JALANDHAR WEATHER

22-09-25

 ਸਮੇਂ ਦੀ ਕਦਰ
ਸਮਾਂ ਘੜੀ, ਪਲ, ਮਿੰਟ, ਘੰਟਿਆਂ ਅਤੇ ਦਿਨਾਂ ਦੀ ਰਫ਼ਤਾਰ ਨਾਲ ਚਲਦਾ ਰਹਿੰਦਾ ਹੈ। ਜੋ ਪਲ, ਘੜੀ ਅਤੇ ਦਿਨ ਬੀਤ ਗਿਆ। ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਪੱਲੇ ਰਹਿ ਜਾਂਦਾ ਹੈ ਪਛਤਾਵਾ। ਸਮੇਂ ਦੀ ਕਦਰ ਕਰਨ ਵਾਲੇ ਵਿਅਕਤੀਆਂ ਦੀ ਸਮਾਂ ਕਦਰ ਕਰਦਾ ਹੈ। ਜੋ ਸਮੇਂ ਦੇ ਨਾਲ ਨਹੀਂ ਚਲਦੇ ਉਹ ਲੋਕ ਪਛੜ ਜਾਂਦੇ ਹਨ। ਚਾਣਕਯ ਦੇ ਵਿਚਾਰ ਅਨੁਸਾਰ ਸਮਾਂ ਸਭ ਚੀਜ਼ਾਂ ਨੂੰ ਹਜ਼ਮ ਕਰ ਲੈਂਦਾ ਹੈ। ਪਰ ਆਪ ਸਥਿਰ ਰਹਿੰਦਾ ਹੈ ਤੇ ਸਭ ਨੂੰ ਛੱਡ ਜਾਂਦਾ ਹੈ ਪਰ ਸਮੇਂ ਨੂੰ ਕੋਈ ਨਹੀਂ ਛੱਡ ਸਕਦਾ। ਜਦ ਲੋਕ ਸੁੱਤੇ ਹੁੰਦੇ ਹਨ ਸਮਾਂ ਜਾਗਦਾ ਰਹਿੰਦਾ ਹੈ। ਹਰ ਵਿਅਕਤੀ ਤੁਰ ਜਾਣ ਤੋਂ ਬਾਅਦ ਆਪਣੀਆਂ ਯਾਦਾਂ ਛੱਡ ਜਾਂਦਾ ਹੈ। ਕੰਮ ਨੂੰ ਸਮੇਂ ਸਿਰ ਕਰਨਾ ਇਕ ਅਜਿਹੀ ਆਦਤ ਹੈ, ਜਿਸ ਦੀ ਕਦਰ ਹਰ ਕੋਈ ਕਰਦਾ ਹੈ। ਇਹ ਆਦਤ ਬਹੁਤ ਘੱਟ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ।

-ਮਹਿਕਪ੍ਰੀਤ ਕੌਰ
ਸਰਹਿੰਦ, ਫ਼ਤਹਿਗੜ੍ਹ ਸਾਹਿਬ

ਕੇਂਦਰ ਸਰਕਾਰ ਰਾਹਤ ਫੰਡ ਜਾਰੀ ਕਰੇ
ਪੰਜਾਬ ਹਮੇਸ਼ਾ ਉਨ੍ਹਾਂ ਲੋਕਾਂ ਨਾਲ ਖੜ੍ਹਾ ਹੁੰਦਾ ਰਿਹਾ ਹੈ। ਜਿਹੜੇ ਕਿਸੇ ਨਾ ਕਿਸੇ ਮੁਸੀਬਤ ਵਿਚ ਕਿਸੇ ਨਾ ਕਿਸੇ ਸੂਬੇ ਵਿਚ ਫਸ ਜਾਂਦੇ ਸੀ। ਭਾਵੇਂ ਉਹ ਗੁਜਰਾਤ ਹੋਵੇ ਜਿੱਥੇ ਭੁਚਾਲ ਆਇਆ ਸੀ। ਜਦੋਂ ਗੁਜਰਾਤ ਦੇ ਵਿਚ ਸੁਨਾਮੀ ਆਈ ਸੀ। ਨਿਪਾਲ ਦੇ ਵਿਚ ਹੜ੍ਹਾਂ ਨਾਲ ਬਰਬਾਦੀ ਹੋਈ, ਬਿਹਾਰ ਦੇ ਵਿਚ ਹੜ੍ਹ ਬਰਬਾਦੀ ਸਮੇਂ ਵੀ ਪੰਜਾਬ ਪਿੱਛੇ ਨਹੀਂ ਹੱਟਿਆ। ਕਰਨਾਟਕ ਤੇ ਕੇਰਲਾ ਦੇ ਵਿਚ ਵੀ ਜਦੋਂ ਜਦੋਂ ਹੜ੍ਹ ਆਏ ਸੀ ਤਾਂ ਪੰਜਾਬ ਵਾਸੀ ਸਭ ਤੋਂ ਵੱਧ ਜਾ ਕੇ ਖੜ੍ਹਦੇ ਰਹੇ। ਪਰ ਅੱਜ ਪੰਜਾਬ 'ਤੇ ਇਕ ਆਫਤ ਆਈ ਹੋਈ ਹੈ। ਇਹ ਆਫਤ ਹਿਮਾਚਲ ਤੇ ਜੰਮੂ ਦੇ ਵਿਚ ਮੀਂਹ ਪੈਣ ਕਾਰਨ ਪੰਜਾਬ ਵਿਚ ਹੜ੍ਹਾਂ ਦਾ ਰੂਪ ਧਾਰਨ ਕਰ ਲਿਆ। ਲੱਖਾਂ ਲੋਕ ਘਰੋਂ ਬੇਘਰ ਹੋ ਗਏ। ਮਾਲ, ਡੰਗਰ, ਪਸ਼ੂ ਤੇ ਮੁਸੀਬਤ ਵਿਚ ਹਨ। ਪੰਜਾਬ ਨੂੰ ਕੁਝ ਨਹੀਂ ਹੋਣ ਵਾਲਾ ਕਿਉਂਕਿ ਇਹ ਪੰਜਾਬ ਵਸਦਾ ਹੀ ਗੁਰਾਂ ਦੇ ਨਾਂਅ 'ਤੇ ਹੈ। ਹੁਣ ਕੌਣ ਬਾਂਹ ਫੜਦਾ ਏ ਕੌਣ ਨਹੀਂ ਇਹ ਵੇਖਣਾ ਹੋਵੇਗਾ। ਮੈਨੂੰ ਇਸ ਗੱਲ ਦਾ ਦੁੱਖ ਕਿ ਸਾਡੇ ਜਿੰਨੇ ਸੰਤ ਮਹਾਤਮਾ ਹਨ। ਉਹ ਸਭ ਤੋਂ ਪਹਿਲਾਂ ਆ ਕੇ ਇਲਾਕੇ ਦੇ ਵਿਚ ਐਲਾਨ ਕਰਦੇ ਨੇ ਕਿ ਭਾਈ ਆਓ ਚਲੀਏ ਫਲਾਣੇ ਇਲਾਕੇ ਜਾਂ ਸੂਬੇ ਵਿਚ ਕੁਦਰਤੀ ਆਫ਼ਤ ਆ ਗਈ ਹੈ। ਉਨ੍ਹਾਂ ਦੇ ਪੈਰੋਕਾਰ ਮਿੰਟਾਂ ਸਕਿੰਟਾਂ ਦੇ ਵਿਚ ਰਾਸ਼ਨ ਇਕੱਠਾ ਕਰਕੇ ਪੈਸੇ ਇਕੱਠੇ ਕਰਕੇ ਜੋ ਵੀ ਲੋੜਵੰਦੀਆਂ ਚੀਜ਼ਾਂ ਇਕੱਠੀਆਂ ਕਰਕੇ ਉਥੇ ਪਹੁੰਚ ਜਾਂਦੇ ਨੇ। ਪਰ ਅੱਜ ਕਿਸੇ ਵੀ ਬਾਹਰੀ ਸੰਸਥਾ ਨੇ ਕਿਸੇ ਵੀ ਐਨਜੀਓ ਨੇ ਅਜੇ ਤੱਕ ਪੰਜਾਬ ਦੀ ਬਾਂਹ ਫੜਨ ਦੀ ਕੋਸ਼ਿਸ਼ ਨਹੀਂ ਕੀਤੀ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ।

ਫ਼ਿਲਮਾਂ ਦਾ ਨੌਜਵਾਨ ਪੀੜ੍ਹੀ 'ਤੇ ਪ੍ਰਭਾਵ
ਅੱਜ ਦੀ ਨੌਜਵਾਨ ਪੀੜ੍ਹੀ 'ਤੇ ਫ਼ਿਲਮਾਂ ਦੇਖਣ ਨਾਲ ਕਈ ਤਰ੍ਹਾਂ ਦੇ ਪ੍ਰਭਾਵ ਪੈਂਦੇ ਹਨ। 30 ਫ਼ੀਸਦੀ ਲੋਕ ਫਿਲਮਾਂ ਜਾਣਕਾਰੀ ਇਕੱਠੀ ਕਰਨ ਲਈ ਦੇਖਦੇ ਹਨ ਅਤੇ 70 ਫ਼ੀਸਦੀ ਲੋਕ ਆਪਣੇ ਮੰਨੋਰੰਜਨ ਕਰਨ ਲਈ ਦੇਖਦੇ ਹਨ। ਪਰ ਬਹੁਤ ਸਾਰੀਆਂ ਫ਼ਿਲਮਾਂ ਕਿਸੇ ਇਕ ਵਿਅਕਤੀ ਦੇ ਜੀਵਨ 'ਤੇ ਬਣਦੀਆਂ ਹਨ। ਜਿਸ ਵਿਚ ਬਹੁਤ ਕੁਝ ਸਿੱਖਣ ਲਈ ਵੀ ਮਿਲਦਾ ਹੈ। ਫ਼ਿਲਮਾਂ ਦੇਖਣ ਨਾਲ ਵਿਅਕਤੀ ਦੇ ਪਹਿਰਾਵੇ, ਬੋਲ-ਚਾਲ ਅਤੇ ਜੀਵਨ ਸ਼ੈਲੀ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਨੌਜਵਾਨ ਫ਼ਿਲਮਾਂ ਦੇ ਐਕਟਰਸ ਨੂੰ ਫੋਲੋ ਕਰਨ ਲੱਗ ਪੈਂਦੇ ਹਨ ਅਤੇ ਸਮਾਜ ਵਿਚ ਕੂਲ ਦਿਖਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਦੇ ਨਾਲ ਹੀ ਕਈ ਫ਼ਿਲਮਾਂ ਵਿਚ ਨਸ਼ੇ ਅਤੇ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਹੈ ਅਤੇ ਬਹੁਤ ਲੋਕ ਇਹ ਚੀਜ਼ਾਂ ਦੇਖ ਕਿ ਉਨ੍ਹਾਂ ਵਾਂਗ ਵਿਵਹਾਰ ਕਰਨ ਲੱਗ ਪੈਂਦੇ ਹਨ। ਅੱਜ ਦੇ ਸਮੇਂ ਵਿਚ ਜੋ ਕੰਟੈਂਟ ਦਿਖਾਇਆ ਜਾ ਰਿਹਾ। ਉਸ ਨਾਲ ਬੱਚਿਆਂ ਦੇ ਮਨ ਉੱਤੇ ਬਹੁਤ ਡੂੰਘਾ ਅਸਰ ਪੈਂਦਾ ਹੈ। ਜਿਸ ਕਰਕੇ ਫ਼ਿਲਮਾਂ ਦੀ ਸੈਂਸਰਸ਼ਿਪ ਹੋਰ ਵੀ ਵਧਣੀ ਚਾਹੀਦੀ ਹੈ।

-ਹਰਪ੍ਰੀਤ ਕੌਰ ਸੇਖੋਂ, ਬਾਗਸਿਕੰਦਰ

ਕੁਦਰਤੀ ਆਫ਼ਤਾਂ ਬਨਾਮ ਸਿਆਸਤ
ਇਹ ਨਹੀਂ ਵੇਲਾ ਕੁਦਰਤੀ ਆਫ਼ਤਾਂ ਤੇ ਸਿਆਸਤ ਕਰਨ ਦਾ, ਪਹਿਲਾਂ ਹੀ ਪੰਜਾਬ ਨੂੰ ਤੁਸੀ ਕਰ ਦਿੱਤਾ ਕੰਗਾਲ ਭਾਈ, ਕਈਆਂ ਸਾਲਾਂ ਤੋਂ ਪਾਣੀਆਂ 'ਤੇ ਸਿਆਸਤ ਹੋ ਰਹੀ, ਲੋਕੀਂ ਕਰ ਰਹੇ ਹਨ ਹੁਣ ਸਵਾਲ ਭਾਈ, ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਵੀਰਾਨ ਹੋ ਗਈ, ਉਨ੍ਹਾਂ ਪੀੜਤਾਂ ਦੀ ਲਉ ਸਾਰ ਭਾਈ, ਇਕ ਦੂਜੇ ਤੇ ਚਿੱਕੜ ਸੁੱਟਣ ਬਜਾਏ ਕੇਂਦਰ ਤੋਂ ਪੰਜਾਬ ਵਾਸਤੇ ਪੈਕੇਜ ਲੈ ਬਣ ਜਾਓ ਪੀੜਤਾਂ ਦੀ ਢਾਲ ਭਾਈ, ਜਿਹੜੇ ਚੇਲੇ ਕਹਿੰਦੇ ਸੀ ਸਾਡਾ ਬਾਬਾ ਰੋਕ ਲੈਂਦਾ ਸੁਨਾਮੀ, ਕਿੱਥੇ ਗਏ ਕਰੋ ਉਨ੍ਹਾਂ ਦੀ ਭਾਲ ਭਾਈ, ਜਿਸ ਦੀ ਦੁਨੀਆ ਵੀਰਾਨ ਹੋ ਜਾਂਦੀ, ਉਸ ਦੀ ਪੀੜਾ ਦਾ ਉਹ ਹੀ ਜਾਣਦਾ ਹਾਲ ਭਾਈ, ਜਦੋਂ ਅੰਮ੍ਰਿਤਸਰ ਵਰਗੇ ਡੀ.ਸੀ ਸਾਰੇ ਬਣ ਜਾਣਗੇ, ਪ੍ਰਸ਼ਾਸਨ ਸਰਕਾਰਾਂ 'ਤੇ ਨਾ ਕੋਈ ਕਰੇਗਾ ਸਵਾਲ ਭਾਈ, ਸਰਬੱਤ ਦੇ ਭਲੇ ਦੀ ਸਾਰੇ ਅਰਦਾਸ ਕਰੋ,ਇਕ ਦੂਜੇ 'ਤੇ ਨਾ ਕਰੋ ਸਵਾਲ ਭਾਈ, ਇਸ ਦੁੱਖ ਦੀ ਘੜੀ ਵਿਚ ਸਾਰੇ ਇਕੱਠੇ ਹੋ ਕੇ, ਹਲਾਤਾਂ ਦਾ ਮੁਕਾਬਲਾ ਕਰਨ ਲਈ ਵੇਰਕਾ ਹੋ ਜਾਉ ਤਿਆਰ ਭਾਈ, ਹੋ ਜਾਉ ਤਿਆਰ ਭਾਈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ

ਪੰਜਾਬੀਆਂ ਲਈ ਪਰਖ ਦਾ ਸਮਾਂ
ਪੰਜਾਬ ਇਕ ਵਾਰ ਫਿਰ ਹਲਾਤਾਂ ਦੇ ਭਿਆਨਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਹੜ੍ਹਾਂ ਦੀ ਬੇਵਕਤੀ ਮਾਰ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਆਪਣੀਂ ਲਪੇਟ ਵਿਚ ਲੈ ਲਿਆ ਹੈ। ਲੋਕਾਂ ਦੇ ਘਰਾਂ ਵਿਚ ਛੱਤਾਂ ਤੱਕ ਪਾਣੀਂ ਜਾ ਲੱਗਿਆ ਹੈ ਜਿਸ ਨੇ ਵਰਤੋਂ ਦਾ ਸਭ ਸਾਮਾਨ ਨਸ਼ਟ ਕਰ ਦਿੱਤਾ ਹੈ। ਲੱਖਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ। ਹਜ਼ਾਰਾਂ ਬੇਜ਼ਬਾਨਾਂ ਪਸ਼ੂਆਂ ਦੀ ਮੌਤ ਭਿਆਨਕ ਬਿਮਾਰੀ ਨੂੰ ਸੱਦਾ ਦੇ ਰਹੀ ਹੈ। ਇਸ ਬੁਰੇ ਹਾਲਾਤ ਵਿਚ ਜਿੱਥੇ ਸਰਕਾਰੀ ਪ੍ਰਬੰਧ ਨਾਕਾਮ ਦਿੱਸ ਰਹੇ ਹਨ, ਉਥੇ ਲੋਕ ਇਕ ਦੂਜੇ ਦੀ ਦਿਨ ਰਾਤ ਮਦਦ ਕਰਦੇ ਨਜ਼ਰ ਆ ਰਹੇ ਹਨ। ਨੌਜਵਾਨਾਂ ਵਲੋਂ ਆਪਣੀਆਂ ਜਾਨਾਂ ਨੂੰ ਜੋਖ਼ਮ ਵਿਚ ਪਾ ਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਵੱਡੀ ਪੱਧਰ 'ਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ। ਪਸ਼ੂਆਂ ਨੂੰ ਚਾਰਾ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਸਮੇਤ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਸਹਾਇਤਾ ਕਰ ਰਹੀਆਂ ਹਨ। ਸੇਵਾਦਾਰ ਧਰਮ ਮਜ਼੍ਹਬ ਜਾਤ-ਪਾਤ ਤੋਂ ਉਪਰ ਉਠ ਕੇ ਮਾਨਵਤਾ ਦੀ ਸੇਵਾ ਕਰ ਰਹੇ ਹਨ। ਇਸ ਸਾਰੇ ਘਟਨਾਕ੍ਰਮ ਵਿਚ ਕੇਂਦਰ ਸਰਕਾਰ ਦਾ ਰੋਲ ਬਹੁਤ ਹੀ ਨਿਰਾਸ਼ ਕਰਨ ਵਾਲਾ ਹੈ। ਉਨ੍ਹਾਂ ਦੀ ਬੇਰੁੱਖੀ ਤੋਂ ਇੰਝ ਲੱਗਦਾ ਹੈ ਜਿਵੇਂ ਦਿੱਲੀ ਪੰਜਾਬ ਨੂੰ ਆਪਣਾਂ ਹਿੱਸਾ ਹੀ ਨਾ ਸਮਝਦੀ ਹੋਵੇ। ਰੱਬ ਖੈਰ ਕਰੇ, ਸਮਾਂ ਤਾਂ ਲੰਘ ਜਾਵੇਗਾ ਪਰ ਪਰਖ਼ ਵੇਲੇ ਕੌਣ ਕਿਸੇ ਨਾਲ ਖੜ੍ਹਿਆ ਇਹ ਫੈਸਲਾ ਇਤਿਹਾਸ ਕਰੇਗਾ।

-ਗਿਆਨੀ ਜੋਗਾ ਸਿੰਘ ਕਵੀਸ਼ਰ
ਭਾਗੋਵਾਲ, ਗੁਰਦਾਸਪੁਰ