ਦੀਨਾਨਗਰ, 19 ਸਤੰਬਰ (ਸੋਢੀ/ ਸ਼ਰਮਾ)-ਦੀਨਾਨਗਰ ਤੋਂ ਮਗਰਾਲਾ ਰੋਡ ਦੀ ਮੰਦੀ ਹਾਲਤ ਕਾਰਨ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਦੀਨਾਨਗਰ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇਕ ਸ਼ਿਕਾਇਤ ਪੱਤਰ ਭੇਜ ਕੇ ਸੜਕ ਦਾ ਨਿਰਮਾਣ ਕਾਰਜ ਜਲਦ ਕਰਵਾਉਣ ਦੀ ਮੰਗ ਕੀਤੀ ਹੈ | ਦੀਨਾਨਗਰ ਖੇਤਰ ਦੇ ਨਿਵਾਸੀ ਸਤਨਾਮ ਸਿੰਘ, ਸਤਿੰਦਰ ਸਿੰਘ, ਰਮੇਸ਼ ਕੁਮਾਰ, ਹਰਿੰਦਰ ਸਿੰਘ, ਬਲਕਾਰ ਚੰਦ, ਸੁਨੀਤਾ ਦੇਵੀ, ਰਤਨ ਚੰਦ ਤੇ ਪਿਆਰਾ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਇਸ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਪਰ ਇਸ ਸੜਕ ਦੇ ਨਿਰਮਾਣ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਰੋਜ਼ਾਨਾ ਵੱਖ-ਵੱਖ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਹੁੰਦਾ ਹੈ ਤੇ ਸੜਕ ਦੀ ਮੰਦੀ ਹਾਲਤ ਰੋਜ਼ਾਨਾ ਸੜਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵਲੋਂ ਸ਼ਹਿਰ ਵਿਚ ਸੀਵਰੇਜ ਪਾਉਣ ਸਮੇਂ ਇਸ ਸੜਕ ਨੂੰ ਤੋੜਿਆ ਗਿਆ ਸੀ, ਉਸ ਵੇਲੇ ਇਸ ਸੜਕ ਦਾ ਨਿਰਮਾਣ ਕਾਰਜ ਵੀ ਕਰਵਾਇਆ ਗਿਆ ਸੀ | ਪਰ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਸਮੇਂ ਬਾਅਦ ਸੜਕ 'ਤੇ ਵੱਡੇ ਵੱਡੇ ਟੋਏ ਪੈ ਗਏ ਤੇ ਇਨ੍ਹਾਂ ਟੋਇਆਂ ਨੂੰ ਪੂਰਨ ਲਈ ਨਗਰ ਕੌਂਸਲ ਵਲੋਂ ਮਿੱਟੀ ਸੁੱਟ ਕੇ ਕੰਮ ਚਲਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਦਾ ਨਵੇਂ ਸਿਰੇ ਤੋਂ ਵਧੀਆਂ ਢੰਗ ਨਾਲ ਨਿਰਮਾਣ ਕਾਰਜ ਕਰਵਾਇਆ ਜਾਵੇ ਤਾਂ ਕਿ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿੱਲ ਸਕੇ |