ਨੂਰਪੁਰਬੇਦੀ, 29 ਅਗਸਤ (ਵਿੰਦਰਪਾਲ ਝਾਂਡੀਆਂ) ਨੂਰਪੁਰਬੇਦੀ ਇਲਾਕੇ ਦੇ ਪਿੰਡ ਅਸਮਾਨਪੁਰ ਲਾਗੇ ਇਕ ਮੋਟਰਸਾਈਕਲ ਤੇ ਕਾਰ 'ਚ ਹੋਈ ਜਬਰਦਸਤ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਲੜਕੇ ਦੀ ਮੌਤ ਹੋ ਗਈ ਜਦਕਿ ਉਸ ਦੀ ਮਾਤਾ ਗੰਭੀਰ ਜ਼ਖ਼ਮੀ ਹੋ ਗਈ | ਇਸ ਸਬੰਧੀ ਏ.ਐੱਸ.ਆਈ. ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਲੜਕੇ ਦੇ ਚਾਚੇ ਜਗਦੀਸ਼ ਰਾਮ ਪੁੱਤਰ ਗੁਰਮੀਤ ਚੰਦ ਵਾਸੀ ਅਸਾਲਤਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਨਜ਼ਦੀਕੀ ਪਿੰਡ ਕੁੰਭੇਵਾਲ ਵਿਖੇ ਕਿਸੇ ਰਿਸ਼ਤੇਦਾਰ ਦੇ ਗਏ ਹੋਏ ਸਨ | ਜਦੋਂ ਉਸ ਦਾ ਭਤੀਜਾ ਪਰਮਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਆਪਣੀ ਮਾਤਾ ਦਲਜੀਤ ਕੌਰ ਨੂੰ ਲੈ ਕੇ ਵਾਪਸ ਪਿੰਡ ਨੂੰ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਦੁਪਹਿਰ ਕਰੀਬ 2 ਵਜੇ ਸਾਹਮਣੇ ਤੋਂ ਆ ਰਹੀ ਇਕ ਸਿਲਾਰੀਓ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ 'ਤੇ ਗੰਭੀਰ ਜ਼ਖ਼ਮੀ ਹੋਏ ਉਸ ਦੇ ਭਤੀਜੇ ਪਰਮਿੰਦਰ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਜਦਕਿ ਉਸ ਦੀ ਮਾਤਾ ਦਲਜੀਤ ਕੌਰ ਦੇ ਗੰਭੀਰ ਸੱਟਾਂ ਲੱਗਣ ਕਾਰਨ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ | ਪੁਲਿਸ ਨੇ ਕਾਰ ਦੇ ਚਾਲਕ ਸੁਰਿੰਦਰ ਸਿੰਘ ਪੁੱਤਰ ਖੁਸ਼ੀ ਰਾਮ, ਵਾਸੀ ਪਿੰਡ ਚੌਂਤਾ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ |