11-12-2025
ਜਿਉਂਦੇ ਜੀਅ ਕਦਰ ਕਿਉਂ ਨਹੀਂ?
ਮਨੁੱਖ ਦੀ ਫ਼ਿਤਰਤ ਅਜੀਬ ਹੈ। ਜਦੋਂ ਕੋਈ ਜਿਊਂਦਾ ਹੁੰਦਾ ਹੈ, ਉਸ ਦੇ ਦੁੱਖ, ਮਿਹਨਤ ਅਤੇ ਜਜ਼ਬਾਤਾਂ ਦੀ ਕਦਰ ਘੱਟ ਹੀ ਹੁੰਦੀ ਹੈ। ਪਰ ਜਿਵੇਂ ਹੀ ਉਹ ਇਸ ਦੁਨੀਆ ਤੋਂ ਰੁਖ਼ਸਤ ਹੁੰਦਾ ਹੈ, ਲੋਕ ਅਚਾਨਕ ਉਸ ਬਾਰੇ ਨਰਮ ਬੋਲ ਬੋਲਣ ਲੱਗ ਪੈਂਦੇ ਹਨ ਉਸ ਦੀ ਚੰਗਿਆਈਆਂ, ਉਸ ਦੇ ਗੁਣਾਂ ਅਤੇ ਉਸ ਦੀ ਯਾਦ ਨੂੰ ਵੱਡਾ ਬਣਾਉਣ ਲੱਗ ਪੈਂਦੇ ਹਨ। ਮਰਨ ਪਿੱਛੋਂ ਤਾਰੀਫਾਂ ਦਾ ਇਹ ਰਿਵਾਜ ਸਮਾਜ ਦੀ ਇਕ ਕਮਜ਼ੋਰੀ ਨੂੰ ਬੇਨਕਾਬ ਕਰਦਾ ਹੈ, ਜਿਊਂਦੇ ਜੀਅ ਕਦਰ ਕਰਨਾ ਸਾਨੂੰ ਮੁਸ਼ਕਲ ਕਿਉਂ ਲੱਗਦਾ ਹੈ?
ਸੱਚ ਇਹ ਹੈ ਕਿ ਤਾਰੀਫ਼, ਸਹਾਰਾ ਤੇ ਪਿਆਰ ਜਿਊਂਦੇ ਬੰਦੇ ਨੂੰ ਚਾਹੀਦੇ ਹਨ। ਜਦੋਂ ਕੋਈ ਜਿਊਂਦਾ ਹੋ ਕੇ ਮੁਸ਼ਕਿਲਾਂ ਵਿਚ ਫਸਿਆ ਹੁੰਦਾ ਹੈ, ਉਸ ਵੇਲੇ ਇੱਕ ਮਿੱਠਾ ਬੋਲ, ਇੱਕ ਹੌਸਲੇ ਭਰੀ ਗੱਲ ਉਸ ਦਾ ਹੌਸਲਾ ਦੋ ਗੁਣਾਂ ਕਰ ਸਕਦੀ ਹੈ। ਪਰ ਅਫ਼ਸੋਸ, ਅਸੀਂ ਤਦ ਸਮਝਦੇ ਹਾਂ ਜਦੋਂ ਉਹ ਵਿਅਕਤੀ ਸੁਣਨ ਲਈ ਇਸ ਦੁਨੀਆ ਵਿਚ ਹੁੰਦਾ ਹੀ ਨਹੀਂ। ਮਰੇ ਹੋਏ ਲੋਕਾਂ ਦੀਆਂ ਗੱਲਾਂ ਕਰਨਾ ਆਸਾਨ ਹੈ, ਪਰ ਜਿੀਊਂਦੇ ਦੀ ਕਦਰ ਕਰਨਾ ਅਸਲ ਇਮਤਿਹਾਨ ਹੈ। ਸਮਾਜ ਨੂੰ ਇਹ ਸੋਚ ਬਦਲਣ ਦੀ ਲੋੜ ਹੈ ਪਿਆਰ, ਸਤਿਕਾਰ ਅਤੇ ਤਾਰੀਫ਼ਾਂ ਉਨ੍ਹਾਂ ਲਈ ਜਿਊਂਦੇ ਜੀਅ ਹੀ ਵਰਤੋ, ਕਿਉਂਕਿ ਮਰਨ ਪਿੱਛੋਂ ਕਹੇ ਬੋਲਾਂ ਦਾ ਨਾ ਸੁਣਨ ਵਾਲਾ ਹੁੰਦਾ ਹੈ, ਨਾ ਉਨ੍ਹਾਂ ਦਾ ਕੋਈ ਫ਼ਾਇਦਾ।
-ਮੰਜੂ ਰਾਇਕਾ
ਭਿੰਡਰਾਂ (ਸੰਗਰੂਰ)
ਨਹਿਰ ਵਿਚ ਕੂੜਾ ਨਾ ਸੁੱਟੋ
ਸਰਹਿੰਦ ਨਹਿਰ ਵਿਚ ਪਾਣੀ ਬੰਦ ਹੋਣ 'ਤੇ ਬਠਿੰਡਾ ਸ਼ਹਿਰ ਦੇ ਪੁਲ ਕੋਲੋਂ ਪਤਾ ਲੱਗਦਾ ਹੈ ਕਿ ਲੋਕਾਂ ਨੇ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਕੇ ਬਹੁਤ ਜ਼ਿਆਦਾ ਕੂੜਾ ਕਚਰਾ ਨਹਿਰ ਵਿਚ ਸੁੱਟ ਦਿੱਤਾ ਹੈ। ਵੇਖਣ ਵਿਚ ਨਹਿਰ ਘੱਟ ਜਦਕਿ ਗੰਦਾ ਨਾਲਾ ਜ਼ਿਆਦਾ ਲੱਗਦਾ ਹੈ। ਸ਼ਹਿਰ ਦੇ ਪੜ੍ਹੇ ਲਿਖੇ ਲੋਕਾਂ ਵਲੋਂ ਇਸ ਤਰ੍ਹਾਂ ਨਹਿਰ ਵਿਚ ਗੰਦ ਸੁੱਟਣਾ ਬਹੁਤ ਹੀ ਬੇਸ਼ਰਮੀ ਵਾਲੀ ਗੱਲ ਹੈ। ਗੰਦ ਸੁੱਟਣ ਵਾਲੇ ਲੋਕਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅੱਗੇ ਇਹੀ ਪਾਣੀ ਉਨ੍ਹਾਂ ਵਰਗੇ ਹੋਰ ਲੋਕਾਂ ਨੇ ਪੀਣਾ ਹੁੰਦਾ ਹੈ। ਅਜਿਹਾ ਗੰਦਾ ਪਾਣੀ ਪੀਣ ਨਾਲ਼ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪੀਣ ਯੋਗ ਪਾਣੀ ਨੂੰ ਪਲੀਤ ਕਰਨ ਵਾਲੇ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿਚ ਅਜਿਹੀਆਂ ਕੁਰੀਤੀਆਂ ਨੂੰ ਠੱਲ੍ਹ ਪਾਈ ਜਾ ਸਕੇ।
-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਕਿਰਦਾਰ
ਆਪਣੇ ਕਿਰਦਾਰ ਨੂੰ ਨਿਭਾਓ ਕੁਝ ਇਸ ਤਰ੍ਹਾਂ ਕਿ ਜ਼ਿੰਦਗੀ ਦਾ ਪਰਦਾ ਡਿਗਣ ਤੋਂ ਬਾਅਦ ਵੀ ਤਾੜੀਆਂ ਵੱਜਦੀਆਂ ਰਹਿਣ। ਜਿਨ੍ਹਾਂ ਲੋਕਾਂ ਦੇ ਕਿਰਦਾਰ ਦਾ ਮਿਆਰ ਉੱਚਾ ਹੁੰਦਾ ਹੈ, ਲੋਕ ਉਨ੍ਹਾਂ ਦੀ ਜਿੰਨੀ ਮਰਜ਼ੀ ਆਲੋਚਨਾ ਕਰੀ ਜਾਣ ਪਰ ਉਹ ਲੋਕ ਮਨਾਂ ਵਿਚ ਵਸੇ ਰਹਿੰਦੇ ਹਨ। ਉਹ ਮਰਨ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਹਨ। ਮਨੁੱਖ ਦੀ ਜ਼ਿੰਦਗੀ ਵਿਚ ਇਹ ਗੱਲ ਅਹਿਮੀਅਤ ਨਹੀਂ ਰੱਖਦੀ ਕਿ ਉਸ ਨੇ ਬਹੁਤ ਸਾਰੀ ਦੌਲਤ ਇਕੱਠੀ ਕੀਤੀ ਹੋਈ ਹੈ, ਉਹ ਆਲੀਸ਼ਾਨ ਜ਼ਿੰਦਗੀ ਜਿਊਂਦਾ ਹੈ, ਉਸ ਦੀ ਸਰਕਾਰੇ-ਦਰਬਾਰੇ ਬਹੁਤ ਪਹੁੰਚ ਹੈ, ਅਹਿਮੀਅਤ ਇਹ ਗੱਲ ਰੱਖਦੀ ਹੈ ਕਿ ਉਸਦਾ ਕਿਰਦਾਰ ਕਿਹੋ ਜਿਹਾ ਹੈ। ਉਸ ਨੇ ਧਨ ਦੌਲਤ ਦੀ ਅਮੀਰੀ ਹਾਸਿਲ ਕਰਨ ਲਈ ਆਪਣੀ ਜ਼ਮੀਰ ਨੂੰ ਕਿੰਨਾ ਕੁ ਜਾਗਦਾ ਰੱਖਿਆ ਹੈ। ਉਸ ਨੇ ਆਲੀਸ਼ਾਨ ਜ਼ਿੰਦਗੀ ਜਿਊਣ ਲਈ ਕਿਹੋ ਜਿਹੇ ਸਾਧਨਾਂ ਦਾ ਸਹਾਰਾ ਲਿਆ ਹੈ। ਕਿਸੇ ਦਾ ਸਨਮਾਨ ਕਰਨ ਜਾਂ ਕਿਸੇ ਨੂੰ ਸ਼ਾਬਾਸ਼ ਦੇਣ ਵੇਲੇ ਨਰੋਏ ਸ਼ਬਦਾਂ ਦੀ ਵਰਤੋਂ ਵਿਚ ਕੰਜੂਸੀ ਨਹੀਂ ਕਰਨੀ ਚਾਹੀਦੀ। ਦਰਿਆ ਦਿਲ ਨਾਲ ਸਭ ਦੇ ਭਲੇ ਵਾਸਤੇ ਆਪਣੀ ਸਮਰੱਥਾ ਅਨੁਸਾਰ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਜਿਹੜੇ ਕੰਮ ਲਈ ਆਤਮਾ ਰੋਕਦੀ ਹੈ ਸਮਝੋ ਉਹ ਕੰਮ ਸਹੀ ਨਹੀਂ ਹੈ। ਇਸ ਲਈ ਮਨਮਰਜ਼ੀ ਕਰਨ ਦੀ ਬਜਾਏ ਆਪਣੀ ਆਤਮਾ ਦੀ ਸੁਣ ਕੇ ਅੱਗੇ ਵਧਦੇ ਜਾਵੋ। ਸਾਡੇ ਸ਼ੁਭ ਜਾਂ ਸ਼ੁੱਧ ਵਿਚਾਰ ਅਤੇ ਵਿਹਾਰ ਹੀ ਸਾਡੇ ਕਿਰਦਾਰ ਨੂੰ ਨਰੋਆ ਬਣਾਉਣ ਅਤੇ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਅਹਿਮ ਤੱਤ ਹਨ ।
-ਗੌਰਵ ਮੁੰਜਾਲ
ਪੀ.ਸੀ.ਐਸ.
ਸੜਕੀ ਦੁਰਘਟਨਾਵਾਂ
ਰੋਜ਼ਾਨਾ ਸੜਕੀ ਹਾਦਸਿਆਂ ਕਾਰਨ ਕਈ ਪਰਿਵਾਰ ਉੱਜੜ ਰਹੇ ਹਨ। ਸੜਕੀ ਹਾਦਸਿਆਂ ਦੀ ਵਜ੍ਹਾ ਸੜਕ ਨਿਯਮਾਂ ਬਾਰੇ ਜਾਣਕਾਰੀ ਦੀ ਕਮੀ ਅਤੇ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ। ਸੜਕੀ ਹਾਦਸਿਆਂ ਤੋਂ ਬਚਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਜੋ ਵਿਅਕਤੀ ਸੜਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਸ ਨੂੰ ਵੱਧ ਤੋਂ ਵੱਧ ਜੁਰਮਾਨਾ ਤੇ ਸਜ਼ਾ ਹੋਣੀ ਚਾਹੀਦੀ ਹੈ। ਸੜਕ ਦੇ ਨਿਯਮਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ। ਸਕੂਲਾਂ, ਕਾਲਜਾਂ ਵਿਚ ਸੜਕੀ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਉਣੇ ਚਾਹੀਦੇ ਹਨ ਤੇ ਟੀਵੀ ਤੇ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
-ਜਸਦੀਪ ਕੌਰ
ਦਸੌਂਧਾ ਸਿੰਘ ਵਾਲਾ (ਮਲੇਰਕੋਟਲਾ)