28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪੰਜਾਬ ਸਰਕਾਰ ਵਲੋਂ ਅਗੇਤੇ ਪ੍ਰਬੰਧਾਂ ਦੇ ਹੁਕਮਾਂ ਦੇ ਬਾਵਜੂਦ ਮੰਡੀਆਂ 'ਚ ਪ੍ਰਬੰਧ ਅਧੂਰੇ, ਕਿਸਾਨ ਪ੍ਰੇਸ਼ਾਨ

ਅਜੀਤ ਡੈਸਕ 20-09-2025
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ 16 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਮੰਡੀ ਬੋਰਡ ਵਲੋਂ ਮੰਡੀਆਂ 'ਚ ਝੋਨੇ ਦੀ ਖ਼ਰੀਦ ਦੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਹਨ | ਜਦ ਇਸ ਪੱਤਰਕਾਰ ਨੇ ਦਿਹਾਤੀ ਮੰਡੀਆਂ ਗੁਰਦਾਸਪੁਰ, ਪੁਰਾਣਾ ਸ਼ਾਲਾ, ਚਾਵਾ, ਗੋਹਤ ਪੋਕਰ, ਕਲੀਚਪੁਰ ਤੇ ਸਾਹੋਵਾਲ ਦਾ ਦੌਰਾ ਕੀਤਾ ਤਾਂ ਮੰਡੀਆਂ 'ਚ ਬੈਠੇ ਆੜ੍ਹਤੀਆਂ ਨੇ ਦੱਸਿਆ ਕਿ ਹਮੇਸ਼ਾ ਹੀ ਮਾਰਕੀਟ ਕਮੇਟੀ ਵਲੋਂ ਜਦੋਂ ਮੰਡੀਆਂ 'ਚ ਝੋਨਾ ਜਾਂ ਕਣਕ ਆਉਂਦੀ ਹੈ ਤਾਂ ਮੰਡੀਆਂ ਵਿਚ ਪ੍ਰਬੰਧ ਅਧੂਰੇ ਰਹਿੰਦੇ ਹਨ | ਅਜੇ ਤੱਕ ਮੰਡੀਆਂ ਵਿਚ ਕੋਈ ਵੀ ਸਫ਼ਾਈ, ਲਾਈਟਾਂ ਅਤੇ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ | ਜਦ ਕਿ ਮਾਰਕੀਟ ਕਮੇਟੀਆਂ ਵਲੋਂ ਦਮਗਜੇ ਮਾਰੇ ਜਾ ਰਹੇ ਹਨ ਕਿ ਮੰਡੀਆਂ ਵਿਚ ਅਗੇਤੇ ਪ੍ਰਬੰਧ ਮੁਕੰਮਲ ਕਰ ਦਿੱਤੇ ਹਨ | ਪਰ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ | ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਕੁਝ ਹਿੱਸਿਆ ਵਿਚ ਸ਼ਰਬਤੀ ਤੇ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਪੱਕ ਚੁੱਕੀ ਹੈ ਤੇ ਉਸ ਦੀ ਕਟਾਈ ਵੀ ਕਰ ਲਈ ਗਈ ਹੈ | ਪਰ ਮੰਡੀਆਂ 'ਚ ਕੋਈ ਵੀ ਖ਼ਰੀਦ ਏਜੰਸੀ ਨਾ ਆਉਣ ਕਰਕੇ ਕਿਸਾਨ ਕਾਫ਼ੀ ਚਿੰਤਤ ਹਨ | ਉਨ੍ਹਾਂ ਕਿਹਾ ਕਿ ਇਕ ਪਾਸੇ ਪਹਿਲਾਂ ਹੀ ਹੜ੍ਹਾਂ ਦੇ ਪਾਣੀ ਨਾਲ ਫ਼ਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ, ਉੱਥੇ ਹੀ ਹੁਣ ਮੰਡੀਆਂ ਵਿਚ ਪ੍ਰਬੰਧ ਅਧੂਰੇ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਫ਼ਸਲ ਪ੍ਰਾਈਵੇਟ ਸ਼ੈਲਰਾਂ ਨੂੰ ਵੇਚਣ ਲਈ ਮਜਬੂਰ ਹੋਣਾ ਪਵੇਗਾ | ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਮੁਲਾਜ਼ਮ ਹਮੇਸ਼ਾ ਆੜ੍ਹਤੀਆਂ ਤੇ ਕਿਸਾਨਾਂ ਨੂੰ ਖੱਜਲ ਖ਼ੁਆਰ ਕਰਦੇ ਹਨ ਤੇ ਸਮੇਂ ਸਿਰ ਕੋਈ ਵੀ ਪ੍ਰਬੰਧ ਨਹੀਂ ਕਰਦੇ | ਉਨ੍ਹਾਂ ਦੱਸਿਆ ਕਿ ਖ਼ਰੀਦ ਏਜੰਸੀਆਂ ਵਲੋਂ ਮੰਡੀਆਂ ਵਿਚ ਕੋਈ ਵੀ ਬਾਰਦਾਨਾ ਨਹੀਂ ਸੁੱਟਿਆ ਗਿਆ ਤੇ ਕਿਸਾਨਾਂ ਨੂੰ ਕੋਈ ਥਹੁ ਪਤਾ ਨਹੀਂ ਚੱਲ ਸਕਿਆ ਕਿ ਮੰਡੀ ਕਿਹੜੀ ਏਜੰਸੀ ਨੂੰ ਅਲਾਟ ਹੋਈ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮੰਡੀਆਂ 'ਚ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਆੜ੍ਹਤੀਆਂ ਤੇ ਕਿਸਾਨਾਂ ਨੂੰ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ |
ਪਿਛਲੀ ਖ਼ਬਰ ਜੇਲ੍ਹ ਰੋਡ ਤੋਂ ਪਨਿਆੜ ਨੰੂ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਬੇਹੱਦ ਖਸਤਾ, ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਹੋਮਿਓਪੈਥੀ ਵਿਭਾਗ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮੁਫ਼ਤ ਦਵਾਈਆਂ ਤੇ ਹੋਰ ਸੇਵਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।