਰੀਮਤੀ ਰਾਜਿੰਦਰ ਕੌਰ ਨੂੰ ਸਮਰਪਿਤ ਕੀਤਾ ਹੈ। ਇਸ ਤੋਂ ਪਹਿਲਾਂ ਉਸ ਦਾ 'ਅਜੇ ਵੀ ਕਿਤੇ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਯਾਦਾਂ ਜੇ ਨਾ ਹੁੰਦੀਆਂ' ਤੋਂ ਲੈ ਕੇ 'ਬੁਲਾ ਲੈਂਦੇ ਹਾਂ' ਤੱਕ 106 ਕਵਿਤਾਵਾਂ, ਗੀਤਾਂ ਆਦਿ ਕਾਵਿ-ਰੂਪਾਂ 'ਚ ਸੰਕਲਿਤ ਕੀਤੀਆਂ ਹਨ। ਇਨ੍ਹਾਂ ਕਵਿਤਾਵਾਂ ਦੀ ਮੁੱਖ-ਸੁਰ ਮਨੁੱਖੀ ਭਾਵਨਾਵਾਂ ਅੰਦਰ ਆਈ ਪ੍ਰੇਮ, ਮੁਹੱਬਤ, ਮੋਹ ਆਦਿਕ ਵਰਤਾਰਿਆਂ ਦੀ ਅਣਹੋਂਦ ਵੱਲ ਸੇਧਿਤ ਹੈ। ਇਸ ਦਾ ਕਾਰਨ ਉਸ ਦੇ ਅਨੁਸਾਰ ਮਨੁੱਖ ਅੰਦਰ ਪਦਾਰਥਕ ਸੋਚ ਦਾ ਪਨਪਣਾ ਅਤੇ ਵਿਗਸਣਾ ਹੈ। ਮਨੁੱਖੀ ਸਮਾਜ ਵਿਚ ਦੋ ਤਰ੍ਹਾਂ ਦੇ ਰਿਸ਼ਤਿਆਂ ਦੀ ਪ੍ਰਵਾਨਿਤਾ ਹੈ ਜੋ 'ਲਹੂ' ਜਾਂ 'ਅ-ਲਹੂ' ਨਾਲ ਸੰਬੰਧਿਤ ਅਤੇ ਸੰਬੋਧਿਤ ਹੁੰਦੇ ਹਨ। ਸਿੱਧੇ ਰੂਪ 'ਚ ਸੱਭਿਆਚਾਰਕ ਪਰਿਪੇਖ ਵਿਚ ਇਸ ਨੂੰ 'ਦਾਦਕੇ' ਅਤੇ 'ਨਾਨਕੇ' ਪੱਖ ਤੋਂ ਵੀ ਸਮਝਿਆ ਜਾ ਸਕਦਾ ਹੈ। ਇਨ੍ਹਾਂ ਰਿਸ਼ਤਿਆਂ ਦੇ ਸੰਪਰਕ 'ਚ ਆਉਣ ਮਗਰੋਂ ਹਰ ਮਨੁੱਖ ਦੇ ਪਾਸ ਸੁੱਖ-ਦਾਈ ਜਾਂ ਦੁੱਖਦਾਈ ਪਲਾਂ ਦੀ ਅਸੀਸ ਦੌਲਤ ਹੁੰਦੀ ਹੈ, ਜਿਸ ਨੂੰ ਉਹ ਵਿਅਕਤੀ ਸਾਕਾਰਾਤਮਿਕ ਜਾਂ ਨਕਾਰਾਤਮਕ ਰੂਪ ਵਿਚ ਅਪਣਾ ਸਕਦਾ ਹੈ। ਜੇ ਉਹ ਯਾਦਾਂ ਨੂੰ ਸਾਕਾਰਾਤਮਿਕ ਪੱਖ ਤੋਂ ਸਵੀਕਾਰ ਕਰਦਾ ਹੈ ਤਾਂ ਉਸ ਅੰਦਰ ਉਸਾਰੂ ਸੋਚ ਜਨਮੇਗੀ, ਜੋ ਉਸ ਲਈ ਅਤੇ ਪੂਰੇ ਸਮਾਜ ਲਈ ਸਿਹਤਮੰਦ ਰੁਝਾਨ ਪੈਦਾ ਕਰੇਗੀ। ਕਵੀ ਦਾ ਪ੍ਰਮੁੱਖ ਮੰਤਵ ਵੀ ਇਹੀ ਹੁੰਦਾ ਹੈ ਕਿ ਉਹ ਤਤਕਾਲੀ ਘਟਨਾਵਾਂ ਪ੍ਰਤੀ ਆਪਣਾ ਪ੍ਰਤੀਕਰਮ ਸ਼ਬਦ-ਸਾਧਨਾ ਰਾਹੀਂ ਹਾਂ-ਦਰੂ ਰੂਪ ਵਿਚ ਦੇਵੇ। 'ਪੈਸਾ', 'ਦਿਲ', 'ਕਿਸ਼ਤਾਂ', 'ਰੋਂਦੀ', 'ਕਾਹਲਿਆ ਵੇ', 'ਉਹ ਕਹਿੰਦੀ' ਆਦਿ ਕਵਿਤਾਵਾਂ ਪੜ੍ਹਦਿਆਂ ਕਾਵਿ-ਪਾਠਕ ਨਿਰਾਸ਼ਾ ਵੱਲ ਹੀ ਪਰਤੇਗਾ। ਬਹੁਤ ਥਾਈਂ ਕਵੀ ਵਲੋਂ ਵਰਤੇ ਗਏ ਸ਼ਬਦ ਭਰਮ ਦੀ ਸਥਿਤੀ ਪੈਦਾ ਕਰਦੇ ਹਨ। ਜਿਵੇਂ 'ਕਵੀ' ਕਵਿਤਾ ਵਿਚ 'ਸਲਾਵੇਂ' ਸ਼ਬਦ ਵਰਤਿਆ ਗਿਆ ਹੈ, ਜਿਸ ਨੂੰ ਸ਼ਾਇਦ 'ਉਸਤਤ' ਜਾਂ 'ਪ੍ਰਸੰਸਾ' ਦੇ ਰੂਪ ਵਿਚ ਵਰਤਿਆ ਹੈ। ਸਲਾਵੇਂ ਦਾ ਅਰਥ 'ਸੁਆਉਣ' ਹੈ। ਜੋ ਸ਼ਬਦ-ਜੋੜ ਦੀ ਗ਼ਲਤੀ ਹੈ। ਅਸਲ ਸ਼ਬਦ 'ਸਲਾਹੁਣਾ' ਹੈ। ਕਾਵਿ-ਗਤੀ ਅਨੁਸਾਰ ਇਹ 'ਸਲਾਹਵੇਂ' ਸ਼ਬਦ ਵਜੋਂ ਵਰਤਿਆ ਜਾਣਾ ਚਾਹੀਦਾ ਸੀ। ਸਰੀਰਕ ਪਹੁੰਚ ਤੋਂ ਆਤਮਿਕ ਪਹੁੰਚ ਦਾ ਸਫ਼ਰ ਦਰਅਸਲ ਕਵੀ ਦੀ ਮੰਜ਼ਿਲ ਹੁੰਦੀ ਹੈ। ਤਕਨੀਕੀ ਪੱਖ ਤੋਂ ਵੀ ਇਹ ਰਚਨਾਵਾਂ ਹੋਰ ਸਬਰ, ਸਿਦਕ ਅਤੇ ਮਿਹਨਤ ਦੀ ਮੰਗ ਕਰਦੀਆਂ ਹਨ। ਆਸ ਕਰਦਾ ਹਾਂ ਕਿ ਕਵੀ ਵਕਤੀ ਸ਼ੋਹਰਤ ਦਾ ਮੋਹ ਤਿਆਗ ਕੇ, ਖ਼ੂਬ ਮਿਹਨਤ-ਮੁਸ਼ੱਕਤ ਕਰੇਗਾ। ਭਵਿੱਖ ਲਈ ਅਸੀਸਾਂ ਅਤੇ ਸ਼ੁਭਕਾਮਨਾਵਾਂ।
-ਸੰਧੂ ਵਰਿਆਮਵੀ (ਪ੍ਰੋ.)
ਮੋਬਾਈਲ : 98786-14096
ਵਿਰਾਸਤੀ ਸਾਂਝ
ਲੇਖਕ : ਰਛਪਾਲ ਸਿੰਘ ਚਕਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 168
ਸੰਪਰਕ : 98725-08226
ਰੌਚਿਕ ਅਤੇ ਸਮਾਜ ਨੂੰ ਸੇਧ ਪ੍ਰਦਾਨ ਕਰਨ ਵਾਲੇ ਇਸ ਕਹਾਣੀ ਸੰਗ੍ਰਹਿ ਦੇ ਨਿਠ ਕੇ ਲਿਖਣ ਵਾਲੇ 'ਮਹਿਫ਼ਿਲ-ਏ-ਅਦੀਬ' ਸੰਸਥਾ ਅਤੇ ਸ਼ਬਦ ਅਦਬ ਸਾਹਿਤ ਸਭਾ ਦੇ ਚਿੰਤਕ ਲੇਖਕ ਸ. ਰਛਪਾਲ ਸਿੰਘ ਨੇ ਇਸ ਨੂੰ ਆਪਣੀ ਮਾਤਾ ਸ੍ਰੀਮਤੀ ਰਣਜੀਤ ਕੌਰ ਨੂੰ ਸਮਰਪਿਤ ਕੀਤਾ ਹੈ। ਵੰਨ-ਸੁਵੰਨੇ ਵਿਸ਼ਿਆਂ ਵਾਲੀਆਂ 14 ਕਹਾਣੀਆਂ ਦੇ ਕਹਾਣੀ-ਸੰਗ੍ਰਹਿ ਲਿਖਣ ਦੇ ਉਦੇਸ਼ ਨੂੰ ਡਾਕਟਰ ਬਲਵਿੰਦਰ ਸਿੰਘ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਸਮਾਜ ਦੀਆਂ ਸਮੱਸਿਆਵਾਂ ਦੀ ਡੂੰਘੀ ਸਮਝ ਰੱਖਣ ਵਾਲੇ ਲੇਖਕ ਨੇ ਪੰਜਾਬ ਦੇ ਵੱਖ-ਵੱਖ ਪਹਿਲੂਆਂ ਨੂੰ ਇਕ ਮੰਝੇ ਹੋਏ ਕਹਾਣੀਕਾਰ ਦੀ ਤਰ੍ਹਾਂ ਉਜਾਗਰ ਕੀਤਾ ਹੈ। ਇਸ ਕਹਾਣੀ-ਸੰਗ੍ਰਹਿ ਨੂੰ ਪੜ੍ਹਦਿਆਂ ਇਸ ਤਰ੍ਹਾਂ ਜਾਪਦਾ ਹੈ ਕਿ ਲੇਖਕ ਨੂੰ ਭਾਸ਼ਾ, ਮੁਹਾਵਰਿਆਂ ਦੀ ਵਰਤੋਂ ਕਰਨ ਤੇ ਪਾਤਰਾਂ ਦੀ ਮਾਨਸਿਕਤਾ ਨੂੰ ਉਜਾਗਰ ਕਰਨ 'ਚ ਮੁਹਾਰਤ ਹਾਸਲ ਹੈ। ਪ੍ਰਭਾਵਸ਼ਾਲੀ ਕਥਾਨਕਾਂ ਦੇ ਆਲੇ-ਦੁਆਲੇ ਘੁੰਮਦੀਆਂ ਇਨ੍ਹਾਂ ਕਹਾਣੀਆਂ 'ਚੋਂ ਲੇਖਕ ਦਾ ਸਮਾਜ ਦੀ ਹਕੀਕਤ ਨੂੰ ਲਿਖਣ ਦਾ ਜਜ਼ਬਾ ਨਜ਼ਰ ਆਉਂਦਾ ਹੈ। ਲੇਖਕ ਨੇ ਪੇਂਡੂ ਜੀਵਨ ਵਿਚ ਆ ਰਹੀਆਂ ਤਬਦੀਲੀਆਂ ਨੂੰ ਆਪਣੀਆਂ ਕਹਾਣੀਆਂ ਦੇ ਮਾਧਿਅਮ ਰਾਹੀਂ ਸਾਹਿਤਕ ਦ੍ਰਿਸ਼ਟੀਕੌਣ ਤੋਂ ਜਿਸ ਢੰਗ ਨਾਲ ਬਿਆਨਿਆ ਹੈ, ਉਸ 'ਚੋਂ ਉਸ ਦੀ ਸੰਵੇਦਨਸ਼ੀਲਤਾ ਅਤੇ ਪੇਂਡੂ ਜੀਵਨ ਨਾਲ ਡੂੰਘੀ ਸਾਂਝ ਨਜ਼ਰ ਆਉਂਦੀ ਹੈ।
ਕਹਾਣੀਆਂ ਦੀ ਨਿਸ਼ਾਨਦੇਹੀ ਇਹ ਇਸ਼ਾਰਾ ਕਰਦੀ ਹੈ ਕਿ ਕਹਾਣੀਆਂ ਲੇਖਕ ਦੀ ਕਲਪਨਾ ਦੀ ਨਹੀਂ, ਸਗੋਂ ਜ਼ਿੰਦਗੀ ਦੇ ਯਥਾਰਥ ਦੀ ਪੈਦਾਇਸ਼ ਹਨ। ਕਹਾਣੀਆਂ 'ਚ ਲੇਖਕ ਦਾ ਨਿਰਾਸ਼ਾਵਾਦੀ ਅਤੇ ਢਹਿੰਦੀਆਂ ਕਲਾਂ ਵਾਲੇ ਨਜ਼ਰੀਏ ਨੂੰ ਲਾਂਭੇ ਰੱਖ ਕੇ ਨੌਜਵਾਨ ਵਰਗ ਨੂੰ ਉਸਾਰੂ ਪਾਸੇ ਨੂੰ ਤੋਰਨਾ ਉਸ ਦੀ ਜ਼ਿੰਦਗੀ ਪ੍ਰਤੀ ਹਾਂ-ਪੱਖੀ ਸੋਚ ਨੂੰ ਦਰਸਾਉਂਦਾ ਹੈ। ਲੇਖਕ ਨੇ ਸਮਾਜ ਦੇ ਮਹੌਲ 'ਚ ਮਨੋਵਿਗਿਆਨਕ ਤੌਰ 'ਤੇ ਉਖੜੇ ਹੋਏ ਲੋਕਾਂ ਵਲੋਂ ਕਾਹਲਪੁਣੇ, ਗੁੱਸੇ, ਫਜ਼ੂਲਖਰਚੀ, ਨਸ਼ੇ, ਹਿੰਸਾ, ਮਾਰ-ਧਾੜ ਅਤੇ ਇਨਸਾਨੀ ਰਿਸ਼ਤਿਆਂ ਵਿਚ ਡੂੰਘੀਆਂ ਹੋ ਰਹੀਆਂ ਤਰੇੜਾਂ ਦੀਆਂ ਪੈਦਾ ਕੀਤੀਆਂ ਜਾ ਰਹੀਆਂ ਕੁਰੀਤੀਆਂ ਨੂੰ ਬੜੇ ਸੁਚਾਰੂ ਢੰਗ ਨਾਲ ਪੇਸ਼ ਕੀਤਾ ਹੈ। ਲੇਖਕ ਨੇ '84 ਦੇ ਜ਼ਖ਼ਮਾਂ, ਨਕਸਲਵਾਦੀ ਦੌਰ ਅਤੇ ਕਿਸਾਨੀ ਅੰਦੋਲਨ ਦੇ ਦੂਰਗ਼ਾਮੀ ਪ੍ਰਭਾਵਾਂ ਨੂੰ ਵਿਸ਼ਾ ਬਣਾ ਕੇ ਪਾਠਕਾਂ ਦੀ ਕਹਾਣੀਆਂ 'ਚ ਦਿਲਚਸਪੀ ਪੈਦਾ ਕੀਤੀ ਹੈ। 'ਕੈਰੀਅਰ' ਕਹਾਣੀ 'ਚ ਸਮਾਜ 'ਚ ਅਣਉੱਚਿਤ ਢੰਗਾਂ ਨਾਲ ਆਪਣਾ ਪ੍ਰਭਾਵ ਕਾਇਮ ਕਰਨ ਵਾਲੇ ਵਪਾਰੀਆਂ ਅਤੇ ਸਫ਼ੈਦਪੋਸ਼ਾਂ ਉੱਤੇ ਵਿਅੰਗ ਕੱਸਿਆ ਗਿਆ ਹੈ। 'ਫ਼ਜ਼ੂਲਖ਼ਰਚੀ' ਵੱਡੇ ਦੁਖਾਂਤ ਦੀਆਂ ਜੜ੍ਹਾਂ ਵਿਚ ਬੈਠੀ ਇੱਲਤਬਾਜ਼ੀ ਵੱਲ ਇਸ਼ਾਰਾ ਕਰਦੀ ਹੈ। ਮੌਂਟੀ ਦੇ ਕਿਰਦਾਰ ਦੇ ਮਾਧਿਅਮ ਰਾਹੀਂ ਆਪਣੇ ਆਪ ਨੂੰ ਵੱਡਾ ਦਰਸਾਉਣ ਲਈ ਕੋਠੀਆਂ, ਵਿਆਹਾਂ, ਗੱਡੀਆਂ ਉੱਤੇ ਫ਼ਜ਼ੂਲ ਖ਼ਰਚੀ ਕਰਕੇ ਮੁਸੀਬਤਾਂ ਖੱਟਣ ਵਾਲੇ ਲੋਕਾਂ ਦਾ ਜ਼ਿਕਰ ਮੌਜੂਦਾ ਸਮਾਜ ਦੀ ਤਸਵੀਰ ਨੂੰ ਪੇਸ਼ ਕਰਦਾ ਹੈ। 'ਮੋਟੇ ਅਨਾਜ' ਕਹਾਣੀ ਆਰਥਿਕ ਅਤੇ ਖੇਤੀ ਉਪਜ ਦੇ ਵਪਾਰੀਕਰਨ ਦੇ ਮਸਲੇ ਨਾਲ ਜੁੜੀ ਹੋਈ ਹੈ । ਕਹਾਣੀਆਂ ਦੇ ਪਾਤਰ ਤਿਲ-ਤਿਲ ਕਰ ਕੇ ਸਮਾਜ ਵਿਚ ਵੰਡੇ ਹੋਏ ਮਹਿਸੂਸ ਹੁੰਦੇ ਹਨ। ਕਹਾਣੀਆਂ ਨੂੰ ਪੜ੍ਹਦੇ ਹੋਏ ਪਾਠਕ ਇੰਝ ਅਨੁਭਵ ਕਰਦੇ ਹਨ ਕਿ ਜਿਵੇਂ ਪਾਤਰ ਉਨ੍ਹਾਂ ਦੀ ਜ਼ਿੰਦਗੀ ਦਾ ਹੀ ਹਿੱਸਾ ਹਨ। ਲੇਖਕ ਸਮਾਜ ਨੂੰ ਸੁਨੇਹਾ ਦੇਣ ਲਈ ਆਪਣੀ ਗੱਲ ਕਹਿਣ ਵਿਚ ਸਫਲ ਰਿਹਾ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਲੋਕ ਖੇਡਾਂ
ਲੇਖਕ : ਤਰਸੇਮ ਚੰਦ ਕਲਿਹਰੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 400 ਰੁਪਏ, ਸਫ਼ੇ : 295
ਸੰਪਰਕ : 94171-02207
ਲੋਕ ਖੇਡਾਂ ਉਹ ਵਿਰਾਸਤੀ ਖੇਡਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਮਨੁੱਖ ਬਗ਼ੈਰ ਕਿਸੇ ਟ੍ਰੇਨਿੰਗ ਤੋਂ ਆਪਣੇ-ਆਪ ਹੀ ਸਿੱਖ ਲੈਂਦਾ ਹੈ ਅਤੇ ਸਾਰੀ ਜ਼ਿੰਦਗੀ ਇਨ੍ਹਾਂ ਦਾ ਸਾਥ ਮਾਣਦਾ ਹੈ। ਲੋਕ ਖੇਡਾਂ ਲਈ ਵਿਸ਼ੇਸ਼ ਤਰੱਦਦ ਅਤੇ ਸਾਧਨਾਂ ਦੀ ਲੋੜ ਵੀ ਨਹੀਂ ਹੁੰਦੀ, ਸਗੋਂ ਸੀਮਤ ਸਾਧਨਾਂ ਨਾਲ ਹੀ ਇਹ ਖੇਡ ਲਈਆਂ ਜਾਂਦੀਆਂ ਹਨ। ਵੱਡੀ ਗੱਲ ਇਹ ਹੈ ਕਿ ਇਹ ਮਾਨਸਿਕ ਖੁਸ਼ੀ ਲਈ ਅਤੇ ਸਰੀਰਕ ਵਰਜਿਸ਼ ਲਈ ਖੇਡੀਆਂ ਜਾਂਦੀਆਂ ਹਨ, ਜਿਸ ਲਈ ਕਿਸੇ ਵਿਸ਼ੇਸ਼ ਮੈਦਾਨ ਦੀ ਲੋੜ ਵੀ ਨਹੀਂ ਹੁੰਦੀ ਭਾਵੇਂ ਕਿ ਕਿਸੇ-ਕਿਸੇ ਖੇਡ ਲਈ ਖੁੱਲ੍ਹੀ ਜਗ੍ਹਾ ਦੀ ਲੋੜ ਹੁੰਦੀ ਹੈ। ਇਨ੍ਹਾਂ ਦੇ ਆਪਣੇ ਹੀ ਸਥਾਨਕ ਨਿਯਮ ਵੀ ਹੁੰਦੇ ਹਨ। ਤਰਸੇਮ ਚੰਦ ਕਲਹਿਰੀ ਦੀ ਵੱਡਅਕਾਰੀ ਪੁਸਤਕ 'ਲੋਕ ਖੇਡਾਂ' ਬਾਰੇ ਲਿਖੀ ਵਿਸ਼ੇਸ਼ ਪੁਸਤਕ ਹੈ, ਜਿਸ ਵਿਚ ਇਨ੍ਹਾਂ ਵਿਰਾਸਤੀ ਖੇਡਾਂ ਬਾਰੇ ਵਿਸਤ੍ਰਿਤ ਜਾਣਕਾਰੀ ਪੂਰੇ ਪ੍ਰਬੰਧ ਵਿਚ ਬੰਨ੍ਹ ਕੇ ਦਿੱਤੀ ਗਈ ਹੈ। ਲੇਖਕ ਨੇ ਇਸ ਪੁਸਤਕ ਵਿਚ ਇਹ ਦੱਸਿਆ ਹੈ ਕਿ ਖੇਡ ਪ੍ਰਕਿਰਿਆ ਮਾਂ ਦੇ ਗਰਭ ਵਿਚ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਬੱਚੇ ਦੇ ਜਨਮ ਤੋਂ ਬਾਅਦ ਸੂਖ਼ਮ ਰੂਪ ਵਿਚ ਬੱਚਾ ਖੇਡਾਂ ਖੇਡਦਾ ਹੈ, ਜਿਸ ਵਿਚ ਉਸ ਦੀ ਮਾਂ ਜਾਂ ਹੋਰ ਪਰਿਵਾਰਕ ਮੈਂਬਰ ਵੀ ਸ਼ਾਮਿਲ ਹੁੰਦੇ ਹਨ। ਲੇਖਕ ਨੇ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਹੈ, ਜਿਸ ਦੇ ਤਹਿਤ ਪਹਿਲੇ ਭਾਗ 'ਖੇਡ ਪ੍ਰਕਿਰਿਆ' ਵਿਚ ਲਗਭਗ ਬਚਪਨ ਦੀਆਂ ਸਾਰੀਆਂ ਖੇਡਾਂ ਸ਼ਾਮਿਲ ਕੀਤੀਆਂ ਹਨ। ਭਾਗ ਦੂਜਾ ਤਹਿਤ 'ਲੋਕ ਖੇਡਾਂ ਦਾ ਵਰਗੀਕਰਨ' ਸਿਰਲੇਖ ਤਹਿਤ ਉਹ ਸਾਰੀਆਂ ਲੋਕ ਖੇਡਾਂ ਦਾ ਵਿਸਤ੍ਰਿਤ ਬਿਓਰਾ ਪੇਸ਼ ਕੀਤਾ ਹੈ, ਜਿਨ੍ਹਾਂ ਵਿਚ ਸਥਾਨਕ ਪੱਧਰ 'ਤੇ ਮਿਲਣ ਵਾਲੀ ਕੋਈ ਵਸਤੂ ਜਾਂ ਸਾਧਨ ਦੀ ਵਰਤੋਂ ਹੋਈ ਹੁੰਦੀ ਹੈ, ਜਿਵੇਂ ਧਾਗੇ, ਮਿੱਟੀ, ਸਰਕੜਾ, ਕਾਗਜ਼ ਆਦਿ। ਇਨ੍ਹਾਂ ਤੋਂ ਬਹੁਤ ਸਾਰੇ ਖਿਡੌਣੇ ਬਣਾ ਕੇ ਬਾਲਮਨ ਖ਼ੁਸ਼ੀ ਵੀ ਮਹਿਸੂਸ ਕਰਦਾ ਹੈ ਅਤੇ ਖੇਡਾਂ ਵੀ ਖੇਡਦਾ ਹੈ। ਇਸ ਪੁਸਤਕ ਵਿਚ ਲੇਖਕ ਨੇ ਇਨ੍ਹਾਂ ਲੋਕ-ਖੇਡਾਂ ਨੂੰ ਖੇਡਣ ਦੇ ਢੰਗ ਜਾਂ ਵਿਧੀਆਂ ਵੀ ਦਰਸਾਈਆਂ ਹਨ। ਇਹ ਸਾਰੇ ਢੰਗ ਲਕੀਰੀ ਚਿੱਤਰਾਂ ਦੁਆਰਾ ਪ੍ਰਦਰਸ਼ਿਤ ਕੀਤੇ ਗਏ ਹਨ। ਲੇਖਕ ਦੀ ਖ਼ਾਸੀਅਤ ਇਹ ਹੈ ਕਿ ਉਸ ਨੇ ਖੋਜੀ ਬਿਰਤੀ ਨਾਲ ਹਰੇਕ ਲੋਕ ਖੇਡ ਬਾਰੇ ਜਾਣਕਾਰੀ ਪ੍ਰਸਤੁਤ ਕਰਦਿਆਂ ਇਸ ਪੁਸਤਕ ਵਿਚ ਇਨ੍ਹਾਂ ਪਰੰਪਰਾਗਤ ਅਤੇ ਵਿਰਾਸਤੀ ਖੇਡਾਂ ਨੂੰ ਸੰਭਾਲਣ ਦਾ ਯਤਨ ਕੀਤਾ ਹੈ। ਲੋਕ ਵਿਰਸੇ ਨੂੰ ਪਿਆਰ ਕਰਨ ਵਾਲੇ ਪਾਠਕ ਤੇ ਵਿਦਿਆਰਥੀ ਪੁਸਤਕ ਨੂੰ ਜ਼ਰੂਰ ਪਸੰਦ ਕਰਨਗੇ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਜੂਝਦੇ ਸੂਰਜ
ਲੇਖਕ : ਗੁਰਨਾਮ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 77870-59333
ਸ਼ਾਇਰ ਗੁਰਨਾਮ ਢਿੱਲੋਂ ਹਥਲੇ ਕਾਵਿ-ਸੰਗ੍ਰਹਿ 'ਜੂਝਦੇ ਸੂਰਜ' ਤੋਂ ਪਹਿਲਾਂ ਵੀ 'ਸਮਕਾਲੀ ਪੰਜਾਬੀ ਕਾਵਿ : ਸਿਧਾਂਤਕ ਪਰਿਪੇਖ', ਸਵੈ ਜੀਵਨੀ ਮੁਲਕ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ। ਉਹ ਚੰਗੇਰੇ ਭਵਿੱਖ ਦੀ ਤਲਾਸ਼ ਵਿਚ ਦਹਾਕਿਆਂ ਤੋਂ ਇੰਗਲੈਂਡ ਦੀ ਧਰਤੀ ਦਾ ਪੱਕਾ ਵਸਨੀਕ ਬਣ ਚੁੱਕਿਆ ਹੈ। ਸ਼ਾਇਰ ਬਾਹਰ ਰਹਿੰਦਿਆਂ ਹੋਇਆਂ ਵੀ ਪੰਜਾਬ ਦੇ ਸਰੋਕਾਰਾਂ ਨਾਲ ਜਨੂੰਨ ਦੀ ਹੱਦ ਤੱਕ ਜੁੜਿਆ ਹੋਇਆ ਹੈ ਅਤੇ ਸੱਤਾ ਦੇ ਗਲਿਆਰਿਆਂ ਤੇ ਤਖ਼ਤ ਦੇ ਪਾਵਿਆਂ ਦੀਆਂ ਚੂਲਾਂ ਹਿਲਾਉਣ ਲਈ ਨਾਬਰੀ ਤੇ ਪ੍ਰਤੀਰੋਧੀ ਸੁਰ ਨਾਲ ਕਾਵਿ-ਧਰਮ ਨਿਭਾਅ ਰਿਹਾ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਉਸ ਸਮੇਂ ਅਸਾਡੇ ਹੱਥ ਸਹਿਜੇ ਹੀ ਆ ਜਾਂਦੀ ਹੈ ਜਦੋਂ ਉਹ ਆਪਣੀ ਕਿਤਾਬ ਕਿਊਬਾ ਦੇ ਸੰਘਰਸ਼ੀ ਯੋਧੇ ਜੋ ਦਮੇ ਦਾ ਗੰਭੀਰ ਰੋਗੀ ਹੁੰਦਿਆਂ ਹੋਇਆਂ ਵੀ ਫਾਸ਼ੀਵਾਦੀ ਰੁਝਾਨ ਦੀਆਂ ਅੱਖਾਂ ਵਿਚ ਅੱਖਾਂ ਪਾਉਂਦਾ ਰਿਹਾ ਤੇ ਉਨ੍ਹਾਂ ਦੀਆਂ ਅੱਖਾਂ ਵਿਚ ਆਪਣੀ ਮੌਤ ਨੂੰ ਸਮਰਪਣ ਕਰਦਾ ਹੈ। ਸ਼ਾਇਰ ਵਿਭਿੰਨ ਸਰੋਕਾਰਾਂ ਨਾਲ ਕਾਵਿ-ਦਸਤਪੰਜਾ ਤਾਂ ਲੈਂਦਾ ਹੀ ਹੈ ਪਰ ਜਿਸ ਜੁਰਅਤ ਨਾਲ ਉਹ ਸਮੇਂ ਦੇ ਕ੍ਰਿਸ਼ਨ, ਦਰਯੋਧਨ ਦੇ ਗੁਰਜ ਨੂੰ ਸਵਾਲ ਖੜ੍ਹਾ ਕਰਦਾ ਹੈ ਕਿ ਉਸ ਸਮੇਂ ਤੁਹਾਡਾ ਗੁਰਜ ਕਿੱਥੇ ਗਿਆ ਸੀ ਤੇ ਕ੍ਰਿਸ਼ਨ ਦਾ ਸੁਦਰਸ਼ਨ ਚੱਕਰ ਮੋਮ ਦਾ ਕਿਉਂ ਬਣ ਗਿਆ ਸੀ ਜਦੋਂ ਮਣੀਪੁਰ ਦੀਆਂ ਦ੍ਰੋਪਦੀਆਂ ਨੂੰ ਅਲਫ਼ ਨੰਗਿਆਂ ਕਰਕੇ ਨਿਰਵਸਤਰ ਹਾਲਤ ਵਿਚ ਬਾਜ਼ਾਰਾਂ ਵਿਚ ਘੁਮਾਇਆ ਗਿਆ। ਸ਼ਾਇਰ ਸਮੇਂ ਦੇ ਹਾਕਮ ਚਾਹ ਵੇਚਣ ਵਾਲੇ ਨੂੰ ਵੰਗਾਰਦਾ ਹੈ ਕਿ ਤੂੰ ਚਾਹ ਵੇਚਦਾ-ਵੇਚਦਾ ਹੁਣ ਦੇਸ਼ ਵੇਚਣ ਦੇ ਰਸਤੇ 'ਤੇ ਤਾਂ ਪੈ ਹੀ ਗਿਆ ਹੈਂ ਤੇ ਜੁਮਲਿਆਂ ਦੀ ਘਾੜਤ ਦਾ ਕਾਰਖਾਨੇਦਾਰ ਬਣ ਕੇ 'ਮਨ ਕੀ ਬਾਤ' ਦੀ ਰਟ ਤਾਂ ਲਗਾ ਹੀ ਰਿਹਾ ਏਂ ਕਦੇ ਕੰਮ ਦੀ ਗੱਲ ਵੀ ਕਰ ਲਿਆ ਕਰ। ਸ਼ਾਇਰ ਹਾਕਮ 'ਤੇ ਲਾਹਣਤਾਂ ਦੀ ਵਾਛੜ ਮਾਰਦਾ ਹੈ ਕਿ ਹਿੰਦੂ ਰਾਸ਼ਟਰ ਬਣਾਉਣ ਲਈ ਸਿਰਫ਼ 'ਕੰਵਲ' ਦਾ ਫੁੱਲ ਹੀ ਖਿੜਿਆ ਦੇਖਣਾ ਚਾਹੁੰਦਾ ਹੈ ਤੇ ਬਾਕੀ ਦੇ ਫੁੱਲਾਂ ਨੂੰ ਮਸਲਣਾ ਚਾਹੁੰਦਾ ਹੈ, ਜਿਸ ਨਾਲ ਘੱਟ-ਗਿਣਤੀਆਂ ਵਿਚ ਅਸੁਰੱਖਿਆ ਪੈਦਾ ਹੋਵੇ ਤੇ ਧੱਕੇ ਨਾਲ 'ਜੈ ਸ੍ਰੀ ਰਾਮ' ਦੇ ਨਾਅਰੇ ਲਗਾਉਣ ਨੂੰ ਆਪਣੀ ਸੂਰਮਗਤੀ ਸਮਝਦਾ ਹੈ। ਸ਼ਾਇਰ ਉਨ੍ਹਾਂ ਲੇਖਕਾਂ/ਕਵੀਆਂ ਦੇ ਵੀ ਬਖੀਏ ਉਧੇੜਦਾ ਹੈ ਜੋ ਸਰਕਾਰੀ ਝਾਕ ਲਈ ਕੱਛੂਕੁੰਮੇ ਵਾਂਗ ਇਸ ਲਈ ਸਿਰ ਲਕੋਈ ਬੈਠੇ ਹਨ ਕਿ ਸਮੇਂ ਦੀ ਸ਼ਰਾਬ ਕਿਤੇ ਉਨ੍ਹਾਂ ਦੇ ਸਾਹ ਹੀ ਨਾ ਸੂਤ ਲਏ। ਹਾਕਮ ਧਰਮ ਦਾ ਕਲੋਰੋਫਾਰਮ ਸੁੰਘਾ ਕੇ ਤਖ਼ਤ ਦੇ ਪਾਵਿਆਂ ਨੂੰ ਫੈਵੀਕੋਲ ਲਗਾ ਰਿਹਾ ਹੈ ਤੇ ਕਾਰਪੋਰੇਟ ਸੈਕਟਰ ਦੇ ਰੀਮੋਟ ਕੰਟਰੋਲ ਨਾਲ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕਰਾ ਕੇ ਕਿਸਾਨਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਵਿਚ ਮਜ਼ਦੂਰ ਤੇ ਘਸਿਆਰੇ ਬਣਾਉਣ ਦੀਆਂ ਸਾਜਿਸ਼ਾਂ ਤਾਂ ਗੁੰਦ ਹੀ ਰਿਹਾ ਹੈ ਪਰ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਸੰਘਰਸ਼ੀ ਕਿਸਾਨ ਅੱਜ ਨਹੀਂ ਤਾਂ ਕੱਲ੍ਹ ਜਿੱਤ ਦੇ ਪਰਚਮ ਲਹਿਰਾਉਂਦੇ ਘਰਾਂ ਨੂੰ ਪਰਤਣਗੇ। ਅਗਾਊਂ ਜਾਗਰੂਕ ਕਰਨ ਵਾਲੀਆਂ ਨਜ਼ਮਾਂ ਦੇ ਕਵੀ ਨੂੰ ਸਲਾਮ ਏਸ ਕਰਕੇ ਕਰਨਾ ਬਣਦਾ ਹੈ ਕਿ ਇਹ ਨਜ਼ਮਾਂ ਸਿਰਫ਼ ਪੜ੍ਹਨ ਵਾਲੀਆਂ ਹੀ ਨਹੀਂ ਸਗੋਂ ਗੁੜ੍ਹਨ ਵਾਲੀਆਂ ਹਨ।
-ਭਗਵਾਨ ਢਿੱਲੋਂ
ਮੋਬਾਈਲ : 098143-78254