20-10-25
ਪੰਜਾਬ ਵਿਚ ਵਧਦਾ ਨਸ਼ਾ
ਪੰਜਾਬ ਵਿਚ ਨਸ਼ੇ ਦੀ ਆਸਾਨੀ ਨਾਲ ਉਪਲਬੱਧਤਾ ਨੇ ਨਸ਼ਿਆਂ ਦੇ ਵੱਡੇ ਪੱਧਰ 'ਤੇ ਫੈਲਣ ਵਿਚ ਅਹਿਮ ਯੋਗਦਾਨ ਪਾਇਆ ਹੈ। ਨਸ਼ਾ ਕਰਨ ਵਾਲਿਆਂ ਨੂੰ ਅੱਜਕਲ੍ਹ ਹਰ ਪਿੰਡ ਅਤੇ ਸ਼ਹਿਰ ਵਿਚ ਹਰ ਤਰ੍ਹਾਂ ਦਾ ਨਸ਼ਾ ਮਿਲ ਜਾਂਦਾ ਹੈ। ਸ਼ੁਰੂ-ਸ਼ੁਰੂ ਵਿਚ ਸ਼ੌਕ ਵਜੋਂ ਨਸ਼ੇ ਦੀ ਵਰਤੋਂ ਕਰਨ ਵਾਲਾ ਵਿਅਕਤੀ ਨਸ਼ੇ ਦਾ ਆਦੀ ਹੋ ਜਾਂਦਾ ਹੈ। ਅਜਿਹਾ ਵਿਅਕਤੀ ਚੰਗੇ-ਮਾੜੇ ਵਿਚ ਅੰਤਰ ਕਰਨਾ ਭੁੱਲ ਜਾਂਦਾ ਹੈ ਅਤੇ ਨਸ਼ਾ ਪ੍ਰਾਪਤ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਨਸ਼ਿਆਂ ਨੂੰ ਖਤਮ ਕਰਨ ਲਈ ਇਸ ਦੀ ਆਸਾਨੀ ਨਾਲ ਉਪਲਬੱਧਤਾ ਨੂੰ ਖਤਮ ਕਰਨਾ ਜ਼ਰੂਰੀ ਹੈ। ਸਰਕਾਰ ਨਸ਼ਿਆਂ ਦੀ ਰੋਕਥਾਮ ਲਈ ਉੱਚਿਤ ਕਦਮ ਚੁੱਕੇ ਅਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਸੁਚੇਤ ਕਰੇ, ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।
-ਦਲਜੀਤ ਕੌਰ (ਬੀ.ਏ.)
ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ (ਸੰਦੌੜ)।
ਪਾਣੀ ਦੀ ਦੁਰਵਰਤੋਂ
ਖਾਸ ਕਰਕੇ ਬਾਰਿਸ਼ਾਂ ਦੇ ਦਿਨਾਂ 'ਚ ਸ਼ਹਿਰਾਂ ਅਤੇ ਪਿੰਡਾਂ ਦੀਆਂ ਗਲੀਆਂ ਅਤੇ ਸੜਕਾਂ 'ਤੇ ਖੜ੍ਹਦੇ ਪਾਣੀ ਨੇ ਆਪਸੀ ਭਾਈਚਾਰਕ ਸਾਂਝ ਨੂੰ ਖਤਰੇ 'ਚ ਪਾਇਆ ਹੋਇਆ ਹੈ। ਕਾਫ਼ੀ ਸਮਾਂ ਪਹਿਲਾਂ ਪਾਣੀ ਦੀ ਏਨੀ ਜ਼ਿਆਦਾ ਦੁਰਵਰਤੋਂ ਨਹੀਂ ਸੀ, ਜਿੰਨੀ ਅਜੋਕੇ ਸਮੇਂ 'ਚ ਹੋ ਰਹੀ ਹੈ। ਘਰਾਂ ਦੀਆਂ ਛੱਤਾਂ 'ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਭਰਨ ਤੋਂ ਬਾਅਦ ਵੀ ਮੱਛੀ ਮੋਟਰਾਂ ਚੱਲਦੀਆਂ ਰਹਿੰਦੀਆਂ ਹਨ, ਜਿਸ ਨਾਲ ਪਾਣੀ ਦਾ ਨੁਕਸਾਨ ਹੋਣ ਦੇ ਨਾਲ-ਨਾਲ ਛੱਪੜ ਜਾਂ ਸੀਵਰੇਜ ਓਵਰਫਲੋ ਹੋ ਰਹੇ ਹਨ। ਇਸ ਤੋਂ ਇਲਾਵਾ ਔਰਤਾਂ ਵਿਹੜੇ ਦੀ ਸਫਾਈ ਝਾੜੂ ਨਾਲ ਕਰਨ ਦੀ ਬਜਾਏ ਪਾਣੀ ਦੀ ਪਾਈਪ ਨਾਲ ਕਰਨਾ ਪਸੰਦ ਕਰਦੀਆਂ ਹਨ।
ਡੁੱਲ੍ਹਦਾ ਪਾਣੀ ਇਕੱਠਾ ਹੋ ਕੇ ਨੀਵੇਂ ਥਾਂ ਜਾ ਖੜ੍ਹਦਾ ਹੈ। ਪਾਣੀ ਖੜ੍ਹਨ ਕਾਰਨ ਨੇੜਲੇ ਘਰਾਂ ਵਾਲੇ ਇਕ-ਦੂਜੇ ਨੂੰ ਦੋਸ਼ ਦਿੰਦੇ ਹਨ, ਕਈ ਵਾਰ ਗੱਲ ਲੜਾਈ ਤੱਕ ਵੀ ਅੱਪੜ ਜਾਂਦੀ ਹੈ। ਲੋੜ ਹੈ ਲੋਕਾਂ ਨੂੰ ਪਾਣੀ ਦੀ ਬੇਲੋੜੀ ਵਰਤੋਂ ਨਾ ਕਰਨ ਦੀ, ਸਹਿਜ ਰੱਖਣ ਦੀ ਤਾਂ ਜੋ ਆਪਸੀ ਭਾਈਚਾਰਕ ਸਿਰਫ਼ ਪਾਣੀ ਦੀ ਲੜਾਈ ਨਾਲ ਖ਼ਤਮ ਨਾ ਹੋਵੇ।
-ਅਮਨਦੀਪ
ਬਾਹਮਣਵਾਲਾ, ਕੋਟਕਪੂਰਾ।
ਮਿਹਨਤ ਹੀ ਸਫਲਤਾ ਦੀ ਕੁੰਜੀ
ਹਰ ਮਨੁੱਖ ਦਾ ਜ਼ਿੰਦਗੀ ਵਿਚ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ। ਉਸ ਉਦੇਸ਼ ਤੱਕ ਪਹੁੰਚਣ ਲਈ ਮਨੁੱਖ ਬਹੁਤ ਮਿਹਨਤ ਕਰਦਾ ਹੈ। ਲਗਾਤਾਰ ਕੋਸ਼ਿਸ਼ ਕਰਕੇ ਇਨਸਾਨ ਆਪਣੇ ਉਸ ਟੀਚੇ ਨੂੰ ਹਾਸਿਲ ਵੀ ਕਰ ਲੈਂਦਾ ਹੈ। ਹਰ ਦਿਨ ਨਵੀਂ ਉਮੀਦ ਲੈ ਕੇ ਆਉਂਦਾ ਹੈ। ਜ਼ਰੂਰੀ ਨਹੀਂ ਕਿ ਪਹਿਲੀ ਵਾਰ ਹੀ ਇਨਸਾਨ ਸਫਲ ਹੋ ਜਾਵੇ। ਗ਼ਲਤੀਆਂ ਤੋਂ ਸਿਖ ਸਫਲਤਾ ਦੀ ਪੌੜੀਆਂ ਚੜ੍ਹਿਆ ਜਾਂਦਾ ਹੈ, ਜਿਸ ਮਨੁੱਖ ਦੇ ਅੰਦਰ ਕਿਸੇ ਵੀ ਟੀਚੇ ਨੂੰ ਹਾਸਿਲ ਕਰਨ ਦਾ ਜਜ਼ਬਾ ਹੁੰਦਾ ਹੈ ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ ਮਾਤ ਨਹੀਂ ਦੇ ਸਕਦੀ, ਜੇਕਰ ਮਨੁੱਖ ਆਪ ਹਾਰ ਨਾ ਮੰਨੇ। ਆਪਣਾ ਆਤਮ-ਵਿਸ਼ਵਾਸ ਮਜ਼ਬੂਤ ਰੱਖੋ। ਨਿਮਰਤਾ, ਸਹਿਣਸ਼ੀਲਤਾ ਅਪਣਾਓ ਅਤੇ ਨਫ਼ਰਤ, ਈਰਖਾ, ਗੁੱਸਾ, ਪ੍ਰੇਸ਼ਾਨੀ, ਨਕਾਰਾਤਮਿਕ ਵਿਚਾਰਾਂ ਤੋਂ ਦੂਰੀ ਬਣਾ ਕੇ ਰੱਖੋ। ਸਹਿਜਤਾ ਨਾਲ ਅੱਗੇ ਵਧਦਾ ਹੋਇਆ ਇਨਸਾਨ ਆਪਣਾ ਮਨ-ਚਾਹਿਆ ਟੀਚਾ ਵੀ ਹਾਸਿਲ ਕਰ ਲੈਂਦਾ ਹੈ।
-ਸੰਜੀਵ ਸਿੰਘ ਸੈਣੀ, ਮੋਹਾਲੀ।
ਸੁਚੇਤ ਰਹਿ ਕੇ ਮਨਾਓ ਤਿਉਹਾਰ
ਦੀਵਾਲੀ ਇਕ ਮਹੱਤਵਪੂਰਨ ਤਿਉਹਾਰ ਹੈ ਮਠਿਆਈ ਤੇ ਆਤਿਸ਼ਬਾਜ਼ੀ ਦੀ ਇਸ ਤਿਉਹਾਰ ਨੂੰ ਮਨਾਉਣ ਵਕਤ ਸਭ ਤੋਂ ਵੱਧ ਵਰਤੋਂ ਹੁੰਦੀ ਹੈ। ਤਿਉਹਾਰ ਮੌਕੇ ਜ਼ਿਆਦਾ ਮਿਕਦਾਰ 'ਚ ਤਿਆਰ ਹੋਣ ਕਰਕੇ ਮਿਲਾਵਟ ਵੀ ਵੱਡੇ ਪੱਧਰ 'ਤੇ ਹੁੰਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੈ। ਇਸ ਲਈ ਮਠਿਆਈ ਦੀ ਵਰਤੋਂ ਸੁਚੇਤ ਰਹਿ ਕੇ ਕਰੋ। ਪਟਾਕੇ ਤੇ ਆਤਿਸ਼ਬਾਜ਼ੀ ਵਾਤਾਵਰਨ ਨੂੰ ਨਾ ਸਿਰਫ਼ ਪ੍ਰਦੂਸ਼ਿਤ ਕਰਦੀ ਹੈ, ਸਗੋਂ ਸਾਡੀ ਸਿਹਤ ਲਈ ਵੀ ਬੇਹੱਦ ਹਾਨੀਕਾਰਕ ਹੁੰਦੀ ਹੈ। ਗ੍ਰੀਨ ਦੀਵਾਲੀ ਮਨਾਓ, ਆਤਿਸ਼ਬਾਜ਼ੀ ਵੀ ਘੱਟ ਮਾਤਰਾ 'ਚ ਚਲਾਓ ਤੇ ਸਿਰਫ਼ ਉਹੀ ਪਟਾਕੇ ਤੇ ਆਤਿਸ਼ਬਾਜ਼ੀ ਚਲਾਓ, ਜੋ ਵਾਤਾਵਰਨ ਨੂੰ ਖਰਾਬ ਨਾ ਕਰੇ ਤੇ ਚੱਲਣ ਸਮੇਂ ਮਨੁੱਖੀ ਸਿਹਤ ਨੂੰ ਵੀ ਨੁਕਸਾਨ ਨਾ ਪਹੁੰਚਾਵੇ। ਮਠਿਆਈ ਵੀ ਉਹੀ ਖਾਓ ਜੋ ਮਿਲਾਵਟ ਰਹਿਤ ਹੋਵੇ। ਤਿਉਹਾਰ ਮਨਾਉਣ ਸਮੇਂ ਇਸ ਦੇ ਮਕਸਦ, ਮਨੋਰੰਜਨ ਤੇ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੈ।
-ਲੈਕਚਰਾਰ ਅਜੀਤ ਖੰਨਾ
ਐਮ.ਏ.ਐਮ. ਫਿਲ, ਮਾਸਟਰ ਆਫ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਬੀ.ਐੱਡ।
ਸ਼ਾਂਤੀਪੂਰਨ ਹੋਣ ਚੋਣ ਰੈਲੀਆਂ
ਯੂਨੀਅਨ ਜਾਂ ਵਿਦਿਆਰਥੀ ਪਾਰਟੀ ਚੋਣਾਂ ਦੇ ਮੌਕੇ 'ਤੇ ਨਿਕਲਣ ਵਾਲੀਆਂ ਰੈਲੀਆਂ ਵਿਚ ਕਾਫੀ ਗਿਣਤੀ ਵਿਚ ਵਿਦਿਆਰਥੀ ਹਿੱਸਾ ਲੈਂਦੇ ਹਨ, ਜੋ ਕਿ ਲੋਕਤਾਂਤਰਿਕ ਜਾਗਰੂਕਤਾ ਦੀ ਦ੍ਰਿਸ਼ਟੀ ਨਾਲ ਸ਼ਲਾਘਾਯੋਗ ਹੈ। ਪਰ ਕਈ ਵਾਰ ਇਹ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਰੈਲੀਆਂ ਵਿਚ ਕੁਝ ਵਿਦਿਆਰਥੀ ਗੱਡੀਆਂ ਅਤੇ ਜੀਪਾਂ ਰਾਹੀਂ ਸ਼ਾਮਿਲ ਹੁੰਦੇ ਹਨ, ਕਈ ਵਿਦਿਆਰਥੀ ਵਾਹਨਾਂ ਦੇ ਉੱਪਰ ਬੈਠੇ ਹੁੰਦੇ ਹਨ ਅਤੇ ਕੁਝ ਵਾਹਨਾਂ ਦੀਆਂ ਤਾਕੀਆਂ ਵਿਚੋਂ ਬਾਹਰ ਨਿਕਲ ਕੇ ਖੜ੍ਹੇ ਹੁੰਦੇ ਹਨ, ਜੋ ਸਪੱਸ਼ਟ ਤੌਰ 'ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਹੈ ਅਤੇ ਆਮ ਜਨਤਾ ਨੂੰ ਆਵਾਜਾਈ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦੀਆਂ ਵਿਦਿਆਰਥੀ ਰੈਲੀਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ। ਅਜੋਕੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕੋਈ ਵੀ ਮਹੱਤਵਪੂਰਨ ਜਾਣਕਾਰੀ ਪ੍ਰਸਾਰਿਤ ਕੀਤੀ ਜਾ ਸਕਦੀ ਹੈ।
-ਰੋਮਨਜੀਤ ਸਿੰਘ
ਸਰਹਿੰਦ।