13-07-2025
ਜੀਵਨ ਸੰਗਰਾਮ
ਗ਼ਦਰੀ ਬਾਬਾ ਬੂਝਾ ਸਿੰਘ
ਲੇਖਕ : ਜਰਨੈਲ ਸਿੰਘ ਮੱਲੇਆਣਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫੇ : 104
ਸੰਪਰਕ : 84375-29875
ਲੇਖਕ ਗ਼ਦਰੀ ਬਾਬਿਆਂ ਦਾ ਜੀਵਨ ਪੂਰੇ ਲਗਨ ਅਤੇ ਗਹੁ ਨਾਲ ਪੜ੍ਹਦਾ ਰਿਹਾ ਹੈ। ਇਸ ਪੁਸਤਕ ਨੂੰ ਲਿਖਣ ਤੋਂ ਪਹਿਲਾਂ ਉਸ ਨੇ ਜਿਹੜਾ ਸਾਹਿਤ ਪੜ੍ਹਿਆ, ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਭਾਵ ਅਜਮੇਰ ਸਿੱਧੂ ਵਲੋਂ ਲਿਖੀ ਗਈ ਜੀਵਨੀ 'ਬਾਬਾ ਬੂਝਾ ਗ਼ਦਰ ਲਹਿਰ ਤੋਂ ਨਕਸਲਬਾੜੀ ਤੱਕ', ਕਿਰਤੀ ਪਾਰਟੀ (ਦੂਜੀ ਸੰਸਾਰ ਜੰਗ ਸਮੇਂ), ਚੈਨ ਸਿੰਘ ਚੈਨ, ਲਹੂ ਦੀ ਲੋਅ (ਨਾਵਲ), ਜਸਵੰਤ ਸਿੰਘ ਕੰਵਲ 'ਪੰਨਾ ਇਕ ਇਤਿਹਾਸ ਦਾ ਹਾਂ'-ਨਕਸਲਬਾੜੀ ਬਾਰੇ ਨਾਵਲ-ਬਾਰੂ ਸਤਵਰਗ, 'ਮੁਜਾਰਾ ਲਹਿਰ ਦਾ ਸਿਰਲੱਥ ਯੋਧਾ' ਬੰਤ ਰਾਮ ਅਲੀਸ਼ੇਰ, (ਇਤਿਹਾਸਕ ਨਾਵਲ) ਹਰੀ ਸਿੰਘ ਢੁੱਡੀਕੇ, ਪੈਪਸੂ ਮੁਜਾਰਾ ਘੋਲ, ਛੱਜੂ ਮੱਲ ਵੈਦ। ਲੇਖਕ ਨੇ ਇਨ੍ਹਾਂ ਪੁਸਤਕਾਂ ਵਿਚ ਬੜਾ ਕੁਝ ਪਾਇਆ ਅਤੇ ਅਨੁਭਵ ਕੀਤਾ ਜੋ ਇਸ ਪੁਸਤਕ ਦੇ ਲਿਖਣ ਵਿਚ ਸਹਾਈ ਹੋਇਆ। ਬਾਬਾ ਬੂਝਾ ਸਿੰਘ ਦਾ ਜਨਮ ਪਿੰਡ ਚੱਕਰ ਮਾਈਦਾਸ (ਜ਼ਿਲ੍ਹਾ ਨਵਾਂਸ਼ਹਿਰ) ਵਿਖੇ ਪਿਤਾ ਧਰਮ ਸਿੰਘ ਅਤੇ ਮਾਤਾ ਜੈ ਕੌਰ ਦੇ ਘਰ 1888 ਵਿਚ ਹੋਇਆ। ਜੀਵਨ ਦੇ ਪਹਿਲੇ ਵਰ੍ਹਿਆਂ ਵਿਚ ਉਸ ਨੇ ਡੇਰੇ ਦੇ ਸੰਤ ਸੋਹਣ ਲਾਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਗੁਰਮੁਖੀ ਅਤੇ ਉਰਦੂ ਭਾਸ਼ਾਵਾਂ ਸਿੱਖੀਆਂ। ਪਿੰਡ ਦੇ ਪੰਡਿਤ ਤੋਂ ਉਸ ਨੇ ਸੰਸਕ੍ਰਿਤ ਅਤੇ ਹਿੰਦੀ ਦਾ ਗਿਆਨ ਪ੍ਰਾਪਤ ਕੀਤਾ। ਫਿਰ ਅਧਿਆਤਮਕਤਾ ਵੱਲ ਮੋੜਾ ਕੱਟਿਆ। ਧਰਮ ਦਾ ਪ੍ਰਚਾਰਕ ਬਣਿਆ। ਉਸ ਦੇ ਅਗਲੇਰੇ ਜੀਵਨ ਦੀਆਂ ਮੁੱਖ ਘਟਨਾਵਾਂ ਵਿਚ ਕਿਰਤੀ ਕਹਿਰ, ਮੁਜ਼ਾਰਾ ਲਹਿਰ, ਕਮਿਊਨਿਸਟ ਪਾਰਟੀਆਂ ਦੀਆਂ ਗਤੀਵਿਧੀਆਂ ਵਿਚ ਸ਼ਮੂਲੀਅਤ ਤੋਂ ਬਾਅਦ ਨਕਸਲਬਾੜੀ ਲਹਿਰ ਵਿਚ ਆਗੂ ਵਲੋਂ ਪ੍ਰਸਿੱਧ ਹੋਇਆ। ਉਸ ਨੂੰ ਕਈ ਦੇਸ਼ਾਂ ਦੀ ਯਾਤਰਾ ਦਾ ਅਵਸਰ ਮਿਲਿਆ ਭਾਵ ਚੀਨ, ਅਮਰੀਕਾ, ਰੂਸ ਆਦਿ। ਅਰਜਨਟਾਈਨਾ ਵਿਚ ਉਹ ਭਗਤ ਸਿੰਘ ਬਿਲਗਾ ਗ਼ਦਰੀ ਬਾਬਾ ਨੂੰ ਵੀ ਮਿਲਿਾ। ਮਾਰਕਸ-ਲੈਨਿਨਵਾਦ ਦੇ ਸਿਧਾਂਤਾਂ ਦੀ ਸਿੱਖਿਆ ਲਈ 'ਈਸਟਰਨ ਯੂਨੀਵਰਸਿਟੀ ਮਾਸਕੋ' ਪੁੱਜਣ ਦਾ ਮੌਕਾ ਵੀ ਮਿਲਿਆ। ਅੰਗਰੇਜ਼ ਸਰਕਾਰ ਦੀਆਂ ਜੇਲ੍ਹਾਂ ਵੀ ਕੱਟੀਆਂ, ਤਸੀਹੇ ਵੀ ਝੱਲੇ। ਪੁਰਾਣੀ ਖੁੰਦਕ ਕਾਰਨ ਸੀ.ਪੀ.ਆਈ. ਵਿਚ ਯੋਗ ਸਥਾਨ ਨਾ ਮਿਲਿਆ। ਪਿੰਡ ਆ ਕੇ ਮਿਹਨਤ ਨਾਲ ਖੇਤੀ ਕੀਤੀ। ਪਿੰਡ ਦਾ ਸਰਪੰਚ ਵੀ ਚੁਣਿਆ ਗਿਆ। ਉਦੋਂ ਪੰਜਾਬ ਵਿਚ ਨਕਸਲਬਾੜੀ ਲਹਿਰ ਜ਼ੋਰਾਂ 'ਤੇ ਸੀ। ਬਾਬਾ ਬੂਝਾ ਸਿੰਘ ਇਸ ਲਹਿਰ ਵਿਚ ਕੁੱਦ ਪਿਆ। ਬਾਬਾ ਬੂਝਾ ਸਿੰਘ ਦੇ ਪਿਛੇ ਪੁਲਿਸ ਲੱਗੀ ਰਹਿੰਦੀ ਸੀ। ਪੁਲਿਸ ਦੇ ਕਾਬੂ ਆਇਆ ਵੇਖ ਕੇ ਉਸ ਨੇ ਨਾਅਰੇ ਲਾਉਣੇ ਸ਼ੁਰੂ ਕੀਤੇ। 'ਇਨਕਲਾਬ ਜ਼ਿੰਦਾਬਾਦ ਤੇ ਨਕਸਲਬਾੜੀ ਜ਼ਿੰਦਾਬਾਦ' ਪੁਲਿਸ ਫੜ ਕੇ ਫਿਲੌਰ ਦੇ ਕਿਲ੍ਹੇ ਵਿਚ ਲੈ ਗਈ। ਉਸ ਤੋਂ ਪਾਰਟੀ 'ਚ ਭੇਤ ਅਤੇ ਹੋਰ ਆਗੂਆਂ ਨੂੰ ਫੜਾਉਣ ਲਈ ਦਬਾਅ ਪਾਉਂਦੀ ਰਹੀ ਪਰ ਅਸਮਰੱਥ ਰਹੀ। ਭੇਤ ਨਾ ਦੇਣ ਕਾਰਨ ਬੂਝਾ ਸਿੰਘ ਉਤੇ ਬੇਥਾਹ ਜਬਰ ਢਾਹਿਆ ਗਿਆ।... ਪੁਲਿਸ ਨੇ ਕੁੱਲ ਪੱਲੇ ਨਾ ਪੈਂਦਾ ਵੇਖ ਕੇ ਖਿਝ ਕੇ ਉਸ ਦਾ ਧਰਤੀ ਉਤੇ ਧੋਬੀ ਪਟੜਾ ਮਾਰਿਆ... ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਜਿਸ ਨਾਲ ਉਸ ਦੀ ਮੌਤ ਹੋ ਗਈ।...ਅਗਲੇ ਦਿਨ ਪੁਲਿਸ ਨੇ ਖ਼ਬਰ ਘੁੰਮਾਈ ਕਿ ਅਤਿ ਲੋੜੀਂਦਾ ਨਕਸਲੀ ਬੂਝਾ ਸਿੰਘ ਰਾਤ ਸਮੇਂ ਨਾਈਮਜਾਰੇ ਦੇ ਪੁਲ ਉਤੇ ਪੁਲਿਸ ਨਾਲ ਹੋਏ ਗਹਿਗੱਚ ਮੁਕਾਬਲੇ ਵਿਚ ਮਾਰਿਆ ਗਿਆ। ਪੰਨਾ : 93
ਪੁਲਿਸ ਨੂੰ ਫੜਾਉਣ ਵਾਲੇ ਸਰਪੰਚ ਨੂੰ ਪਾਰਟੀ ਦੇ ਗੁਰੀਲਾ ਸੁਕੈਅਡ ਨੇ 4 ਜੂਨ, 1973 ਨੂੰ ਮਾਰ ਦਿੱਤਾ। ਉਨ੍ਹਾਂ ਦਿਨਾਂ ਵਿਚ 'ਪਾਸ਼' ਨੇ ਆਪਣੀ ਕਵਿਤਾ ਵਿਚ ਕਿਹਾ ਸੀ:
ਅਸੀਂ ਬਦਲਾ ਲੈਣਾ ਏ, ਉਸ ਬੁੱਢੜੇ ਬਾਬੇ ਦਾ।
ਜਿਨ੍ਹਾਂ ਫੜ ਕੇ ਮਾਰ ਦਿੱਤਾ,
ਸਾਡਾ ਮਾਨ ਦੁਆਬੇ ਦਾ। (ਪੰਨਾ : 95)
ਬਾਬਾ ਬੂਝਾ ਸਿੰਘ ਨੂੰ ਕਮਿਊਨਿਸਟ ਪਾਰਟੀ ਦੇ ਆਗੂ 'ਜੱਟ ਬੂਟ' ਅਨਪੜ੍ਹ ਮਾਰਕਸਵਾਦੀ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਪਰ ਕਈ ਸਤਿਕਾਰ ਵੀ ਕਰਦੇ ਸਨ ਕਿਉਂਕਿ ਉਹ ਮੈਂਬਰਾਂ ਨੂੰ ਸਿੱਖਿਅਤ ਕਰਦੇ ਸਨ। (ਪੰਨਾ : 103)
-ਡਾ. ਧਰਮ ਚੰਦ ਵਾਤਿਸ਼
vatishdharamchand@gmail.com
ਵਿਰਸੇ ਦੇ ਹਰਫ਼
ਲੇਖਕ : ਗੁਰਚਰਨ ਸਿੰਘ ਧੰਜੂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ: 128
ਸੰਪਰਕ : 99144-63576
ਪਟਿਆਲਾ ਜ਼ਿਲ੍ਹੇ ਦੇ ਅਣਗੌਲੇ ਇਲਾਕੇ ਦੇ ਪਿੰਡ ਅਰਨੋਂ (ਪਲਾਸੌਰ) ਦੇ ਮੱਧਵਰਗੀ ਕਿਸਾਨ ਪਰਿਵਾਰ ਵਿਚ ਜਨਮੇ ਗੁਰਚਰਨ ਸਿੰਘ ਧੰਜੂ ਨੇ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਪਿਤਾਪੁਰਖੀ ਕਿੱਤੇ ਖੇਤੀਬਾੜੀ ਵਿਚ ਹੱਥ ਵਟਾਉਂਦਿਆਂ ਆਪਣੀ ਲਿਖਣ ਪ੍ਰਕਿਰਿਆ ਨੂੰ ਜਿਊਂਦਾ ਰੱਖਿਆ ਅਤੇ ਆਪਣਾ ਪਲੇਠਾ ਕਾਵਿ-ਸੰਗ੍ਰਹਿ 'ਵਿਰਸੇ ਦੇ ਹਰਫ਼' ਪ੍ਰਕਾਸ਼ਿਤ ਕਰਵਾਇਆ ਹੈ। ਉਨ੍ਹਾਂ ਦੀ ਮਨਾਂ ਨੂੰ ਮੋਹ ਲੈਣ ਵਾਲੀ ਕਵਿਤਾ ਪਾਠਕ ਨੂੰ ਪੂਰੀ ਕਿਤਾਬ ਪੜ੍ਹਨ ਲਈ ਮਜਬੂਰ ਕਰ ਦਿੰਦੀ ਹੈ:
ਮੈਂ ਤੜਕੇ ਉੱਠ ਦੁੱਧ ਰਿੜਕਾਂ
ਬਾਹਾਂ ਗੋਰੀਆਂ ਦੇ ਵਿਚ ਮੇਰੇ ਚੂੜਾ।
ਵੇ ਚਾਟੀ ਤੇ ਮਧਾਣੀ ਰੰਗਲੀ
ਨਾਲ ਪਿਆਰ ਪਾ ਲਿਆ ਗੂੜ੍ਹਾ।
ਨਵੀਂ ਪੀੜ੍ਹੀ ਦੇ ਵਿਦੇਸ਼ਾਂ ਨੂੰ ਜਾਣ ਦੇ ਰੁਝਾਨ ਨੂੰ ਵੀ ਗੁਰਚਰਨ ਸਿੰਘ ਧੰਜੂ ਬੜੀ ਗੰਭੀਰਤਾ ਨਾਲ ਲੈਂਦੇ ਹਨ। ਅਜਿਹਾ ਵੀ ਨਹੀਂ ਹੈ ਕਿ ਵਿਦੇਸ਼ਾਂ ਨੂੰ ਜਾਣ ਵਾਲੇ ਲੋਕ ਕੇਵਲ ਬੇਰੁਜ਼ਗਾਰ ਹੀ ਹਨ ਸਗੋਂ ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਸਰਦੇ-ਪੁੱਜਦੇ ਅਤੇ ਧਨਾਢ ਲੋਕ ਵੀ ਸ਼ਾਮਿਲ ਹਨ। ਕੋਈ ਮੰਨੇ ਭਾਵੇਂ ਨਾ ਪਰ ਇਹ ਵੀ ਇਕ ਅਟੱਲ ਸੱਚਾਈ ਹੈ ਕਿ ਲੋਕ ਬਾਹਰ ਜਾ ਕੇ ਕੋਈ ਵੀ ਕੰਮ ਕਰਨ ਲਈ ਤਿਆਰ ਹਨ ਪਰ ਇੱਥੇ ਰਹਿ ਕੇ ਉਨ੍ਹਾਂ ਨੂੰ ਓਹੀ ਕੰਮ ਕਰਦਿਆਂ ਸ਼ਰਮ ਮਹਿਸੂਸ ਹੁੰਦੀ ਹੈ:
ਬਾਹਰ ਜਾਣ ਦਾ ਵੀ ਬੜਾ ਚੜ੍ਹਿਆ ਸੀ ਚਾਅ ਵੇ
ਏਥੇ ਆ ਕੇ ਹੁਣ ਰਹੇ ਆਂ ਪਛਤਾਅ ਵੇ
ਝੁੱਲੀ ਚਾਰੇ ਪਾਸੇ, ਚੰਦਰੀ ਹਨੇਰੀ,
ਵੇ ਸ਼ਿਫਟਾਂ ਲਾਉਂਦੀ ਮੈਂ ਥੱਕ ਗਈ
ਫੀਸ ਰਹਿ ਗਈ ਭਰਨ ਵਾਲੀ ਮੇਰੀ,
ਵੇ ਸ਼ਿਫਟਾਂ ਲਾਉਂਦੀ ਮੈਂ ਥੱਕ ਗਈ।
ਗੁਰਚਰਨ ਸਿੰਘ ਧੰਜੂ ਨੇ ਇਸ ਪੁਸਤਕ ਵਿਚ ਕੁਝ ਧਾਰਮਿਕ ਗੀਤ ਵੀ ਸ਼ਾਮਿਲ ਕੀਤੇ ਹਨ, ਜਿਨ੍ਹਾਂ ਨੂੰ ਪੁਸਤਕ ਦੇ ਪਿਛਲੇ ਹਿੱਸੇ ਵਿਚ ਲਿਆ ਗਿਆ ਹੈ। ਲਿਖਤਾਂ ਵਿਚ ਵਰਤੀ ਗਈ ਬੋਲੀ ਬਹੁਤ ਹੀ ਸਰਲ, ਸਹਿਜ ਅਤੇ ਆਮ ਆਦਮੀ ਦੇ ਸਮਝ ਵਿਚ ਆਉਣ ਵਾਲੀ ਹੈ। ਗੀਤ ਅਤੇ ਕਵਿਤਾ 'ਤੇ ਉਨ੍ਹਾਂ ਦੀ ਮਜ਼ਬੂਤ ਪਕੜ ਦਿਖਾਈ ਦਿੰਦੀ ਹੈ ਪਰ ਗ਼ਜ਼ਲ ਬਾਰੇ ਅਜੇ ਉਨ੍ਹਾਂ ਨੂੰ ਹੋਰ ਸਿੱਖਣ ਅਤੇ ਮੁਹਾਰਤ ਦੀ ਜ਼ਰੂਰਤ ਹੈ। ਕੁੱਲ ਮਿਲਾ ਕੇ ਉਨ੍ਹਾਂ ਦਾ ਇਹ ਉੱਦਮ ਬੇਹੱਦ ਸ਼ਲਾਘਾਯੋਗ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਪਿੰਡ ਮੇਰੇ ਸਹੁਰਿਆਂ ਦਾ
ਸੰਪਾਦਕ : ਪ੍ਰਿੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 98764-52223
'ਪਿੰਡ ਮੇਰੇ ਸਹੁਰਿਆਂ ਦਾ' ਪ੍ਰਿੰ. ਬਹਾਦਰ ਸਿੰਘ ਗੋਸਲ ਦੁਆਰਾ ਸੰਪਾਦਿਤ ਵਾਰਤਕ ਰਚਨਾ ਹੈ। ਪ੍ਰਿੰ. ਗੋਸਲ ਪੰਜਾਬੀ ਸਾਹਿਤ ਦੀ ਇਕ ਮਾਣਯੋਗ ਸ਼ਖ਼ਸੀਅਤ ਹੈ, ਜਿਨ੍ਹਾਂ ਆਪਣੀਆਂ ਕਾਵਿ-ਪੁਸਤਕਾਂ, ਕਹਾਣੀਆਂ ਅਤੇ ਵਾਰਤਕ ਰਚਨਾਵਾਂ ਰਾਹੀਂ ਪੰਜਾਬੀ ਮਾਂ-ਬੋਲੀ ਦੀ ਝੋਲੀ ਨੂੰ ਭਰਪੂਰ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ ਹੈ। ਉਨ੍ਹਾਂ ਦੁਆਰਾ ਬੱਚਿਆਂ ਲਈ ਲਿਖੀਆਂ ਕਵਿਤਾਵਾਂ ਅਤੇ ਕਹਾਣੀਆਂ ਦੀਆਂ 66 ਪੁਸਤਕਾਂ ਸਕੂਲੀ ਵਿਦਿਆਰਥੀਆਂ ਵਿਚ ਬੇਹੱਦ ਹਰਮਨ ਪਿਆਰੀਆਂ ਹਨ। ਵਾਰਤਕ ਵਿਚ ਰਚੀਆਂ 29 ਪੁਸਤਕਾਂ ਪੰਜਾਬੀ ਵਾਰਤਕ ਸਾਹਿਤ ਦਾ ਮਾਣ ਵਧਾ ਰਹੀਆਂ ਹਨ। ਹੱਥਲੀ ਸੰਪਾਦਿਤ ਪੁਸਤਕ 'ਪਿੰਡ ਮੇਰੇ ਸਹੁਰਿਆਂ ਦਾ' ਵਿਚ ਉਨ੍ਹਾਂ ਵੱਖ-ਵੱਖ ਉਮਰ ਜੁੱਟ ਦੀਆਂ ਵੀਹ ਔਰਤਾਂ ਦੀ ਚੋਣ ਕਰਕੇ ਉਨ੍ਹਾਂ ਦੇ ਸਹੁਰੇ ਪਿੰਡ ਸੰਬੰਧੀ ਲਿਖੇ ਬਿਰਤਾਂਤ ਨੂੰ ਇਸ ਪੁਸਤਕ ਰੂਪ ਵਿਚ ਪੇਸ਼ ਕਰਕੇ ਬਹੁਤ ਹੀ ਖ਼ੂਬਸੂਰਤ ਅਤੇ ਸਲਾਹੁਣਯੋਗ ਕਾਰਜ ਕੀਤਾ ਹੈ। ਇਸ ਪੁਸਤਕ ਵਿਚ ਸ਼ਾਮਲ ਸਾਰੀਆਂ ਲੇਖਿਕਾਵਾਂ ਨੇ ਜਿੱਥੇ ਆਪੋ-ਆਪਣੇ ਸਹੁਰੇ ਪਿੰਡ ਦੀ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ ਅਤੇ ਸੱਭਿਆਚਾਰਕ ਦਸ਼ਾ ਨੂੰ ਸਰਲ ਅਤੇ ਮੁਹਾਵਰੇਦਾਰ ਭਾਸ਼ਾ ਵਿਚ ਪੇਸ਼ ਕੀਤਾ ਹੈ, ਉੱਥੇ ਨਾਲ ਦੀ ਨਾਲ ਆਪਣੇ ਜੀਵਨ ਸਾਥੀ, ਸੱਸ ਸਹੁਰੇ, ਜੇਠ ਜਠਾਣੀ, ਦਿਓਰ ਦਰਾਣੀ, ਨਣਦਾਂ ਸੰਬੰਧੀ ਵੀ ਰੌਚਕ ਜਾਣਕਾਰੀ ਸਾਂਝੀ ਕੀਤੀ ਹੈ। ਸੰਪਾਦਕ ਨੇ ਇਸ ਪੁਸਤਕ ਵਿਚ ਸ਼ਾਮਿਲ ਇਨ੍ਹਾਂ ਵਿਆਹੁਤਾ ਔਰਤਾਂ ਦੀ ਚੋਣ ਕਰਨ ਸਮੇਂ ਸਮਾਜ ਵਿਚ ਸਥਾਪਤ ਲੇਖਿਕਾਵਾਂ ਦੀ ਚੋਣ ਕਰਨ ਦੀ ਥਾਂ ਬਿਲਕੁਲ ਘਰੇਲੂ ਸੁਆਣੀਆਂ ਨੂੰ ਪਹਿਲ ਦਿੱਤੀ ਹੈ। ਇਸ ਪ੍ਰਕਾਰ ਇਨ੍ਹਾਂ ਸੁਆਣੀਆਂ ਨੂੰ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ਼-ਨਾਲ ਉਨ੍ਹਾਂ ਨੂੰ ਕਲਮ ਚਲਾਉਣ ਵਾਲ਼ੇ ਪਾਸੇ ਤੋਰਨ ਦਾ ਸਲਾਹੁਣਯੋਗ ਉੱਦਮ ਕੀਤਾ ਹੈ। ਬਲਜਿੰਦਰ ਕੌਰ ਸ਼ੇਰਗਿੱਲ ਨੇ ਆਪਣੇ ਸਹੁਰਿਆਂ ਦੇ ਪਿੰਡ ਕੋਟਲਾ ਨਿਹੰਗ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਸਮੇਂ ਪਹਾੜੀ ਰਾਜਿਆਂ ਵਲੋਂ ਹਾਥੀ ਨੂੰ ਸ਼ਰਾਬ ਪਿਲਾ ਕੇ ਕੋਟਲਾ ਨਿਹੰਗ ਪਿੰਡ ਦੇ ਕਿਲ੍ਹੇ ਦਾ ਮੁੱਖ ਦਰਵਾਜ਼ਾ ਤੋੜਨ ਲਈ ਭੇਜਿਆ ਗਿਆ ਸੀ। ਪਰੰਤੂ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਹਾਸਲ ਕਰਕੇ ਭਾਈ ਬਚਿੱਤਰ ਸਿੰਘ ਨੇ ਮਸਤ ਹਾਥੀ ਦੇ ਸਿਰ ਵਿਚ ਨਾਗਣੀ ਦਾ ਇਕੋ ਜ਼ਬਰਦਸਤ ਵਾਰ ਕੀਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹੋਇਆ ਹਾਥੀ ਪਿਛਾਂਹ ਨੂੰ ਮੁੜ ਗਿਆ। ਇਸ ਪ੍ਰਕਾਰ ਪਹਾੜੀ ਰਾਜਿਆਂ ਦੀ ਹਾਰ ਹੁੰਦੀ ਹੈ। ਮੈਂ ਸਮਝਦਾਂ ਕਿ ਇਹ ਰਚਨਾ 'ਪਿੰਡ ਮੇਰੇ ਸਹੁਰਿਆਂ ਦਾ' ਪਿੰਡਾਂ ਦੇ ਪਿਛੋਕੜ ਨਾਲ਼ ਜੁੜੇ ਹਰੇਕ ਪਾਠਕ ਨੂੰ ਪੜ੍ਹਨੀ ਬਣਦੀ ਹੈ। ਮੈਂ ਇਸ ਵਾਰਤਕ ਪੁਸਤਕ ਦਾ ਪੰਜਾਬੀ ਸਾਹਿਤ ਵਿਚ ਭਰਪੂਰ ਸੁਆਗਤ ਕਰਦਾ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 94276-85020
ਅਮਰੀਕ ਡੋਗਰਾ ਦਾ ਗੀਤ ਸੰਗ੍ਰਹਿ
ਪੰਜਾਂ ਪਾਣੀਆਂ ਦੇ ਗੀਤ
ਸੰਪਾਦਕ : ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸਨਜ਼,
ਸਮਾਣਾ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 99588-31357
ਇਸ ਗੀਤ ਸੰਗ੍ਰਹਿ ਦੇ 117 ਗੀਤ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗਾਂ ਨਾਲ ਸ਼ਿੰਗਾਰੇ ਹੋਏ ਹਨ। ਇਹ ਬਹੁਤ ਹੀ ਸਾਫ਼-ਸੁਥਰੇ, ਸਾਰਥਿਕ ਅਤੇ ਭਾਵਪੂਰਤ ਹਨ। ਇਨ੍ਹਾਂ ਦੇ ਵਿਸ਼ੇ ਜੀਵਨ ਦੇ ਕੈਨਵਸ ਵਾਂਗੂੰ ਵਿਸ਼ਾਲ ਹਨ। ਆਓ, ਕੁਝ ਝਲਕਾਂ ਮਾਣੀਏ:
ਓ ਮਾਵਾਂ ਵਾਲਿਓ, ਆਪਣੀ ਵੀ ਇਕ ਮਾਂ ਹੁੰਦੀ ਸੀ।
ਧਰਤੀ ਵਰਗਾ ਸਬਰ ਸੀ ਜਿਸ ਦਾ ਅੰਬਰ ਵਰਗੀ ਛਾਂ ਹੁੰਦੀ ਸੀ।
ਨਾ ਹੁਣ ਘੁੱਗੀਆਂ, ਨਾ ਹੁਣ ਚਿੜੀਆਂ
ਨਾ ਹੁਣ ਬੋਲਣ ਕਾਂ, ਬਨੇਰੇ ਸਾਡੇ 'ਤੇ।
ਪੱਗਾਂ ਨੂੰ ਬਚਾਉਣ ਵਾਲੇ ਪੱਗਾਂ ਲਾਹੁਣ ਲੱਗ ਪਏ,
ਨਵਾਂ ਇਤਿਹਾਸ ਅੱਜ ਗੱਭਰੂ ਬਣਾਉਣ ਲੱਗ ਪਏ।
ਜਿਨ੍ਹਾਂ ਬੱਚਿਆਂ ਦੇ ਮਰ ਜਾਣ ਮਾਪੇ,
ਉਨ੍ਹਾਂ ਦੇ ਦੁੱਖ ਕੌਣ ਜਾਣਦਾ।
ਹੁੰਦੇ ਰੋਜ਼ ਹੀ ਜਿਨ੍ਹਾਂ ਦੇ ਸਿਆਪੇ
ਉਨ੍ਹਾਂ ਦੇ ਦੁੱਖ ਕੌਣ ਜਾਣਦਾ।
ਹੁਣ ਪੰਜਾਬ 'ਚ ਨਿੱਤ ਇਹ ਗੱਲਾਂ ਹੋਣਗੀਆਂ।
ਪੁੱਤ ਪ੍ਰਦੇਸੀ ਤੋਰ ਕੇ ਮਾਵਾਂ ਰੋਣਗੀਆਂ।
ਗੀਤਕਾਰ ਦੇ ਦਿਲ ਵਿਚ ਪੰਜਾਬ ਦੀ ਮੁਹੱਬਤ ਹੈ, ਕਿਸਾਨਾਂ ਦਾ ਦਰਦ ਹੈ, ਗ਼ਰੀਬਾਂ ਅਤੇ ਧਰਤੀ ਦੇ ਪਾਣੀਆਂ ਪ੍ਰਤੀ ਸੰਵੇਦਨਾ ਹੈ। ਸਮੁੱਚੇ ਰੂਪ ਵਿਚ ਇਹ ਗੀਤ ਸਾਡੇ ਦਿਲਾਂ ਨੂੰ ਟੁੰਬਣ ਵਾਲੇ ਅਤੇ ਚੇਤਨਾ ਨੂੰ ਝੰਜੋੜਨ ਵਾਲੇ ਹਨ। ਇਸ ਗੀਤ ਸੰਗ੍ਰਹਿ ਦਾ ਭਰਵਾਂ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਸੁਲਤਾਨਪੁਰ ਲੋਧੀ
(ਦੂਜਾ ਨਨਕਾਣਾ ਸਾਹਿਬ)
ਲੇਖਕ : ਡਾ. ਆਸਾ ਸਿੰਘ ਘੁੰਮਣ
ਪ੍ਰਕਾਸ਼ਕ : ਯੂਰਪੀ ਪੰਜਾਬੀ ਸੱਥ, ਬਾਲਸਾਲ, ਬਰਤਾਨੀਆ
ਮੁੱਲ : 200 ਰੁਪਏ, ਸਫ਼ੇ : 212
ਸੰਪਰਕ : 97798 53245
ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਜਾਂ ਨਗਰ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ,ਕਿ ਇਹ ਅਕਸਰ ਲਿਖਤੀ ਨਹੀਂ ਮਿਲਦਾ, ਬਜ਼ੁਰਗਾਂ ਅਤੇ ਪੀੜ੍ਹੀ ਦਰ ਪੀੜ੍ਹੀ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਹਾਲੇ ਵੀ ਵੇਲਾ ਹੈ ਕਿ ਜਿੰਨਾ ਕੁ ਵੀ ਅਤੇ ਜਿਸ ਵੀ ਰੂਪ ਵਿਚ ਮਿਲ ਸਕਦਾ ਹੈ, ਸਾਂਭ ਲਈਏ। ਨਹੀਂ ਤਾਂ, ਪਿੰਡਾਂ-ਨਗਰਾਂ ਦਾ, ਸਾਡੇ ਚੇਤਿਆਂ 'ਚ ਪਿਆ ਇਤਿਹਾਸ ਬਿਲਕੁਲ ਲੁਪਤ ਹੋ ਜਾਵੇਗਾ। ਹਾਂ, ਕਿਸੇ-ਕਿਸੇ ਨਗਰ ਜਾਂ ਖੇੜੇ ਦਾ ਸੀਮਿਤ ਜਾਂ ਇਸ਼ਾਰਾ ਮਾਤਰ ਇਤਿਹਾਸ ਦਸਤਾਵੇਜ਼ਾ ਜਾਂ ਗਜ਼ਟੀਅਰਜ਼ ਵਿਚ ਮਿਲਦਾ ਹੈ। ਸੁਲਤਾਨਪੁਰ ਲੋਧੀ ਇਸ ਗੱਲੋਂ ਸੁਭਾਗਾ ਹੈ। ਪਰ; ਇਸ ਦਾ ਇਹ ਸੁਭਾਗ ਵੀ, ਬਹੁਤਾ ਕਰਕੇ ਬਾਬਾ ਨਾਨਕ ਜੀ ਦੇ ਇਸ ਖੇੜੇ ਨਾਲ ਵਾਹ-ਵਾਸਤਾ ਬਦੌਲਤ ਹੀ ਹੈ।
ਇਹ ਪੁਸਤਕ ਜਿਹੜੀ ਸੁਲਤਾਨਪੁਰ ਦੀ ਤਵਾਰੀਖ ਦੀ ਇਤਿਹਾਸਕੀ ਬਾਤ ਪਾਉਂਦੀ ਹੈ ਦਾ ਮੁੱਖ ਤੇ ਕੇਂਦਰੀ ਧੁਰਾ ਬਾਬਾ ਨਾਨਕ ਜੀ ਹਨ ਇਸੇ ਕਰਕੇ ਇਸ ਪੁਸਤਕ ਦਾ ਨਾਮਕਰਣ 'ਸੁਲਤਾਨਪੁਰ ਲੋਧੀ, ਦੂਜਾ ਨਨਕਾਣਾ ਸਾਹਿਬ' ਕੀਤਾ ਗਿਆ ਹੈ। ਪ੍ਰਾਚੀਨ ਇਮਾਰਤਾਂ ਅਤੇ ਧਰੋਹਰਾਂ ਦੇ ਸਚਿਤਰ ਚਿਤਰਾਂ ਅਤੇ ਦਸਤਾਵੇਜ਼ਾਂ ਨਾਲ ਲਬਰੇਜ਼ ਇਹ ਪੁਸਤਕ 31 ਪਾਠਾਂ ਨਾਲ ਲਬਾਲਬ ਹੈ। ਜਿਸ ਵਿਚ ਪਹਿਲੇ ਤਿੰਨ ਪੁਸਤਕ, ਲੇਖਕ ਅਤੇ ਇਸ ਦੇ ਛਪਣ-ਛਪਾਉਣ ਦੇ ਸਬੱਬ ਸਮੇਤ ਆਖਰੀ ਤਿੰਨ ਦਸਤਾਵੇਜ਼, ਹੱਥ ਲਿਖਤ ਨਮੂਨਾ ਅਤੇ ਸਹਾਇਕ ਪੁਸਤਕ ਸੂਚੀ ਬਾਰੇ ਅਤੇ ਬਾਕੀ 25 'ਚੋਂ ਪਹਿਲੇ ਤਿੰਨ ਬਹੁਤ ਹੀ ਅਹਿਮ ਇਤਿਹਾਸਕ ਸਮੱਗਰੀ ਅਤੇ ਸ੍ਰੋਤਾਂ ਬਾਰੇ ਜਾਣਕਾਰੀ ਦਿੰਦੇ ਹਨ ਜਿਹੜੇ ਇਸ ਪੁਸਤਕ ਦਾ ਹਾਸਿਲ ਹਨ। ਬਾਕੀ ਬਚਦੇ 22 ਮਹਾਂ-ਚਿੰਤਕ, ਮਹਾਂ-ਦਾਰਸ਼ਨਿਕ ਅਤੇ ਰਾਹ ਦਸੇਰੇ ਬਾਬਾ ਨਾਨਕ ਜੀ ਦੇ ਸੁਲਤਾਨਪੁਰ ਲੋਧੀ ਨਾਲ ਮਹਾਂ-ਰਿਸ਼ਤੇ ਨੂੰ ਬਿਆਨਦਿਆਂ ਤੱਥਾਂ ਅਤੇ ਅਹਿਮ ਸ੍ਰੋਤਾਂ ਸਮੇਤ ਅੰਧ-ਸ਼ਰਧਾ, ਮਿੱਥਾਂ ਅਤੇ ਭਰਮ-ਭੁਲੇਖਿਆਂ ਦੀਆਂ ਪਰਤਾਂ ਖੋਲਦਿਆਂ ਬਾ-ਦਲੀਲ ਸੰਵਾਦ ਰਚਾਉਂਦੇ ਹਨ।
'ਬੇਨ ਨਦੀ', ਹੁਣ ਕਾਲੀ ਬੇਈਂ, ਦੇ ਕੰਢੇ ਘੁੱਗ ਵਸਦਾ 'ਸੁਲਤਾਨਪੁਰ ਲੌਧੀ' ਇਕ ਮੁੱਢ-ਕਦੀਮ ਨਗਰ ਹੈ। ਜਿਵੇਂ 'ਲੋਧੀ ਤਖੱਲਸ' ਤੋਂ ਹੀ ਸਪੱਸ਼ਟ ਹੈ ਕਪੂਰਥਲੇ ਜ਼ਿਲ੍ਹੇ ਦਾ ਇਹ ਉੱਘੜਵਾਂ ਕਸਬਾ, ਹੁਣ ਨਾਮਵਰ ਸਿੱਖ ਆਸਥਾ ਕੇਂਦਰ ਜਿਹੜਾ ਬਾਬਾ ਨਾਨਕ ਜੀ ਦਾ ਕਰਮ ਖੇਤਰ ਰਿਹਾ, ਜ਼ਰੂਰ ਲੋਧੀ ਬੰਸ ਦਾ ਉੱਘਾ ਸੱਥਲ ਰਿਹਾ ਹੋਵੇਗਾ। 'ਧਾੜਵੀਆਂ ਅਤੇ ਕੁਦਰਤੀ ਕਰੋਪੀਆਂ ਨਾਲ ਝੰਬੇ-ਉੱਜੜਦੇ ਤੇ ਮੁੜ-ਮੁੜ ਵਸਦੇ ਰਹੇ ਇਸ ਪ੍ਰਚੀਨ ਨਗਰ ਉੱਤੇ 11ਵੀਂ ਸਦੀ ਵਿਚ ਸੁਲਤਾਨ ਖਾਨ ਜਿਹੜਾ ਮਹਿਮੂਦ ਗਜ਼ਨਵੀ ਦਾ ਕਲਗੀ ਸਿਪਾਹ-ਸਲਾਰ ਸੀ, ਨੇ ਕਬਜ਼ਾ ਕਰ ਇਸ ਨੂੰ ਮੁੜ ਵਸਾਇਆ, ਪੱਕੇ ਪੈਰੀਂ ਕੀਤਾ ਅਤੇ ਆਪਣਾ ਨਾਂਅ ਸੁਲਤਾਨ ਦਿੰਦਿਆਂ ਆਪਣਾ ਸਦਰ-ਮੁਕਾਮ ਬਣਾਇਆ। ਮਗਰੋਂ 'ਲੋਧੀਆਂ' (ਲੋਧੀ ਬੰਸ਼) ਦੇ ਨਾਂਅ ਅਤੇ ਸਰਗਰਮੀਆਂ ਬਦੌਲਤ ਇਸ ਖੇੜੇ ਦਾ ਨਾਂਅ ਸੁਲਤਾਨਪੁਰ ਲੋਧੀ ਪੱਕ-ਪਕਾਅ ਗਿਆ। ਦੱਸਿਆ ਇਹ ਵੀ ਜਾਂਦਾ, 'ਪੰਜਾਬ ਦੇ ਸੂਬੇਦਾਰ ਵਲੀ ਮੁਹੰਮਦ ਖਾਨ ਦੇ ਸਪੁੱਤਰ ਸੁਲਤਾਨ ਖ਼ਾਨ ਨੇ ਇਸਨੂ ਮੁੜ ਵਸਾਇਆ ਸੀ ਅਤੇ ਲੋਧੀ ਉਪਨਾਮ ਲੋਧੀਆਂ ਵੇਲੇ ਜੁੜਿਆ।' ਪਰ; ਇਹ ਨਗਰੀ, ਹੁਣ, ਜ਼ਿਆਦਾ ਉੱਘੜਵੀਂ 'ਬਾਬਾ ਨਾਨਕ' ਬਦੌਲਤ ਹੈ।
ਖੋਜਾਰਥੀਆਂ ਮੁਤਾਬਿਕ, 'ਕਾਬਲ ਦੇ ਹਿੰਦੂ ਅਤੇ ਦਿੱਲੀ ਦੀ ਮਦਨ ਪਾਲ ਪਾਤਸ਼ਾਹੀ ਦੀਆਂ ਇਥੋਂ ਅਸ਼ਰਫੀਆਂ ਮਿਲਣ ਅਤੇ ਬੋਧ ਮੱਤ ਦਾ ਕੇਂਦਰ ਹੋਣ ਕਾਰਨ ਇਹ ਪਹਿਲਾਂ ਗਿਆਸ਼ੂ-ਦੀਨ-ਬਲਬਨ ਦੇ ਧੜਿਆਂ ਦਾ ਸ਼ਿਕਾਰ ਹੋਇਆ, ਮਗਰੋਂ ਨਾਦਰਸ਼ਾਹ ਨੇ, 1739 ਈ. 'ਚ, ਇਸ ਨੂੰ ਅਜਿਹਾ ਨੇਸਤੋਨਾਬੂਦ ਕੀਤਾ ਕਿ ਇਹ ਲੰਬਾ ਸਮਾਂ ਆਪਣੀ ਸ਼ਾਨ ਪ੍ਰਾਪਤ ਨਾ ਕਰ ਸਕਿਆ। ਉਸ ਸਮੇਂ ਦੇ 'ਜਲੌਅ' ਨੂੰ ਅੱਜ ਨਾਲ ਮੇਲ ਕੇ ਵੇਖੋ ਕਿ ਜਿਸ ਨਗਰ ਨੂੰ ਸ਼ਾਹ ਹੂਸੈਨ, ਕਟਾਖਸ਼ ਗਿਰੀ ਅਤੇ ਭਾਈ ਲੰਙਾ ਵਰਗੇ ਸਹਿਹੋਂਦ-ਧਰਮੀਆਂ ਦਾ ਮਾਣ ਵੀ ਪ੍ਰਾਪਤ ਸੀ ਉਸਨੂੰ 'ਧਰਮ-ਪ੍ਰਸਤ' ਹੋਣ ਦਾ ਦਾਅਵਾ ਕਰਨ ਵਾਲੇ ਹੀ ਥੇਹ ਕਰਦੇ ਸਨ/ਹਨ।' ਹਾਂ; ਸਾਰੇ ਮਾੜੇ ਨਹੀਂ ਹੁੰਦੇ। ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦੀ ਯਾਦ ਸਮੋਈ ਬੈਠੇ ਇਸ ਖੇੜੇ ਵਿਚ ਜਿਥੇ ਨਾਸਿਰ-ਉ-ਮੁਹੰਮਦ ਸ਼ਾਹ ਵੇਲੇ 'ਸੁਲਤਾਨਪੁਰ ਟਕਸਾਲ' ਸਥਾਪਤ ਕੀਤੀ ਗਈ ਸੀ, ਉਥੇ ਮਿਸਲਦਾਰ ਸ.ਜੱਸਾ ਸਿੰਘ ਆਹਲੂਵਾਲੀਏ ਨੇ ਇਸਦਾ ਪੁਰਾਣਾ ਜਲੌਅ ਬਹਾਲ ਕਰਨ ਲਈ ਵੀ ਢੇਰ ਯਤਨ ਕੀਤੇ ਸਨ।
ਦਰ-ਹਕੀਕਤ; ਬੋਧੀ ਅਤੇ ਹਿੰਦੂ ਮੱਤ ਦੇ ਗਹਿਰ-ਗੰਭੀਰ ਸੰਵਾਦ ਕੇਂਦਰਾਂ ਉਪਰੰਤ ਅਤੇ ਬਾਬਾ ਨਾਨਕ ਜੀ ਦੀ ਕਰਮ ਅਤੇ ਸੰਵਾਦ ਨਗਰੀ ਵਜੋਂ ਵਿਖਿਆਤ ਹੋਣ ਤੋਂ ਪਹਿਲਾਂ ਇਸ ਨਗਰ ਨੂੰ ਰਾਜਸੀ ਪ੍ਰਸਿੱਧੀ ਉਦੋਂ ਪ੍ਰਾਪਤ ਹੋਈ ਜਦੋਂ ਇਕ ਸ਼ਕਤੀਸ਼ਾਲੀ ਲੋਧੀ ਪ੍ਰਮੁੱਖ ਤਾਤਾਰ ਖਾਨ ਯੂਸਫ ਖ਼ਲੀਲ, ਜਿਸ ਨੇ ਨਵਾਬ ਬਹਿਲੋਲ ਲੋਧੀ ਨੂੰ ਦਿੱਲੀ ਦੇ ਤਖ਼ਤ 'ਤੇ ਬਿਰਾਜਮਾਨ ਕਰਵਾਉਣ ਵਿਚ ਬੇ-ਜੋੜ ਹਿੱਸਾ ਪਾਇਆ ਸੀ, ਨੇ ਇਸ ਖੇੜੇ ਨੂੰ ਆਪਣੀ ਜਾਗੀਰ ਦਾ ਪ੍ਰਮੁੱਖ ਹਿੱਸਾ ਬਣਾ ਲਿਆ। ਮਗਰੋਂ; ਨਵਾਬ ਦੌਲਤ ਖਾਂ ਲੋਧੀ, ਜਿਹੜਾ ਮਨੁੱਖੀ ਕਦਰਾਂ-ਕੀਮਤਾਂ ਅਤੇ ਉੱਚੀ ਨੈਤਿਕਤਾ ਤੇ ਸੁਹਜ ਸੁਆਦ ਦਾ ਮਾਲਕ ਸੀ, ਉਸ ਨੇ ਇਸ ਖੇੜੇ ਨੂੰ ਕੁਦਰਤ ਮੇਚਵੀਆਂ ਬਹੁ-ਪਰਤੀ ਲੋਕ-ਸਹੂਲਤਾਂ ਵਾਲੀ ਰਿਆਸਤ ਵਜੋਂ ਵਿਕਸਤ ਕਰਨ ਦੇ ਸੁਹਿਰਦ ਯਤਨ ਕੀਤੇ।
ਚਰਚਿਤ ਘੁਮੱਕੜ ਇਤਿਹਾਸਕਾਰ ਇਬਨ-ਬਤੂਤਾ ਮੁਤਾਬਿਕ, 'ਉਸਨੇ (ਸ਼ੇਰ ਸ਼ਾਹ ਸੂਰੀ) ਪਿਸ਼ੋਰ-ਲਾਹੌਰ ਤੋਂ ਦਿੱਲੀ-ਕਲਕੱਤਾ ਜਾਂਦਾ, ਸ਼ਾਹ-ਰਾਹ, ਜਿਹੜਾ ਮਗਰੋਂ 'ਸ਼ੇਰ ਸ਼ਾਹ ਸੂਰੀ ਮਾਰਗ' ਵਜੋਂ ਦੁਨੀਆ ਭਰ ਵਿਚ ਚਰਚਿਤ ਹੋ ਗਿਆ, ਨਿਰਮਤ ਕਰਵਾਇਆ ਅਤੇ ਇਸ ਮਾਰਗ ਜਿਹੜਾ ਪਿਸ਼ੋਰ ਤੋਂ ਕਲਕੱਤਾ ਬਰਾਸਤਾ ਸੁਲਤਾਨਪੁਰ ਜਾਂਦਾ ਸੀ ਉੱਤੇ ਲੋਕ-ਸਹੂਲਤੀ ਮਹਿਲ-ਮੁਨਾਰੇ ਉਸਾਰੇ। ਅਜਿਹਾ ਹੀ ਇਕ ਵਿਰਾਸਤੀ ਮੁਨਾਰਾ ਸੁਲਤਾਨਪੁਰ ਲੋਧੀ ਵਿਖੇ ਹੁਣ ਵੀ ਵੇਖਿਆ ਜਾ ਸਕਦਾ ਹੈ। ਇਹੀ ਨਹੀਂ, ਸ਼ੇਰ ਸ਼ਾਹ ਸੂਰੀ ਨੇ ਇਥੋਂ ਦੇ ਵਿਸ਼ਾਲ ਜਲ-ਵਹਿਣ, ਜਿਹੜਾ ਇਸ ਖਿੱਤੇ ਦੀ ਸਾਹ-ਰਗ ਸੀ, ਉੱਤੇ ਇਕ ਪੁਲ ਵੀ ਬਣਾਇਆ ਸੀ।'ਆਇਨੇ-ਅਕਬਰੀ' ਕਿਤਾਬ ਵਿਚ ਇਥੇ ਇਕ ਬਹੁ-ਸਹੂਲਤੀ ਸਰਾਂ ਹੋਣ ਦਾ ਵੀ ਉਲੇਖ ਹੈ। ਮੁੱਕਦੀ ਗੱਲ; ਬਹੁਤੀਆਂ ਬਾਦਸ਼ਾਹੀਆਂ ਨੇ ਸੁਲਤਾਨਪੁਰ ਲੋਧੀ ਦੀ ਮਹੱਤਤਾ ਦੀ ਕਦਰ ਕੀਤੀ।
'ਪੰਜਾਬ ਦਾ ਇਹ ਇਕ ਅਜਿਹਾ ਨਗਰ ਹੈ ਜਿਸ ਦੀ ਉਤਪਤੀ ਬੁੱਧ ਧਰਮ ਦੇ ਜ਼ਮਾਨੇ ਤੋਂ ਹੋਈ ਮੰਨੀ ਜਾਂਦੀ ਹੈ, ਜਿਹੜਾ ਲੰਬਾਂ ਸਮਾਂ ਬੁੱਧ ਮੱਤ ਦਾ ਸੰਵਾਦ ਅਤੇ ਸਾਧਨਾ ਕੇਂਦਰ ਰਿਹਾ। ਅਰਥਾਤ; ਇਹ ਉਹੀ ਪੁਰਾਤਨ ਨਗਰੀ ਹੈ, ਜਿਹੜੀ ਢੇਰ ਵਰਸ਼ ਪਹਿਲਾਂ ਬੋਧੀਆਂ,ਫੇਰ ਮੁਸਲਿਮਾਂ ਅਤੇ ਮਗਰੋਂ ਸਿੱਖਾਂ ਦੀ ਵਿੱਦਿਅਕ, ਤਰਕਵੇਦੀ ਅਤੇ ਅਧਿਆਤਮਿਕ ਨਗਰੀ ਬਣੀ।ਕੀ ਇਸੇ ਦਾ ਹੀ ਜ਼ਿਕਰ ਪੁਰਾਤਨ ਇਤਿਹਾਸ ਵਿਚ 'ਸਰਵਮਾਨਪੁਰ' ਵਜੋਂ ਅੰਕਿਤ ਹੈ? ਕਿਹਾ ਜਾਂਦਾ ਹੈ ਕਿ ਸੂਫੀ ਫ਼ਕੀਰ ਸ਼ਾਹ ਹੁਸੈਨ ਜੀ ਵੀ ਇਥੇ ਤਾਲੀਮ ਪ੍ਰਾਪਤ ਕਰਦੇ ਰਹੇ। ਚੀਨੀ ਵਿਦਿਵਾਨ ਯੁਆਂਗ-ਚੁਆਂਗ ਤੇ ਦਿਵਿਆਵਾਨ ਬੋਧੀ ਪੁਸਤਕ ਅਨੁਸਾਰ,ਉਦੋਂ ਤਿੰਨ-ਚਾਰ ਮੀਲ 'ਚ ਫੈਲਿਆ-ਪਸਰਿਆ, ਤਾਲੀਮੀ-ਸ਼ਹਿਰ 'ਤਮਸਾਵਾਨ', ਜਿਥੇ ਸਮਰਾਟ ਅਸ਼ੋਕ ਨੇ ਇਕ ਬੋਧੀ ਸਤੂਪ ਵੀ ਉਸਾਰਿਆ ਸੀ,ਇਹੀ ਸੁਲਤਾਨਪੁਰ ਸੀ।' ਇਸ ਸਾਰੇ ਬਾਰੇ ਨੱਠ ਕੇ ਖੋਜ ਕਰਨੀ ਬਣਦੀ ਹੈ ਅਤੇ ਇਸ ਬਾਰੇ ਵੀ ਕਿ 'ਵਿੱਦਿਆ ਵਜੋਂ ਇਹ, ਵਾਕਿਆ, ਐਨਾ ਸਿਰਮੌਰ ਸੀ ਕਿ ਮੁਗਲ ਸ਼ਹਿਜ਼ਾਦਾ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਨੇ ਇਥੋਂ ਵੀ ਤਾਲੀਮ ਪ੍ਰਾਪਤ ਕੀਤੀ ਸੀ।' ਇਸ ਪੁਸਤਕ ਮੁਤਾਬਿਕ,''ਇਥੇ ਸਥਿਤ ਮਦਰੱਸੇ ਅਤੇ ਏਥੋਂ ਦੀ ਅਦਬੀ ਤਰਬੀਅਤ ਦਿੱਲੀ ਤੱਕ ਮਸ਼ਹੂਰ ਸੀ।'
ਬਾਬਾ ਨਾਨਕ ਜੀ ਬਾਰੇ ਖੋਜੀ ਬਿਰਤੀ ਰੱਖਣ ਵਾਲਿਆਂ ਨੂੰ ਸਹਿਜ-ਸੰਵਾਦ ਰਚਾਉਣ ਵਾਲਿਆਂ ਅਤੇ ਸਥਾਨਕ ਇਤਿਹਾਸਕਾਰੀ ਜਾਂ ਪਿੰਡਾਂ ਦੀ ਤਵਾਰੀਖ ਨਾਲ ਵਾਹ-ਵਾਸਤਾ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।
-ਵਿਜੈ ਬੰਬੇਲੀ
ਮੋਬਾਈਲ : 94634-39075