21-09-25
ਤੁਹਾਡੇ ਅਵਚੇਤਨ ਮਨ ਦੀ ਸ਼ਕਤੀ
ਅਨੁਵਾਦਕ : ਸੁਖਪਾਲ ਸਿੰਘ ਹੁੰਦਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 200 ਰੁਪਏ, ਸਫ਼ੇ : 232
ਸੰਪਰਕ : 98145-28282
ਇਰਲੈਂਡ ਦੇ ਮਨੋਵਿਗਿਆਨੀ ਅਤੇ ਪ੍ਰਸਿੱਧ ਲੇਖਕ ਡਾ. ਜੋਸੇਫ ਮਰਫੀ ਨੇ ਅੰਗਰੇਜ਼ੀ ਭਾਸ਼ਾ ਵਿਚ "he Power of Your Subconsc}ous $}nd ਪੁਸਤਕ ਲਿਖੀ, ਜੋ ਕਿ ਬਹੁਤ ਪ੍ਰਸਿੱਧ ਹੋਈ। ਇਸ ਦਾ ਅਨੁਵਾਦ ਸੁਖਪਾਲ ਸਿੰਘ ਹੁੰਦਲ ਨੇ 'ਤੁਹਾਡੇ ਅਵਚੇਤਨ ਮਨ ਦੀ ਸ਼ਕਤੀ' ਸਿਰਲੇਖ ਅਧੀਨ ਕੀਤਾ ਹੈ। ਹੁੰਦਲ ਇਸ ਤੋਂ ਪਹਿਲਾਂ ਵੀ ਕਈ ਪੁਸਤਕਾਂ ਦਾ ਅਨੁਵਾਦ ਕਰਕੇ ਪੰਜਾਬੀ ਭਾਸ਼ਾ ਦੀ ਝੋਲੀ ਪਾ ਚੁੱਕਾ ਹੈ। ਹਥਲੀ ਪੁਸਤਕ ਵਿਚ ਉਸ ਨੇ ਦੱਸਿਆ ਹੈ ਕਿ ਡਾ. ਜੋਸੇਫ ਮਰਫੀ ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਪੂਰੇ ਸੰਸਾਰ ਵਿਚ ਸਰੋਤਿਆਂ ਨੂੰ ਆਕਰਸ਼ਿਤ ਅਤੇ ਪ੍ਰਭਾਵਿਤ ਕੀਤਾ ਹੈ। ਹਰੇਕ ਪ੍ਰਾਣੀ ਵਿਚ ਚੇਤਨ ਅਤੇ ਅਵਚੇਤਨ ਮਨ ਕਾਰਜਸ਼ੀਲ ਹੁੰਦਾ ਹੈ। ਇਸ ਪੁਸਤਕ ਵਿਚ ਦੱਸਿਆ ਗਿਆ ਹੈ ਕਿ ਅਵਚੇਤਨ ਮਨ ਦੀ ਖ਼ੂਬੀ ਅਤੇ ਤਾਕਤ ਇਸ ਗੱਲ ਵਿਚ ਹੈ ਕਿ ਇਹ ਚੌਵੀ ਘੰਟੇ ਕੰਮ ਕਰਦਾ ਹੈ। ਅਵਚੇਤਨ ਮਨ ਵਿਚ ਛੁਪਿਆ ਅਨੰਤ ਗਿਆਨ ਹਰ ਪਲ, ਹਰ ਥਾਂ, ਹਰ ਜ਼ਰੂਰਤ ਦਾ ਹੱਲ ਕਰਨ ਦੀ ਸ਼ਕਤੀ ਅਤੇ ਸਮਰੱਥਾ ਰੱਖਦਾ ਹੈ। ਇਸ ਨਾਲ ਨਵੇਂ ਵਿਚਾਰ, ਨਵੀਂ ਖੋਜ, ਕਲਪਨਾ ਸ਼ਕਤੀ, ਨਵੀਂ ਰਚਨਾ ਸਿਰਜੀ ਜਾ ਸਕਦੀ ਹੈ। ਪ੍ਰਾਣੀ ਨੂੰ ਆਪਣੇ ਅੰਦਰ ਦੇ ਵਿਚਾਰਾਂ, ਭਾਵਾਂ, ਪ੍ਰਕਾਸ਼, ਪ੍ਰੇਮ, ਸੁੰਦਰਤਾ ਦੀ ਖੋਜ ਕਰਨ ਦੇ ਸਮਰੱਥ ਅਵਚੇਤਨ ਮਨ ਹੀ ਬਣਾਉਂਦਾ ਹੈ। ਇਹ ਅਦਿੱਖ ਹੁੰਦਿਆਂ ਵੀ ਵਿਸ਼ਾਲ ਸ਼ਕਤੀ ਰੱਖਦਾ ਹੈ।
ਪ੍ਰਾਣੀ ਦਾ ਅਵਚੇਤਨ ਮਨ ਕਦੇ ਬੁੱਢਾ ਨਹੀਂ ਹੁੰਦਾ। ਇਹ ਸਦਾ ਜਵਾਨ ਰਹਿਣ ਵਾਲਾ ਹੈ। ਧੀਰਜ, ਦਇਆ, ਸੱਚਾਈ, ਨਿਮਰਤਾ, ਸ਼ੁਭ ਭਾਵਨਾ, ਸ਼ਾਂਤੀ, ਸੰਵੇਦਨਸ਼ੀਲਤਾ ਆਦਿ ਅਜਿਹੇ ਗੁਣ ਹਨ, ਜੋ ਕਦੇ ਪੁਰਾਣੇ ਨਹੀਂ ਹੁੰਦੇ। ਜੇਕਰ ਮਨੁੱਖ ਆਪਣੇ ਜੀਵਨ ਵਿਚ ਇਨ੍ਹਾਂ ਗੁਣਾਂ ਦਾ ਧਾਰਨੀ ਹੁੰਦਾ ਹੈ ਤਾਂ ਉਹ ਸਦਾ ਜਵਾਨ, ਤੰਦਰੁਸਤ, ਖ਼ੁਸ਼ਹਾਲ ਅਤੇ ਚੜ੍ਹਦੀ ਕਲਾ ਵਿਚ ਰਹਿੰਦਾ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਧਰਤੀ ਦੇ ਕੇਂਦਰ ਵੱਲ ਯਾਤਰਾ
ਲੇਖਕ : ਜੁਲਸ ਵਰਨ
ਅਨੁਵਾਦਕ : ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 275 ਰੁਪਏ, ਸਫ਼ੇ : 176
ਸੰਪਰਕ : 92090-00001
ਫ਼ਰਾਂਸੀਸੀ ਲੇਖਕ ਜੁਲਸ ਵਰਨ ਦੇ ਲਿਖੇ ਅਤੇ ਜਸਪ੍ਰੀਤ ਸਿੰਘ ਜਗਰਾਓਂ ਵਲੋਂ ਅਨੁਵਾਦਿਤ ਇਸ ਗਲਪ ਨਾਵਲ 'ਧਰਤੀ ਦੇ ਕੇਂਦਰ ਵੱਲ ਯਾਤਰਾ' ਤੋਂ ਪਹਿਲਾਂ ਸੰਗਮ ਪਬਲੀਕੇਸ਼ਨਜ਼ ਸਮਾਣਾ ਵਲੋਂ ਦੋ ਹੋਰ ਗਲਪ ਨਾਵਲ ਵੀ ਅਨੁਵਾਦ ਕਰਵਾਕੇ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ। ਇਹ ਗਲਪ ਰਚਨਾ ਇਸ ਦੇ ਸਹਾਇਕ ਪਾਤਰ 'ਹੈਂਸ' ਨੂੰ ਉਸ ਦੇ ਸ਼ਾਂਤ ਚਿੱਤ ਅਤੇ ਵਫ਼ਾਦਾਰ ਹੋਣ ਕਾਰਨ ਸਮਰਪਿਤ ਕੀਤੀ ਗਈ ਹੈ। ਪੱਛਮੀ ਫ਼ਰਾਂਸ ਦੇ ਸਮੁੰਦਰੀ ਤੱਟ ਉੱਤੇ ਵਸੇ ਸ਼ਹਿਰ 'ਨਾਂਤਸ' 'ਚ ਰਹਿਣ ਵਾਲੇ ਲੇਖਕ ਦਾ 12 ਸਾਲ ਦੀ ਉਮਰ 'ਚ ਭਾਰਤੀ ਸਮੁੰਦਰੀ ਜਹਾਜ਼ 'ਕੋਦਾਲੀ' ਦੇ ਕੈਬਿਨ ਬੁਆਏ ਵਿਚ ਲੁਕ ਜਾਣਾ, ਪਤਾ ਲੱਗਣ 'ਤੇ ਉਸ ਨੂੰ ਜਹਾਜ਼ ਵਿਚੋਂ ਉਤਾਰ ਦੇਣਾ, ਪਿਤਾ ਵਲੋਂ ਸਜ਼ਾ ਦਿੱਤੇ ਜਾਣ 'ਤੇ ਆਪਣੇ-ਆਪ ਨੂੰ ਇਹ ਕਹਿਣਾ ਕਿ ਹੁਣ ਤਾਂ ਮੈਂ ਕੇਵਲ ਕਲਪਨਾ ਵਿਚ ਹੀ ਸੈਰ ਕੀਤੀ ਹੈ ; ਬਚਪਨ ਤੋਂ ਹੀ ਉਸ ਦੇ ਘੁੰਮਣ ਫਿਰਨ ਵਾਲੇ ਅਤੇ ਲੰਬੀ ਯਾਤਰਾ ਕਰਨ ਵਾਲੇ ਸੁਭਾਅ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਗਲਪ ਨਾਵਲ ਦੁਨੀਆ ਦੀਆਂ ਸਿਰਮੌਰ ਸਾਹਿਤਕ ਲਿਖਤਾਂ ਵਿਚ ਆਪਣੀ ਵਿਲੱਖਣ ਪਹਿਚਾਣ ਰੱਖਣ ਵਾਲੀ ਲਿਖਤ ਹੈ। ਜੁਲਸ ਵਰਨ ਨੇ ਦੁਨੀਆ ਦੇ ਪਹਿਲੇ ਅਜਿਹੇ ਗਲਪ ਨਾਵਲ ਲਿਖੇ ਜਿਨ੍ਹਾਂ ਵਿਚ ਅਜਿਹੀਆਂ ਕਲਪਨਾਵਾਂ ਕੀਤੀਆਂ ਜਿਨ੍ਹਾਂ ਵਿਚੋਂ ਕੁਝ ਉਨ੍ਹਾਂ ਦੇ ਜਿਊਂਦੇ ਜੀਅ ਦੁਨੀਆ ਦੇ ਸਾਹਮਣੇ ਆ ਗਈਆਂ ਤੇ ਕੁਝ ਉਨ੍ਹਾਂ ਦੀ ਮੌਤ ਤੋਂ ਬਾਅਦ ਸੱਚ ਹੋਈਆਂ। 1865 ਵਿਚ ਲਿਖੇ ਇਸ ਗਲਪ ਨਾਵਲ ਦੀ ਵਿਸ਼ਾ ਵਸਤੂ ਦਾ ਆਧਾਰ ਲੇਖਕ ਦੇ ਅੰਕਲ ਪ੍ਰੋਫ਼ੈਸਰ ਹਾਰਡ ਵਿੰਗ ਅਤੇ ਉਸ ਦੇ ਭਾਣਜੇ ਹੈਰੀ ਵਲੋਂ ਲੱਭੀ ਹੱਥ ਲਿਖਤ 'ਚ ਲੁਕੀ ਪਹੇਲੀ ਨੂੰ ਸੁਲਝਾਉਣ ਤੋਂ ਬਾਅਦ ਸਾਹਮਣੇ ਆਏ ਤੱਥ ਹਨ। ਸੋਲ੍ਹਵੀਂ ਸਦੀ ਦੇ ਇਕ ਆਇਸਲੈਂਡਿਕ ਦਾਰਸ਼ਨਿਕ ਵਲੋਂ ਇਸ ਹੱਥ ਲਿਖਤ ਚਿੱਠੀ 'ਚ ਧਰਤੀ ਦੇ ਕੇਂਦਰ ਤੱਕ ਜਾਣ ਦਾ ਇਕ ਗੁੱਝਾ ਰਸਤਾ ਲੱਭਣ ਦਾ ਦਾਅਵਾ ਕੀਤਾ ਗਿਆ ਹੈ। ਉਸ ਦਾਰਸ਼ਨਿਕ ਦੇ ਦਾਅਵੇ ਦੀ ਸੱਚਾਈ ਨੂੰ ਪਰਖਣ ਲਈ ਇਕੋ ਢੰਗ ਸੀ, ਉਸ ਰਸਤੇ ਦੀ ਖੋਜ ਕਰਨਾ ਤੇ ਉਸ ਰਾਹੀਂ ਧਰਤੀ ਦੇ ਕੇਂਦਰ ਤੱਕ ਪਹੁੰਚਣਾ । ਉਸ ਰਸਤੇ ਰਾਹੀਂ ਰੋਮਾਂਚਕ ਯਾਤਰਾ ਦਾ ਅੰਤ ਤੱਕ ਨਾਲ ਤੌਰ ਰੱਖਣ ਵਾਲਾ ਦਿਲਚਸਪ ਬਿਰਤਾਂਤ ਹੈ। ਇਸ ਗਲਪ ਨਾਵਲ ਨੂੰ ਕੁੱਲ 55 ਅੰਕਾਂ ਵਿਚ ਵੰਡਿਆ ਗਿਆ ਹੈ। ਕਿਸੇ ਦੂਜੀ ਭਾਸ਼ਾ ਉਹ ਵੀ ਵਿਦੇਸ਼ੀ ਭਾਸ਼ਾ ਵਿਚ ਅਨੁਵਾਦ ਕਰਨਾ ਟੇਢਾ ਹੀ ਨਹੀਂ ਬਹੁਤ ਔਖਾ ਕਾਰਜ ਹੁੰਦਾ ਹੈ। ਅਨੁਵਾਦ ਲਈ ਦੋਹਾਂ ਭਾਸ਼ਾਵਾਂ ਦਾ ਕੇਵਲ ਗਿਆਨ ਹੀ ਨਹੀਂ ਸਗੋਂ ਉਨ੍ਹਾਂ ਉੱਤੇ ਪੂਰੀ ਪਕੜ ਹੋਣੀ ਚਹੀਦੀ ਹੈ। ਕਿਸੇ ਵੀ ਭਾਸ਼ਾ ਦੇ ਅਧੂਰੇ ਗਿਆਨ ਦੀ ਸਥਿਤੀ 'ਚ ਅਰਥ ਦਾ ਅਨਰਥ ਹੋ ਸਕਦਾ ਹੈ। ਪਾਠਕਾਂ ਦੀ ਉਸ ਅਨੁਵਾਦਿਤ ਲਿਖਤ ਨੂੰ ਪੜ੍ਹਨ 'ਚ ਦਿਲਚਸਪੀ ਪੈਦਾ ਨਹੀਂ ਹੋਵੇਗੀ ਤੇ ਨਾ ਹੀ ਉਹ ਉਸ ਰਚਨਾ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ। ਜੇਕਰ ਇਸ ਕਿਰਤ ਦੇ ਅਨੁਵਾਦਕ ਜਸਪ੍ਰੀਤ ਸਿੰਘ ਜਗਰਾਓਂ ਦੀ ਅਨੁਵਾਦ ਕਲਾ 'ਚ ਮੁਹਾਰਤ ਰੱਖਣ ਦੀ ਗੱਲ ਕੀਤੀ ਜਾਵੇ ਤਾਂ ਇਸ ਨਾਵਲ ਨੂੰ ਪੜ੍ਹਦਿਆਂ ਇਹ ਅਨੁਭਵ ਹੁੰਦਾ ਹੈ ਕਿ ਉਸ ਦੀ ਦੋਹਾਂ ਭਾਸ਼ਾ ਵਾਂ ਉੱਤੇ ਪਕੜ ਜਾਪਦੀ ਹੈ। ਉਹ ਘਟਨਾਵਾਂ, ਪਾਤਰਾਂ ਦੀ ਮਾਨਸਿਕਤਾ ਅਤੇ ਸਥਿਤੀ ਅਨੁਸਾਰ ਅਨੁਵਾਦਿਤ ਭਾਸ਼ਾ ਲਈ ਸ਼ਬਦਾਂ ਦੀ ਚੋਣ ਕਰਨ ਦੀ ਮੁਹਾਰਤ ਰੱਖਦਾ ਹੈ। ਇਸ ਰਚਨਾ ਦਾ ਅਨੁਵਾਦ ਕਰਦਿਆਂ ਕਲਾਤਮਕ ਅਤੇ ਗੁਣਾਤਮਿਕ ਦੋਵੇਂ ਪੱਖਾਂ ਤੋਂ ਉਸ ਦੇ ਭਾਸ਼ਾਈ ਗਿਆਨ ਦੇ ਘੇਰੇ ਦੀ ਵਿਸ਼ਸਲਤਾ ਨਜ਼ਰ ਆਉਂਦੀ ਹੈ। ਇਹ ਉਸਦੇ ਅਨੁਵਾਦ ਕਲਾ ਦਾ ਹੀ ਕਮਾਲ ਹੈ ਕਿ ਇਸ ਨਾਵਲ ਦੇ ਆਰੰਭ ਤੋਂ ਅੰਤ ਤੱਕ ਪਾਠਕਾਂ ਦੀ ਦਿਲਚਸਪੀ ਬਣੀ ਰਹਿੰਦੀ ਹੈ। ਲੇਖਕ ਦੀ ਪੇਸ਼ਕਾਰੀ ਨੂੰ ਉਸੇ ਸਵਾਦਲੇ ਲਹਿਜੇ, ਵਹਾਅ ਅਤੇ ਨਜ਼ਰੀਏ ਨਾਲ ਪੇਸ਼ ਕਰਨਾ ਅਨੁਵਾਦਕ ਦੀ ਦੋਹਾਂ ਭਾਸ਼ਾਵਾਂ 'ਚ ਨਿਪੁੰਨਤਾ ਦਾ ਪ੍ਰਮਾਣ ਹੈ। ਉਸ ਵਲੋਂ ਕੀਤੇ ਸਫਲ ਅਨੁਵਾਦ ਦੀਆਂ ਦੋ ਵੰਨਗ਼ੀਆਂ ਇਸ ਤਰ੍ਹਾਂ ਹਨ। ਪਹਿਲੀ ਵੰਨਗੀ ਰਹਸਮਈ ਅੰਕ ਵਿਚੋਂ ਹੈ, 'ਮੈਂ ਦਾਅਵੇ ਨਾਲ ਕਹਿ ਸਕਦਾ', ਅੰਕਲ ਨੇ ਮੇਜ਼ 'ਤੇ ਮੁੱਕਾ ਮਾਰਦਿਆਂ ਹੋਇਆਂ ਕਿਹਾ, 'ਇਸ ਪਰਚੀ ਵਿਚ ਕੋਈ ਰਹੱਸ ਛੁਪਿਆ ਹੋਇਐ। ਮੈਨੂੰ ਕਿਸੇ ਵੀ ਕੀਮਤ 'ਤੇ ਓਹਦਾ ਪਤਾ ਲਾਉਣਾ ਹੋਊਗਾ'। ਦੂਜੀ ਵੰਨਗੀ ਯਾਤਰਾ ਖ਼ਤਮ ਅੰਕ ਦੀ ਹੈ, 'ਬਸ ਇਹੋ ਸਾਡੀ ਉਸ ਹੈਰਤਅੰਗੇਜ਼ ਯਾਤਰਾ ਦਾ ਬਿਰਤਾਂਤ ਹੈ। ਮੈਂ ਜਾਣਦਾ ਹਾਂ ਕਿ ਇਹ ਭਰੋਸੇ ਯੋਗ ਨਹੀਂ ਹੈ ਅਤੇ ਤੁਸੀਂ ਵੀ ਮੇਰੀ ਇਸ ਕਹਾਣੀ 'ਤੇ ਯਕੀਨ ਨਹੀਂ ਕਰੋਗੇ, ਪਰ ਮੈਂ ਤੁਹਾਡੇ ਸ਼ੰਕਿਆਂ ਨੂੰ ਦੂਰ ਕਰਨ ਲਈ ਹਾਜ਼ਰ ਹਾਂ।'
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਤਿੜਕੇ ਚਾਨਣ
ਸ਼ਾਇਰ : ਈਸ਼ਰ ਸਿੰਘ ਲੰਭਵਾਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 252
ਸੰਪਰਕ : 94654-09480
ਈਸ਼ਰ ਸਿੰਘ ਲੰਭਵਾਲੀ ਨੇ ਬਚਪਨ ਵਿਚ ਤੰਗੀਆਂ ਤੁਰਸ਼ੀਆਂ ਵੀ ਦੇਖੀਆਂ ਹਨ ਤੇ ਉਹ ਸੌਖੇ ਦਿਨਾਂ ਦਾ ਗਵਾਹ ਵੀ ਰਿਹਾ ਹੈ। ਭਾਰਤੀ ਹਵਾਈ ਫ਼ੌਜ ਵਿਚ ਸੇਵਾ ਦੌਰਾਨ ਉਸ ਨੇ ਚੁਫ਼ੇਰਾ ਵੀ ਗਾਹਿਆ ਹੈ, ਬੀਤ ਚੁੱਕੇ ਸਮੇਂ ਦੀ ਮੋਹ ਤੇ ਮੁਹੱਬਤ ਵੀ ਦੇਖੀ ਹੈ। ਉਸ ਦਾ ਤਜ਼ਰਬਾ ਤੇ ਅਨੁਭਵ ਵਿਸ਼ਾਲ ਹੈ, ਜਿਸ ਕਾਰਨ ਉਸ ਕੋਲ ਵਿਸ਼ਿਆਂ ਦੀ ਕੋਈ ਕਮੀ ਨਹੀਂ ਹੈ। 'ਤਿੜਕੇ ਚਾਨਣ' ਤੋਂ ਪਹਿਲਾਂ ਉਸ ਦਾ ਇਕ ਕਾਵਿ-ਸੰਗ੍ਰਹਿ ਤੇ ਇਕ ਮਿੰਨੀ ਕਹਾਣੀ ਸੰਗ੍ਰਹਿ ਛਪ ਚੁੱਕਾ ਹੈ। ਇਸ ਕਾਵਿ-ਪੁਸਤਕ ਵਿਚ ਧਾਰਮਿਕ ਸ਼ਰਧਾ ਵੀ ਹੈ, ਮੁਹੱਬਤ ਤੇ ਸਿਆਸੀ ਲੋਕਾਂ ਦੀਆਂ ਕਲਾਬਾਜ਼ੀਆਂ ਦਾ ਵਰਨਣ ਕੀਤਾ ਮਿਲਦਾ ਹੈ। ਤਮਾਮ ਰਚਨਾਵਾਂ ਨੂੰ ਛੰਦ-ਬੰਦ ਰੱਖਣ ਦਾ ਯਤਨ ਕੀਤਾ ਗਿਆ ਹੈ। ਸ਼ਾਇਰ ਕਿਸੇ 'ਤੇ ਕਾਇਲ ਵੀ ਹੁੰਦਾ ਹੈ, ਉਡੀਕ ਵੀ ਕਰਦਾ ਹੈ, ਯਾਦਾਂ ਵਿਚ ਵੀ ਵਸਾਉਂਦਾ ਹੈ ਤੇ ਸੁਲਗਦਾ ਵੀ ਹੈ। ਉਸ ਦਾ ਸਮਰਪਣ, ਕਦਰਦਾਨੀ, ਪਾਕੀਜ਼ਗੀ ਤੇ ਕੁਰਬਾਨ ਹੋਣ ਦੀ ਭਾਵਨਾ ਚਾਹਤ ਨੂੰ ਉਚਾਈ ਦਿੰਦੀ ਹੈ। ਕਵੀ ਹਰ ਬੰਦੇ 'ਚੋਂ ਰੱਬ ਦੇਖਦਾ ਹੈ ਤੇ ਮੁਸ਼ਕਿਲਾਂ ਵਿਚ ਵੀ ਖ਼ੁਸ਼ ਰਹਿਣਾ ਉਸ ਦੀ ਫ਼ਿਤਰਤ ਹੈ। ਸਿਆਸਤ ਦੀ ਗੱਲ ਕਰਦਿਆਂ ਉਹ ਆਖਦਾ ਹੈ ਸਾਰਾ ਕੁਝ ਵੋਟਾਂ ਕਾਰਨ ਹੀ ਹੋ ਰਿਹਾ ਹੈ, ਨੇਤਾ ਬਣੇ ਲੋਕ ਸਵਾਰਥੀ ਤੇ ਲਾਲਚੀ ਹਨ। ਉਹ ਅੱਖਰ, ਸ਼ਬਦ ਤੇ ਫਿਰ ਸਤਰ ਬਣ ਕੇ ਕਵਿਤਾ ਵਿਚ ਢਲਦਾ ਹੈ ਤਾਂ ਖ਼ੁਦ ਨੂੰ ਮਹਿਕਿਆ ਹੋਇਆ ਮਹਿਸੂਸ ਕਰਦਾ ਹੈ। 'ਤਿੜਕੇ ਚਾਨਣ' ਦੀਆਂ ਕੁਝ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਤੇ ਕੁਝ ਉਪਦੇਸ਼ਕ ਵੀ ਹਨ। ਈਸ਼ਰ ਸਿੰਘ ਲੰਭਵਾਲੀ ਦੀਆਂ ਕਈ ਰਚਨਾਵਾਂ ਉਮਰ ਦੇ ਪ੍ਰੋੜ ਪੜਾਅ ਨਾਲ ਸੰਬੰਧਿਤ ਹਨ, ਇਸ ਦੌਰ ਵਿਚ ਵਿਚਰਦਿਆਂ ਆਮ ਤੌਰ 'ਤੇ ਮਨੁੱਖ ਲਾਲਸਾਵਾਂ ਘਟਾ ਲੈਂਦਾ ਹੈ ਤੇ ਕੁਦਰਤ ਦੀ ਰਜ਼ਾ ਉਸ ਨੂੰ ਪਸੰਦ ਹੁੰਦੀ ਹੈ। ਲੰਭਵਾਲੀ ਨੂੰ ਇਸ ਦਾ ਵੀ ਗਿਆਨ ਹੈ ਕਿ ਸਾਹਿਤਕ ਖ਼ੇਤਰ ਵੀ ਭ੍ਰਿਸ਼ਟਾਚਾਰ ਤੋਂ ਬਚ ਨਹੀਂ ਸਕਿਆ ਤੇ ਜੋ ਹੋ ਰਿਹਾ ਹੈ ਉਹ ਸਾਰੇ ਦਾ ਸਾਰਾ ਠੀਕ ਨਹੀਂ ਹੈ। ਭਾਵੇਂ ਸ਼ਾਇਰ ਦੀ ਛੰਦ-ਬੰਦਤਾ ਕਈ ਤਕਾਜ਼ਿਆਂ ਦੇ ਹਾਣ-ਪਰਵਾਨ ਨਹੀਂ ਫਿਰ ਵੀ ਇਸ ਦੀ ਨਿਰਛਲਤਾ ਤੇ ਪਾਕੀਜ਼ਗੀ ਪ੍ਰਭਾਵਿਤ ਕਰਦੀ ਹੈ। ਇਹ ਕਾਵਿ-ਸੰਗ੍ਰਹਿ ਨਿਸ਼ਚੇ ਹੀ ਈਸ਼ਰ ਸਿੰਘ ਲੰਭਵਾਲੀ ਵਿਚ ਆਤਮ-ਵਿਸ਼ਵਾਸ ਪੈਦਾ ਕਰੇਗਾ ਤੇ ਹੋਰ ਬਿਹਤਰ ਲਈ ਪ੍ਰੇਰਨਾ ਦੇਵੇਗਾ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਕੌਮੀ ਸ਼ਹੀਦਾਂ ਅਤੇ ਦੇਸ਼ ਭਗਤਾਂ ਉੱਤੇ ਸ਼ਹੀਦ ਭਗਤ ਸਿੰਘ ਦੇ ਲੇਖ
ਅਨੁਵਾਦਕ : ਸੰਪਾਦਕ : ਸਰਬਜੀਤ ਸਿੰਘ ਵਿਰਕ ਐਡਵੋਕੇਟ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 400 ਰੁਪਏ, ਸਫ਼ੇ : 250
ਸੰਪਰਕ : 94170-72314
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਇਕ ਪ੍ਰਬੁੱਧ ਪਾਠਕ ਅਤੇ ਪਰਿਪੱਕ ਲੇਖਕ ਵੀ ਸੀ। ਉਹ ਲੇਖਣ ਕਾਰਜ ਦੇ ਮਹੱਤਵ ਨੂੰ ਸਮਝਦਾ ਸੀ। ਉਹ ਜਾਣਦਾ ਸੀ ਕਿ ਨਵੇਂ ਵਿਚਾਰਾਂ ਦੇ ਸੰਪ੍ਰੇਸ਼ਣ ਲਈ 'ਰਾਈਟਿੰਗ' ਅਤੇ ਪ੍ਰਕਾਸ਼ਨ ਬਹੁਤ ਜ਼ਰੂਰੀ ਹੈ। ਉਸ ਵਕਤ ਉੱਤਰੀ ਭਾਰਤ ਵਿਚ ਉਰਦੂ, ਹਿੰਦੀ ਅਤੇ ਪੰਜਾਬੀ ਬਹੁਤ ਪ੍ਰਚੱਲਿਤ ਅਤੇ ਜਨਤਕ ਭਾਸ਼ਾਵਾਂ ਸਨ ਅਤੇ ਉਸ ਨੇ ਇਨ੍ਹਾਂ ਤਿੰਨਾਂ ਭਾਸ਼ਾਵਾਂ ਵਿਚ ਲਿਖਿਆ। ਉਸ ਨੂੰ ਇਹ ਵੀ ਪਤਾ ਸੀ ਕਿ ਪੁਸਤਕਾਂ ਪੜ੍ਹਨ ਵਾਲੇ ਪਾਠਕਾਂ ਦੀ ਗਿਣਤੀ ਸੈਂਕੜਿਆਂ ਵਿਚ ਹੀ ਹੋ ਸਕਦੀ ਹੈ ਜਦੋਂ ਕਿ ਅਖ਼ਬਾਰਾਂ ਅਤੇ ਮਾਸਿਕ ਪੱਤਰਾਂ ਵਿਚ ਪ੍ਰਕਾਸ਼ਿਤ ਲੇਖਾਂ ਦੀ ਪਹੁੰਚ ਲੱਖਾਂ ਤੱਕ ਹੋ ਸਕਦੀ ਹੈ। ਉਸ ਨੇ ਇਨ੍ਹਾਂ ਦੋਵਾਂ ਮਾਧਿਅਮਾਂ ਦਾ ਪ੍ਰਯੋਗ ਕੀਤਾ ਹੈ।
ਹਥਲੀ ਪੁਸਤਕ ਵਿਚ ਗ਼ਦਰ ਪਾਰਟੀ, ਬੱਬਰ ਅਕਾਲੀ ਲਹਿਰ ਅਤੇ ਹੋਰ ਇਨਕਲਾਬੀ ਤਹਿਰੀਕਾਂ ਵਿਚ ਸ਼ਹੀਦ ਅਤੇ ਕੈਦ ਹੋਣ ਵਾਲੇ ਲਗਭਗ 50 ਦੇਸ਼ ਭਗਤਾਂ ਦੇ ਜੀਵਨ ਅਤੇ ਕੁਰਬਾਨੀਆਂ ਬਾਰੇ ਲੇਖ ਲਿਖੇ ਗਏ ਹਨ, ਜਿਨ੍ਹਾਂ ਵਿਚੋਂ ਬਹੁਤੇ 'ਕਿਰਤੀ' (ਪੰਜਾਬੀ ਅਤੇ ਉਰਦੂ) ਚਾਂਦ (ਹਿੰਦੀ) ਅਤੇ ਕੁਝ ਹੋਰ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਏ। ਇਲਾਹਾਬਾਦ ਤੋਂ ਪ੍ਰਕਾਸ਼ਿਤ ਹੋਣ ਵਾਲੇ ਚਾਂਦ (ਹਿੰਦੀ) ਦੇ 'ਫਾਂਸੀ-ਅੰਕ' ਵਿਚ ਉਸ ਦੇ ਬਹੁਤ ਸਾਰੇ ਲੇਖ ਪ੍ਰਕਾਸ਼ਿਤ ਹੋਏ ਸਨ, ਜਿਨ੍ਹਾਂ ਨੂੰ ਸ ਸਰਬਜੀਤ ਸਿੰਘ ਵਿਰਕ ਐਡਵੋਕੇਟ ਪਟਿਆਲਾ (94170-72314) ਨੇ ਬੜੀ ਮਿਹਨਤ ਨਾਲ ਸੰਪਾਦਿਤ ਅਤੇ ਅਨੁਵਾਦਤ ਕਰ ਕੇ ਪ੍ਰਕਸ਼ਿਤ ਕੀਤਾ ਹੈ। ਹਰ ਪੰਨੇ ਉੱਪਰ ਮੈਟਰ ਦੇ ਮਹੱਤਵ ਅਤੇ ਲੋੜ ਅਨੁਸਾਰ ਮੈਟਰ ਨੂੰ ਕਈ ਫੌਂਟਸ ਵਿਚ ਛਾਪਿਆ ਗਿਆ ਹੈ, ਜਿਸ ਨਾਲ ਲੇਖਾਂ ਦਾ ਮੁੱਲ ਤੇ ਮਹੱਤਵ ਕਾਫ਼ੀ ਵਧ ਗਿਆ ਹੈ। ਸੁਘੜ ਸੰਪਾਦਕ ਦੀ ਅਗਵਾਈ ਵਿਚ ਇਸ ਪੁਸਤਕ ਦਾ ਪ੍ਰਕਾਸ਼ਨ ਬਹੁਤ ਮਿਆਰੀ ਹੋ ਨਿਬੜਿਆ ਹੈ।
ਪਿਛਲੇ 50 ਕੁ ਵਰ੍ਹਿਆਂ ਦੇ ਅਰਸੇ ਵਿਚ ਭਾਰਤ ਦੇ ਜਾਂਬਾਜ਼ ਅਤੇ ਜਾਂਨਿਸਾਰ ਸ਼ਹੀਦਾਂ ਬਾਰੇ ਸੈਂਕੜੇ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ ਅਤੇ ਇਨ੍ਹਾਂ ਦੀ ਵਿਕਰੀ ਵੀ ਲੱਖਾਂ ਦੀ ਗਿਣਤੀ ਵਿਚ ਹੋਈ ਹੈ ਪਰ ਦੇਸ਼ ਭਗਤੀ ਅਤੇ ਜਾਂਨਿਸਾਰੀ ਦਾ ਜਜ਼ਬਾ ਘਟਦਾ-ਘਟਦਾ ਹੁਣ ਉੱਕਾ ਹੀ ਸੁੱਕ ਗਿਆ ਜਾਪਦਾ ਹੈ। ਕਿੱਥੇ ਕੋਈ ਕਮੀ ਰਹਿ ਗਈ ਹੈ : ਐਰਿਖ਼ ਫਰਾਮ ਜਾਂ ਲਾਕਾਂ-ਫੂਕੋ ਵਰਗੇ ਮਨੋਵਿਗਿਆਨੀਆਂ ਨੂੰ ਹੀ ਪੁੱਛਣਾ ਪਵੇਗਾ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਮੰਮੀ ਨਾਲ ਗਏ ਨਾਨਕੀਂ
ਲੇਖਕ : ਬਿੱਕਰ ਮਾਣਕ
ਪ੍ਰਕਾਸ਼ਕ : ਚਿਹਰੇ ਪ੍ਰਕਾਸ਼ਨ, ਧੂਰੀ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98557-50568
ਉਸਾਰੂ ਦ੍ਰਿਸ਼ਟੀ ਦਾ ਮਾਲਕ ਬਿੱਕਰ ਮਾਣਕ 1969 ਤੋਂ ਬਾਲ ਸਾਹਿਤ ਲਿਖਦਾ ਆ ਰਿਹਾ ਹੈ। ਉਸ ਦੀਆਂ ਬਾਲ ਸਾਹਿਤ ਕਿਤਾਬੜੀਆਂ ਸਲਾਹੀਆਂ ਗਈਆਂ। ਇਸ ਦੇ ਚੰਗੇ ਨਤੀਜੇ ਕਾਰਨ ਹਥਲੀ ਪੁਸਤਕ 'ਮੰਮੀ ਨਾਲ ਗਏ ਨਾਨਕੀਂ' ਪ੍ਰਕਾਸ਼ਿਤ ਹੋਈ ਹੈ, ਜਿਸ ਵਿਚ ਵੰਨ-ਸਵੰਨੀਆਂ ਢੁਕਵੇਂ ਚਿੱਤਰਾਂ ਸਮੇਤ 69 ਕਾਵਿ-ਰਚਨਾਵਾਂ ਹਨ। ਪਹਿਲੀ ਕਵਿਤਾ ਅਰਦਾਸ ਇਹੋ ਅਰਜੋਈ ਕਰਦੀ ਹੈ : ਬਣ ਜਾਈਏ ਇਨਸਾਨ, ਅਸੀਂ ਅਰਦਾਸ ਹਾਂ ਕਰਦੇ। ਆਪਸ ਦੇ ਵਿਚ ਪਿਆਰ ਵਧਾਈਏ, 'ਮਾਣਕ' ਨਫ਼ਰਤ ਜੜ੍ਹੋਂ ਭਜਾਈਏ। ਬੱਚੇ ਦੀ ਰੱਬ ਤੋਂ ਮੰਗ ਕਵਿਤਾ ਵੀ ਇਹੋ ਆਖਦੀ : ਕੁਝ ਵੀ ਹੋਰ ਬਣਾਉਣ ਤੋਂ ਪਹਿਲਾਂ, ਮੈਨੂੰ ਇਕ ਇਨਸਾਨ ਬਣਾ ਦੇ। ਪੁਸਤਕ ਨਾਂਅ ਕਰਨ ਵਾਲੀ ਕਵਿਤਾ 'ਮੰਮੀ ਨਾਲ ਗਏ ਨਾਨਕੀਂ' ਬੈਂਤ-ਛੰਦ ਵਾਲੀ ਰਿਸ਼ਤੇ-ਨਾਤਿਆਂ ਦੀ ਤਰਜਮਾਨੀ ਕਰਦੀ, ਜਿਸ ਵਿਚ ਨਾਨਕਿਆਂ 'ਚ ਮਾਮੇ ਦੀ ਮੁਹੱਬਤ ਡੁਲ੍ਹ-ਡੁਲ੍ਹ ਪੈਂਦੀ। ਇੰਝ ਹੀ ਇਸੇ ਤਰਜ਼ ਵਾਲੀ ਮਨ ਭਾਉਂਦੀ ਕਵਿਤਾ 'ਛੁੱਟੀਆਂ ਗਈਆਂ ਬੀਤ' ਬੱਚਿਆਂ ਦੀ ਮਾਨਸਿਕਤਾ ਦੇ ਬਹੁਤ ਨੇੜੇ ਹੈ। ਲੇਖਕ ਨੇ ਬੱਚਿਆਂ ਨੂੰ ਪੰਛੀਆਂ ਨਾਲ ਮੋਹ ਜਗਾਉਣ ਲਈ ਬਿਜੜਾ, ਮੋਰ, ਕੋਇਲ, ਚਿੜੀ ਆਦਿ ਬਾਰੇ ਸੁੰਦਰ ਸ਼ੈਲੀ ਦਾ ਪ੍ਰਯੋਗ ਕੀਤਾ। ਇਕ ਹੋਰ ਜ਼ਿਕਰਯੋਗ ਕਵਿਤਾ 'ਰੱਬ ਦੀ ਬੈਟਰੀ 'ਚ' ਬੱਚਿਆਂ ਅਤੇ ਬਾਬੇ ਵਿਚਕਾਰ ਇਕ ਵੱਖਰਾ ਅਨੰਦਦਾਇਕ ਸੰਵਾਦ ਰਚਾਇਆ ਗਿਆ। ਬੱਦਲ, ਬਾਰਿਸ਼ ਤੇ ਬਿਜਲੀ ਦੀ ਅਲੌਕਿਕਤਾ ਦਾ ਖ਼ੂਬਸੂਰਤ ਨਜ਼ਾਰਾ ਚਿਤਰਿਆ ਗਿਆ। ਇਸੇ ਸੰਦਰਭ ਵਿਚ 'ਜਦੋਂ ਪੰਛੀ ਬੋਲਦੇ ਨੇ' ਵੱਖੋ-ਵੱਖ ਪੰਛੀਆਂ ਬਾਰੇ ਰੰਗ ਬੰਨ੍ਹਿਆ ਗਿਆ। ਦੇਸ਼ ਪਿਆਰ ਨਾਲ ਸੰਬੰਧਿਤ ਕਵਿਤਾਵਾਂ ਜਿਵੇਂ ਆਜ਼ਾਦੀ ਦਿਵਸ, ਪਿਆਰ ਮੇਰੇ ਦੇਸ਼ ਦਾ, 15 ਅਗਸਤ ਅਤੇ ਭਾਰਤ ਮਾਂ ਦੇ ਨਾਂਅ ਉੱਤਮ ਸੁਨੇਹਾ ਦਿੰਦੀਆਂ ਹਨ। ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਤੇ ਮੁਹੱਬਤ ਨੂੰ ਉਜਵਲ ਕਰਨ ਵਾਲੀਆਂ, ਚੰਗੀ ਨੈਤਿਕ-ਦ੍ਰਿਸ਼ਟੀ ਉਭਾਰਦੀਆਂ ਜਿਵੇਂ ਰੱਖੜੀ, ਭੈਣ-ਭਰਾ, ਮੰਮੀ ਡੈਡੀ, ਮਾਤਾ ਪਿਤਾ ਲਈ, ਮੇਰੀ ਦਾਦੀ ਨਿੰਮ, ਪਿੰਨੀਆਂ ਆਦਿ। ਪਾਣੀ ਦੀ ਸੰਭਾਲ ਬਾਰੇ, ਰੁੱਖ ਲਗਾਉਣ ਬਾਰੇ, ਤਿਉਹਾਰ ਮਨਾਉਣ ਬਾਰੇ ਤੇ ਗਰਮੀ-ਸਰਦੀ ਬਾਰੇ ਵੀ ਰੌਚਿਕ ਸ਼ੈਲੀ ਵਰਤੀ ਗਈ ਹੈ। ਕੁਝ ਕਵਿਤਾਵਾਂ ਬਾਲ ਟੋਲੀ ਦਾ ਗੀਤ (ਗਰੁੱਪ ਸੌਂਗ) ਵਰਗੀਆਂ ਹਨ, ਜਿਨ੍ਹਾਂ ਨੂੰ ਬੱਚੇ ਗਾ ਕੇ ਅਨੰਦ ਮਾਣ ਸਕਦੇ ਹਨ। ਕਾਵਿ-ਸ਼ੈਲੀ ਛੰਦ-ਬੱਧ ਹੋਣ ਕਾਰਨ ਬੱਚਿਆਂ ਦੀ ਜ਼ੁਬਾਨ ਦੇ ਅਨੁਕੂਲ ਹਨ। 'ਕੋਈ ਬਾਤ ਸੁਣਾ' ਪ੍ਰਗਤੀਵਾਦੀ ਸੋਚ ਦੀ ਲਖਾਇਕ ਕਵਿਤਾ ਮਾਨਣਯੋਗ ਹੈ। ਕੁਝ ਕਵਿਤਾਵਾਂ ਵਿਚ ਬੱਚਿਆਂ ਦੇ ਨਾਵਾਂ ਨਾਲ ਗੱਲ ਕੀਤੀ ਗਈ, ਜਿਸ ਨਾਲ ਬੱਚਿਆਂ 'ਚ ਅਪਣੱਤ ਦੀ ਭਾਵਨਾ ਪੈਦਾ ਹੁੰਦੀ। ਬੱਚਿਆਂ ਦੀ ਮਾਨਸਿਕਤਾ ਦਾ ਹਾਣੀ ਹੋਣਾ, ਲੇਖਕ ਦੀ ਸਫ਼ਲਤਾ ਹੈ। ਸ਼ਬਦ-ਜੜ੍ਹਤ, ਸੰਜਮਤਾ ਤੇ ਸਰਲਤਾ ਕਮਾਲ ਹੈ। ਚੰਗੀ ਮਿਆਰੀ ਕਾਵਿ-ਰਚਨਾ ਲਈ ਲੇਖਕ ਨੂੰ ਮੁਬਾਰਕ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਮੀਡੀਆ ਆਲੋਚਕ ਦੀ ਆਤਮ ਕਥਾ
ਲੇਖਕ : ਪ੍ਰੋ. ਕੁਲਬੀਰ ਸਿੰਘ
ਪ੍ਰਕਾਸ਼ਕ : ਕੈਟੇ ਵਰਲਡ, ਬਠਿੰਡਾ ਅਤੇ ਜਾਲੰਧਰ
ਮੁੱਲ : 200 ਰੁਪਏ, ਸਫੇ: 288
ਸੰਪਰਕ : 99150-22855
ਹਥਲੀ ਪੁਸਤਕ 'ਮੀਡੀਆ ਆਲੋਚਕ ਦੀ ਆਤਮ ਕਥਾ' ਇਕ ਸ਼ਾਹਕਾਰ ਰਚਨਾ ਹੈ। ਇਸ ਵਿਚ ਲੇਖਕ ਦੇ ਮਿੱਠੇ ਅਤੇ ਕੌੜੇ ਤਜਰਬਿਆਂ ਦਾ ਵਰਨਣ ਹੈ। ਉਨ੍ਹਾਂ ਨੇ ਮੀਡੀਆ ਪੁਸਤਕਾ, ਐਨ.ਜੀ.ਓ. ਗਲੋਬਲ ਮੀਡੀਆ ਅਕੈਡਮੀ, ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸਾਂ ਮੀਡੀਆ ਸੈਮੀਨਾਰਜ਼, ਟੈਲੀਵਿਜ਼ਨ ਅਤੇ ਰੇਡੀਓ ਦੇ ਪ੍ਰੋਗਰਾਮਾਂ ਵਿਚ ਬਤੌਰ ਐਂਕਰ ਭਾਗ ਲਿਆ ਹੈ। ਮੀਡੀਆ ਆਲੋਚਕ ਅਤੇ ਕਾਲਮ ਨਵੀਸ ਦੇ ਤੌਰ 'ਤੇ ਕਾਰਜ ਕਰਦਿਆਂ ਦਰਸ਼ਕਾਂ ਅਤੇ ਪੱਤਰਕਾਰੀ ਪ੍ਰਤੀ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਉਹ ਇਸ ਮੱਤ ਦੇ ਧਾਰਨੀ ਹਨ ਕਿ ਆਲੋਚਨਾ, ਅਸਹਿਮਤੀ ਅਤੇ ਵਿਰੋਧ ਦਾ ਭਾਵ ਦੁਸ਼ਮਣੀ ਨਹੀਂ ਹੈ। ਹਰ ਇਕ ਵਿਅਕਤੀ ਦੇ ਰਸਤੇ ਵਿਚ ਚੁਣੌਤੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਸਰ ਕਰਨਾ ਚਾਹੀਦਾ ਹੈ। ਜੀਵਨ ਨੂੰ ਅੱਗੇ ਵਧਣ ਲਈ ਜਾਬਤਾ ਬਹੁਤ ਜ਼ਰੂਰੀ ਹੈ। ਲੇਖਕ ਖੁਦ ਸਵੈ-ਜਾਬਤੇ ਦਾ ਧਾਰਨੀ ਹੈ। ਉਹ ਮੰਨਦੇ ਹਨ ਕਿ ਕੰਮ ਕਰਨ ਲਈ ਉਮਰ ਦਾ ਕੋਈ ਤਕਾਜਾ ਨਹੀਂ ਹੈ। ਆਪਣੇ ਇਸ ਵਾਕ ਨੂੰ ਤਰਕ ਸੰਗਤ ਸਿੱਧ ਕਰਨ ਲਈ ਉਹ ਚੈੱਕ ਰੀਪਬਲਿਕ ਦੀ ਐਮਨੈਂਸ ਕਾਸਪਾਕਰੋਵਾ ਦਾ ਹਵਾਲਾ ਦਿੰਦੇ ਹਨ ਕਿ ਉਹਨਾਂ ਨੇ 95 ਸਾਲ ਦੀ ਉਮਰ ਵਿਚ ਪੂਰੇ ਪਿੰਡ ਦੀਆਂ ਕੰਧਾਂ 'ਤੇ ਚਿੱਤਰਕਾਰੀ ਕਰ ਦਿੱਤੀ ਸੀ। ਉਹ ਲੋਕਾਈ ਨੂੰ ਨਕਾਰਾਤਮਿਕਤਾ ਤੋਂ ਸਕਾਰਤਮਿਕਤਾ ਵੱਲ ਪ੍ਰੇਰਿਤ ਕਰਦੇ ਹਨ। ਧਰਤੀ ਨੂੰ ਹਰਿਆ ਭਰਿਆ ਰੱਖਣ ਲਈ ਰੁੱਖ ਲਗਾਉਣ ਦੀ ਪ੍ਰੇਰਨਾ ਦਿੰਦੇ ਹਨ। ਮਨੁੱਖ ਦੀ ਚਿੰਤਾ ਉਨ੍ਹਾਂ ਗੱਲਾਂ ਤੋਂ ਹੁੰਦੀ ਹੈ,ਜਿਹੜੀਆਂ ਹਾਲੇ ਵਾਪਰੀਆਂ ਨਹੀਂ ਹਨ। ਇਨ੍ਹਾਂ ਵਿਚ ਬਹੁਤ ਸਾਰੀਆਂ ਕਾਲਪਨਿਕ ਹੁੰਦੀਆ ਹਨ। ਉਹ ਮਨੁੱਖ ਨੂੰ ਕਾਹਲੀ ਕਰਨ ਤੋਂ ਰੋਕਦੇ ਹਨ। ਉਨ੍ਹਾਂ ਨੇ ਹਵਾਲਾ ਦਿੱਤਾ ਕਿ ਕੁਦਰਤ ਕਦੇ ਵੀ ਕਾਹਲੀ ਨਹੀਂ ਕਰਦੀ। ਉਨ੍ਹਾਂ ਦਾ ਵਿਚਾਰ ਹੈ ਕਿ ਮਨੁੱਖ ਭਾਵੇਂ ਵਿਸ਼ਵ ਨਾਲ ਜੁੜਿਆ ਹੈ, ਪਰੰਤੂ ਆਪਣੇ ਦੁੱਖੀ ਗਵਾਂਢੀ ਤੋਂ ਕੋਹਾ ਦੂਰ ਰਹਿੰਦਾ ਹੈ। ਉਹ ਕਲਾ, ਮਨੋਰੰਜਨ, ਸਾਹਿਤ, ਸੰਗੀਤ, ਮੈਡੀਟੇਸ਼ਨ ਅਤੇ ਕੁਦਰਤੀ ਵਰਤਾਰਿਆ ਵਿਚ ਮਨੁੱਖੀ ਬਿਮਾਰੀਆਂ ਦਾ ਇਲਾਜ ਮੰਨਦਾ ਹੈ। ਪੰਜਾਬ, ਪੰਜਾਬੀਅਤ ਪੰਜਾਬ ਦੇ ਹਿੱਤਾਂ। ਬੁਨਿਆਦੀ ਸਮੱਸਿਆਵਾਂ ਅਤੇ ਭੱਖਦੇ ਮਸਲਿਆਂ ਤੇ ਲੇਖਕ ਨੇ ਹਮੇਸ਼ਾ ਆਪਣੀ ਕਲਮ ਚਲਾਈ ਹੈ। ਇਨ੍ਹਾਂ ਦੁਆਰਾ ਰਚਿਤ ਪੁਸਤਕ 'ਪ੍ਰਵਾਸੀ ਪੰਜਾਬੀ ਮੀਡੀਆ ਪਹਿਲੀ ਤੇ ਦੂਜੀ ਹੈ। ਇਹਨਾਂ ਵਿਚ ਪ੍ਰਕਾਸ਼ਿਤ ਸਮੱਗਰੀ 'ਤੇ ਪੀਐਚ.ਡੀ ਦੇ ਥੀਸਿਸ ਲਿਖੇ ਜਾ ਸਕਦੇ ਹਨ। ਉਨ੍ਹਾਂ ਦੇ ਛੱਪ ਚੁੱਕੇ ਆਰਟੀਕਲਾਂ ਦੀ ਗਿਣਤੀ 2500 ਤੋਂ ਵੱਧ ਹੈ। ਲੇਖਕ ਨੇ ਲਗਭਗ 35 ਸਾਲ ਹਫ਼ਤਾਵਰੀ ਕਾਲਮ ਲਿਖਿਆ ਹੈ। ਉਹ ਲੋਕਾਂ ਦੀ ਪਸੰਦ ਅਤੇ ਨਾਪਸੰਦ ਬਾਰੇ ਘੋਖ ਕਰਦੇ ਰਹਿੰਦੇ ਹਨ। ਇਸੇ ਆਧਾਰ 'ਤੇ ਹੀ ਉਹ ਹਫ਼ਤਾਵਾਰੀ ਕਾਲਮ ਲਿਖਦੇ ਹਨ। ਲੇਖਕ ਡੀ.ਡੀ. ਪੰਜਾਬੀ ਦੇ ਪ੍ਰਸਿੱਧ ਪ੍ਰੋਗਰਾਮ : ਖ਼ਾਸ ਖਬਰ ਇਕ ਨਜ਼ਰ ਵਿਚ 17 ਸਾਲ ਕਾਰਜ ਕੀਤਾ ਹੈ। ਵੱਖ-ਵੱਖ ਯੂਨੀਵਰਸਿਟੀਆਂ ਤੋਂ ਪੱਤਰਕਾਰੀ ਦੇ ਵਿਦਿਆਰਥੀ ਇਨ੍ਹਾਂ ਦੁਆਰਾ ਰਚਿਤ ਮੀਡੀਆ ਕਾਲਮਾਂ ਅਤੇ ਮੀਡੀਆ ਪੁਸਤਕਾਂ ਤੇ ਐਮ.ਫਿਲ ਤੇ ਪੀਐਚ.ਡੀ ਦੀਆਂ ਡਿਗਰੀਆਂ ਕਰ ਰਹੇ ਹਨ। ਸਮਾਰਟ ਫੋਨ ਦੀ ਗੱਲ ਕਰਦੇ ਸਮੇਂ ਉਹ ਲਿਖਦੇ ਹਨ ਕਿ ਅੱਜ ਹਰੇਕ ਵਿਅਕਤੀ ਵਾਰ-ਵਾਰ ਵੱਟਸਐਪ 'ਤੇ ਫੇਸਬੁਕ ਦੇਖਣ ਦਾ ਆਦੀ ਹੋ ਚੁੱਕਾ ਹੈ। ਹਥਲੀ ਪੁਸਤਕ ਨੂੰ ਮੁਲਾਂਕਣ ਤੇ ਗਿਆਨ ਹੁੰਦਾ ਹੈ ਕਿ ਸਾਹਿਤ ਅਤੇ ਟੀ.ਵੀ. ਇਕ ਦੂਜੇ ਦੇ ਪੂਰਕ ਹਨ। ਇਹ ਇਕ ਦੂਜੇ ਦੇ ਵਿਰੋਧੀ ਨਹੀਂ ਹਨ। ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਪ੍ਰਵਾਸੀ ਪੰਜਾਬੀ ਮੀਡੀਆ ਗੁਰਦੁਆਰੇ, ਪੰਜਾਬੀ ਸਕੂਲ, ਲੇਖਕ, ਕਲਾਕਾਰ, ਮੇਲੇ ਅਤੇ ਸੋਸ਼ਲ ਮੀਡੀਆ ਦੀ ਮਹਾਨ ਦੇਣ ਹੈ। ਲੇਖਕ ਦਾ ਮੀਡੀਆ ਆਲੋਚਕ ਦੇ ਤੌਰ 'ਤੇ ਇਕ ਮਹਾਨ ਕਾਰਜ ਹੈ। ਇਸ ਲਈ ਉਹ ਵਧਾਈ ਦੇ ਪਾਤਰ ਹਨ।
-ਡਾ. ਅਮਰਜੀਤ ਸਿੰਘ ਗਿੱਲ
ਮੋਬਾਈਲ : 98553-88572