ਲਾਲੜੂ, 20 ਸਤੰਬਰ (ਰਾਜਬੀਰ ਸਿੰਘ)-ਲਾਲੜੂ ਟ੍ਰੈਫਿਕ ਪੁਲਿਸ ਦੁਆਰਾ ਸਥਾਨਕ ਲਾਲਾ ਸਾਵਨ ਰਾਮ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਅਤੇ ਬੱਸ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਟ੍ਰੈਫਿਕ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਲਾਲੜੂ ਟ੍ਰੈਫਿਕ ਇੰਚਾਰਜ ਏ. ਐਸ. ਆਈ. ਕਿ੍ਸ਼ਨ ਸਿੰਘ ਨੇ ਵਿਦਿਆਰਥੀਆਂ ਅਤੇ ਡਰਾਈਵਰਾਂ ਨੂੰ ਟ੍ਰੈਫਿਕ ਬਿਨਾਂ ਲਾਇਸੰਸ ਦੇ ਦੋ ਜਾਂ ਚਾਰ ਪਹੀਆ ਵਾਹਨ ਨਾ ਚਲਾਉਣ ਅਤੇ ਟ੍ਰੈਫਿਕ ਸਮੱਸਿਆਵਾਂ ਤੋਂ ਬਚਣ ਲਈ ਗੱਡੀ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ | ਉਨ੍ਹਾਂ ਨੇ ਚਾਰ ਪਹੀਆ ਵਾਹਨ ਚਲਾਉਣ ਸਮੇਂ ਸੀਟ ਬੈਲਟ ਲਗਾਉਣ ਅਤੇ ਮੋਟਰਸਾਈਕਲ ਜਾਂ ਕਾਰ ਚਲਾਉਂਦੇ ਸਮੇਂ ਮੋਬਾਈਲ ਫੋਨ ਸੁਣਨ ਜਾਂ ਵਰਤਣ ਤੋਂ ਬਚਣ ਦੀ ਮਹੱਤਤਾ 'ਤੇ ਜੋਰ ਦਿੱਤਾ, ਕਿਉਂਕਿ ਮੋਬਾਈਲ ਫੋਨ ਦੀ ਵਰਤੋਂ ਸੜਕ ਹਾਦਸੇ ਦਾ ਕਾਰਨ ਬਣ ਸਕਦੀ ਹੈ | ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਵਾਹਨ ਨਹੀਂ ਚਲਾਉਣਾ ਚਾਹੀਦਾ | ਪ੍ਰੋਗਰਾਮ ਦੇ ਅੰਤ ਵਿਚ ਐਮ. ਡੀ. ਲਲਿਤ ਮਿੱਤਲ ਨੇ ਟ੍ਰੈਫਿਕ ਇੰਚਾਰਜ ਅਤੇ ਉਨ੍ਹਾਂ ਨਾਲ ਆਈ ਸਮੂਹ ਪੁਲਿਸ ਟੀਮ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ | ਇਸ ਮੌਕੇ ਏ. ਐਸ. ਆਈ. ਗੁਰਪ੍ਰੀਤ ਸਿੰਘ ਸਮੇਤ ਪੂਰਾ ਸਕੂਲ ਸਟਾਫ ਮੌਜੂਦ ਸੀ |