JALANDHAR WEATHER

18-05-26

 ਔਰਤ ਦੀ ਸਥਿਤੀ
ਘਰ ਸੁਹਾਵੀ,ਦਰ ਸੁਹਾਵੀ ਔਰਤ, ਮਰਦ ਪ੍ਰਧਾਨ ਸਮਾਜ ਵਿਚ ਅਜੇ ਬਹੁਤੀ ਉੱਭਰ ਨਹੀਂ ਸਕੀ। ਜੇਕਰ ਬੱਚੇ ਨੂੰ ਪੁੱਛੋ ਪਿਤਾ ਕੀ ਕਰਦੇ ਹਨ? ਝੱਟ ਕਹਿ ਦੇਣਗੇ ਨੌਕਰੀ ਜਾਂ ਖੇਤੀ ਕਰਦੇ ਹਨ। ਮਾਤਾ ਜੀ ਕੀ ਕਰਦੇ ਹਨ? ਬੱਚਾ ਮਾਸੂਮੀਅਤ ਵਿਚ ਕਹਿ ਦਵੇਗਾ, 'ਕੁਝ ਨਹੀਂ ਕਰਦੇ' ਇਸ ਉੱਤਰ ਸਮੇਂ ਮਾਤਾ ਦੇ ਸਵੇਰੇ ਉੱਠਣ ਤੋਂ ਆਥਣ ਮੰਜੇ 'ਤੇ ਪੈਣ ਤੱਕ ਦੇ ਕੰਮ ਅਤੇ ਟੱਬਰ ਦੀ ਜੂਠ ਧੌਣ ਤੱਕ ਦੇ ਸਫ਼ਰ ਦੀ ਕੋਈ ਕੀਮਤ ਨਹੀਂ ਸਮਝੀ ਜਾਂਦੀ।
ਸਵੇਰੇ ਉੱਠਣ ਤੋਂ ਪਹਿਲਾਂ ਔਰਤ ਰਾਤ ਨੂੰ ਸਵੇਰੇ ਕਰਨ ਵਾਲੇ ਕੰਮਾਂ ਦੀ ਦਾਸਤਾਨ ਚਿਤਵਦੀ ਰਹਿੰਦੀ ਹੈ। ਚਾਹ-ਪਾਣੀ ਤੇ ਚੁੱਲ੍ਹੇ ਚੌਂਕੇ ਸਾਂਭ ਕੇ ਬਾਹਰ ਜਾਣ ਵਾਲਿਆਂ ਦੀ ਤਿਆਰੀ ਕਰ ਕੇ ਆਪ ਫਿਰ ਕੰਮ ਵਿਚ ਮਗਨ ਹੋ ਜਾਂਦੀ ਹੈ। ਦੁਪਹਿਰ ਹੱਡ ਭੰਨਵੀਂ ਮਿਹਨਤ ਗਰਮੀ,ਸਰਦੀ ਅਤੇ ਬਰਸਾਤ ਵਿਚ ਕਰਨੀ ਪੈਂਦੀ ਹੈ।
ਅਜੇ ਵੀ ਔਰਤ ਕੁੱਝ ਨਹੀਂ ਕਰਦੀ? ਨਹੀਂ, ਨਹੀਂ, ਔਰਤ ਸਭ ਕੰਮਕਾਜ ਮਰਦ ਤੋਂ ਵੱਧ ਅਤੇ ਜ਼ਿੰਮੇਵਾਰੀ ਨਾਲ ਕਰਦੀ ਹੈ। ਔਰਤ ਘਰਵਾਲੀ ਕਹਾਉਂਦੀ ਹੋਈ ਘਰ ਦਾ ਸ਼ਿੰਗਾਰ ਵੀ ਹੁੰਦੀ ਹੈ। ਸ਼ੈਕਸਪੀਅਰ ਨੇ ਕਿਹਾ ਸੀ, 'ਮੈਨੂੰ ਵਧੀਆ ਔਰਤ ਦਿਓ, ਮੈਂ ਤੁਹਾਨੂੰ ਵਧੀਆ ਸਮਾਜ ਦਵਾਂਗਾ' ਇਹ ਸਮਾਜ ਦੀ ਸਥਾਪਤੀ ਔਰਤ ਉੱਤੇ ਖੜ੍ਹੀ ਹੋਈ ਹੈ। ਔਰਤ ਤੋਂ ਬਿਨਾਂ ਮਰਦ ਅਤੇ ਬੱਚੇ ਹਨੇਰੀ ਵਿਚ ਭਟਕਦੇ ਪੰਛੀ ਵਾਂਗ ਹੁੰਦੇ ਹਨ।
ਔਰਤ ਦੀ ਕਦਰ ਕਰੋ। ਮਰਦ ਪ੍ਰਧਾਨਗੀ ਦੇ ਨਾਲ ਨਾਲ ਔਰਤ ਦੀ ਪ੍ਰਧਾਨਗੀ ਵੀ ਸਿੱਕੇ ਦੇ ਦੂਜੇ ਪਾਸੇ ਵਾਂਗ ਰੱਖੋ। ਘਰ ਲਈ ਔਰਤ ਸਭ ਕੁਝ ਕਰਦੀ ਹੈ। ਸਾਰਾ ਘਰੇਲੂ ਦਾਰੋਮਦਾਰ ਔਰਤ ਉੱਤੇ ਟਿਕਿਆ ਹੋਇਆ ਹੈ। ਇਸ ਲਈ ਔਰਤ ਕੁੱਝ ਨਹੀਂ, ਸਭ ਕੁੱਝ ਕਰਦੀ ਹੈ। ਔਰਤ ਘਰ, ਦਰ ਸੁਹਾਵੀ ਹੁੰਦੀ ਹੈ।

-ਸੁਖਪਾਲ ਸਿੰਘ ਗਿੱਲ,
ਅਬਿਆਣਾ ਕਲਾਂ

ਸਖ਼ਤ ਕਾਰਵਾਈ ਦੀ ਲੋੜ
ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿਚ ਇਕ ਗਿਆਰਵੀਂ ਜਮਾਤ ਦੇ ਵਿਦਿਆਰਥੀ ਨੂੰ ਦੋ ਘੰਟੇ ਧੁੱਪ ਵਿਚ ਖੜ੍ਹਨ ਦੀ ਸਜ਼ਾ ਦਿੱਤੀ ਗਈ। ਇਸ ਬੇਇੱਜ਼ਤੀ ਨੂੰ ਨਾ ਸਹਾਰਦਿਆਂ ਉਸ ਵਿਦਿਆਰਥੀ ਨੇ ਜ਼ਹਿਰ ਖਾ ਕੇ ਮੌਤ ਨੂੰ ਗਲ਼ੇ ਲਗਾ ਲਿਆ। ਸਭ ਤੋਂ ਪਹਿਲਾਂ ਤਾਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਉਸ ਵਿਦਿਆਰਥੀ ਨੇ ਜੋ ਵੀ ਗ਼ਲਤੀ ਕੀਤੀ ਸੀ, ਉਸ ਦੀ ਸਜ਼ਾ ਭਾਵੇਂ ਦਿੱਤੀ ਜਾਂਦੀ ਪਰ ਜਦੋਂ ਮੌਸਮ ਵਿਭਾਗ ਗਰਮੀ ਤੋਂ ਬਚਣ ਦੀਆਂ ਸਲਾਹਾਂ ਦੇ ਰਿਹਾ ਹੈ ਤਾਂ ਉਕਤ ਸਕੂਲ ਵਿਦਿਆਰਥੀਆਂ ਨੂੰ ਧੁੱਪ ਵਿਚ ਖੜ੍ਹਨ ਦੀਆਂ ਸਜ਼ਾਵਾਂ ਦੇ ਰਿਹਾ ਹੈ, ਇਹ ਵਿਦਿਆਰਥੀਆਂ 'ਤੇ ਜ਼ੁਲਮ ਹੈ, ਅਨੁਸ਼ਾਸਨ ਦੀ ਕੋਈ ਪ੍ਰਕਿਰਿਆ ਨਹੀਂ। ਅਸੀਂ ਪ੍ਰਾਈਵੇਟ ਸਕੂਲਾਂ ਨੂੰ ਹਮੇਸ਼ਾ ਹੀ ਸਰਕਾਰੀ ਸਕੂਲਾਂ ਤੋਂ ਬਿਹਤਰ ਸਮਝਦੇ ਹਾਂ, ਇਹ ਸਾਡੀ ਸੋਚ ਹੀ ਬਣ ਗਈ ਹੈ ਕਿ ਜੇਕਰ ਬੱਚੇ ਨੂੰ ਕਾਮਯਾਬ ਦੇਖਣਾ ਚਾਹੁੰਦੇ ਹਾਂ ਤਾਂ ਉਸ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਇਆ ਜਾਵੇ। ਮਾਪਿਆਂ ਦੀ ਇਸੇ ਗੱਲ ਦਾ ਪ੍ਰਾਈਵੇਟ ਸਕੂਲ ਫਾਇਦਾ ਚੁੱਕ ਕੇ ਮਹਿੰਗੀਆਂ ਕਿਤਾਬਾਂ, ਵਰਦੀ ਅਤੇ ਟਿਊਸਨ ਫ਼ੀਸ ਦੇ ਨਾਂਅ 'ਤੇ ਆਪਣੀਆਂ ਜੇਬਾਂ ਭਰਦੇ ਹਨ। ਉਪਰੋਕਤ ਘਟਨਾ ਨਿੰਦਣਯੋਗ ਹੈ, ਸਰਕਾਰ ਨੂੰ ਇਸ ਘਟਨਾ ਨੂੰ ਦੇਖਦਿਆਂ ਸਕੂਲ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਹੋਰ ਵਿਦਿਆਰਥੀ ਆਪਣੀ ਅਨਮੋਲ ਜ਼ਿੰਦਗੀ ਅਜਾਈਂ ਨਾ ਗੁਆਏ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)

ਰੁੱਖ ਨਾ ਵੱਢੋ
ਆਧੁਨਿਕ ਸਮੇਂ 'ਚ ਸ਼ਹਿਰ ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ। ਹਰ ਥਾਂ ਨਵੇਂ ਮਕਾਨ, ਦੁਕਾਨਾਂ ਤੇ ਸੜਕਾਂ ਬਣ ਰਹੀਆਂ ਹਨ। ਪਰ ਇਹ ਗੱਲ ਚਿੰਤਾ ਵਿਚ ਪਾਂਦੀ ਹੈ ਕਿ ਇਸ ਵਿਕਾਸ ਲਈ ਬਹੁਤ ਸਾਰੇ ਰੁੱਖ ਕੱਟੇ ਜਾ ਰਹੇ ਹਨ, ਜਿਸ ਨਾਲ ਸਾਡਾ ਵਾਤਾਵਰਨ ਨੁਕਸਾਨ ਝੱਲ ਰਿਹਾ ਹੈ।
ਇਸ ਦਾ ਸਿੱਧਾ ਅਸਰ ਸਾਡੀ ਜ਼ਿੰਦਗੀ 'ਤੇ ਪੈ ਰਿਹਾ ਹੈ। ਹਵਾ ਪ੍ਰਦੂਸ਼ਿਤ ਹੋ ਰਹੀ ਹੈ, ਗਰਮੀ ਵਧ ਰਹੀ ਹੈ ਅਤੇ ਲੋਕਾਂ ਵਿਚ ਬਿਮਾਰੀਆਂ ਵੀ ਵਧ ਰਹੀਆਂ ਹਨ। ਅਸੀਂ ਖੁਦ ਮਹਿਸੂਸ ਕਰਦੇ ਹਾਂ ਕਿ ਸਾਫ਼ ਹਵਾ ਅਤੇ ਠੰਢੀ ਛਾਂ ਹੁਣ ਘੱਟ ਮਿਲਦੀ ਹੈ। ਕਈ ਵਾਰ ਤਾਂ ਬਾਹਰ ਨਿਕਲਣਾ ਵੀ ਔਖਾ ਲੱਗਦਾ ਹੈ। ਰੁੱਖ ਸਾਡੇ ਜੀਵਨ ਦਾ ਆਧਾਰ ਹਨ। ਇਹ ਹਵਾ ਨੂੰ ਸ਼ੁੱਧ ਕਰਦੇ ਹਨ, ਤਾਪਮਾਨ ਨੂੰ ਘਟਾਉਂਦੇ ਹਨ ਅਤੇ ਸਾਨੂੰ ਸਿਹਤਮੰਦ ਜੀਵਨ ਦਿੰਦੇ ਹਨ। ਜੇ ਅਸੀਂ ਅੱਜ ਰੁੱਖ ਨਹੀਂ ਲਗਾਏ, ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਰਫ਼ ਪ੍ਰਦੂਸ਼ਿਤ ਵਾਤਾਵਰਨ ਹੀ ਬਚੇਗਾ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਨਾਗਰਿਕ ਨੂੰ ਇਸ ਵਿਚ ਭਾਗੀਦਾਰ ਬਣਾਏ। ਸਕੂਲਾਂ ਅਤੇ ਕਾਲਜਾਂ ਵਿਚ ਵੀ ਇਸ ਬਾਰੇ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਨੌਜਵਾਨ ਇਸ ਮੁਹਿੰਮ ਦਾ ਹਿੱਸਾ ਬਣ ਸਕਣ। ਹਰ ਕੋਈ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਵੇ ਅਤੇ ਉਸ ਦੀ ਦੇਖਭਾਲ ਵੀ ਕਰੇ। ਇਹ ਸਾਡਾ ਫਰਜ਼ ਹੈ ਅਤੇ ਸਾਡੇ ਭਵਿੱਖ ਦੀ ਸੁਰੱਖਿਆ ਵੀ।

-ਮਨਪ੍ਰੀਤ, ਜਲੰਧਰ।

ਆਵਾਜ਼ ਦਬਾਉਣਾ ਵੀ ਗੁਨਾਹ ਹੈ
ਕਈ ਵਾਰ ਅਸੀਂ ਚੁੱਪ ਰਹਿ ਜਾਂਦੇ ਹਾਂ ਡਰ ਕਰਕੇ, ਲੋਕਾਂ ਦੇ ਸੋਚਣ ਕਰਕੇ ਜਾਂ ਫਿਰ ਇਸ ਲਈ ਕਿ ਕੀ ਫ਼ਰਕ ਪੈਣਾ ਹੈ? ਪਰ ਸੱਚ ਇਹ ਹੈ ਕਿ ਚੁੱਪੀ ਅੰਦਰੋਂ ਸਾਨੂੰ ਤੋੜ ਦਿੰਦੀ ਹੈ। ਜਦੋਂ ਅਸੀਂ ਗਲਤ ਦੇਖ ਕੇ ਵੀ ਕੁਝ ਨਹੀਂ ਬੋਲਦੇ, ਅਸੀਂ ਵੀ ਥੋੜ੍ਹੇ ਜਿਹਾ ਉਸ ਗਲਤ ਵਿੱਚ ਸ਼ਾਮਲ ਹੋ ਜਾਂਦੇ ਹਾਂ। ਸਾਡੀ ਆਵਾਜ਼ ਛੋਟੀ ਹੋ ਸਕਦੀ ਹੈ, ਪਰ ਇਸਦੀ ਕਦਰ ਵੱਡੀ ਹੁੰਦੀ ਹੈ। ਇੱਕ ਸੱਚਾ ਬੋਲ ਕਿਸੇ ਦੀ ਹਿੰਮਤ ਬਣ ਸਕਦਾ ਹੈ। ਆਪਣੀ ਆਵਾਜ਼ ਦਬਾਉਣਾ ਮਤਲਬ ਆਪਣੇ ਦਿਲ ਨੂੰ ਚੁੱਪ ਕਰਾਉਣਾ ਹੁੰਦਾ ਹੈ ਤੇ ਜਦੋਂ ਦਿਲ ਹੀ ਚੁੱਪ ਹੋ ਜਾਵੇ, ਤਾਂ ਇਨਸਾਨ ਅੰਦਰੋਂ ਖਾਲੀ ਹੋ ਜਾਂਦਾ ਹੈ। ਇਸ ਲਈ ਡਰੋ ਨਾ ਜੋ ਸਹੀ ਹੈ, ਉਹ ਬੋਲੋ, ਕਿਉਂਕਿ ਚੁੱਪ ਰਹਿਣਾ ਆਸਾਨ ਹੈ, ਪਰ ਸੱਚ ਬੋਲਣਾ ਹੀ ਅਸਲੀ ਹਿੰਮਤ ਹੈ।

-ਮੰਜੂ ਰਾਇਕਾ ਸੰਗਰੂਰ।

ਜਣੇਪੇ ਤੋਂ ਬਾਅਦ ਖੁਸ਼ੀ ਜਾਂ ਡਿਪ੍ਰੈਸ਼ਨ
ਬੱਚੇ ਦੇ ਜਨਮ ਤੋਂ ਬਾਅਦ ਦਾ ਸਮਾਂ ਇੱਕ ਔਰਤ ਦੀ ਜ਼ਿੰਦਗੀ ਦਾ ਸਭ ਤੋਂ ਨਾਜ਼ੁਕ ਸਮਾਂ ਹੁੰਦਾ ਹੈ। ਇਸ ਵੇਲੇ ਘਰ ਵਿੱਚ ਖੁਸ਼ੀ, ਪਿਆਰ ਅਤੇ ਉਤਸ਼ਾਹ ਹੁੰਦਾ ਹੈ, ਪਰ ਨਾਲ ਹੀ ਤਣਾਅ, ਡਰ ਅਤੇ ਮਨੋਵਿਗਿਆਨਕ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਕੁਝ ਮਾਵਾਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਹਨ, ਜਦਕਿ ਕੁਝ ਮਾਵਾਂ ਖੁਸ਼ੀ ਅਤੇ ਸੰਤੁਸ਼ਟੀ ਮਹਿਸੂਸ ਕਰਦੀਆਂ ਹਨ। ਇਹ ਘਰੇਲੂ ਮਾਹੌਲ 'ਤੇ ਨਿਰਭਰ ਕਰਦਾ ਹੈ। ਜੇ ਘਰ ਦਾ ਮਾਹੌਲ ਪਿਆਰ ਅਤੇ ਸਹਿਯੋਗ ਵਾਲਾ ਹੋਵੇ, ਤਾਂ ਨਵੀਂ ਮਾਂ ਖੁਸ਼ ਮਹਿਸੂਸ ਕਰਦੀ ਹੈ। ਚੰਗਾ ਖਾਣਾ, ਪੂਰੀ ਨੀਂਦ ਅਤੇ ਪਿਆਰ ਭਰੀਆਂ ਗੱਲਾਂ ਉਸਦੀ ਮਨੋਦਸ਼ਾ ਨੂੰ ਬਿਹਤਰ ਬਣਾਉਂਦੀਆਂ ਹਨ। ਦੂਜੇ ਪਾਸੇ, ਜੇ ਮਾਹੌਲ ਤਣਾਅ ਭਰਿਆ ਹੋਵੇ, ਇਕੱਲਾਪਨ ਹੋਵੇ, ਤਾਂ ਮਾਂ ਉਦਾਸੀ, ਘਬਰਾਹਟ ਅਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਸਕਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਹਾਰਮੋਨਲ ਬਦਲਾਅ ਵੀ ਹੁੰਦੇ ਹਨ, ਜਿਸ ਨਾਲ ਮਨ 'ਤੇ ਅਸਰ ਪੈਂਦਾ ਹੈ। ਸਮਾਜ ਨੂੰ ਸਮਝਣਾ ਚਾਹੀਦਾ ਹੈ ਬੱਚੇ ਨੂੰ ਦੁੱਧ, ਪਿਆਰ ਅਤੇ ਸੁਰੱਖਿਆ ਦੀ ਲੋੜ ਹੁੰਦੀ ਹੈ, ਪਰ ਮਾਂ ਨੂੰ ਵੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਆਰਾਮ, ਪੌਸ਼ਟਿਕ ਖੁਰਾਕ, ਜਜ਼ਬਾਤੀ ਸਹਾਰਾ ਅਤੇ ਪਿਆਰ ਦੀ ਲੋੜ ਹੁੰਦੀ ਹੈ। ਉਹ ਸਰੀਰਕ ਦਰਦ, ਹਾਰਮੋਨਲ ਬਦਲਾਅ, ਨੀਂਦ ਦੀ ਕਮੀ ਅਤੇ ਮਾਨਸਿਕ ਤਣਾਅ ਵਿਚੋਂ ਲੰਘਦੀ ਹੈ। ਜੇ ਮਾਂ ਤੰਦਰੁਸਤ ਅਤੇ ਖੁਸ਼ ਰਹੇਗੀ, ਤਾਂ ਉਹ ਬੱਚੇ ਦੀ ਹੋਰ ਚੰਗੀ ਦੇਖਭਾਲ ਕਰ ਸਕੇਗੀ, ਕਿਉਂਕਿ ਤੰਦਰੁਸਤ ਮਾਂ ਹੀ ਤੰਦਰੁਸਤ ਪਰਿਵਾਰ ਦੀ ਨੀਂਹ ਹੁੰਦੀ ਹੈ।

- ਜਗਬੀਰ ਕੌਰ
ਲੈਕਚਰਾਰ ਫਿਜ਼ਿਕਸ
(ਸ ਸ ਸ ਸਕੂਲ ਝੱਜ, ਰੂਪਨਗਰ)