ਗੁਰਦਾਸਪੁਰ, 19 ਸਤੰਬਰ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਵਿਚ ਸਾਲ 2025 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ 'ਤੇ ਲਿਆਉਣ ਦੇ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ | ਜਿਸ ਦੀ ਪ੍ਰਧਾਨਗੀ ਡਾ: ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤੀ | ਇਸ ਮੌਕੇ ਡਾ: ਸੁਖਬੀਰ ਸਿੰਘ, ਡਾ: ਮਨਪ੍ਰੀਤ ਸਿੰਘ, ਡਾ: ਨਵਦੀਪ ਸਿੰਘ ਬਾਗ਼ਬਾਨੀ ਵਿਕਾਸ ਅਫ਼ਸਰ, ਡਾ: ਸ਼ਾਹਬਾਜ਼ ਸਿੰਘ ਚੀਮਾ ਸਿੰਘ ਖੇਤੀਬਾੜੀ ਅਫ਼ਸਰ ਹਾਜ਼ਰ ਸਨ | ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਦੇ ਕਰੀਬ 25 ਪਿੰਡਾਂ 'ਚ ਅਗੇਤੀ ਸਬਜ਼ੀ ਜਿਵੇਂ ਫੁੱਲ ਗੋਭੀ, ਆਲੂ ਤੇ ਮਟਰ ਦੀ ਕਾਸ਼ਤ ਕਰਦੇ ਹਨ | ਸਬਜ਼ੀ ਕਾਸ਼ਤਕਾਰਾਂ ਵਲੋਂ ਅਕਸਰ ਖੇਤ ਨੂੰ ਜਲਦ ਤਿਆਰ ਕਰਨ ਦੇ ਇਰਾਦੇ ਨਾਲ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੰੂ ਅੱਗ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਜੇਕਰ ਫ਼ਸਲੀ ਰਹਿੰਦ ਖੰੂਹਦ ਨੂੰ ਖੇਤਾਂ 'ਚ ਸੰਭਾਲ ਕੇ ਸਬਜ਼ੀ ਖ਼ਾਸ ਕਰਕੇ ਗੋਭੀ, ਮਟਰ ਅਤੇ ਆਲੂ ਦੀ ਕਾਸ਼ਤ ਕੀਤੀ ਜਾਵੇ, ਅਜਿਹਾ ਕਰਨ ਨਾਲ ਜਿੱਥੇ ਰਸਾਇਣਿਕ ਖਾਦਾਂ 'ਤੇ ਨਿਰਭਰਤਾ ਘਟਦੀ ਹੈ, ਉੱਥੇ ਸਬਜ਼ੀਆਂ ਦੇ ਮਿਆਰੀਪਨ 'ਚ ਸੁਧਾਰ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਹਫ਼ਤੇ ਸਬਜ਼ੀ ਕਾਸ਼ਤ ਕਾਰਾਂ ਨਾਲ ਨਿੱਜੀ ਸੰਪਰਕ ਜਾਂ ਪਿੰਡਾਂ ਵਿਚ ਕੈਂਪ ਲਗਾ ਕੇ ਪ੍ਰੇਰਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜਿਸ ਵੀ ਕਿਸਾਨ ਨੂੰ ਬੇਲਰ ਜਾਂ ਹੋਰ ਖੇਤੀ ਮਸ਼ੀਨਰੀ ਦੀ ਜ਼ਰੂਰਤ ਹੋਵੇ ਤਾਂ ਸਬੰਧਿਤ ਬਲਾਕ ਖੇਤੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ | ਬਾਗ਼ਬਾਨੀ ਵਿਕਾਸ ਅਫ਼ਸਰ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਵਿਚ 25 ਅਜਿਹੇ ਪਿੰਡ ਹਨ ਜਿੱਥੇ ਕਿਸਾਨਾਂ ਵਲੋਂ ਏਕੜ ਰਕਬੇ ਵਿਚ ਸਬਜ਼ੀ ਦੀ ਕਾਸ਼ਤ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਜੋ ਵੀ ਕਾਸ਼ਤਕਾਰ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਬਜ਼ੀ ਦੀ ਕਾਸ਼ਤ ਕਰੇਗਾ, ਉਸ ਨੂੰ ਸਬਸਿਡੀ ਦੀ ਸਹੂਲਤ ਨਹੀਂ ਦਿੱਤੀ ਜਾਵੇਗੀ ਤੇ ਪਰਾਲੀ ਨੰੂ ਅੱਗ ਲਗਾਏ ਬਗੈਰ ਸਬਜ਼ੀਆਂ ਦੀ ਕਾਸ਼ਤ ਕਰੇਗਾ, ਉਸ ਨੂੰ ਤਰਜੀਹੀ ਕਿਸਾਨ ਦੇ ਰੁਤਬੇ ਨਾਲ ਸਨਮਾਨਿਤ ਕੀਤਾ ਜਾਵੇਗਾ |