01-03-26
ਲੂਣੀ ਧਰਤੀ ਤੇ ਅਮਿਟ ਪੈੜਾਂ
ਲੇਖਕ : ਦਰਸ਼ਨ ਦੁਸਾਂਝ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 130 ਰੁਪਏ, ਸਫ਼ੇ : 112
ਸੰਪਰਕ : 98140-87063

''ਲੂਣੀ ਧਰਤੀ ਤੇ ਅਮਿੱਟ ਪੈੜਾਂ'' ਲੇਖਕ ਦੁਸਾਂਝ ਦੀ ਇੱਕ ਸੰਪਾਦਿਤ ਪੁਸਤਕ ਹੈ ਜਿਸ ਵਿਚ ਉਸ ਨੇ ਕੁਝ ਲੇਖ, ਗਜ਼ਲਾਂ, ਗੀਤ ਤੇ ਕਵਿਤਾਵਾਂ ਦੀ ਪੇਸ਼ਕਾਰੀ ਬਹੁਤ ਹੀ ਖੂਬਸੂਰਤੀ ਨਾਲ ਕੀਤੀ ਹੈ। ਹਥਲੀ ਪੁਸਤਕ ਵਿਚ ਦੋ ਪੁਸਤਕਾਂ 'ਅਮਿੱਟ ਪੈੜਾਂ' ਅਤੇ 'ਲੂਣੀ ਧਰਤੀ' ਦਾ ਸੁਮੇਲ ਕੀਤਾ ਗਿਆ ਹੈ। ਜਦੋਂ ਦੇਸ਼ ਵਿਚ ਹੱਕਾਂ ਨਾਲ ਲੜਨ ਵਾਲੀਆਂ ਧਿਰਾਂ ਨੂੰ ਨਕਸਲੀ ਤੇ ਦੇਸ਼-ਧਰੋਹੀ ਕਹਿ ਕੇ ਵਿਯੋਗਿਆ ਜਾਂਦਾ ਹੈ ਤਦ ਦਰਸ਼ਨ ਦੁਸਾਂਝ ਦੀਆਂ ਲਿਖਤਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਜਦੋਂ ਬਹੁਤ ਸਾਰੇ ਸਰੋਤਾਂ ਨੂੰ ਖੋਹ ਕੇ ਕੁਝ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਜਾ ਰਿਹਾ ਹੋਵੇ ਤੇ ਉਹਨਾਂ ਨੂੰ ਦੇਸ਼ ਵਿਚੋਂ ਉਜਾੜਨ ਦਾ ਰੁਝਾਨ ਹੋਵੇ ਅਤੇ ਸ਼ਹਿਰੀ ਜਮਾਤਾਂ ਦੇ ਹਮਦਰਦਾਂ ਨੂੰ ਸ਼ਹਿਰੀ ਨਕਸਲੀ ਕਹਿ ਕੇ ਤਸੀਹੇ ਦਿੱਤੇ ਜਾ ਰਹੇ ਹੋਣ ਤਾਂ ਲੇਖਕ ਆਪਣੀਆਂ ਲਿਖਤਾਂ ਰਾਹੀਂ ਅਜਿਹੀ ਸਮਾਜਿਕ ਸਮਝ ਨੂੰ ਘੋਖਦਾ ਹੈ। 'ਅਮਿੱਟ ਪੈੜਾਂ' ਵਿਚ 13 ਪਾਠ ਹਨ ਜੋ ਇਹ ਦੱਸਦੇ ਹਨ ਕਿ ਬੇਅੰਤ ਲੋਕ ਦੁੱਖ ਸਹਿਕੇ ਵੀ ਡੋਲੇ ਨਹੀਂ, ਅਡੋਲ ਰਹੇ, ਕਦੇ ਪਿੱਠ ਨਹੀਂ ਦਿਖਾਈ ਅਤੇ ਉਦੋਂ ਤੱਕ ਨਾਲ ਨਿਭੇ ਜਦੋਂ ਤੱਕ ਇੱਕ ਵੀ ਸਾਹ ਬਾਕੀ ਨਹੀਂ ਰਿਹਾ। ਉਹ ਲੋਕ ਭਾਵੇਂ ਅੱਜ ਸਾਡੇ ਵਿਚ ਨਹੀਂ ਹਨ ਪਰ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਅਮਿੱਟ ਹਨ। ਇਹ ਨਿਸ਼ਾਨ ਹੀ ਨਵੇਂ ਦਿਸ ਹੱਦੇ ਸਿਰਜਣਗੇ। ਇਸ ਤਰ੍ਹਾਂ ਹੋਰ ਪਾਠ 'ਪਰਬਤ ਦਾ ਪੁੱਤਰ', 'ਸ਼ਿਣੀ', 'ਮਸੀਹਾ' ਅਤੇ 'ਧਾੜਵੀ' ਵਿਚ ਦੱਸਿਆ ਗਿਆ ਹੈ ਕਿ ਹਿੰਮਤ ਵਾਲੇ ਦਲੇਰ ਬੰਦੇ ਹੀ ਲੋਕਾਂ ਦੇ ਦਿਲਾਂ 'ਤੇ ਆਪਣੀ ਛਾਪ ਛੱਡ ਜਾਂਦੇ ਹਨ। ਦੂਜੀ ਪੁਸਤਕ 'ਲੂਣੀ ਧਰਤੀ' ਕਾਵਿ-ਸੰਗ੍ਰਹਿ ਵਿਚ ਵੀ ਮਨੁੱਖੀ ਤਾਂਘ ਅਤੇ ਯਥਾਰਥ ਦੀ ਗੱਲ ਕੀਤੀ ਗਈ ਹੈ। ਜਿਹਨਾਂ ਗਜ਼ਲਾਂ, ਗੀਤਾਂ ਵਿਚ ਮਨੁੱਖਤਾ ਦੇ ਹੱਕ, ਸ਼ਾਨ ਅਤੇ ਇਮਾਨ ਦੀ ਗੱਲ ਕੀਤੀ ਗਈ ਹੈ। ਜਿਵੇਂ
'ਪੱਥਰ ਦਿਲ ਦੇ ਲੋਕ ਨੇ ਏਥੇ
ਪਾਪ ਨਾ ਫੁੱਲਦੇ ਰੋਕ ਨਾ ਏਥੇ
ਲਾਸ਼ਾ ਦੇ ਅੱਜ ਢੇਰ ਨੇ ਲਗਦੇ
ਅੱਥਰੂ ਵੇਖੇ ਜਾਣ ਨਾ ਮਾਏ'
'ਮੈਨੂੰ ਖੰਜਰ ਨਾਲ ਮਾਰੋ
ਜਾਂ ਸੂਲੀ ਤੇ ਟੰਗਦੇ ਹੋ
ਮੈਂ ਮਰ ਕੇ ਵੀ ਚੁਗਿਰਦੇ 'ਚ ਬਿਖਰ ਜਾਵਾਂਗਾ
ਤੇ ਤੁਹਾਨੂੰ ਹਰ ਸਿਰ ਵਿਚੋਂ
ਮੇਰਾ ਹੀ ਅਕਸ ਦਿਸੇਗਾ'
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸਾਰੀਆਂ ਗਜ਼ਲਾਂ, ਗੀਤ, ਕਵਿਤਾਵਾਂ ਜੁਝਾਰੂ ਯੋਧਿਆਂ ਦੀ ਗੱਲ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਇਹ ਪੁਸਤਕ ਪੜ੍ਹਣਯੋਗ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ. 09855395161
ਚੋਣਵੇਂ ਲੇਖ
ਲੇਖਕ : ਮਨਮੋਹਨ ਸਿੰਘ ਢਿੱਲੋਂ
ਪ੍ਰਕਾਸ਼ਕ : ਡੀ.ਪੀ. ਪਬਲਿਸ਼ਰਜ਼ ਐਂਡ ਮੀਡੀਆ ਹਾਊਸ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 83603-81597

ਪੰਜਾਬੀ ਪੱਤਰਕਾਰੀ 'ਚ ਨਾਮਵਰ ਕਾਲਮ-ਨਵੀਸ ਮਨਮੋਹਨ ਸਿੰਘ ਢਿੱਲੋਂ ਬੜੇ ਲੰਮੇ ਸਮੇਂ ਤੋਂ ਇਕ ਸਿਦਕਵਾਨ ਵਾਂਗ ਕਾਰਜਸ਼ੀਲ ਹੈ। ਪੱਤਰਕਾਰੀ ਦੇ ਨਾਲ-ਨਾਲ ਇਕ ਪ੍ਰਬੁੱਧ ਲੇਖਕ ਵਜੋਂ ਵੀ ਉਸ ਦੀ ਇਤਿਹਾਸਕ-ਖੋਜਕਾਰ ਵਜੋਂ ਵੱਖਰੀ ਸਾਹਿਤਕ ਦੇਣ ਹੈ। ਉਸ ਨੇ ਜਿਥੇ ਸਮਕਾਲ 'ਚ ਵਾਪਰਦੀਆਂ ਘਟਨਾਵਾਂ ਨੂੰ ਕਾਨੀਬੰਦ ਕੀਤਾ, ਉਥੇ ਅਤੀਤ ਨੂੰ ਪੁਨਰ-ਸੁਰਜੀਤ ਕਰਨ ਦੀ ਖੋਜ-ਵਿਧੀ ਕਾਰਨ, ਉਸ ਦੀ ਮਿਹਨਤ ਹਰ ਲਿਖਤ ਤੋਂ ਬੋਲਦੀ ਹੈ। 'ਚੋਣਵੇਂ ਲੇਖ' ਉਸ ਦੀ ਨੌਵੀਂ ਪੁਸਤਕ ਹੈ ਅਤੇ ਭਵਿੱਖ ਵਿਚ ਹੋਰ ਪੁਸਤਕਾਂ ਪ੍ਰਕਾਸ਼ਨਾ ਅਧੀਨ ਹਨ। ਹਥਲੀ ਪੁਸਤਕ ਵਿਚ ਵੰਨ-ਸੁਵੰਨੇ ਵਿਸ਼ਿਆਂ ਨਾਲ ਸੰਬੰਧਿਤ 29 ਰਚਨਾਵਾਂ (ਲੇਖ ਨੁਮਾ) ਸ਼ਾਮਿਲ ਹਨ। ਇਕ ਵੰਨਗੀ 'ਚ ਇਤਿਹਾਸਕ-ਖੋਜ ਵਾਲੇ ਲੇਖ, ਭਰਪੂਰ ਜਾਣਕਾਰੀ ਵਾਲੇ ਹਨ ਜਿਵੇਂ : ਗੁਰੂਆਂ ਦਾ ਵਰਸੋਇਆ ਅੰਮ੍ਰਿਤਸਰ : ਸਿਫ਼ਤੀ ਦਾ ਘਰ, ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ ਜੈ-ਜੈ ਕਾਰੁ ਭਇਆ ਜਰਾ ਅੰਤਰਿ, ਮਹਾਰਾਜਾ ਰਣਜੀਤ ਸਿੰਘ ਅਤੇ ਅੰਮ੍ਰਿਤਸਰ, ਅੰਮ੍ਰਿਤਸਰ ਦੀ ਖੂਨੀ ਵਿਸਾਖੀ, ਭਵਨ ਕਲਾ ਦਾ ਅੁਦੱਤੀ ਨਮੂਨਾ ਖ਼ਾਲਸਾ ਕਾਲਜ ਅੰਮ੍ਰਿਤਸਰ, ਖ਼ਾਲਸਾ ਕਾਲਜ ਦੇ ਸਿੱਖ ਇਤਿਹਾਸ ਖੋਜ ਕੇਂਦਰ, ਸਿਰਲੱਥ ਜਰਨੈਲ ਸਿੰਘ ਅਟਾਰੀ, 23 ਸਾਲ ਬਾਅਦ ਦੁਰਗਿਆਨਾ ਮੰਦਰ ਦੀ ਕਾਰ ਸੇਵਾ, ਸਿੱਖ ਇਤਿਹਾਸਕ ਯਾਦਗਾਰਾਂ ਦਾ ਪੁਰਾਤਨ ਸਰੂਪ ਅਲੋਪ ਤੇ ਗ਼ਦਰੀ ਬਾਬਿਆਂ ਦਾ ਪਿੰਡ ਕਸੇਲ। ਦੂਜੀ ਵੰਨਗੀ ਦੇ ਲੇਖ ਪੰਜਾਬ ਦੇ ਕਾਲੇ-ਦਿਨਾਂ ਦੀ ਯਾਦ ਕਰਾਉਂਦੇ ਹਨ, ਜਿਨ੍ਹਾਂ ਲਈ ਲੇਖਕ ਨੇ ਖ਼ਤਰੇ ਸਹੇੜ ਕੇ ਰਿਪੋਰਟਿੰਗ ਕੀਤੀ ਹੈ, ਜਿਵੇਂ : ਬੁਲੇਟ ਤੋਂ ਬੈਲਟ ਤੱਕ ਦਾ ਸਫ਼ਰ : ਦਹਿਸ਼ਤ ਦੀ ਦਾਸਤਾਨ, ਗਗੜੇਵਾਲ 'ਚ ਪੁਲਿਸ ਵਧੀਕੀਆਂ ਦੀ ਮਿਸਾਲ, ਆਜ਼ਾਦੀ ਘੁਲਾਟੀਆਂ ਦੀ ਛੁਪਣਗਾਹ ਅਤੇ ਥੇਹ ਬਣੇ ਪਿੰਡ ਦੀ ਮਿੱਟੀ ਨੂੰ ਸਿਜਦਾ ਕਰਨ ਆਉਂਦੇ ਲੋਕ। ਤੀਜੀ ਵੰਨਗੀ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਮਾਂ-ਬੋਲੀ ਤੇ ਮੁਹੱਬਤ ਦੀਆਂ ਬਾਤਾਂ ਪਾਈਆਂ ਗਈਆਂ ਹਨ। ਸੰਤਾਲੀ ਦੀ ਵੰਡ ਨੇ ਕਿੰਝ ਪੰਜਾਬੀ ਸਭਿਆਚਾਰ ਨੂੰ ਦੁਫੇੜ ਕੀਤਾ, ਉਸ ਬਾਰੇ ਬਹੁਤ ਭਾਵ-ਭਿੰਨੀਆਂ ਰਚਨਾਵਾਂ ਹਨ। ਪੰਜਾਬੀ ਮਾਂ-ਬੋਲੀ ਦੀ ਫ਼ਿਕਰਮੰਦੀ ਬਾਰੇ ਲਹਿੰਦੇ ਪੰਜਾਬ ਦੇ ਲੇਖਕਾਂ ਦੇ ਵਿਚਾਰ ਸ਼ਾਮਿਲ ਹਨ ਜਿਵੇਂ ਜਨਾਬ ਫਖ਼ਰ ਜ਼ਮਾਨ, ਮਕਸੂਦ ਸਾਕਬ, ਮਦੱਰਸ ਇਕਬਾਲ ਭੱਟ, ਮੁਹੰਮਦ ਹਨੀਫ਼ ਕਾਮਰ, ਜਾਵੇਦ ਸ਼ਹਿਰਾਜ ਹਾਸ਼ਮੀ ਤੇ ਰਸੂਲ ਬਖ਼ਸ਼ ਰੈਜ਼, ਜ਼ਿਕਰਯੋਗ ਲੇਖ ਹਨ। ਪਾਕਿਸਤਾਨ 'ਚ ਪੰਜਾਬੀ ਜ਼ੁਬਾਨ ਦੀ ਬੇਗ਼ਾਨਗੀ, ਬੋਲੀ ਖੁਸ ਜਾਵੇ ਤਾਂ ਸਾਂਝਾਂ ਵੀ ਟੁੱਟ ਜਾਣਗੀਆਂ, ਅਮਨ ਚੈਨ ਦੀ ਬਹਾਲੀ ਲਈ ਦੋਵੇਂ ਮੁਲਕਾਂ ਦੀ ਗੱਲਬਾਤ, ਸ਼ਾਹ ਮੁਹੰਮਦਾ ਕਿਸੇ ਨਾ ਬਾਤ ਪੁੱਛੀ ਅਤੇ ਤੌਸ਼ੀਫ਼ ਦੇ ਵਿਚਾਰ : ਜੇ ਪੰਜਾਬੀ ਪਛਾਣ ਰੱਖਦੇ ਤਾਂ 47 ਦਾ ਸਾਕਾ ਨਾ ਵਾਪਰਦਾ, ਝੰਜੋੜਨ ਵਾਲੀ ਰਚਨਾ ਹੈ। ਲੇਖਕ ਨੇ ਸਮੇਂ-ਸਮੇਂ ਇਧਰ-ਉੱਧਰ ਹੁੰਦੇ ਸੈਮੀਨਾਰਾਂ ਦੀ ਰਿਪੋਰਟਿੰਗ ਬਹੁਤ ਉਸਾਰੂ ਦ੍ਰਿਸ਼ਟੀ ਨਾਲ ਪੇਸ਼ ਕੀਤੀ। ਪੁਸਤਕ ਪੜ੍ਹਨਯੋਗ ਤੇ ਸਾਂਭਣਯੋਗ ਹੈ।
c c c
ਅਸਲ ਸ਼ੇਰੇ ਪੰਜਾਬ
ਮਹਾਰਾਜਾ ਰਣਜੀਤ ਸਿੰਘ
ਲੇਖਕ : ਡਾ. ਜਸਮਿੰਦਰ ਸਿੰਘ ਘੁਮਾਣ
ਪ੍ਰਕਾਸ਼ਕ : ਕਾਮਾਗਾਟਾ ਟਰੱਸਟ, ਘੁਮਾਣ (ਲੁਧਿਆਣਾ)
ਮੁੱਲ : 400 ਰੁਪਏ, ਸਫ਼ੇ : 358
ਸੰਪਰਕ : 98146-40063

ਸੰਸਾਰ ਦੇ ਮਹਾਨ ਬਾਦਸ਼ਾਹਾਂ 'ਚ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਸ਼ਾਮਿਲ ਹੈ। ਅੰਗਰੇਜ਼ੀ ਵਿਚ ਸਮੇਂ-ਸਮੇਂ ਵੱਖ-ਵੱਖ ਇਤਿਹਾਸਕਾਰਾਂ, ਨੀਤੀਵਾਨਾਂ ਅਤੇ ਲੇਖਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਪ੍ਰਬੰਧ ਅਤੇ ਸ਼ਖ਼ਸੀਅਤ ਬਾਰੇ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਵਿਚ ਵੀ ਕੁਝ ਮਹੱਤਵਪੂਰਨ ਪੁਸਤਕਾਂ ਦਾ ਜ਼ਿਕਰ ਆਉਂਦਾ। ਹੋਰ ਭਾਸ਼ਾਵਾਂ ਵਿਚ ਵੀ ਲਿਖਿਆ ਗਿਆ. ਡਾ. ਜਸਮਿੰਦਰ ਸਿੰਘ ਘੁਮਾਣ ਨੇ ਕਾਫ਼ੀ ਪੁਸਤਕਾਂ ਦਾ ਮੁਤਾਲਿਆ ਕਰਕੇ ਹਥਲੀ ਪੁਸਤਕ 'ਅਸਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ' (2025) ਦਾ ਉੱਦਮ ਕੀਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸ਼ੇਰੇ ਪੰਜਾਬ ਜੋ ਸੋਭਾ ਰਾਮ ਦੇ ਸਰੋਤਾਂ ਤੋਂ ਪ੍ਰਾਪਤ ਹੋਈ ਹੈ, ਉਸ ਦੇ ਆਧਾਰ 'ਤੇ ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਾਧ-ਘਾਟ ਅਗਲੀ ਐਡੀਸ਼ਨ 'ਚ ਦਰਜ ਕਰ ਲਈ ਜਾਵੇਗੀ। ਰਣਜੀਤ ਸਿੰਘ ਦਾ ਜਨਮ ਪਿਤਾ ਮਹਾਂ ਸਿੰਘ (ਸ਼ੁਕਰਚੱਕ ਮਿਸਲ) ਅਤੇ ਮਾਤਾ ਰਾਜ ਕੌਰ ਦੀ ਕੁਖੋਂ 2 ਨਵੰਬਰ, 1780 ਨੂੰ ਗੁਜਰਾਂਵਾਲੀ ਹਵੇਲੀ 'ਚ ਹੋਇਆ। ਪਿਤਾ ਦੀ ਮੌਤ ਸਮੇਂ ਰਣਜੀਤ ਸਿੰਘ 12 ਸਾਲ ਦਾ ਸੀ। ਇਸ ਉਮਰੇ ਬਾਬਾ ਸਾਹਿਬ ਸਿੰਘ ਬੇਦੀ ਨੇ ਜਿਵੇਂ ਰਣਜੀਤ ਸਿੰਘ ਤੇ ਉਸ ਦੀ ਮਾਤਾ ਦੀ ਸਾਂਭ-ਸੰਭਾਲ ਅਤੇ ਰੱਖਿਆ ਕੀਤੀ, ਉਸ ਦਾ ਵਰਣਨ ਜ਼ਿਕਰਯੋਗ ਹੈ। ਬਾਬਾ ਬੇਦੀ ਨੇ ਰਣਜੀਤ ਸਿੰਘ ਦੀ ਕਾਬਲੀਅਤ ਨੂੰ ਪਰਖਦਿਆਂ, ਉਸ ਨੂੰ ਸਿੱਖ-ਰਾਜ ਦਾ ਸ਼ਕਤੀਸ਼ਾਲੀ ਬਣਾਉਣ ਦਾ ਸੁਪਨਾ ਸੱਚ ਹੋਇਆ। ਲੇਖਕ ਨੇ ਵੇਰਵੇ ਦਿੱਤੇ ਕਿ ਬੇਦੀ ਸਾਹਿਬ ਨੇ ਆਪਣੇ ਗਹਿਣੇ ਭੰਨ ਕੇ ਇਕ ਹੰਸ ਘੜਾ ਕੇ ਰਣਜੀਤ ਸਿੰਘ ਦੇ ਗਲ 'ਚ ਪਾ ਦਿੱਤਾ ਤੇ ਕਿਹਾ ਕਿ ਜੋ ਤੇਰੇ ਅੱਗੇ ਅੜੇਗਾ ਸੋ ਝੜੇਗਾ। ਰਣਜੀਤ ਸਿੰਘ ਇਕ ਸਿਦਕੀ ਸਿੱਖ ਸੀ ਜੋ ਆਪਣਾ ਨਿੱਤਨੇਮ ਗੁਰਸਿੱਖ ਵਾਂਗ ਸ੍ਰੀ ਗੁਰੂ ਗ੍ਰੰਥ ਜੀ ਦਾ ਪਾਠ ਸੁਣ ਕੇ, ਦਰਬਾਰ ਲਾਉਂਦਾ ਸੀ। ਉਸ ਦੀ ਧਰਮ ਨਿਰਪੇਖਤਾ ਦਾ ਸਬੂਤ, ਉਸ ਦੇ ਦਾਨੀ ਸੁਭਾਅ ਕਰਕੇ ਜਾਣੀ ਜਾਂਦੀ। ਸੱਚ ਖੰਡ (ਸ੍ਰੀ ਹਰਿਮੰਦਰ ਸਾਹਿਬ) ਦਰਬਾਰ ਸਾਹਿਬ 'ਤੇ 111 ਮਣ (4 ਟਨ) ਸੋਨੇ ਦਾ ਪੱਤਰਾ ਚੜ੍ਹਾਇਆ ਅਤੇ ਬਨਾਰਸ 'ਚ ਇਕ ਮੰਦਰ ਦੀ ਉਸਾਰੀ ਲਈ 33 ਮਣ ਸੋਨਾ ਭੇਟ ਕੀਤਾ। ਉਹ ਇਕ ਸਫ਼ਲ ਸ਼ਾਸਕ, ਮਹਾਨ ਨੀਤੀਵਾਨ ਅਤੇ ਸਫ਼ਲ ਜਰਨੈਲ ਸੀ। ਉਸ ਦੀ ਫ਼ੌਜ 'ਚ ਜਰਨੈਲ, ਕਮਾਂਡਰ ਅਤੇ ਰਾਜਾਂ ਦੇ ਗਵਰਨਰ ਸਨ, ਉਨ੍ਹਾਂ ਦੇ 47 ਅਫ਼ਸਰ ਸੀ ਜੋ ਫਰਾਂਸੀਸੀ, ਅੰਗਰੇਜ਼, ਬਰਤਾਨਵੀ, ਇਤਾਲੀਅਨ, ਸਪੇਨੀ, ਮਿਸਰੀ, ਜਰਮਨ, ਰੂਸੀ ਅਤੇ ਆਸਟ੍ਰੀਆ ਦੇਸ਼ਾਂ ਦੇ ਸਨ। ਉਸ ਦੇ ਰਾਜ ਵਿਚ ਧਰਮ, ਜਾਤੀ ਜਾਂ ਰੰਗ, ਨਸਲੀ ਵਿਤਕਰਾ ਨਹੀਂ ਸੀ। ਮਿਸਟਰ ਬੈਰਨ ਹੂਗਲ ਲਿਖਦਾ : 'ਸੰਸਾਰ 'ਚ ਐਡੀ ਵੱਡੀ ਸਲਤਨਤ ਇਕ ਆਦਮੀ ਨੇ ਨਹੀਂ ਕੀਤੀ। ਉਸ ਦੇ ਰਾਜ ਵਿਚ ਇਕ ਵੀ ਦੋਸ਼ੀ ਜਾਂ ਗੁਨਾਹਗਾਰ ਨੂੰ ਫ਼ਾਂਸੀ ਜਾਂ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਮੇਜਰ ਲਾਰੰਸ ਵੀ ਰਣਜੀਤ ਸਿੰਘ ਦੀ ਹਰ ਪੱਖੋਂ ਪ੍ਰਸੰਸਾ ਕਰਦਾ। ਲੇਖਕ ਨੇ ਲੜੀਆਂ ਗਈਆਂ ਲੜਾਈਆਂ ਤੇ ਜਿੱਤਾਂ ਦਾ ਵਿਸਥਾਰ ਸਹਿਤ ਵਰਣਨ ਕੀਤਾ ਹੈ। ਅੰਗਰੇਜ਼ ਹਕੂਮਤ ਨਾਲ ਸੰਧੀ-ਵਿਸ਼ੇਸ਼ ਮਹੱਤਤਾ ਰੱਖਦੀ। ਅਕਾਲੀ ਫੂਲਾ ਸਿੰਘ, ਦੀਵਾਨ ਮੋਹਕਮ ਚੰਦ, ਹਰੀ ਸਿੰਘ ਨਲੂਆ, ਨਿਧਾਨ ਸਿੰਘ ਪੰਜ ਹੱਥਾਂ, ਅਮਰ ਸਿੰਘ ਖੁਰਦ, ਰਾਮਗੜ੍ਹੀਏ ਸਰਦਾਰ ਤੇ ਹੋਰ ਪ੍ਰਮੁੱਖ ਵਿਅਕਤੀਆਂ ਬਾਰੇ ਨਵੀਂ ਜਾਣਕਾਰੀ ਦਿੱਤੀ ਗਈ ਹੈ। ਗਦਾਰ ਡੋਗਰੇ ਤੇ ਹੋਰਾਂ ਬਾਰੇ ਜਾਣਕਾਰੀ ਪੜ੍ਹਨਯੋਗ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਕੁੱਜਿਆਂ ਦੀ ਮਹਿਕ
ਲੇਖਿਕਾ : ਸੁਖਪ੍ਰੀਤ ਕੌਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 299 ਰੁਪਏ, ਸਫ਼ੇ : 172
ਸੰਪਰਕ : sukhpreetsidhu1996@gmail.com

ਸੁਖਪ੍ਰੀਤ ਕੌਰ ਸਿੱਧੂ ਦੁਆਰਾ ਰਚਿਤ ਪਲੇਠਾ ਕਾਵਿ-ਸੰਗ੍ਰਹਿ 'ਕੁੱਜਿਆਂ ਦੀ ਮਹਿਕ' ਪੰਜਾਬੀ ਸਾਹਿਤ ਜਗਤ ਵਿਚ ਇਕ ਅਜਿਹੀ ਰਚਨਾ ਹੈ ਜੋ ਪੰਜਾਬ ਦੀ ਮਿੱਟੀ, ਵਿਰਸੇ ਅਤੇ ਮਾਨਵੀ ਜਜ਼ਬਾਤਾਂ ਦੀ ਗੂੜ੍ਹੀ ਤਰਜਮਾਨੀ ਕਰਦੀ ਹੈ। ਲੇਖਿਕਾ ਨੇ ਇਸ ਪੁਸਤਕ ਨੂੰ ਆਪਣੀ ਮਾਤਾ ਦੇ ਨਾਮ ਸਮਰਪਿਤ ਕੀਤਾ ਹੈ, ਜਿਸ ਦੀ ਪ੍ਰੇਰਨਾ ਸਦਕਾ ਉਹ ਸ਼ਬਦਾਂ ਦੇ ਇਸ ਰੂਹਾਨੀ ਸਫ਼ਰ 'ਤੇ ਤੁਰਨ ਦੇ ਕਾਬਿਲ ਹੋਈ। ਇਹ ਪੁਸਤਕ ਕੇਵਲ ਕਵਿਤਾਵਾਂ ਦਾ ਸੰਗ੍ਰਹਿ ਨਹੀਂ, ਸਗੋਂ ਲੇਖਿਕਾ ਦੇ ਜੀਵਨ ਅਨੁਭਵਾਂ ਅਤੇ ਆਪਣੀਆਂ ਜੜ੍ਹਾਂ ਪ੍ਰਤੀ ਉਸ ਦੇ ਅਥਾਹ ਮੋਹ ਦਾ ਪ੍ਰਗਟਾਵਾ ਹੈ। ਪੁਸਤਕ ਨੂੰ 15 ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ 13 ਭਾਗਾਂ 'ਚ ਕਵਿਤਾਵਾਂ ਅਤੇ ਅਗਲੇ 2 ਭਾਗਾਂ 'ਚ ਛੋਟੇ-ਛੋਟੇ ਜਜ਼ਬਾਤੀ ਲੇਖ ਜਾਂ ਵਾਰਤਕ ਰਚਨਾਵਾਂ ਹਨ। 'ਪੰਜਾਬ ਜਿਹਾ ਮੁੰਡਾ' ਅਤੇ 'ਗੱਲ ਮੇਰੀ ਮਿੱਟੀ ਦੀ' ਵਰਗੇ ਭਾਗਾਂ ਰਾਹੀਂ ਲੇਖਿਕਾ ਨੇ ਪੰਜਾਬੀ ਕਿਰਦਾਰਾਂ ਦੀ ਸਾਦਗੀ, ਖੇਤਾਂ ਦੀ ਮਹਿਕ ਅਤੇ ਪੁਰਾਤਨ ਨਿਸ਼ਾਨੀਆਂ ਨੂੰ ਬਹੁਤ ਹੀ ਸੁਹਿਰਦਤਾ ਨਾਲ ਉਲੀਕਿਆ ਹੈ। 'ਇਕ ਕੁੜੀ ਦੇ ਜਜ਼ਬਾਤ' ਅਤੇ 'ਉਹ ਕੁੜੀਆਂ ਜੋ ਚਿੜੀਆਂ ਨੀ' ਅਧਿਆਇ ਧੀਆਂ ਦੇ ਹੱਕਾਂ, ਉਨ੍ਹਾਂ ਦੇ ਸੁਪਨਿਆਂ ਅਤੇ ਸਮਾਜਿਕ ਚੁਣੌਤੀਆਂ ਨੂੰ ਬਹੁਤ ਹੀ ਬਾਰੀਕੀ ਨਾਲ ਪੇਸ਼ ਕਰਦੇ ਹਨ। 'ਕਲਮ ਦੇ ਜ਼ਰੂਰੀ ਫ਼ਰਜ਼' ਅਧੀਨ ਲੇਖਿਕਾ ਨੇ ਮਰਿਆਦਾ, ਜ਼ਮੀਰ ਦੀ ਮੌਤ ਅਤੇ ਸਬਰ ਵਰਗੇ ਗੰਭੀਰ ਵਿਸ਼ਿਆਂ 'ਤੇ ਆਪਣੀ ਕਲਮ ਚਲਾਈ ਹੈ, ਜੋ ਪਾਠਕ ਨੂੰ ਸਵੈ-ਪੜਚੋਲ ਲਈ ਪ੍ਰੇਰਿਤ ਕਰਦੀ ਹੈ। ਪੁਸਤਕ ਵਿਚ ਮਾਂ-ਪੁੱਤ ਦੇ ਰਿਸ਼ਤੇ, ਪਰਦੇਸ ਦੀ ਤੜਫ਼ ਅਤੇ 'ਅਨਮੋਲ ਰਿਸ਼ਤੇ' ਜਿਹੇ ਵਿਸ਼ਿਆਂ ਰਾਹੀਂ ਮਨੁੱਖੀ ਮਨ ਦੀਆਂ ਡੂੰਘੀਆਂ ਪਰਤਾਂ ਫਰੋਲੀਆਂ ਗਈਆਂ ਹਨ। ਸੁਖਪ੍ਰੀਤ ਕੌਰ ਸਿੱਧੂ ਦੀ ਲਿਖਣ ਸ਼ੈਲੀ ਬਹੁਤ ਹੀ ਸਰਲ, ਸਪੱਸ਼ਟ ਅਤੇ ਦਿਲ ਨੂੰ ਛੂਹ ਲੈਣ ਵਾਲੀ ਹੈ। ਉਹ ਵਾਰਤਕ ਨੂੰ ਆਪਣੀ 'ਰੂਹ ਦੀ ਖ਼ੁਰਾਕ' ਮੰਨਦੇ ਹਨ ਅਤੇ ਕਵਿਤਾ ਰਾਹੀਂ ਆਪਣੇ ਅੰਦਰਲੇ ਵਲਵਲਿਆਂ ਨੂੰ ਖੁੱਲ੍ਹ ਕੇ ਬਿਆਨ ਕਰਦੇ ਹਨ। ਪੁਸਤਕ ਦੇ ਅਖੀਰਲੇ ਹਿੱਸੇ ਵਿਚ ਸ਼ਾਮਿਲ 'ਕੁਝ ਖ਼ਤ ਉਹਦੇ ਨਾਮ' ਪਾਠਕ ਨੂੰ ਇਕ ਬਹੁਤ ਹੀ ਨਿੱਜੀ ਅਤੇ ਰੂਹਾਨੀ ਅਹਿਸਾਸ ਨਾਲ ਜੋੜਦੇ ਹਨ। 'ਕੁੱਜਿਆਂ ਦੀ ਮਹਿਕ' ਪੰਜਾਬੀ ਜੀਵਨ-ਜਾਂਚ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਸ਼ੀਸ਼ਾ ਹੈ। ਇਹ ਪੁਸਤਕ ਪਾਠਕ ਨੂੰ ਆਪਣੇ ਅੰਦਰਲੇ ਅਹਿਸਾਸਾਂ ਨਾਲ ਜੁੜਨ ਅਤੇ ਪੰਜਾਬੀ ਸੱਭਿਆਚਾਰ ਦੀ ਮੂਲ ਸੁਗੰਧ ਨੂੰ ਮਹਿਸੂਸ ਕਰਨ ਲਈ ਪ੍ਰੇਰਿਤ ਕਰਦੀ ਹੈ। ਪੁਸਤਕ ਦੇ ਮੁਢਲੇ ਸ਼ਬਦਾਂ ਵਿਚ ਲੇਖਿਕਾ ਸਪੱਸ਼ਟ ਕਰਦੀ ਹੈ ਕਿ ਪੰਜਾਬ ਦੀ ਮਿੱਟੀ ਵਿਚ ਜਨਮ ਲੈਣਾ ਉਸ ਲਈ ਇਕ ਵੱਡੀ ਅਸੀਸ ਹੈ। ਪੰਜਾਬ ਦੀ ਮਿੱਟੀ ਨਾਲ ਅਥਾਹ ਰੱਖਣ ਵਾਲੀ ਇਹ ਸ਼ਾਇਰਾ ਖ਼ੂਬਸੂਰਤ ਲਿਖਦੀ ਹੈ:
ਵਿਰਸਾ ਪੁਰਾਣਾ ਬੇਹਿਸਾਬ ਸਾਂਭੀ ਬੈਠੀ ਆਂ,
ਮੇਰੇ ਚੇਤਿਆਂ 'ਚ ਸਾਰਾ ਮੈਂ ਪੰਜਾਬ ਸਾਂਭੀ ਬੈਠੀ ਆਂ।
-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ : 98888-42244
ਪੰਜਾਬ
(ਫ਼ਸਲਾਂ ਹੇਠੋਂ ਖਿਸਕਦੀ ਜ਼ਮੀਨ)
ਸੰਪਾਦਕ : ਗੁਰਪ੍ਰੀਤ ਸਿੰਘ ਤੂਰ, ਨਵਤੇਜ ਸਿੰਘ ਬੈਂਸ, ਬਲਵੰਤ ਸਿੰਘ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 220
ਸੰਪਰਕ : 98158-00405

ਸ. ਗੁਰਪ੍ਰੀਤ ਸਿੰਘ ਤੂਰ (ਸਾਬਕਾ ਆਈ.ਪੀ.ਐਸ.), ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਅਤੇ ਸਾਬਕਾ ਖੇਤੀ ਵਿਗਿਆਨੀ ਸ. ਨਵਤੇਜ ਸਿੰਘ ਬੈਂਸ ਨੇ ਹਥਲੇ ਸੰਗ੍ਰਹਿ ਦੀ ਮਾਰਫਤ ਪੰਜਾਬ ਦੀ ਇਕ ਵੱਡੀ ਅਤੇ ਵਿਕਟ ਸਮੱਸਿਆ ਨੂੰ ਐਡਰੈੱਸ ਕੀਤਾ ਹੈ। ਪੰਜਾਬੀਆਂ ਦੀ ਅਣਖ, ਦਲੇਰੀ ਅਤੇ ਸਖ਼ਾਵਤ ਦਾ ਮੁੱਖ ਅਧਾਰ ਇਸ ਪ੍ਰਦੇਸ਼ ਦੀ ਜ਼ਰਖੇਜ਼ ਭੋਇੰ ਹੀ ਹੈ, ਜਿਸ ਦੇ ਬਾਰੇ ਵਿਚ ਕਈ ਵਾਰ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਜੇ ਇਸ ਵਿਚ ਬੰਦਾ ਵੱਢ ਕੇ ਵੀ ਸੁੱਟ ਦਿੱਤਾ ਜਾਵੇ ਤਾਂ ਸਾਡੀ ਜ਼ਮੀਨ ਦੀ ਤਾਸੀਰ ਉਸ ਨੂੰ ਨੌਂ-ਬਰ-ਨੌਂ ਕਰ ਦਿੰਦੀ ਹੈ। ਤੂਰ ਸਾਹਿਬ ਨੇ ਹਥਲੇ ਪ੍ਰੋਜੈਕਟ ਤੋਂ ਪਹਿਲਾਂ ਪੰਜਾਬ ਵਿਚ ਪ੍ਰਚੱਲਿਤ ਨਸ਼ੇ ਦੀ ਸਮੱਸਿਆ ਉੱਪਰ ਵੀ ਕਾਫ਼ੀ ਕੰਮ ਕੀਤਾ ਸੀ। ਹਥਲੀ ਪੁਸਤਕ ਦੇ ਇਕ ਲੇਖ ਵਿਚ ਉਨ੍ਹਾਂ ਨੇ ਲੁਧਿਆਣਾ ਵਰਗੇ ਵੱਡੇ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਕੁਝ ਪ੍ਰਮੁੱਖ ਕਸਬਿਆਂ ਦਾ ਸਰਵੇਖਣ ਕਰ ਕੇ ਦਰਸਾਇਆ ਹੈ ਕਿ ਲੁਧਿਆਣਾ ਸ਼ਹਿਰ ਲਗਭਗ 150 ਪਿੰਡਾਂ ਨੂੰ ਹੜੱਪ ਗਿਆ ਹੈ। ਪ੍ਰਿੰ. ਸੰਧੂ ਨੇ ਸਾਹਿਤ ਅਤੇ ਸੱਭਿਆਚਾਰ ਦੇ ਹਵਾਲੇ ਨਾਲ 'ਧਰਤੀ ਮਾਤਾ' ਦੀ ਮਹਿਮਾ ਦਾ ਸਿਮਰਨ ਕੀਤਾ ਹੈ। ਸ. ਬੈਂਸ ਨੇ 'ਜ਼ਮੀਨੀ ਸਰੋਤ ਅਤੇ ਮਨੁੱਖ' ਦੇ ਹਵਾਲੇ ਨਾਲ ਮਨੁੱਖ ਦੇ ਜ਼ਮੀਨ ਨਾਲ ਮੁੱਢ ਕਦੀਮੀ ਰਿਸ਼ਤੇ ਨੂੰ ਟੁੱਟਦਿਆਂ-ਨਿਖੜਦਿਆਂ ਦੱਸਿਆ ਹੈ। ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਸ ਪੁਸਤਕ ਵਿਚ ਸ਼ਾਮਿਲ ਕੋਈ ਵੀ ਲੇਖ ਵਾਧੂ ਭਰਤੀ ਨਹੀਂ ਹੈ, ਹਰ ਲੇਖ ਖੇਤੀਬਾੜੀ ਦੇ ਮਾਹਿਰਾਂ, ਅਰਥ-ਸ਼ਾਸਤਰੀਆਂ, ਜ਼ਮੀਨ ਦੇ ਆਰਥਿਕ-ਸੱਭਿਆਚਾਰਕ ਮਹੱਤਵ ਨੂੰ ਸਮਝਣ ਅਤੇ ਬਿਉਰੋਕ੍ਰੇਟਾਂ, ਪਲਾਨਿੰਗ ਕਮਿਸ਼ਨ ਦੇ ਸਲਾਹਕਾਰਾਂ, ਭਾਰਤੀ ਉਦਯੋਗ ਸੰਘ ਦੇ ਮੈਂਬਰਾਂ, ਖੇਤੀ ਵਿਗਿਆਨੀਆਂ ਅਤੇ ਪੇਂਡੂ ਅਰਥਚਾਰੇ ਨਾਲ ਜੁੜੇ ਵਚਨਬੱਧ ਲੇਖਕਾਂ ਦੁਆਰਾ ਲਿਖਿਆ ਹੋਇਆ ਹੈ। ਭਾਵੇਂ ਹੁਣ ਤੱਕ ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਗੁਜ਼ਰ ਚੁੱਕਾ ਹੈ ਪਰ ਅਜੇ ਵੀ ਪੰਜਾਬ ਦਾ ਨਾਮ-ਥਾਂਵ ਧੜਕਦਾ ਅਤੇ ਬੁੜ੍ਹਕਦਾ ਹੈ। ਲੇਖਕਾਂ ਅਤੇ ਸੰਪਾਦਕਾਂ ਨੇ ਫ਼ਸਲਾਂ ਹੇਠੋਂ ਖਿਕਸਦੀ ਜ਼ਮੀਨ ਦੇ ਕਾਰਨਾਂ ਦੇ ਨਾਲ-ਨਾਲ ਰਹਿੰਦੀ ਜ਼ਮੀਨ ਨੂੰ ਬਚਾਉਣ ਦੇ ਕੁਝ ਉਪਾਅ ਵੀ ਸੁਝਾਏ ਹਨ। ਲੈ-ਦੇ ਕੇ ਸਾਰੀ ਸਮੱਸਿਆ ਦੀ ਜੜ੍ਹ ਸਰਮਾਏਦਾਰੀ ਨਿਜ਼ਾਮ ਹੈ, ਜਿਸ ਵਿਚ ਸੱਤਾਧਾਰੀਆਂ ਅਤੇ ਸਮਰੱਥ ਧਿਰਾਂ ਨੂੰ ਲੁੱਟ-ਖਸੁੱਟ, ਭ੍ਰਿਸ਼ਟਾਚਾਰ ਅਤੇ ਧੱਕੇਸ਼ਾਹੀ ਦੀ ਪੂਰੀ ਖੁੱਲ੍ਹ ਮਿਲੀ ਹੈ। ਸਰਕਾਰੀ ਮੰਤਰੀ, ਵੱਡੇ ਅਫਸਰ, ਪੁਲਿਸ ਤੰਤਰ, ਕਾਰਪੋਰੇਟ ਘਰਾਣੇ ਦੇ ਵੱਡੇ ਪੂੰਜੀਪਤੀ, ਜੱਟਾਂ ਦੀ ਬਾਂਹ ਮਰੋੜ ਕੇ, ਉਨ੍ਹਾਂ ਨੂੰ ਲਾਲਚ ਵਗੈਰਾ ਨਾਲ ਭਰਮਾ ਕੇ ਧੜਾਧੜ ਬਲੈਕ ਦੀਆਂ ਰਕਮਾਂ ਨੂੰ ਜ਼ਮੀਨਾਂ ਖਰੀਦਣ ਲਈ ਇਨਵੈਸਟ ਕਰ ਰਹੇ ਹਨ ਪਰ ਕਿਸਾਨ ਇਨ੍ਹਾਂ ਪਾਸੋਂ ਮਿਲੀਆਂ ਮੋਟੀਆਂ ਰਕਮਾਂ ਨੂੰ ਵਿਆਹ-ਸ਼ਾਦੀਆਂ ਅਤੇ ਕਾਰਾਂ-ਕੋਠੀਆਂ ਖਰੀਦਣ ਵਿਚ ਖ਼ਤਮ ਕਰ ਬੈਠਦੇ ਹਨ। ਸੋ, ਸਰਮਾਏਦਾਰੀ ਸਾਜ਼ਿਸ਼ਾਂ ਤੋਂ ਬਚਣ ਦੀ ਲੋੜ ਹੈ। ਇਉਂ ਇਹ ਪੁਸਤਕ ਇਕ ਹਿਦਾਇਤਨਾਮਾ ਹੈ। ਇਸ ਨੂੰ ਬਾਰੰਬਾਰ ਪੜ੍ਹਨਾ ਚਾਹੀਦਾ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਚਿੰਤਨ ਤੋਂ ਚਾਨਣ ਤੱਕ
ਲੇਖਕ : ਜਗਜੀਤ ਸਿੰਘ ਗਣੇਸ਼ਪੁਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 94655-76022

'ਚਿੰਤਨ ਤੋਂ ਚਾਨਣ ਤੱਕ' ਜਗਜੀਤ ਸਿੰਘ ਗਣੇਸ਼ਪੁਰ ਦਾ ਪਲੇਠਾ ਲੇਖ-ਸੰਗ੍ਰਹਿ ਹੈ। ਉਸ ਦੇ ਲੇਖ ਅਕਸਰ ਅਖ਼ਬਾਰਾਂ ਅਤੇ ਸਾਹਿਤਕ ਪਰਚਿਆਂ ਦਾ ਸ਼ਿੰਗਾਰ ਬਣਦੇ ਹਨ। ਕਿੱਤੇ ਵਜੋਂ ਉਹ ਸੰਵੇਦਨਸ਼ੀਲ ਅਧਿਆਪਕ ਹੈ। ਸਮਕਾਲੀ ਮੁੱਦਿਆਂ ਨੂੰ ਚੇਤਨਾ ਦੀ ਸਾਣ 'ਤੇ ਚਾੜ੍ਹ ਕੇ ਉਹ ਆਪਣੇ ਵਿਦਿਆਰਥੀਆਂ ਤੇ ਪਾਠਕਾਂ ਦੇ ਮਨ-ਮਸਤਕ ਵਿਚ ਚਾਨਣ ਦੇ ਬੀਜ-ਬੀਜਦਾ ਹੈ। ਉਸ ਦੀ ਵਾਰਤਕ ਵਿਚ ਸਹਿਜਤਾ ਅਤੇ ਸੁਭਾਵਿਕਤਾ ਹੈ। ਸਰਲਤਾ ਤੇ ਸਪੱਸ਼ਟਤਾ ਦੇ ਗੁਣ ਹਨ ਜੋ ਉਸ ਨੂੰ ਬਾ-ਕਮਾਲ ਲੇਖਕ ਬਣਾਉਂਦੇ ਹਨ। ਉਸ ਦੇ ਲੇਖ ਪਾਠਕਾਂ ਦੇ ਮਨਾਂ ਵਿਚ ਡੂੰਘੀ ਛਾਪ ਛੱਡਦੇ ਹਨ। ਉਸ ਦੇ ਕਈ ਲੇਖ ਵਕਤ ਦੇ ਖੰਭਾਂ 'ਤੇ ਉੱਕਰੇ ਸ਼ਿਲਾਲੇਖ ਵਾਂਗ ਹਨ। 'ਚਿੰਤਨ ਤੋਂ ਚਾਨਣ ਤੱਕ' ਪੁਸਤਕ ਵਿਚ 29 ਲੇਖ ਸ਼ਾਮਿਲ ਕੀਤੇ ਗਏ ਹਨ। ਇਹ ਲੇਖ ਹਰੇਕ ਉਮਰ ਦੇ ਪਾਠਕ ਲਈ ਉਪਯੋਗੀ ਹਨ। ਵੱਖ-ਵੱਖ ਵਿਸ਼ਿਆਂ ਨੂੰ ਛੋਹਦੇ ਹੋਏ ਲੇਖਕ ਵਲੋਂ ਸੋਸ਼ਲ ਮੀਡੀਏ ਦੀ ਵਧ ਰਹੀ ਵਰਤੋਂ ਫ਼ਾਇਦੇ ਅਤੇ ਨੁਕਸਾਨ ਸੰਬੰਧੀ ਲੇਖ ਵੀ ਲਿਖੇ ਗਏ ਹਨ। ਲੇਖਕ ਬੱਚਿਆਂ ਦੇ ਹੱਥਾਂ ਵਿਚ ਮੋਬਾਈਲ ਦੀ ਥਾਂ ਕਿਤਾਬਾਂ ਵੇਖਣ ਦਾ ਚਾਹਵਾਨ ਹੈ। ਉਹ ਰੋਜ਼ਾਨਾ ਦੇ ਆਪਣੇ ਤਜਰਬਿਆਂ ਤੋਂ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ, ਜੋ ਲੇਖਕ ਦੀ ਪ੍ਰਾਪਤੀ ਹੈ। ਲੇਖਾਂ ਵਿਚ ਹਾਂ ਪੱਖੀ ਰਵੱਈਆ ਰੱਖ ਕੇ ਉਹ ਪਾਠਕ ਨੂੰ ਹੋਰ ਵੀ ਉਤਸ਼ਾਹਿਤ ਕਰਨ ਵਿਚ ਸਫਲ ਹੈ। 'ਉਹ ਵੀ ਦਿਨ ਸਨ', 'ਨਾਨਕੇ ਪਿੰਡ ਦੀਆਂ ਯਾਦਾਂ', 'ਬਾਲ ਸਾਹਿਤ ਰਾਹੀਂ ਸਿੱਖੀ ਦੀ ਪੇਸ਼ਕਾਰੀ', 'ਸ਼ਬਦਾਂ ਦੇ ਜ਼ਹਿਰੀਲੇ ਧੂੰਏਂ' 'ਸੂਚਨਾ ਤਕਨੀਕ ਤੇ ਨੈਤਿਕਤਾ,' 'ਬੱਸ ਨੰਬਰ 8414,' 'ਸੋਸ਼ਲ ਮੀਡੀਏ ਦੀ ਲੱਤ', 'ਆਪਣਾ ਪੰਜਾਬ ਹੋਵੇ ਹੱਥਾਂ ਵਿਚ ਕਿਤਾਬ ਹੋਵੇ', 'ਸੁਪਨੇ ਤੋਂ ਸੱਚ ਤਕ', 'ਦੁਨੀਆ ਨੂੰ ਸ਼ੀਸ਼ਾ ਵਿਖਾਉਣ ਕਾਲੀ ਗ੍ਰੇਟਾ,' 'ਸਾਰੀ ਦੁਨੀਆ ਹੀ ਮੇਰੀ ਕਲਾਸ ਰੂਮ', 'ਦਾਨ ਦਿਉ ਪਰ ਸੂਝ ਨਾਲ' ਲੇਖ ਪੜ੍ਹਨਯੋਗ ਹਨ ਜੋ ਪਾਠਕ ਨੂੰ ਰੌਚਿਕਤਾ ਦੇ ਨਾਲ-ਨਾਲ ਸਾਰਥਿਕ ਸੁਨੇਹਾ ਦਿੰਦੇ ਹਨ। 'ਚਿੰਤਨ ਤੋਂ ਚਾਨਣ ਤਕ' ਵਾਰਤਕ ਵਿਧਾ ਦੀ ਵਧੀਆ ਪੁਸਤਕ ਹੋ ਨਿੱਬੜੀ ਹੈ।
-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020
ਸੁਪਨਿਆਂ ਦੀਆਂ ਬਾਤਾਂ
ਲੇਖਿਕਾ : ਡਾ. ਬਲਵਿੰਦਰ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 123
ਸੰਪਰਕ : 98152-98459

ਬਲਵਿੰਦਰ ਕੌਰ ਆਸਟ੍ਰੇਲੀਆ ਵਸਦੀ ਅਧਿਆਪਨ ਕਿੱਤੇ ਨਾਲ ਜੁੜੀ ਲੇਖਿਕਾ ਹੈ। ਉਸ ਨੇ ਆਪਣੀ ਪਹਿਲੀ ਪੁਸਤਕ ਵਿਚ ਆਪਣੇ ਜੀਵਨ ਅਨੁਭਵਾਂ ਨੂੰ ਰੌਚਿਤਕ ਵਾਰਤਕ ਸ਼ੈਲੀ ਵਿਚ ਪੇਸ਼ ਕਰਦਿਆਂ ਪ੍ਰੇਰਨਾਦਾਇਕ ਪੁਸਤਕ ਦੀ ਸਿਰਜਣਾ ਕੀਤੀ ਹੈ। ਇਸ ਕਿਤਾਬ ਵਿਚ ਨਿੱਕੇ-ਨਿੱਕੇ ਅਧਿਆਏ ਹਨ ਜਿਨ੍ਹਾਂ ਵਿਚੋਂ ਕੁਝ ਲੇਖਿਕਾ ਦੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਨੂੰ ਪੇਸ਼ ਕਰਦੇ ਹਨ, ਕੁਝ ਲੇਖਿਕਾ ਦੀਆਂ ਸਮ੍ਰਿਤੀਆਂ ਨਾਲ ਜੁੜੇ ਹਨ ਅਤੇ ਕਈ ਚੈਪਟਰ ਨਿੱਕੇ ਆਕਾਰ ਦੀਆਂ ਕਹਾਣੀਆਂ ਦੇ ਰੂਪ ਵਿਚ ਪੇਸ਼ ਹਨ। ਸਾਰੀ ਕਿਤਾਬ ਦਾ ਤਤਸਾਰ ਮਨੁੱਖ ਨੂੰ ਹਰ ਤਰ੍ਹਾਂ ਦੀਆਂ ਬਿਖਮ ਸਥਿਤੀਆਂ ਵਿਚ ਵੀ ਜ਼ਿੰਦਾਦਿਲ ਰਹਿਣ ਤੇ ਲਗਾਤਾਰ ਮਿਹਨਤ ਕਰਕੇ ਆਪਣੀ ਮੰਜ਼ਿਲ ਵੱਲ ਵਧਦੇ ਜਾਣ ਦੀ ਪ੍ਰੇਰਨਾ ਦੇਣਾ ਹੈ। ਕਿਤਾਬ ਦੇ ਕੁਝ ਲੇਖ ਲੇਖਿਕਾ ਦੇ ਅਧਿਆਪਨ ਜੀਵਨ ਦੌਰਾਨ ਮਿਲਦੇ ਵਿਦਿਆਰਥੀਆਂ ਨਾਲ ਸੰਬੰਧਿਤ ਹਨ ਜਿਨ੍ਹਾਂ ਵਿਚੋਂ ਕਈ ਵਿਦਿਆਰਥੀ ਕਿਸੇ ਅਸਫ਼ਲਤਾ ਕਾਰਨ ਨਿਰਾਸ਼ਾ ਦੇ ਆਲਮ ਵਿਚ ਰਹਿੰਦੇ ਹਨ ਜਦਕਿ ਕਈ ਵਿਦਿਆਰਥੀ ਆਪਣੀ ਹਿੰਮਤ, ਸੂਝ-ਬੂਝ ਤੇ ਸਿਦਕ ਨਾਲ ਹਰ ਪ੍ਰਤੀਕੂਲ ਸਥਿਤੀ 'ਤੇ ਵੀ ਕਾਬੂ ਪਾ ਲੈਂਦੇ ਹਨ। ਲੇਖਿਕਾ ਵਲੋਂ ਨਿੱਕੇ-ਨਿੱਕੇ ਬਿਰਤਾਂਤ ਪੇਸ਼ ਕਰਕੇ ਮਨੁੱਖ ਨੂੰ ਉਦਾਸੀ ਤੇ ਨਮੋਸ਼ੀ ਨੂੰ ਤਿਲਾਂਜਲੀ ਦੇਣ ਦੇ ਸਬਕ ਦਿੱਤੇ ਹੋਏ ਹਨ। ਪੁਸਤਕ ਦਾ ਪਹਿਲਾ ਲੇਖ ਹੀ ਇਕ ਕੀੜੇ ਦੁਆਰਾ ਫੈਂਸ 'ਤੇ ਚੜ੍ਹਨ ਦੌਰਾਨ ਵਾਰ-ਵਾਰ ਡਿਗਣ ਦੀ ਦ੍ਰਿਸ਼ਕਾਰੀ ਨੂੰ ਪੇਸ਼ ਕਰਦਾ ਹੈ ਅਤੇ ਅੰਤ ਵਿਚ ਉਹ ਕੀੜਾ ਆਪਣੀ ਮਨਚਾਹੀ ਮੰਜ਼ਿਲ 'ਤੇ ਪੁੱਜਣ ਵਿਚ ਸਫਲ ਹੋ ਜਾਂਦਾ ਹੈ। ਅਜਿਹੀਆਂ ਮਿਸਾਲਾਂ ਪੇਸ਼ ਕਰਕੇ ਲੇਖਿਕਾ ਸਾਰੀ ਪੁਸਤਕ ਵਿਚ ਕਈ ਪ੍ਰੇਰਨਾਦਾਇਕ ਪ੍ਰਸੰਗਾਂ ਨੂੰ ਪੇਸ਼ ਕਰਦੀ ਹੈ। ਚੰਗੇ ਮਿੱਤਰ ਬਣਾਉਣ, ਸਵੈ-ਵਿਸ਼ਵਾਸ ਰੱਖਣ, ਮੁਸਕਰਾਉਂਦੇ ਰਹਿਣ, ਆਲੋਚਨਾ ਸਹਿਣ, ਸਿਹਤ ਦਾ ਧਿਆਨ ਰੱਖਣ, ਚੰਗੀਆਂ ਪੁਸਤਕਾਂ ਪੜ੍ਹਨ, ਲਗਾਤਾਰ ਮਿਹਨਤ, ਆਲਸ ਤਿਆਗਣ, ਦਿਆਲੂ ਬਣਨ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਅਨੇਕਾਂ ਪ੍ਰੇਰਨਾ ਭਰੇ ਬਿਰਤਾਂਤ ਕਿਤਾਬ ਦਾ ਹਿੱਸਾ ਬਣੇ ਹਨ। ਇਹ ਕਿਤਾਬ ਵਿਦਿਆਰਥੀਆਂ ਸਮੇਤ ਹਰ ਵਰਗ ਦੇ ਪਾਠਕਾਂ ਨੂੰ ਉਪਦੇਸ਼ਕੀ ਲਹਿਜ਼ੇ ਵਿਚ ਸੰਬੋਧਨ ਹੁੰਦੀ ਹੈ। ਲੇਖਿਕਾ ਤੋਂ ਆਸਟ੍ਰੇਲੀਆ ਵਿਚ ਪੰਜਾਬੀ ਜੀਵਨ ਦੀਆਂ ਦੁਸ਼ਵਾਰੀਆਂ ਅਤੇ ਸੰਘਰਸ਼ ਦੀ ਗਾਥਾ ਨੂੰ ਹੋਰ ਸ਼ਿੱਦਤ ਨਾਲ ਪੇਸ਼ ਕਰਨ ਦੀ ਤਵੱਕੋ ਕੀਤੀ ਜਾ ਸਕਦੀ ਹੈ। ਬਲਵਿੰਦਰ ਕੌਰ ਕੋਲ ਵਾਰਤਕ ਲਿਖਣ ਦਾ ਵਿਸ਼ੇਸ਼ ਹੁਨਰ ਹੈ ਜਿਸ ਵਿਚ ਵਿਚਾਰਾਂ ਦੀ ਗੰਭੀਰਤਾ ਤੇ ਗਹਿਨਤਾ ਸ਼ਾਮਿਲ ਕਰਕੇ ਹੋਰ ਸਮਰੱਥਾਵਾਨ ਪੁਸਤਕਾਂ ਲਿਖਣ ਦੀ ਯੋਗਤਾ ਹੈ। ਲੇਖਿਕਾ ਦੀ ਇਸ ਕਿਤਾਬ ਦਾ ਸਵਾਗਤ ਹੈ।
-ਡਾ. ਜੇ. ਬੀ. ਸੇਖੋਂ
ਮੋਬਾਈਲ : 94175-86028
ਅੱਧੀ ਛੁੱਟੀ
ਲੇਖਕ : ਗੋਗੀ ਜ਼ੀਰਾ
ਪ੍ਰਕਾਸ਼ਕ : ਊੜਾ ਪਬਲੀਕੇਸ਼ਨ ਮੋਗਾ
ਮੁੱਲ : 80 ਰੁਪਏ, ਸਫ਼ੇ : 39
ਸੰਪਰਕ : 97811-36240

ਅੱਧੀ ਛੁੱਟੀ ਬਾਲ ਕਵਿਤਾਵਾਂ ਦੀ ਪੁਸਤਕ ਜਿਸ ਵਿਚ 29 ਛੋਟੀਆਂ ਛੋਟੀਆਂ ਬਾਲ ਕਵਿਤਾਵਾਂ ਲੇਖਕ ਨੇ ਲਿਖ ਕੇ ਬੱਚਿਆਂ ਨੂੰ ਲੁਭਾਉਣ ਦਾ ਯਤਨ ਕੀਤਾ ਹੈ ਅਤੇ ਉਨ੍ਹਾਂ ਵਿਚ ਆਪਣੀ ਮਾਂ ਬੋਲੀ ਨਾਲ ਪਿਆਰ ਪਾਉਣ ਦਾ ਵਧੀਆ ਉਪਰਾਲਾ ਕੀਤਾ ਹੈ। ਕਿਤਾਬਾਂ ਨਾਮ ਦੀ ਕਵਿਤਾ ਨਾਲ ਲੇਖਕ ਨੇ ਆਪਣੀ ਪੁਸਤਕ ਦੀ ਸ਼ੁਰੂਆਤ ਕੀਤੀ ਹੈ। ਕਿਤਾਬਾਂ ਹੀ ਬੱਚਿਆਂ ਦਾ ਹਾਰ ਸ਼ਿੰਗਾਰ ਹੁੰਦੀਆਂ ਹਨ ਜਿਹੜੇ ਬੱਚੇ ਕਿਤਾਬਾਂ ਨਾਲ ਪਿਆਰ ਪਾਉਂਦੇ ਨੇ ਉਹ ਮੰਜ਼ਿਲਾਂ 'ਤੇ ਪੁੱਜ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਵਿਤਾਵਾਂ ਲੇਖਕ ਦੀਆਂ ਖੂਬਸੂਰਤ ਹਨ ਜਿਵੇਂ ਕੀ ਡਾਕੀਆ ਅੰਕਲ, ਜੈਂਗੋ, ਕੂੜੇ ਦਾਨ, ਹਿੰਮਤ, ਅੱਧੀ ਛੁੱਟੀ, ਮਿੱਠੂ, ਨਾਰੀਅਲ, ਹਾਥੀ ਵਾਲਾ ਭਾਈ, ਮੱਛਰ, ਤੋਹਫਾ, ਏ.ਸੀ, ਛਿਪਕਲੀ, ਲਾਈਟਾਂ ਵਾਲੇ ਬੂਟ, ਦੂਰਬੀਨ ਅਤੇ ਕੈਲਕੁਲੇਟਰ। ਇਸ ਤੋਂ ਪਹਿਲਾਂ ਲੇਖਕ ਦੀਆਂ ਤਿੰਨ ਪੁਸਤਕਾਂ ਛਪ ਚੁੱਕੀਆਂ ਹਨ। ਰੰਗ ਬਰੰਗੇ ਫੁੱਲ, ਹਰਫਾਂ ਦੀ ਆਹਟ ਅਤੇ ਨਜ਼ਰ ਨਾ ਲੱਗੇ। ਲੇਖਕ ਕੁੱਝ ਸਾਂਝੇ ਕਾਵਿ ਸੰਗ੍ਰਹਿਆਂ ਵਿਚ ਵੀ ਆਪਣੀ ਹਾਜ਼ਰੀ ਲਵਾ ਚੁੱਕਿਆ ਹੈ। ਕਵਿਤਾਵਾਂ ਦੇ ਨਾਲ ਤਸਵੀਰਾਂ ਦੀ ਚਿੱਤਰਕਾਰੀ ਵੀ ਵਧੀਆ ਕੀਤੀ ਗਈ ਹੈ। ਹੱਥਲੀ ਪੁਸਤਕ ਵਿਚ ਖੂਬਸੂਰਤ ਵਿਸ਼ਿਆਂ ਵਾਲੀਆਂ ਕਵਿਤਾਵਾਂ ਲੇਖਕ ਨੇ ਲਿਖੀਆਂ ਹਨ ਜੋ ਬੱਚਿਆਂ ਦੇ ਮਨਾਂ ਨੂੰ ਜ਼ਰੂਰ ਲੁਭਾਉਣਗੀਆਂ। ਕਵਿਤਾ ਦੀ ਪਕਿਆਈ ਲਈ ਲੇਖਕ ਨੂੰ ਹੋਰ ਮਿਹਨਤ ਦੀ ਲੋੜ ਹੈ। ਮੈਂ ਆਸ ਕਰਦਾ ਹਾਂ ਬੱਚੇ ਇਸ ਪੁਸਤਕ ਨੂੰ ਜ਼ਰੂਰ ਪੜ੍ਹਨਗੇ ਅਤੇ ਆਪਣੀ ਮਾਂ ਬੋਲੀ ਦੇ ਗੁਣਗਾਣ ਕਰਨਗੇ। ਅੰਤ ਵਿਚ ਮੇਰੇ ਵੱਲੋਂ ਲੇਖਕ ਨੂੰ ਚੰਗੀ ਕਿਰਤ ਲਈ ਵਧਾਈ ਅਤੇ ਊੜਾ ਪਬਲੀਕੇਸ਼ਨ ਨੂੰ ਵੀ ਪੁਸਤਕ ਦੀ ਚੰਗੀ ਬਣਤਰ ਲਈ ਵਧਾਈ।
-ਬਲਵਿੰਦਰ ਸਿੰਘ ਜੰਮੂ
ਮੋਬਾਈਲ : 94196-36562
ਸਚਿਆਰੇ ਪਾਂਧੀ
ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 099158-08506

'ਸਚਿਆਰੇ ਪਾਂਧੀ' (2025) ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਡਾ. ਸ਼ਿਆਮ ਸੁੰਦਰ ਦੀਪਤੀ ਦੀ ਇਕ ਵਿਲੱਖਣ ਵਾਰਤਕ ਪੁਸਤਕ ਹੈ। ਇਸ ਪੁਸਤਕ ਦਾ ਸਿਰਲੇਖ ਤੇ ਇਸ ਦੀ ਵਸਤੂ-ਸਮੱਗਰੀ ਦੀ ਸਮੁੱਚੀ ਬਣਤ-ਵਿਉਂਤ ਗੁਰੂ ਨਾਨਕ ਦੇਵ ਜੀ ਦੀ ਮਹਾਨ ਬਾਣੀ ਜਪੁ ਜੀ ਸਾਹਿਬ ਜੀ ਦੀ ਤੁਕ 'ਕਿਵ ਸਚਿਆਰਾ ਹੋਈਐ' ਦੀ ਵਿਚਾਰਕ ਚੂਲ 'ਤੇ ਟਿਕੀ ਹੋਈ ਹੈ। ਸੱਚ ਦੀ ਖੋਜ, ਸਚਿਆਰ ਦੀ ਅਵੱਸਥਾ ਤੱਕ ਪਹੁੰਚਣਾ ਡਾ. ਦੀਪਤੀ ਲਈ ਜੀਵਨ ਦਾ ਮੂਲ ਮੁੱਦਾ ਹੈ। ਉਹ ਆਪ ਵੀ ਅਜਿਹੇ ਜੀਵਨ ਦਾ ਪਾਂਧੀ ਹੈ। ਇਸੇ ਮਾਨਵੀ ਸੋਚ ਦੇ ਆਧਾਰ 'ਤੇ ਉਸ ਨੇ ਦੁਨੀਆ ਭਰ ਦੇ 14 ਚੋਣਵੇਂ ਮਨਪਸੰਦ ਦਾਰਸ਼ਨਿਕਾਂ-ਚਿੰਤਕਾਂ ਦੇ ਵਿਚਾਰਾਂ ਨੂੰ ਆਧੁਨਿਕ ਸਮਾਜ-ਮਨੋਵਿਗਿਆਨਕ ਚਿੰਤਨ ਦੀ ਕਸਵੱਟੀ ਉੱਤੇ ਪਰਖ-ਪੜਚੋਲ ਕੇ, ਇਸ ਦੀ ਆਧੁਨਿਕ ਜੀਵਨ ਵਿਚ ਪ੍ਰਸੰਗਤਾ ਦੇ ਸੰਦਰਭ ਨੂੰ ਖ਼ੂਬਸੂਰਤ ਵਿਗਿਆਨਕ ਨਜ਼ਰੀਏ ਨਾਲ ਰਸਿਕ ਅੰਦਾਜ਼ ਵਿਚ ਪੇਸ਼ ਕੀਤਾ ਹੈ। ਇਹੀ ਲੋਕ ਸਨ ਜਿਨ੍ਹਾਂ ਦੇ ਵਿਚਾਰ ਅਨੇਕ ਸਦੀਆਂ-ਸਾਲ ਬੀਤ ਜਾਣ ਤੋਂ ਬਾਅਦ ਨਾ ਕੇਵਲ ਆਪਣੀ ਸਾਰਥਕਤਾ, ਪ੍ਰਸੰਗਤਾ ਬਣਾਈ ਬੈਠੇ ਹਨ ਸਗੋਂ ਇਨ੍ਹਾਂ ਦੀ ਲਿਸ਼ਕਵੀਂ ਚਿਲਕੋਰ ਇਹ ਵੀ ਚਿਤਾਰਦੀ ਹੈ ਕਿ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਅਤੇ ਸੱਚ ਦਾ ਰਾਹ ਜਾਂ ਸਚਿਆਰਾ ਜੀਵਨ ਹੀ ਲੋਕ ਪੱਖੀ ਮਾਨਵਵਾਦੀ ਸਮਾਜ ਦੀ ਸਿਰਜਣਾ ਦਾ ਇਕੋ ਇਕ ਰਾਹ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਚਿੰਤਕਾਂ ਨੇ ਸੱਚ ਦੀ ਭਾਲ ਵਿਚ ਨਵੇਂ ਨਵੇਲੇ ਵਿਚਾਰ-ਅਨੁਭਵ ਗ੍ਰਹਿਣ ਕਰਨ ਹਿਤ ਦੇਸ਼ਾਂ-ਦੇਸ਼ਾਂਤਰਾਂ ਦਾ ਭ੍ਰਮਣ ਕੀਤਾ, ਖ਼ਤਰੇ ਭਰਿਆ ਘੋਰ ਸੰਘਰਸ਼ਪੂਰਨ ਜੀਵਨ ਚੁਣਿਆ, ਵੱਖ-ਵੱਖ ਖਿੱਤਿਆਂ ਤੇ ਵੱਖ-ਵੱਖ ਵਿਚਾਰਾਂ ਦੇ ਲੋਕਾਂ ਨਾਲ ਸੰਵਾਦ ਰਚਾ ਕੇ ਆਪਣੇ ਮੌਲਿਕ ਚਿੰਤਨ ਨੂੰ ਨਿਖਾਰਿਆ : ਆਪਣੇ ਜੀਵਨ ਨੂੰ ਜ਼ੋਖ਼ਮ ਵਿਚ ਪਾਇਆ ਅਤੇ ਕਈਆਂ ਨੇ ਆਪਣੇ ਵਿਚਾਰਾਂ ਦੀ ਕੀਮਤ ਅਦਾ ਕਰਦੇ ਹੋਏ ਆਪਣੇ ਜੀਵਨ ਦੀ ਆਹੂਤੀ ਹੀ ਦੇ ਦਿੱਤੀ। ਡਾ. ਦੀਪਤੀ ਦੁਆਰਾ ਚੁਣੇ-ਪੇਸ਼ ਕੀਤੇ ਗਏ ਇਹ ਚਿੰਤਕ ਆਪਣੇ ਸੀਮਤ ਸਮਾਜ, ਦੇਸ਼, ਧਰਮ, ਜਾਤ ਜਾਂ ਖਿੱਤੇ ਤੱਕ ਸੀਮਤ ਨਹੀਂ, ਸਗੋਂ ਉਹ ਤਾਂ ਸਮੁੱਚੀ ਮਾਨਵਤਾ ਦੀ ਭਲਾਈ ਤੇ ਵਿਕਾਸ ਦੇ ਉਚੇਰੇ ਉਦੇਸ਼ ਨੂੰ ਡੂੰਘੀ ਤਰ੍ਹਾਂ ਸਮਰਪਿਤ ਸਨ। ਇਸ ਪੁਸਤਕ ਵਿਚ ਗੁਰੂ ਨਾਨਕ, ਮਹਾਤਮਾ ਬੁੱਧ, ਸੁਕਰਾਤ, ਕਬੀਰ, ਕਾਰਲ ਮਾਰਕਸ, ਭਗਤ ਪੂਰਨ ਸਿੰਘ, ਡਾ. ਬੀ. ਆਰ. ਅੰਬੇਡਕਰ, ਸ਼ਹੀਦ ਭਗਤ ਸਿੰਘ, ਭਾਅ ਜੀ ਗੁਰਸ਼ਰਨ ਸਿੰਘ, ਸੁਭਾਸ਼ ਚੰਦਰ ਬੋਸ, ਕਰਤਾਰ ਸਿੰਘ ਸਰਾਭਾ, ਚੀ ਗਵੇਰਾ, ਲੇਖਕ ਸੁਖਬੀਰ ਤੇ ਰੇਡੀਅਮ ਦੀਆਂ ਅਦ੍ਰਿਸ਼ ਕਿਰਣਾਂ ਤੇ ਖੋਜ ਕਰਦੇ-ਕਰਦੇ ਆਪਣੀ ਜਾਨ ਗੁਆਉਣ ਵਾਲੀ ਪਦਾਰਥ ਵਿਗਿਆਨ ਵਿਚ ਦੋ ਵਾਰ ਦੀ ਨੋਬੇਲ ਇਨਾਮ ਜੇਤੂ ਮੈਰੀ ਕਿਊਰੀ ਦੇ ਵਿਚਾਰਾਂ ਬਾਰੇ ਗਹਿਰਾ ਚਿੰਤਨ-ਮੰਥਨ ਕੀਤਾ ਗਿਆ ਹੈ। ਇਹ ਚਿੰਤਨ-ਮੰਥਨ ਸਿੱਧੇ ਲੇਕਾਂ ਦੇ ਰੂਪ ਵਿਚ ਨਹੀਂ ਸਗੋਂ ਕਲਪਿਤ ਗੱਲਬਾਤੀ ਵਿਧੀ ਰਾਹੀਂ ਦਿਲਚਸਪ ਅੰਦਾਜ਼ ਵਿਚ ਸਾਡੇ ਸਾਹਮਣੇ ਆਉਂਦਾ ਹੈ। ਇਹ ਗੱਲਬਾਤ ਜੀਵਨ-ਬਿਰਤਾਂਤ ਦੀ ਥਾਂ ਵਿਚਾਰ-ਬਿਰਤਾਂਤ ਉੱਤੇ ਵੱਧ ਫੋਕਸ ਹੈ। ਇੰਝ ਇਨ੍ਹਾਂ ਚਿੰਤਕਾਂ ਦੇ ਵਿਚਾਰ ਹੋਰ ਸਪੱਸ਼ਟ ਤੇ ਨਿੱਗਰ ਰੂਪ ਵਿਚ ਸਾਡੇ ਸਾਹਮਣੇ ਆਉਂਦੇ ਹਨ। ਚੋਣਵੀਆਂ ਜੀਵਨ ਘਟਨਾਵਾਂ ਦਾ ਬਿਆਨ ਵੀ ਵਿਚਾਰਾਂ ਨੂੰ ਹੋਰ ਸਪੱਸ਼ਟਤਾ ਤੇ ਨਿਖਾਰ ਪ੍ਰਦਾਨ ਕਰਦਾ ਹੈ। ਮਾਨਵਵਾਦੀ ਸਮਾਜ ਦੀ ਸਿਰਜਣਾ ਲਈ ਆਪਣੀਆਂ ਵਿਹਾਰਕ ਸਰਗਰਮੀਆਂ ਤੇ ਲਿਖਤਾਂ ਰਾਹੀਂ ਉਘੜਵਾਂ ਯੋਗਦਾਨ ਪਾਉਣ ਵਾਲੇ ਡਾ. ਦੀਪਤੀ ਦੀ ਇਹ ਪੁਸਤਕ ਹਰ ਲਾਇਬ੍ਰੇਰੀ ਦਾ ਸ਼ਿੰਗਾਰ ਤਾਂ ਜ਼ਰੂਰੀ ਹੀ ਹੋਣੀ ਚਾਹੀਦੀ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਮਿੱਟੀ
ਲੇਖਿਕਾ : ਕੁਲਜੀਤ ਕੌਰ ਜੀਤ
ਪ੍ਰਕਾਸ਼ਕ : ਸਾਹਿਤਯ ਕਲਸ਼ ਪਬਲੀਕੇਸ਼ਨ, ਪਟਿਆਲਾ।
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98729-83914

'ਮਿੱਟੀ' ਕੁਲਜੀਤ ਕੌਰ ਜੀਤਾ ਦਾ ਰਚਿਆ ਪਹਿਲਾ ਪਲੇਠਾ ਕਾਵਿ-ਸੰਗ੍ਰਹਿ ਹੈ, ਜੋ 2024 ਵਿਚ ਪ੍ਰਕਾਸ਼ਿਤ ਹੋਇਆ ਹੈ। ਕਵਿੱਤਰੀ ਨੇ ਇਸ ਵਿਚ ਸ਼ਾਮਿਲ ਕੀਤੀਆਂ 61 ਕਵਿਤਾਵਾਂ ਵਿਚ ਵੱਖ-ਵੱਖ ਵਿਸ਼ਿਆਂ ਨੂੰ ਬਾਖ਼ੂਬੀ ਚਿੱਤਰਿਆ ਹੈ। ਉਸ ਨੇ ਇਸ ਕਾਵਿ-ਸੰਗ੍ਰਹਿ ਵਿਚ ਅਧਿਆਤਮਵਾਦ ਤੋਂ ਲੈ ਕੇ ਧਰਮ, ਧਾਰਮਿਕਤਾ, ਧਰਮ ਦੇ ਪਖੰਡੀ ਸਾਧਾਂ, ਬਾਬਿਆਂ, ਰਾਜਸੀ ਆਗੂਆਂ ਦੇ ਦੰਭ ਭਰੇ ਝੂਠੇ ਪ੍ਰਪੰਚ ਦੇ ਪਾਜ ਬੇਬਾਕੀ ਨਾਲ ਉਧੇੜੇ ਹਨ। ਇਸ ਦੇ ਨਾਲ ਹੀ ਉਸ ਨੇ ਮਾਨਵਤਾ ਨੂੰ ਸਾਦਗੀ, ਸਿਮਰਨ, ਸਿਦਕਵਾਨ, ਧੀਰਜਵਾਨ, ਬਹਾਦਰ ਅਤੇ ਸਿਰੜੀ ਬਣ ਕੇ ਮਨੁੱਖ ਹਿਤੂ ਧਾਰਨਾ ਦੇ ਮੁੱਦਈ ਬਣਨ ਦਾ ਬੜਾ ਸੋਹਣਾ ਸੰਦੇਸ਼ ਦਿੱਤਾ ਹੈ। ਪਿਆਰ ਦੇ ਭਾਵ ਹਰੇਕ ਔਰਤ ਮਰਦ, ਲੜਕੇ ਲੜਕੀ ਵਿਚ ਕੁਦਰਤੀ ਤੌਰ 'ਤੇ ਪਾਏ ਜਾਂਦੇ ਹਨ। ਕੁਲਜੀਤ ਦੀਆਂ ਕਵਿਤਾਵਾਂ ਪੜ੍ਹਦਿਆਂ, ਗਾਉਂਦਿਆਂ ਪਾਠਕ ਨੂੰ ਇਹ ਅਨੁਭਵ ਸਹੀ ਰੂਪ ਵਿਚ ਹੁੰਦਾ ਹੈ ਕਿ ਅਸਲ ਵਿਚ ਸੱਚੀ ਮੁਹੱਬਤ ਕੀ ਹੈ? ਇਹ ਕਿਵੇਂ ਹੁੰਦੀ ਹੈ? ਆਪਣੇ-ਆਪੇ ਨੂੰ ਖ਼ਤਮ ਕਰ ਕੇ ਆਪਣੇ ਮਹਿਬੂਬ ਦੀ ਰੂਹ ਨਾਲ ਕਿਵੇਂ ਇੱਕ-ਮਿੱਕ ਹੋਣਾ ਹੁੰਦਾ ਹੈ? ਮੁਹੱਬਤ ਵਿਚ ਆਪਣੇ ਪਿਆਰੇ ਦੀ ਰੂਹ ਨਾਲ ਆਪਣੀ ਰੂਹ ਦਾ ਸ਼ਿੰਗਾਰ ਕਿਵੇਂ ਕਰਨਾ ਹੁੰਦਾ ਹੈ? ਮੁਹੱਬਤ ਦੇ ਇਹ ਭਾਵ ਕਵਿੱਤਰੀ ਨੇ ਆਪਣੀਆਂ ਕਵਿਤਾਵਾਂ ਰਿਸ਼ਤੇ, ਤੇਰੀ ਦੀਦ, ਇਸ਼ਕ, ਇਸ਼ਕ ਹਕੀਕੀ, ਨਾਕਾਮ ਇਸ਼ਕ, ਵਾਵਰੋਲਾ, ਸਾਵਣ, ਫੁਲਕਾਰੀ, ਮੁਹੱਬਤ, ਦਿਲ ਦੀ ਦਸਤਕ ਆਦਿ ਵਿਚ ਬੜੇ ਸੁਹਜਾਤਮਿਕ ਢੰਗ ਨਾਲ ਵਿਅਕਤ ਕੀਤੇ ਹਨ। ਸੂਫ਼ੀ ਕਾਵਿਧਾਰਾ ਦਾ ਰੰਗ ਵੀ ਕੁਲਜੀਤ ਦੀਆਂ ਕਵਿਤਾਵਾਂ ਵਿਚੋਂ ਉੱਘੜਵੇਂ ਰੂਪ ਵਿਚ ਸਾਕਾਰ ਹੁੰਦਾ ਹੈ। ਮਿੱਤਰ ਪਿਆਰਾ, ਨਾਜ਼ਕ ਪੀੜਾਂ, ਝੂਠ ਦੀ ਮਿਲਾਵਟ, ਸੱਜਣ ਦਾ ਡੇਰਾ, ਸੁਰਤੀ, ਰੂਹ ਦੇ ਦਾਗ਼ ਆਦਿ ਸੂਫ਼ੀ ਰੰਗਤ ਵਾਲੀਆਂ ਕਵਿਤਾਵਾਂ ਹਨ-
'ਮੇਰਾ ਦਰਦ ਵੀ ਤੂੰ ਤੇ ਦਵਾ ਵੀ ਤੂੰ,
ਮੇਰੀ ਦੋਸਤੀ ਦਾ ਪੱਕਾ ਕਰਾਰ ਵੀ ਤੂੰ।
ਲੰਮੇ ਅਰਸੇ ਤੋਂ ਤੇਰੀ ਦੀਦ ਸਾਂ ਮੰਗਦੀ,
ਮੇਰੀ ਤੜਫ਼ ਵੀ ਤੂੰ ਤੇ ਇੰਤਜ਼ਾਰ ਵੀ ਤੂੰ।
ਤੈਨੂੰ ਪਾ ਕੇ ਵੀ ਮੈਂ ਨਸ਼ਰ ਹੋ ਗਈ,
ਮੇਰੀ ਵਫ਼ਾ ਵੀ ਤੂੰ ਤੇ ਪਿਆਰ ਵੀ ਤੂੰ।'
ਕੁਲਜੀਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਧਾਰਨ ਮੌਕੇ ਮਾਤਾ ਤ੍ਰਿਪਤਾ ਦੇਵੀ, ਦਾਈ ਦੌਲਤਾਂ, ਬੇਬੇ ਨਾਨਕੀ ਦੀ ਖੁਸ਼ੀ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਚਿੱਤਰਿਆ ਹੈ। ਇਸ ਪ੍ਰਕਾਰ ਕੁਲਜੀਤ ਕੌਰ 'ਜੀਤ' ਦਾ ਇਹ ਨਵ ਪ੍ਰਕਾਸ਼ਿਤ ਕਾਵਿ- ਸੰਗ੍ਰਹਿ 'ਮਿੱਟੀ' ਆਪਣੇ-ਆਪ ਵਿਚ ਉਸੇ ਤਰ੍ਹਾਂ ਭਾਂਤ-ਭਾਂਤ ਦੇ ਰੰਗਾਂ ਦੇ ਫੁੱਲਾਂ ਨੂੰ ਸਮੋਈ ਬੈਠਾ ਹੈ, ਜਿਵੇਂ ਮਿੱਟੀ ਵਿਚ ਭਾਂਤ-ਭਾਂਤ ਦੇ ਬੀਜ ਪਾ ਕੇ ਭਾਂਤ-ਭਾਂਤ ਦੇ ਫੁੱਲ, ਫ਼ਲ ਅਤੇ ਰੁੱਖ ਉਗਾਏ ਜਾਂਦੇ ਹਨ। ਅੰਤ ਵਿਚ ਮੈਂ ਕੁਲਜੀਤ ਕੌਰ 'ਜੀਤ' ਦੇ ਪਲੇਠੇ ਕਾਵਿ-ਸੰਗ੍ਰਹਿ 'ਮਿੱਟੀ' ਦਾ ਪੰਜਾਬੀ ਕਾਵਿ ਸਾਹਿਤ ਵਿਚ ਭਰਪੂਰ ਸੁਆਗਤ ਕਰਦਾ ਹਾਂ। 'ਜੀ ਆਇਆਂ' ਨੂੰ ਆਖਦਾ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਦਰਦ ਜੁਦਾਈਆਂ ਦਾ
ਲੇਖਕ : ਕੁੰਦਨ ਲਾਲ ਭੱਟੀ
ਪ੍ਰਕਾਸ਼ਕ : ਆਸਤਿਤਵਾ ਪ੍ਰਕਾਸ਼ਨ, ਬਿਲਾਸਪੁਰ।
ਮੁੱਲ : 199 ਰੁਪਏ, ਸਫ਼ੇ : 102
ਸੰਪਰਕ : 95643-17983

ਹੱਥਲੀ ਪੁਸਤਕ 'ਦਰਦ ਜੁਦਾਈਆਂ ਦਾ' ਲੇਖਕ ਕੁੰਦਨ ਨਾਲ ਭੱਟੀ ਦਾ ਗੀਤ ਸੰਗ੍ਰਹਿ ਹੈ। ਇਸ ਪੁਸਤਕ 'ਚ ਉਸ ਦੇ 93 ਗੀਤ ਸ਼ਾਮਲ ਹਨ। ਇੰਨਾਂ ਗੀਤਾਂ 'ਚ ਬ੍ਰਿਹਨ ਦੀ ਹੂਕ ਵੀ ਸੁਣਦੀ ਹੈ, ਵਿਛੋੜਿਆਂ ਦੇ ਗਹਿਰੇ ਜਖ਼ਮ ਦੀ ਚੀਸ ਵੀ ਮਹਿਸਸੂ ਕੀਤੀ ਜਾ ਸਕਦੀ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਤਨਹਾਈਆਂ ਲੇਖਕ ਨੂੰ ਧੁਰ ਅੰਦਰੋਂ ਵਲੂੰਧਰਦੀਆਂ ਜਾਪਦੀਆਂ ਹਨ :
ਆਸਾਂ ਦੇ ਮਹਿਲ ਬਣਾਏ,
ਸਭ ਚਕਨਾਚੂਰ ਹੋ ਗਏ।
ਬੇਵਜ੍ਹਾ ਬਿਨ ਕਾਰਨ ਆਪਣੇ
ਕੋਹਾਂ ਦੂਰ ਹੋ ਗਏ।
ਰੋਗ ਤਨਾਂ ਨੂੰ ਲੱਗਿਆ ਏ
ਤਨਹਾਈਆਂ ਦਾ।
ਸਹਿ ਨਾ ਹੁੰਦਾ ਹੋਰ ਦਰਦ
ਜੁਦਾਈਆਂ ਦਾ। (ਪੰਨਾ : 1)
ਲੇਖਕ ਨੂੰ ਮਤਲਬਪ੍ਰਸਤ ਲੋਕਾਂ ਤੋਂ ਸਖ਼ਤ ਘ੍ਰਿਣਾ ਹੈ। ਉਹ ਦੱਬੇ-ਕੁਚਲੇ, ਲਿਤਾੜੇ ਲੋਕਾਂ ਦੀ ਆਵਾਜ਼ ਬਣਦਾ ਹੈ ਅਤੇ ਤਾਕਤਵਰਾਂ ਨੂੰ ਡੱਟ ਕੇ ਵੰਗਾਰਦਾ ਹੈ। ਕੁਦਰਤ ਦੇ ਕਾਦਰ ਨੂੰ ਸਿਜਦਾ ਕਰਦਾ ਕਵੀ ਕੋਰੋਨਾ ਜੇਹੀ ਵਿਸ਼ਵ ਵਿਆਪੀ ਮਹਾਂਮਾਰੀ ਤੋਂ ਮਨੁੱਖਤਾ ਨੂੰ ਸਬਕ ਲੈਣ ਲਈ ਪ੍ਰੇਰਦਾ ਹੈ। ਉਸਦੇ ਗੀਤਾਂ 'ਚ ਢੋਲ ਦੇ ਡੱਗੇ 'ਤੇ ਪੱਬ ਚੁੱਕਦੀਆਂ ਪੰਜਾਬਣ ਮੁਟਿਆਰਾਂ ਦੇ ਗਿੱਧੇ ਦੀ ਧਮਕ, ਪੈਰਾਂ 'ਚ ਪੰਜੇਬਾਂ ਦੀ ਛਣ-ਛਣ ਦੀ ਟੁਣਕਾਰ ਅਤੇ ਵੀਣੀਂ ਚ ਪਾਈਆਂ ਵੰਗਾਂ ਦਾ ਸੁਰੀਲਾ ਸ਼ੋਰ ਵੀ ਗੂੰਜਦਾ ਵਿਖਾਈ ਦਿੰਦਾ ਹੈ। ਕਵੀ ਮਨੁੱਖਤਾ ਨੂੰ ਗਿਲੇ-ਸ਼ਿਕਵੇ, ਰੋਸੇ ਦੂਰ ਕਰਕੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਦੁਹਾਈ ਦਿੰਦਾ ਹੈ :
ਛੱਡੀਏ ਸ਼ਿਕਵੇ ਗਿਲਿਆਂ ਨੂੰ 'ਤੇ ਪਿਆਰ ਵਧਾ ਲਈਏ।
ਸੋਹਣੇ-ਸੋਹਣੇ ਵਿਚ ਅੱਖਾਂ ਦੇ ਖ਼ਾਬ ਸਜਾ ਲਈਏ।
ਚੰਗੇ ਕੰਮਾਂ ਦੇ ਵਿਚ ਲੱਗਕੇ ਕਰੀਏ ਜਨਮ ਸੁਹੇਲਾ।
ਜ਼ਿੰਦਗਾਨੀ ਸਾਡੀ ਦੋ ਦਿਨ ਤੇ ਦੋ ਘੜੀਆਂ ਦਾ ਮੇਲਾ। (ਪੰਨਾ : 61)
ਇਨ੍ਹਾਂ ਗੀਤਾਂ ਵਿਚ ਭੈਣ-ਭਰਾ ਦੇ ਖ਼ੂਬਸੂਰਤ ਰਿਸ਼ਤੇ ਦੀ ਮਿਠਾਸ, ਮਾਂ ਦੀ ਮਮਤਾ ਦਾ ਨਿੱਘ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਸੰਗ੍ਰਹਿ ਦੇ ਗੀਤ ਰਵਾਨਗੀ ਭਰਪੂਰ ਵੀ ਹਨ ਅਤੇ ਭਾਸ਼ਾ ਦੀ ਸਰਲਤਾ ਹੋਣ ਕਰਕੇ ਪਾਠਕ ਨੂੰ ਸਹਿਜੇ ਹੀ ਆਪਣੇ ਵੱਲ ਆਕ੍ਰਸ਼ਿਤ ਕਰਦੇ ਹਨ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਹਵਾ ਦੀ ਬੁੱਕਲ
ਲੇਖਿਕਾ : ਅਮਨਦੀਪ ਕੌਰ ਮਾਨ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ ਬਠਿੰਡਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98142-52507

'ਹਵਾ ਦੀ ਬੁੱਕਲ' ਅਮਨਦੀਪ ਕੌਰ ਮਾਨ ਦਾ ਗੀਤ ਸੰਗ੍ਰਹਿ ਹੈ ਇਸ ਤੋਂ ਪਹਿਲਾ ਇਨ੍ਹਾਂ ਦੀ ਇਕ ਪੁਸਤਕ 'ਬ੍ਰਿਹੋਂ ਦੀ ਅਣਜੰਮੀ ਧੀ' ਛਪ ਚੁੱਕੀ ਹੈ। 'ਹਵਾ ਦੀ ਬੁੱਕਲ' ਉਨ੍ਹਾਂ ਦਾ ਨਿਰੋਲ ਗੀਤ ਸੰਗ੍ਰਿਹ ਹੈ ਜਿਸ ਵਿਚ ਮੁਹੱਬਤ, ਵਿਛੋੜਾ, ਪੀੜ, ਰੋਸੇ ਨਿਹੋਰੇ ਅਤੇ ਮਾਣ ਪ੍ਰਵਾਨ ਆਦਿ ਇਨ੍ਹਾਂ ਗੀਤਾਂ ਦੇ ਵਿਸ਼ੇ ਹਨ। ਇਕ ਨਾਰੀ ਹੋ ਕੇ ਜੋ ਵੀ ਸੱਚੇ ਪਿਆਰ ਵਿਚ ਨਾਰੀ ਭੁਗਤਦੀ ਜਾਂ ਹੰਢਾਉਂਦੀ ਹੈ ਉਹ ਪੂਰਾ ਖੁੱਲ੍ਹ ਕੇ ਲਿਖਿਆ ਗਿਆ ਹੈ ਭਾਵ ਬੇਰੋਕ ਨਾਰੀ ਮਨ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਸਾਰੇ ਗੀਤਾਂ ਵਿਚੋਂ ਪਾਕਿ ਮੁਹੱਬਤ ਦੀ ਖੁਸ਼ਬੂ ਆ ਰਹੀ ਹੈ। ਇਸ ਕਰਕੇ ਹੀ ਉਨ੍ਹਾਂ ਦੇ ਗੀਤਾਂ ਵਿਚ ਸ਼ਿੰਗਾਰ ਰਸ ਦੇ ਸਾਰੇ ਰੰਗ ਮੌਜੂਦ ਹਨ। ਉਦਾਹਰਨ ਵਜੋਂ 'ਸੁਪਨਾ'ਗੀਤ ਵਿਚ ਕਮਾਲ ਦੀ ਸ਼ਬਦ ਜੜਤ ਕੀਤੀ ਹੈ ਜਿਵੇਂ:-
ਪੰਜ ਆਬਾਂ ਵਰਗਾ ਹਾਸਾ ਤੇਰਾ ਕੁੜੀਏ ਨੀ,
ਸੁਣਕੇ ਮੋਰ ਵੀ ਬਾਗੀਂ ਪੈਲਾਂ ਪਾਉਂਦੇ ਖੜ੍ਹ ਜਾਂਦੇ।
ਸ਼ੀਰੀ ਦੇ ਵਿਚ ਡੁੱਬੀ ਪੰਜਾਬੀ ਜਦ ਤੂੰ ਬੋਲੇ ਨੀਂ,
ਲੱਖਾਂ ਵਾਰਸ ਇਕੋ ਹੀਰ ਲਿਖਣ ਲਈ ਅੜ ਜਾਂਦੇ।
ਏਵੇਂ 'ਲੋੜਾਂ' ਗੀਤ ਵਿਚ ਦੋ ਲਾਈਨਾਂ ਵਿਚ ਹੀ ਬਹੁਤ ਵੱਡੀ ਸਚਾਈ ਭਰਪੂਰ ਗੱਲ ਆਖ ਦਿੱਤੀ ਹੈ ਜਿਵੇਂ:-
ਸਾਨੂੰ ਦੇਣੇ ਪੈਂਦੇ ਸਬੂਤ ਹਜ਼ਾਰਾਂ, ਕੀ ਰੋਣੇ ਦੱਸੀਏ ਸੱਚ ਦੇ।
ਇੱਥੇ ਹੀਰੇ ਰੁਲ਼ਦੇ ਵਿਚ ਬਜ਼ਾਰਾਂ, ਮੁੱਲ ਪੈਂਦੇ ਵੇਖੇ ਕੱਚ ਦੇ।
ਏਵੇਂ ਹੀ ਇਕ ਹੋਰ ਬੜਾ ਪਿਆਰਾ ਗੀਤ ਹੈ :-
ਉਹ ਮਿਲ ਗਿਆ ਏ ਮੈਨੂੰ, ਮੈਂ ਜੰਨਤ ਦਾ ਕੀ ਕਰਾਂ,
ਸਾਰੀ ਦੁਨੀਆਂ ਨੂੰ ਉਹਦੇ, ਮੈਂ ਤਾਂ ਪੈਰਾਂ ਵਿਚ ਧਰਾਂ।
ਮੈਨੂੰ ਲੱਗ ਗਏ ਨੇ ਪਰ, ਮੈਂ ਵੇਖੋ ਕਿਵੇਂ ਉਡਦੀ ਫਿਰਾਂ।
ਵੇਖੋ ਕਿਵੇਂ ਉੱਡਦੀ ਫਿਰਾਂ...............।
ਅਮਨਦੀਪ ਨੇ ਸਮਾਜਿਕ ਰਿਸ਼ਤਿਆਂ ਦੀ ਬਹੁਤ ਹੀ ਸ਼ਾਨਦਾਰ ਤਸਵੀਰ ਖਿੱਚੀ ਹੈ ਸਮਾਜਿਕ ਰਿਸ਼ਤਿਆਂ ਵਿਚ ਤ੍ਰੇੜਾਂ ਕਿਵੇਂ ਪੈਂਦੀਆਂ ਹਨ ਉਨ੍ਹਾਂ ਨੂੰ ਕਿਵੇਂ ਜੁਗਤ ਨਾਲ ਰੋਕਿਆ ਜਾ ਸਕਦਾ ਹੈ ਬਹੁਤ ਹੀ ਮਹੱਤਵਪੂਰਨ ਰਿਸ਼ਤਿਆਂ ਬਾਰੇ ਵੀ ਖੂਬ ਲਿਖਿਆ ਹੈ। ਅਮਨਦੀਪ ਦੇ ਅੰਦਰ ਗੀਤਾਂ ਦਾ ਝਰਨਾ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਏਸੇ ਕਰਕੇ ਕਿਤੇ-ਕਿਤੇ ਆਪ ਮੁਹਾਰੇ ਹੋ ਜਾਂਦਾ ਹੈ। ਪੜ੍ਹੀ ਲਿਖੀ ਲੇਖਿਕਾ ਕਰਕੇ ਇਨ੍ਹਾਂ ਕੋਲ ਸ਼ਬਦਾਂ ਦਾ ਬਹੁਤ ਵੱਡਾ ਭੰਡਾਰ ਹੈ। ਸ਼ੁਰੂਆਤ ਹੈ ਸਮਾਂ ਪਾ ਕੇ ਇਨ੍ਹਾਂ ਵਿਚਲਾ ਗੀਤਕਾਰ ਅੰਬਰਾਂ ਵਿਚ ਜ਼ਰੂਰ ਉਡਾਰੀ ਭਰੇਗਾ। ਹਾਲੇ ਦੂਸਰੀ ਪੁਸਤਕ ਹੈ ਹੌਲੀ-ਹੌਲੀ ਗੀਤਾਂ ਵਿਚ ਹੋਰ ਵੀ ਖੁਬਸੂਰਤੀ ਆਵੇਗੀ। ਮੈਂ ਮੁੱਖ -ਬੰਦ ਸਾਰਾ ਪੜ੍ਹਿਆ ਹੈ ਪਰਿਵਾਰ ਦਾ ਪੂਰਾ ਸਹਿਯੋਗ ਹੈ ਬਹੁਤ ਸਾਰੇ ਨਵੇਂ ਲੇਖਕ ਤਾਂ ਪਰਿਵਾਰ ਦਾ ਸਹਿਯੋਗ ਨਾ ਮਿਲਣ ਕਰਕੇ ਜਾਂ ਤਾਂ ਪਛੜ ਜਾਂਦੇ ਹਨ ਜਾਂ ਮੈਦਾਨ ਹੀ ਛੱਡ ਜਾਂਦੇ ਹਨ। ਮੈਂ ਅਮਨਦੀਪ ਦੀ ਨਵੀਂ ਕਿਤਾਬ ਦਾ ਸਵਾਗਤ ਕਰਦਾ ਹਾਂ ਅਤੇ ਭਵਿੱਖ ਵਿਚ ਹੋਰ ਵੀ ਚੰਗੀਆਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਣ ਦੁਆ ਵੀ ਕਰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896.





























































































































































.jpg)












































