ਢਾਹਾਂ ਕਲੇਰਾਂ ਹਸਪਤਾਲ 'ਚ 15 ਦਿਨਾ ਮੁਫ਼ਤ ਜਾਂਚ ਕੈਂਪ ਕੱਲ੍ਹ ਤੋਂ
ਅਜੀਤ ਡੈਸਕ
31-08-2025
ਬੰਗਾ, 30 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਯੂਰੋਲੋਜੀ ਵਿਭਾਗ ਵਿਚ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਅਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਮੁਫ਼ਤ ਜਾਂਚ ਕੈਂਪ 1 ਸਤੰਬਰ ਤੋਂ 15 ਸਤੰਬਰ ਤੱਕ ਲੱਗੇਗਾ | ਇਹ ਜਾਣਕਾਰੀ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੰਦਿਆ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਇਲਾਕੇ ਦੇ ਲੋੜਵੰਦ ਮਰੀਜ਼ਾਂ ਵਾਸਤੇ ਯੂਰੋਲੋਜੀ ਵਿਭਾਗ ਵਿਚ ਲਗਾਏ ਜਾ ਰਹੇ 15 ਦਿਨਾਂ ਮੁਫ਼ਤ ਜਾਂਚ ਕੈਂਪ ਵਿਚ ਹਸਪਤਾਲ ਦੇ ਯੂਰੋਲੋਜੀ ਵਿਭਾਗ ਦੇ ਮਾਹਿਰ ਡਾਕਟਰ ਡਾ. ਅਮਿਤ ਸੰਧੂ ਮਰੀਜ਼ਾਂ ਦੀਆਂ ਬਿਮਾਰੀਆਂ ਦੀ ਮੁਫ਼ਤ ਜਾਂਚ ਰੋਜ਼ਾਨਾ ਸਵੇਰੇ 9 ਵਜੇ ਤੋਂ 12 ਵਜੇ ਤੱਕ ਕਰਨਗੇ | ਇਸ ਮੌਕੇ ਮਰੀਜ਼ਾਂ ਦੀ ਰਜਿਸਟਰੇਸ਼ਨ ਮੁਫ਼ਤ ਹੋਵੇਗੀ ਅਤੇ ਅਲਟਰਾ ਸਾਊਾਡ ਸਕੈਨ ਸਿਰਫ਼ 300 ਰੁਪਏ ਵਿਚ ਕੀਤੀ ਜਾਵੇਗੀ | ਇਸ ਤੋਂ ਇਲਾਵਾ ਕੈਂਪ ਦੌਰਾਨ ਹਸਪਤਾਲ ਵੱਲੋਂ ਮਰੀਜ਼ਾਂ ਨੂੰ ਲੈਬ ਟੈੱਸਟਾਂ ਜਿਵੇਂ ਪੀ.ਐਸ.ਏ, ਆਰ.ਐਫ.ਟੀ, ਸੀ.ਬੀ.ਸੀ ਅਤੇ ਪਿਸ਼ਾਬ ਦੇ ਟੈੱਸਟਾਂ ਵਿਚ ਵੀ 50 ਫ਼ੀਸਦੀ ਛੋਟ ਮਿਲੇਗੀ | ਮਰੀਜ਼ਾਂ ਦੇ ਅਪਰੇਸ਼ਨ ਵੀ ਰਿਆਇਤੀ ਦਰਾਂ 'ਤੇ ਹੋਣਗੇ | ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡੀ.ਐਮ.ਐਸ, ਡਾ. ਅਮਿਤ ਸੰਧੂ ਸੀਨੀਅਰ ਯੂਰੋਲੌਜਿਸਟ ਅਤੇ ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ ਵੀ ਹਾਜ਼ਰ ਸਨ |