22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਰਾਸ਼ਨ ਕਾਰਡ ਕੱਟ ਕੇ ਮਜ਼ਦੂਰ ਵਰਗ ਨੂੰ ਰਾਸ਼ਨ ਤੋਂ ਲਾਂਭੇ ਕਰਨਾ ਮੰਦਭਾਗਾ-ਸੀਟੂ ਆਗੂ ਗੋਰਾ

ਅਜੀਤ ਡੈਸਕ 30-08-2025
ਹਲਵਾਰਾ, 29 ਅਗਸਤ (ਮਨਦੀਪ ਸਿੰਘ ਉੱਭੀ)-ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੀ ਪਿੰਡ ਰਾਜੋਆਣਾ ਕਲਾਂ ਵਿਚ ਭਰਵੀ ਮੀਟਿੰਗ ਹੋਈ | ਜਿਸ ਦੀ ਪ੍ਰਧਾਨਗੀ ਸਾਥੀ ਰਾਜ ਜਸਵੰਤ ਸਿੰਘ ਜੋਗਾ ਅਤੇ ਗੁਰਦੀਪ ਸਿੰਘ ਨੇ ਕੀਤੀ | ਮੀਟਿੰਗ ਵਿਚ ਸਭ ਤੋਂ ਪਹਿਲਾਂ ਪੰਜਾਬ ਅਤੇ ਹਿਮਾਚਲ ਵਿਚ ਹੜ੍ਹ ਕਾਰਨ ਪੀੜ੍ਹਤ ਲੋਕਾਂ ਦੀ ਮਦਦ ਲਈ ਰਾਜਨੀਤਿਕ ਪਾਰਟੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ | ਸੂਬਾ ਪ੍ਰਧਾਨ ਦਲਜੀਤ ਕੁਮਾਰ ਗੋਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਮਜ਼ਦੂਰਾਂ ਲਈ ਬਣਾਈਆਂ ਗਈਆਂ ਕਈ ਸਕੀਮਾਂ ਨੂੰ ਖ਼ਤਮ ਕਰਕੇ ਮਜ਼ਦੂਰਾਂ ਨੂੰ ਜੀਵਨ ਲੋੜਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 78 ਲੱਖ ਰਾਸ਼ਨ ਕਾਰਡ ਰੱਦ ਕਰ ਦਿੱਤੇ ਹਨ ਜਦਕਿ ਪੰਜਾਬ ਸਰਕਾਰ ਨੇ 37 ਲੱਖ ਲਾਭਪਾਤਰੀਆਂ ਦੇ ਕਾਰਡ ਕੱਟ ਦਿੱਤੇ ਹਨ | ਉਨ੍ਹਾਂ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਅਤੇ ਘਟਦੇ ਰੋਜ਼ਗਾਰ ਦੇ ਮੌਕੇ ਮਜ਼ਦੂਰ ਵਰਗ ਨੂੰ ਹੋਰ ਪ੍ਰੇਸ਼ਾਨ ਕਰ ਰਹੇ ਹਨ ਤੇ ਰਾਸ਼ਨ ਤੋਂ ਵਾਂਝੇ ਕਰਨਾ ਨਿੰਦਣਯੋਗ ਹੈ | ਮਨਰੇਗਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ. ਪ੍ਰਕਾਸ਼ ਸਿੰਘ ਬਰ੍ਹਮੀ ਨੇ ਕਿਹਾ ਕਿ ਪਿੰਡਾਂ ਦੇ ਮਨਰੇਗਾ ਕਾਮਿਆਂ ਨੂੰ ਤਿੰਨ-ਚਾਰ ਮਹੀਨਿਆਂ ਤੋਂ ਕੰਮ ਨਹੀਂ ਮਿਲ ਰਿਹਾ | ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ | ਇਸ ਨਾਲ ਹੀ ਉਨ੍ਹਾਂ ਹੜ੍ਹਾਂ ਲਈ ਪਹਿਲਾਂ ਇੰਤਜ਼ਾਮ ਨਾ ਕਰਨ 'ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ | ਇਸ ਮੀਟਿੰਗ ਵਿਚ ਕਿਸਾਨ ਆਗੂ ਸੁਖਚੈਨ ਸਿੰਘ, ਪਿ੍ਤਪਾਲ ਸਿੰਘ ਬਿੱਟਾ, ਰਾਣਾ ਸਿੰਘ ਭੱਟੀ, ਕਰਮਜੀਤ ਸਿੰਘ ਸਨੀ, ਅੰਗਰੇਜ ਸਿੰਘ ਦੱਦਾਹੂਰ, ਰੁਲਦਾ ਸਿੰਘ ਗੋਬਿੰਦਗੜ੍ਹ, ਕੁਲਦੀਪ ਸਿੰਘ ਜੌਹਲਾਂ, ਬਿੱਲੂ ਸਿੰਘ ਰਾਏਕੋਟ, ਸੁਖਵਿੰਦਰ ਮਾੜਾ, ਰਣਜੀਤ ਸਿੰਘ, ਕਰਨੈਲ ਸਿੰਘ ਅਤੇ ਬਹਾਦਰ ਸਿੰਘ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬਾਪੂ ਨਿਰਮਲ ਸਿੰਘ ਗਰੇਵਾਲ (ਜੱਸੀਆਂ ਵਾਲਿਆਂ) ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਅਗਲੀ ਖ਼ਬਰ ਵਿਧਾਇਕ ਇਯਾਲੀ ਦੇ ਯਤਨਾਂ ਸਦਕਾ ਸਰਪੰਚ ਭੱਠਾਧੂਹਾ ਨੇ 50 ਗਰੀਬ ਪਰਿਵਾਰਾਂ ਨੂੰ ਮੁਫ਼ਤ ਤਰਪਾਲਾਂ ਵੰਡੀਆਂ ਇਯਾਲੀ ਨੇ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।