ਪੁਰਖਾਲੀ, 29 ਅਗਸਤ (ਅੰਮਿ੍ਤਪਾਲ ਸਿੰਘ ਬੰਟੀ)-ਬੀਤੀ ਰਾਤ ਪਏ ਤੇਜ਼ ਮੀਂਹ ਕਾਰਨ ਭੋਲੋਂ ਅਤੇ ਬਾਗਵਾਲੀ ਕੋਲੋਂ ਨਦੀ ਦਾ ਦਾਖਲ ਹੋਣ ਕਾਰਨ ਸਰਾੜੀ ਅਤੇ ਸੈਂਫਲਪੁਰ ਦੇ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ | ਇਸ ਸੰਬੰਧੀ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਕਿ ਉਕਤ ਨੁਕਸਾਨ ਲਈ ਸੰਬੰਧਿਤ ਵਿਭਾਗ ਅਤੇ ਜ਼ਿੰਮੇਵਾਰ ਪੰਚਾਇਤ ਤੋਂ ਭਰਪਾਈ ਕਰਵਾਈ ਜਾਵੇ ਅਤੇ ਜ਼ਮੀਨਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਨਦੀ ਦੇ ਨਾਲ ਬੰਨ੍ਹ/ਕਰੇਟ ਵਾਲ ਲਗਾਇਆ ਜਾਵੇ | ਇਸ ਸੰਬੰਧੀ ਕਿਸਾਨ ਦਿਲਬਰ ਸਿੰਘ ਸਰਾੜੀ, ਅਜੈਬ ਸਿੰਘ, ਲੰਘਦੀ ਬੁੱਧ ਸਿੰਘ, ਬਖਸ਼ੀਸ਼ ਸਿੰਘ, ਸੁਖਜਿੰਦਰ ਸਿੰਘ, ਸਵਰਨ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਭੋਲੋਂ ਬਾਗਵਾਲੀ ਕੋਲੋਂ ਲੰਘਦੀ ਨਦੀ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਫਸਲਾਂ ਨੂੰ ਪਿਛਲੇ ਕਰੀਬ 15-16 ਸਾਲਾਂ ਤੋਂ ਨੁਕਸਾਨ ਕਰਦੀ ਆ ਰਹੀ ਹੈ | ਉਨ੍ਹਾਂ ਦੱਸਿਆ ਉਹ ਸਾਲ 2013-14 ਤੋਂ ਲਿਖਤੀ ਤੌਰ ਤੇ ਇਸ ਨਦੀ ਦੇ ਨਾਲ ਬੰਨ੍ਹ ਮਾਰਨ ਜਾਂ ਕਰੇਟ ਵਾਲ ਲਗਾਉਣ ਦੀ ਮੰਗ ਕਰਦੇ ਆ ਰਹੇ ਹਾਂ | ਤਾਂ ਜੋ ਸਾਡੀਆਂ ਫਸਲਾਂ ਅਤੇ ਜਮੀਨਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ | ਉਨ੍ਹਾਂ ਦੱਸਿਆ ਕਿ ਉਕਤ ਨਦੀ ਉੱਛਲ ਕੇ ਅਤੇ ਟੁੱਟ ਕੇ ਉਨ੍ਹਾਂ ਦੀਆਂ ਜਮੀਨਾਂ ਅਤੇ ਫਸਲਾਂ ਨੂੰ ਨੁਕਸਾਨ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਨਦੀ ਦੇ ਪਾਣੀ ਨਾਲ ਸਾਡੀਆਂ ਫਸਲਾਂ ਨੂੰ ਨੁਕਸਾਨ ਤਾਂ ਪੁਜਾਉਂਦੀ ਹੀ ਹੈ | ਸਗੋਂ ਨਦੀ ਦੇ ਪਾਣੀ ਦੇ ਵਹਾਅ ਕਾਰਨ ਜਮੀਨਾਂ ਨੂੰ ਵੱਡੇ ਵੱਡੇ ਪਾੜ ਪੈ ਜਾਂਦੇ ਹਨ ਜਿਨ੍ਹਾਂ ਨੂੰ ਠੀਕ ਕਰਨ ਲਈ ਲੱਖਾਂ ਰੁਪਏ ਦਾ ਖਰਚਾ ਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪਏ ਤੇਜ ਮੀਂਹ ਦਾ ਪਾਣੀ ਫਿਰ ਉੱਛਲ ਕੇ ਉਨ੍ਹਾਂ ਦੀਆਂ ਜਮੀਨਾਂ ਚ ਵੜਿਆ ਜਿਸ ਨਾਲ ਸਾਡੀਆਂ ਫਸਲਾਂ ਨੁਕਸਾਨੀਆਂ ਗਈਆਂ ਅਤੇ ਜਮੀਨਾਂ ਨੂੰ ਪਾੜ ਪੈ ਗਏ | ਉਨ੍ਹਾਂ ਅੱਗੇ ਦੱਸਿਆ ਕਿ ਇਸ ਸਰਕਾਰ ਸਮੇਂ ਜਮੀਨਾਂ ਅਤੇ ਫਸਲਾਂ ਨੂੰ ਨਦੀ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਸੰਨ 2024 ਚ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਬੇਨਤੀ ਪੱਤਰ ਦਿੱਤਾ ਸੀ ਅਤੇ ਬੰਨ. ਜਾਂ ਕਰੇਟ ਵਾਲ ਲਗਾਉਣ ਦੀ ਮੰਗ ਕੀਤੀ ਸੀ | ਉਨ੍ਹਾਂ ਦੱਸਿਆ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਦਿੱਤੇ ਬੇਨਤੀ ਪੱਤਰ ਤੇ ਜਲ ਸਰੋਤ ਵਿਭਾਗ ਰੂਪਨਗਰ ਨੇ ਕਾਰਵਾਈ ਅਮਲ ਚ ਲਿਆਉਂਦਿਆਂ ਨਦੀ ਦੇ ਨਾਲ ਪੱਥਰ ਦਾ ਕਰੇਟ ਵਾਲ ਲਗਾਉਣ ਲਈ ਕਰੀਬ 5-6 ਮਹੀਨੇ ਪਹਿਲਾਂ ਪੱਥਰ ਵੀ ਸੁੱਟ ਦਿੱਤਾ ਸੀ ਪਰ ਨਿਸ਼ਾਨਦੇਹੀ ਦੇ ਬਾਵਜੂਦ ਵੀ ਗ੍ਰਾਮ ਪੰਚਾਇਤ ਨੇ ਕਰੇਟ ਵਾਲ ਦਾ ਕੰਮ ਰੋਕ ਦਿੱਤਾ | ਤੇ ਅਸੀਂ ਉਕਤ ਕੰਮ ਨੂੰ ਸ਼ੁਰੂ ਕਰਨ ਲਈ ਵਿਭਾਗ ਦੀਆਂ ਵਾਰ ਵਾਰ ਮਿਨਤਾਂ ਕਰਦੇ ਰਹੇ | ਉਨ੍ਹਾਂ ਕਿਹਾ ਕਿ ਰਾਤ ਪਏ ਮੀਂਹ ਕਾਰਨ ਨਦੀ ਦਾ ਪਾਣੀ ਫਿਰ ਉਨ੍ਹਾਂ ਦੀਆਂ ਜਮੀਨਾਂ 'ਚ ਦਾਖਲ ਹੋ ਗਿਆ ਜਿਸ ਨਾਲ ਸਾਡੀਆਂ ਫਸਲਾਂ ਨੁਕਸਾਨੀਆਂ ਗਈਆਂ ਅਤੇ ਜਮੀਨਾਂ ਨੂੰ ਪਾੜ ਪੈ ਗਏ | ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਿੰਮੇਵਾਰ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ ਅਤੇ ਫਸਲਾਂ ਤੇ ਜਮੀਨਾਂ ਨੂੰ ਪੁੱਜੇ ਨੁਕਸਾਨ ਦੀ ਭਰਪਾਈ ਜਿੰਮੇਵਾਰ ਵਿਭਾਗ ਅਤੇ ਜਿੰਮੇਵਾਰ ਪੰਚਾਇਤ ਤੋਂ ਕਰਵਾਈ ਜਾਵੇ | ਅਤੇ ਨਦੀ ਨਾਲ ਜਲਦੀ ਤੋਂ ਜਲਦੀ ਬੰਨ/ ਕਰੇਟ ਵਾਲ ਲਗਾਇਆ ਜਾਵੇ