ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਸਥਾਨਕ ਸ਼ਹਿਰ ਦੇ ਜੇਲ੍ਹ ਰੋਡ ਤੋਂ ਪਨਿਆੜ ਨੰੂ ਜਾਣ ਵਾਲੀ ਮੁੱਖ ਸੜਕ ਦੀ ਬੇਹੱਦ ਖਸਤਾ ਹਾਲਤ ਕਾਰਨ ਰਾਹਗੀਰ ਭਾਰੀ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੇ ਹਨ | ਅਜਿਹਾ ਹੀ ਹਾਲ ਇਸ ਦੇ ਆਸ ਪਾਸ ਦੀਆਂ ਸੜਕਾਂ ਦਾ ਹੈ, ਜਿੱਥੋਂ ਲੰਘਣਾ ਰਾਹਗੀਰਾਂ ਲਈ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਹੈ | ਸੀਨੀਅਰ ਨੌਜਵਾਨ ਅਕਾਲੀ ਆਗੂ ਬਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਅਜੇ ਤੱਕ ਕਿਸੇ ਵੀ ਸੜਕ ਦੀ ਮੁਰੰਮਤ ਨਹੀਂ ਕਰਵਾਈ | ਜਿਸ ਕਰਕੇ ਗੁਰਦਾਸਪੁਰ ਸ਼ਹਿਰ ਦੇ ਆਸ ਪਾਸ ਦੀਆਂ ਜਿੰਨੀਆਂ ਵੀ ਸੜਕਾਂ ਹਨ, ਉਨ੍ਹਾਂ ਸੜਕਾਂ ਵਿਚ ਡੂੰਘੇ ਟੋਏ ਪੈਣ ਕਾਰਨ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਖਸਤਾ ਹਾਲਤ ਸੜਕਾਂ ਨੰੂ ਬਣਾਉਣ ਲਈ ਕਈ ਵਾਰ ਮੁੱਦੇ ਉਠਾਏ ਹਨ | ਪਰ ਨਾ ਤਾਂ ਕੋਈ ਮੰਤਰੀ ਤੇ ਨਾ ਹੀ ਕੋਈ ਹਲਕਾ ਇੰਚਾਰਜ ਇਸ ਪਾਸੇ ਗ਼ੌਰ ਫ਼ਰਮਾ ਰਿਹਾ | ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਹੈ | ਉਨ੍ਹਾਂ ਦੱਸਿਆ ਕਿ 10 ਦਿਨ ਬਾਅਦ ਗੰਨੇ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ ਤੇ ਸੜਕਾਂ ਦੀ ਖਸਤਾ ਹਾਲਤ ਕਰਕੇ ਕਿਸਾਨਾਂ ਨੰੂ ਟਰੈਕਟਰ ਟਰਾਲੀਆਂ ਲੰਘਾਉਣ ਵਿਚ ਮੁਸ਼ਕਿਲ ਪੇਸ਼ ਆਵੇਗੀ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਇਲਾਕੇ ਦੀਆਂ ਸੜਕਾਂ ਬਣਾਉਣ ਲਈ ਸਬੰਧਿਤ ਵਿਭਾਗ ਨੰੂ ਨਿਰਦੇਸ਼ ਜਾਰੀ ਕੀਤੇ ਜਾਣ |