ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਅੰਦਰ ਡਰੋਨ ਦੀ ਸ਼ੱਕੀ ਹਰਕਤ ਦੇਖਣ ਤੋਂ ਬਾਅਦ ਫ਼ੌਜ ਅਲਰਟ ਹੋ ਗਈ ਹੈ | ਇਸ ਦੇ ਨਾਲ ਹੀ ਬੀ.ਐੱਸ.ਐ.ਫ. ਤੇ ਪੰਜਾਬ ਪੁਲਿਸ ਨੇ ਸਾਰੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਸੂਤਰਾਂ ਅਨੁਸਾਰ ਬੀਤੀ ਰਾਤ ਕੌਮਾਂਤਰੀ ਸਰਹੱਦ ਦੀ ਚੌਂਕੀ ਸਾਦਕੀ 'ਤੇ ਪਾਕਿਸਤਾਨ ਵਾਲੇ ਪਾਸਿਓ ਡਰੋਨ ਦੀ ਹਰਕਤ ਬੀ.ਐੱਸ.ਐਫ. ਨੂੰ ਨਜ਼ਰ ਆਈ | ਉਨ੍ਹਾਂ ਨੇ ਤੁਰੰਤ ਹੀ ਸਾਰੇ ਸਰਹੱਦੀ ਇਲਾਕੇ ਨੂੰ ਸੀਲ ਕਰ ਦਿੱਤਾ | ਨਾਲ ਹੀ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ | ਬੀ.ਐੱਸ.ਐੱਫ. ਤੇ ਪੰਜਾਬ ਪੁਲਿਸ ਨੇ ਸਾਂਝੇ ਓਪਰੇਸ਼ਨ ਰਾਹੀਂ ਜਿਸ ਥਾਂ 'ਤੇ ਡਰੋਨ ਆਇਆ ਦੱਸਿਆ ਜਾਂਦਾ ਹੈ ਉਸ ਦੇ ਆਸ-ਪਾਸ ਕਈ ਕਿੱਲੋਮੀਟਰ ਤਲਾਸ਼ੀ ਮੁਹਿੰਮ ਚਲਾਈ ਗਈ | ਥਾਣਾ ਸਦਰ ਦੇ ਐੱਸ.ਐੱਚ.ਓ. ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਜਾਰੀ ਹੈ ਪਰ ਹਾਲੇ ਤੱਕ ਡਰੋਨ ਦੀ ਬਰਾਮਦਗੀ ਨਹੀਂ ਹੋ ਸਕੀ | ਨੇੜੇ ਤੇੜੇ ਦੇ ਇਲਾਕਿਆਂ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ |