ਸ੍ਰੀ ਅਨੰਦਪੁਰ ਸਾਹਿਬ, 29 ਅਗਸਤ (ਕਰਨੈਲ ਸਿੰਘ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਰਚਿਤ ਸਿੱਖ ਸਾਹਿਤ ਦਾ ਅਨਮੋਲ ਖਜਾਨਾ 'ਮਹਾਨ ਕੋਸ਼' ਦੀ ਬੇਅਦਬੀ ਕਰਨਾ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ | ਇਸ ਪੂਰੀ ਘਟਨਾ ਅਤੇ ਵੱਖ-ਵੱਖ ਭਾਸ਼ਾਵਾਂ 'ਚ ਉਕਤ ਗ੍ਰੰਥ ਨੂੰ ਤਿਆਰ ਕਰਨ ਵਾਲੀ ਤਕਨੀਕੀ ਕਮੇਟੀ ਦੀ ਗੈਰ ਜ਼ਿੰਮੇਵਾਰਨਾ ਕਾਰਵਾਈ ਦੀ ਅਦਾਲਤੀ ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਅਮਲ 'ਚ ਲਿਆਉਣੀ ਚਾਹੀਦੀ ਹੈ | ਇਹ ਪ੍ਰਗਟਾਵਾ ਇਸ ਪੂਰੇ ਘਟਨਾਕ੍ਰਮ ਦੀ ਸਖ਼ਤ ਸਬਦਾਂ 'ਚ ਨਿੰਦਿਆਂ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਡਾ. ਚੀਮਾ ਨੇ ਕਿਹਾ ਕਿ ਇਸ ਤੋਂ ਵੱਧ ਅਫਸੋਸਨਾਕ ਹੋਰ ਕੀ ਹੋ ਸਕਦਾ ਹੈ, ਕਿ ਪੰਜਾਬੀ ਯੂਨੀਵਰਸਿਟੀ ਵਰਗੇ ਵਕਾਰੀ ਅਦਾਰੇ ਜਿਨ੍ਹਾਂ ਦੀ ਜ਼ਿੰਮੇਵਾਰੀ ਅਜਿਹੇ ਖੋਜ ਭਰਪੂਰ ਲਿਖਤਾਂ ਨੂੰ ਸੰਭਾਲਣ ਦੀ ਹੈ, ਉਹ ਖੁਦ ਹੀ ਉਨ੍ਹਾਂ ਲਿਖਤਾਂ ਨੂੰ ਮਿਟਾਉਣ 'ਤੇ ਲੱਗੇ ਹੋਣ | ਉਨ੍ਹਾਂ ਕਿਹਾ ਕਿ ਦੂਜੀਆਂ ਭਾਸ਼ਾਵਾਂ 'ਚ ਤਿਆਰ ਪੁਸ਼ਤਕ ਵਿਚਲੀ ਵੱਡੀਆਂ ਗਲਤੀਆਂ ਕਰਕੇ ਇਸ ਪ੍ਰੋਜੈਟਰ ਲਈ ਗਠਿਤ ਕੀਤੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਕਮੇਟੀ ਦੀ ਕਾਰਗੁਜਾਰੀ ਵੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ | ਉਨ੍ਹਾਂ ਕਿਹਾ ਕਿ ਉਕਤ ਗ੍ਰੰਥ ਨੂੰ ਖਤਮ ਕਰਨ ਦਾ ਯੂਨੀਵਰਸਿਟੀ ਦਾ ਤਰੀਕਾ ਬਹੁਤ ਹੀ ਇਤਰਾਜਯੋਗ ਸੀ | ਇਸ ਕੁਤਾਹੀ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਨੂੰ ਵੀ ਜਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਨੈਤਿਕ ਜ਼ਿੰਮੇਵਾਰੀ ਕਬੂਲਦਿਆਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦੀ ਮੰਗ ਕੀਤੀ ਹੈ | ਉਨ੍ਹਾਂ ਮੰਗ ਕੀਤੀ ਕਿ ਯੂਨੀਵਰਸਿਟੀ ਦੇ ਤਿੰਨ ਅਧਿਕਾਰੀਆਂ ਖਿਲਾਫ ਦਰਜ ਮਾਮਲਿਆਂ 'ਚ ਲੋੜੀਦੀਆਂ ਧਾਰਾਵਾਂ ਜੋੜੀਆਂ ਜਾਣ ਤੇ ਇਸ ਮਾਮਲੇ 'ਚ ਮਾਹਿਰਾਂ ਦੀ ਕਮੇਟੀ ਨੂੰ ਵੀ ਸ਼ਾਮਿਲ ਕੀਤਾ ਜਾਵੇ ਜੋ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਅਸਫਲ ਰਹੀ ਹੈ | ਇਸ ਮੌਕੇ ਉਨ੍ਰਾਂ ਨਾਲ ਸ਼ੋ੍ਰਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਮੈਂਬਰ ਦਿਲਜੀਤ ਸਿੰਘ ਭਿੰਡਰ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਸਤਨਾਮ ਸਿੰਘ ਝੱਜ, ਤਲਵਿੰਦਰ ਸਿੰਘ ਬੁੱਟਰ, ਸਾਬਕਾ ਨਾਇਬ ਤਹਿਸੀਲਦਾਰ ਜੋਗਿੰਦਰ ਸਿੰਘ, ਨਿਰਮਲ ਸਿੰਘ ਹਰੀਵਾਲ ਆਦਿ ਹਾਜਰ ਸਨ |