ਮੰਡੀ ਘੁਬਾਇਆ, 20 ਸਤੰਬਰ (ਅਮਨ ਬਵੇਜਾ) - ਜਲਾਲਾਬਾਦ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਪਿੰਡ ਦੀ ਮੁੱਖ ਸੜਕ ਦੇ ਹਾਲਾਤ ਖਸਤਾ ਹੋਣ ਦੇ ਚੱਲਦਿਆਂ ਪਿਛਲੇ ਦਿਨੀਂ ਸਥਾਨਕ ਦੁਕਾਨਦਾਰਾਂ ਵੱਲੋਂ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਨੂੰ ਰੋਕ ਕੇ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਦੀ ਸੜਕ ਨੂੰ ਦੀ ਮੁਰੰਮਤ ਕਰਵਾਈ ਜਾਵੇ ਕਿਉਂਕਿ ਸੜਕ ਟੁੱਟੀ ਹੋਣ ਕਰਕੇ ਇੱਕ ਤਾਂ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਧੂੜ ਮਿੱਟੀ ਦੀ ਬਹੁਤ ਸਮੱਸਿਆ ਆ ਰਹੀ ਸੀ ਅਤੇ ਰਮਿੰਦਰ ਆਂਵਲਾ ਵੱਲੋਂ ਮੌਕੇ 'ਤੇ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ ਗਿਆ ਸੀ ਕਿ ਇਸ ਕੰਮ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ ਤੇ ਅੱਜ ਜਦੋਂ ਉਨ੍ਹਾਂ ਵੱਲੋਂ ਸੜਕ ਦੀ ਮੁਰੰਮਤ ਦਾ ਮੈਟੀਰੀਅਲ ਭੇਜਿਆ ਗਿਆ ਤਾਂ ਉੱਥੇ ਮੌਕੇ 'ਤੇ ਪੁਲਿਸ ਪਹੁੰਚ ਗਈ ਅਤੇ ਪੁਲਿਸ ਅਨੁਸਾਰ ਉਨ੍ਹਾਂ ਨੂੰ ਪੀ.ਡਬਲਿਊ.ਡੀ. ਵਿਭਾਗ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸਰਕਾਰੀ ਸੜਕ ਦੇ ਉੱਪਰ ਇਸ ਤਰ੍ਹਾਂ ਕੋਈ ਵੀ ਵਿਅਕਤੀ ਵਿਸ਼ੇਸ਼ ਮੈਟੀਰੀਅਲ ਨਹੀਂ ਪਾ ਸਕਦਾ ਜਾਂ ਇਸ ਦੀ ਮੁਰੰਮਤ ਦੇ ਅਖ਼ਤਿਆਰ ਨਹੀਂ ਹਨ ਜਿਸ ਕਰਕੇ ਉਹ ਕੰਮ ਉੱਥੇ ਮੌਕੇ 'ਤੇ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਗ਼ੁੱਸੇ ਵਿਚ ਆਏ ਸਥਾਨਕ ਵਾਸੀਆਂ ਅਤੇ ਦੁਕਾਨਦਾਰਾਂ ਤੇ ਰਮਿੰਦਰ ਆਂਵਲਾ ਦੇ ਸਮਰਥਕਾਂ ਨੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇ ਜਾਮ ਕਰਕੇ ਵਿਭਾਗ ਖ਼ਿਲਾਫ਼ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਮੰਗ ਹੈ ਕਿ ਚੱਲ ਰਹੇ ਕੰਮ ਨੂੰ ਬੰਦ ਨਾ ਕੀਤਾ ਜਾਵੇ ਅਤੇ ਕੰਮ ਨਿਰਵਿਘਨ ਚੱਲਣ ਦਿੱਤਾ ਜਾਵੇ | ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ | ਚੌਂਕੀ ਇੰਚਾਰਜ ਬਲਕਾਰ ਸਿੰਘ ਨੇ ਕਿਹਾ ਕਿ ਸਾਨੂੰ ਪੀ.ਡਬਲਿਊ.ਡੀ ਦੀ ਸ਼ਿਕਾਇਤ 'ਤੇ ਸੜਕ ਬਣਾਉਣ ਦਾ ਕੰਮ ਰੋਕਣਾ ਪਿਆ |