ਐੱਸ. ਏ. ਐੱਸ. ਨਗਰ, 20 ਸਤੰਬਰ (ਪ੍ਰੋ. ਅਵਤਾਰ ਸਿੰਘ)-ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵਲੋਂ ਚਲਾਏ ਜਾ ਰਹੇ ਅੰਬੇਡਕਰ ਇੰਸਟੀਚਿਊਟ ਆਫ਼ ਕੈਰੀਅਰਜ਼ ਐਂਡ ਕੋਰਸਿਜ਼ ਫੇਜ਼-3ਬੀ2 ਮੁਹਾਲੀ ਵਲੋਂ ਪੀ. ਸੀ. ਐਸ. ਪ੍ਰੀਲਿਮਿਨਰੀ ਇਮਤਿਹਾਨ ਲਈ 2 ਮਹੀਨਿਆਂ ਦਾ ਵਿਸ਼ੇਸ਼ ਕਰੈਸ਼ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ 3 ਅਕਤੂਬਰ ਤੋਂ 2 ਦਸੰਬਰ ਤੱਕ ਚੱਲੇਗਾ | ਇਸ ਕੋਰਸ 'ਚ ਕੁੱਲ 40 ਸੀਟਾਂ ਰਾਖਵੀਂਆਂ ਰੱਖੀਆਂ ਗਈਆਂ ਹਨ, ਜਿਨ੍ਹਾਂ 'ਚ 20 ਸੀਟਾਂ ਐਸ. ਸੀ., 12 ਬੀ. ਸੀ. ਅਤੇ 8 ਘੱਟ ਗਿਣਤੀ ਵਰਗਾਂ ਲਈ ਰਾਖਵੀਂਆਂ ਹਨ | ਇਹ ਕੋਚਿੰਗ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ ਅਤੇ ਵਿਦਿਆਰਥੀਆਂ ਲਈ ਹੋਸਟਲ ਦੀ ਸਹੂਲਤ ਵੀ ਉਪਲੱਬਧ ਕਰਵਾਈ ਜਾਵੇਗੀ | ਡੀ. ਸੀ. ਨੇ ਦੱਸਿਆ ਕਿ ਇਸ ਕੋਰਸ ਲਈ ਅਰਜ਼ੀਆਂ 26 ਸਤੰਬਰ ਤੱਕ ਆਫਲਾਈਨ ਜਾਂ ਈ. ਮੇਲ (ambedkarinstitute0130gmail.com ) ਰਾਹੀਂ ਦਿੱਤੀਆਂ ਜਾ ਸਕਦੀਆਂ ਹਨ, ਜਦਕਿ ਦਾਖ਼ਲਾ ਟੈਸਟ 30 ਸਤੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਦਾਖ਼ਲਾ ਲੈਣ ਦੇ ਚਾਹਵਾਨ ਉਮੀਦਵਾਰ ਪੰਜਾਬ ਰਾਜ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਹਨ ਅਤੇ ਉਹ ਅਨੁਸੂਚਿਤ ਜਾਤੀਆਂ, ਹੋਰ ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਸੁਮਦਾਏ ਜਿਵੇਂ ਮੁਸਲਿਮ, ਸਿੱਖ, ਇਸਾਈ, ਬੋਧੀ, ਪਾਰਸੀ ਅਤੇ ਜੈਨੀ ਆਦਿ ਨਾਲ ਸੰਬੰਧਤ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਗ੍ਰੈਜੂਏਟ ਹੋਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਉਮੀਦਵਾਰ ਦੇ ਮਾਪਿਆਂ ਦੀ ਸਾਰੇ ਸ੍ਰੋਤਾਂ ਤੋਂ ਆਮਦਨ 3 ਲੱਖ ਰੁ. ਪ੍ਰਤੀ ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ | ਉਨ੍ਹਾਂ ਸਪੱਸ਼ਟ ਕੀਤਾ ਕਿ ਉਮੀਦਵਾਰ ਦੀ ਚੋਣ ਮੈਂਟਲ ਐਬਿਲਟੀ, ਜਨਰਲ ਅਵੇਅਰਨੈਸ (ਹਿਸਟਰੀ, ਜਿਓਗ੍ਰਾਫੀ, ਇੰਡੀਅਨ ਪੋਲੀਟੀ, ਇੰਡੀਅਨ ਇਕੋਨੋਮੀ, ਐਵਰੀਡੇ ਸਾਇੰਸ, ਕਰੰਟ ਈਵੈਂਟਸ ਆਦਿ) ਅਤੇ ਪੰਜਾਬ ਜੀ. ਕੇ. ਵਿਸ਼ਿਆਂ ਦੇ ਆਬਜੈਕਟਿਵ ਟਾਈਪ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ਨੂੰ ਮਹੀਨਾਵਾਰ ਵਜ਼ੀਫ਼ਾ ਵੀ ਦਿੱਤਾ ਜਾਵੇਗਾ, ਜਿਸ 'ਚ ਲੋਕਲ ਵਿਦਿਆਰਥੀਆਂ ਲਈ 1500 ਰੁ. ਪ੍ਰਤੀ ਮਹੀਨਾ ਅਤੇ ਬਾਹਰੀ ਵਿਦਿਆਰਥੀਆਂ ਲਈ 3000 ਰੁ. ਪ੍ਰਤੀ ਮਹੀਨਾ ਵਜ਼ੀਫ਼ਾ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਵੈੱਬਸਾਈਟ welfare.punjab.gov.in 'ਤੇ ਜਾ ਸਕਦੇ ਹਨ |