JALANDHAR WEATHER

10-12-2025

 ਪਰਮਾਤਮਾ ਨੂੰ ਹਮੇਸ਼ਾ ਚੇਤੇ ਰੱਖੀਏ
ਪਰਮਾਤਮਾ ਨੇ ਮਨੁੱਖ ਨੂੰ ਇਸ ਸ੍ਰਿਸ਼ਟੀ ਵਿਚ ਬਹੁਤ ਕੁਝ ਦੇ ਕੇ ਨਿਵਾਜਿਆ ਹੈ। ਪਰਮਾਤਮਾ ਨੇ ਮਨੁੱਖ ਨੂੰ ਚੰਗੇ ਮਾੜੇ ਦੀ ਪਰਖ, ਬੁੱਧੀ, ਕਲਾ, ਗੁਣ, ਸੋਚਣ ਦੀ ਸਮਰੱਥਾ ਪ੍ਰਦਾਨ ਕੀਤੀ ਹੈ। ਹਰ ਇਕ ਇਨਸਾਨ ਦਾ ਸਤਿਕਾਰ ਕਰਨਾ ਸਿਖਾਇਆ ਹੈ। ਦੇਖ ਰਹੇ ਹਾਂ ਕਿ ਦਿਨੋ-ਦਿਨ ਇਕ-ਦੂਜੇ ਪ੍ਰਤੀ ਪਿਆਰ ਘਟਦਾ ਜਾ ਰਿਹਾ ਹੈ, ਸਿਰਫ਼ ਉੱਪਰੋਂ-ਉੱਪਰੋਂ ਪਿਆਰ ਰਹਿ ਗਿਆ ਹੈ। ਨਫ਼ਰਤ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਪੈਸੇ ਨੇ ਰਿਸ਼ਤਿਆਂ ਦੀ ਥਾਂ ਲੈ ਲਈ ਹੈ। ਕਹਿਣ ਦਾ ਮਤਲਬ ਹੈ ਕਿ ਪੈਸਾ ਹੀ ਪ੍ਰਧਾਨ ਬਣ ਚੁੱਕਿਆ ਹੈ। ਅੱਜ ਕਿਸੇ ਕੋਲ ਕਿਸੇ ਦੀ ਵੀ ਗੱਲ ਸੁਣਨ ਲਈ ਸਮਾਂ ਨਹੀਂ ਹੈ। ਦੁੱਖ ਦੀ ਤਾਂ ਗੱਲ ਹੀ ਛੱਡ ਦਿਓ, ਕਿ ਕੋਈ ਤੁਹਾਨੂੰ ਬੰਦਾ ਹੌਸਲਾ ਦੇ ਜਾਏਗਾ। ਕੁਦਰਤ ਹੀ ਰੱਬ ਹੈ। ਸਾਨੂੰ ਕੁਦਰਤ ਦੇ ਭਾਣੇ ਵਿਚ ਰਹਿ ਕੇ ਹੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ। ਇਨਸਾਨ ਬਹੁਤ ਕਿਆਸਾਂ ਲਗਾਉਂਦਾ ਹੈ ਕਿ ਮੈਂ ਆਹ ਵੀ ਕਰ ਲਵਾਂ ਔਹ ਵੀ ਕਰ ਲਵਾਂ, ਪਰ ਹੁੰਦਾ ਉਹੀ ਹੈ ਜੋ ਕੁਦਰਤ ਨੂੰ ਮਨਜ਼ੂਰ ਹੋਵੇ। ਕੁਦਰਤ ਕਦੇ ਵੀ ਕਿਸੇ ਇਨਸਾਨ ਨਾਲ ਮਾੜਾ ਨਹੀਂ ਕਰਦੀ ,ਪਰ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਜਾ ਰਹੇ ਹਾਂ। ਪੈਸੇ ਦੀ ਹੋੜ ਕਰਕੇ ਪਹਾੜੀ ਖੇਤਰਾਂ ਵਿਚ ਇਨਸਾਨ ਦੀਆਂ ਗਤੀਵਿਧੀਆਂ ਵੀ ਨਹੀਂ ਰੁਕੀਆਂ। ਪਿੱਛੇ ਜਿਹੇ ਖ਼ਬਰ ਵੀ ਪੜ੍ਹੀ ਕਿ ਉੱਤਰਾਖੰਡ ਤੇ ਧਰਮਸ਼ਾਲਾ ਦੇ ਕਈ ਹਿੱਸਿਆਂ ਵਿਚ ਤਰੇੜਾਂ ਆ ਗਈਆਂ। ਜਿਸ ਚੀਜ਼ ਨੇ ਨਾਲ ਨਹੀਂ ਜਾਣਾ ਅੱਜ ਇਨਸਾਨ ਉਸ ਚੀਜ਼ ਨੂੰ ਇਕੱਠਾ ਕਰਨ 'ਤੇ ਲੱਗਾ ਹੋਇਆ ਹੈ। ਲੁੱਟ ਖਸੁੱਟ, ਭ੍ਰਿਸ਼ਟਾਚਾਰ ਕਰਕੇ ਜ਼ਮੀਨਾਂ ਜਾਇਦਾਦਾਂ ਬਣਾ ਰਿਹਾ ਹੈ, ਚਾਹੇ ਕੱਲ੍ਹ ਨੂੰ ਸਾਂਭਣ ਵਾਲੇ ਵੀ ਨਾ ਰਹਿਣ।

-ਸੰਜੀਵ ਸਿੰਘ ਸੈਣੀ ਮੁਹਾਲੀ

ਹਰ ਖੁਸ਼ੀ ਰੱਜ ਕੇ ਮਾਣੋ
ਇਨਸਾਨ ਦੀ ਜ਼ਿੰਦਗੀ 'ਚ ਦੁੱਖ ਸੁੱਖ ਦੋਵੇਂ ਨਾਲੋ-ਨਾਲ ਚੱਲਦੇ ਰਹਿੰਦੇ ਹਨ। ਜਿਵੇਂ ਧੁੱਪ-ਛਾਂ, ਦਿਨ- ਰਾਤ ਕੁਦਰਤ ਦੇ ਨਿਯਮ ਹਨ। ਠੀਕ ਇਸੇ ਤਰ੍ਹਾਂ ਖੁਸ਼ੀ ਗ਼ਮੀ ਵੀ ਜ਼ਿੰਦਗੀ ਦਾ ਹਿੱਸਾ ਹਨ। ਦੁੱਖਾਂ ਤੋਂ ਕਦੇ ਘਬਰਾਉਣਾ ਨਹੀਂ ਚਾਹੀਦਾ। ਦੁੱਖਾਂ 'ਚੋਂ ਵੀ ਸੁੱਖ ਦਾ ਅਨੰਦ ਲਿਆ ਜਾ ਸਕਦਾ ਹੈ, ਜਿਸ ਲਈ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਰੱਜ ਕੇ ਮਾਣਨਾ ਚਾਹੀਦਾ ਹੈ। ਇਸ ਨਾਲ ਦੁੱਖਾਂ ਵਾਲਾ ਸਮਾਂ ਜਲਦੀ ਲੰਘਦਾ ਹੈ ਤੇ ਦੁੱਖ ਘੱਟ ਮਹਿਸੂਸ ਹੁੰਦੇ ਹਨ। ਇਸੇ ਕਰਕੇ ਸਿਆਣਿਆਂ ਨੇ ਠੀਕ ਕਿਹਾ ਹੈ ਕੇ ਨਿੱਕੀ ਤੋਂ ਨਿੱਕੀ ਖੁਸ਼ੀ ਨੂੰ ਵੀ ਰੱਜ ਕੇ ਮਾਨਣਾ ਚਾਹੀਦਾ ਹੈ, ਤਾਂ ਜੋ ਜ਼ਿੰਦਗੀ ਦਾ ਪੂਰਾ ਅਨੰਦ ਲਿਆ ਜਾ ਸਕੇ ਤੇ ਦੁੱਖਾਂ ਨੂੰ ਘਟਾਇਆ ਜਾ ਸਕੇ।

-ਲੈਕਚਰਾਰ ਅਜੀਤ ਖੰਨਾ,
ਐੱਮ.ਏ, ਐੱਮਫ਼ਿਲ (ਇਤਿਹਾਸ),

ਸਬਰ ਜ਼ਰੂਰੀ ਹੈ
ਜ਼ਿੰਦਗੀ ਵਿਚ ਹਰ ਇਨਸਾਨ ਨੂੰ ਕਦੇ ਨਾ ਕਦੇ ਉਹ ਸ਼ਾਮ ਮਿਲਦੀ ਹੈ, ਜਿੱਥੇ ਸਬਰ, ਗ਼ਲਤਫ਼ਹਮੀਆਂ, ਦੁੱਖ ਤੇ ਸੁੱਕੇ ਸੁਪਨੇ ਦਿਲ 'ਤੇ ਪਰਤਾਂ ਵਾਂਗ ਬਹਿ ਜਾਂਦੇ ਹਨ। ਇਹ ਸਬਰ ਦਾ ਸਫ਼ਰ ਕਈ ਵਾਰ ਇਨਸਾਨ ਨੂੰ ਖ਼ਾਮੋਸ਼ ਵੀ ਕਰ ਦਿੰਦਾ ਹੈ ਤੇ ਕਈ ਵਾਰ ਮਜ਼ਬੂਤ ਵੀ। ਇਹ ਸਫ਼ਰ ਸਾਨੂੰ ਸਿਖਾਉਂਦਾ ਹੈ ਕਿ ਅੰਧੇਰਾ ਕਿੰਨਾ ਵੀ ਡੂੰਘਾ ਹੋਵੇ, ਚਾਨਣ ਦੀ ਖੋਜ ਰੁਕਣੀ ਨਹੀਂ ਚਾਹੀਦੀ। ਸ਼ਬਰਾਂ ਦਾ ਬੋਝ ਚਾਹੇ ਇਕ ਹਨੇਰੀ ਰਾਤ ਵਰਗਾ ਲੱਗੇ, ਪਰ ਇਹੀ ਰਾਤ ਸਵੇਰ ਦੇ ਜਨਮ ਦੀ ਵਜ੍ਹਾ ਵੀ ਬਣਦੀ ਹੈ। ਇਨਸਾਨ ਜਦ ਸਬਰ ਦੇ ਪਿੱਛੇ ਛੁਪੇ ਸਬਕ ਸਮਝ ਲੈਂਦਾ ਹੈ, ਤਾਂ ਉਨ੍ਹਾਂ ਤੋਂ ਹੀ ਹਿੰਮਤ ਉੱਗਦੀ ਹੈ। ਸਬਰ ਦਾ ਇਹ ਸਫ਼ਰ ਦਰਦਾਂ ਦੀ ਤਰਜਮਾ ਨਹੀਂ, ਸਗੋਂ ਆਪਣੇ ਆਪ ਨੂੰ ਸਮਝਣ ਦਾ ਇਕ ਰਾਹ ਹੈ ਜਿੱਥੇ ਹਰ ਠੋਕਰ ਇਕ ਨਵਾਂ ਤਜਰਬਾ, ਤੇ ਹਰ ਅੰਧੇਰਾ ਇਕ ਨਵੀਂ ਰੋਸ਼ਨੀ ਦਾ ਦਰਵਾਜ਼ਾ ਖੋਲ੍ਹਦਾ ਹੈ।

-ਮੰਜੂ ਰਾਇਕਾ
ਭਿੰਡਰਾਂ