ਭਰਤਗੜ੍ਹ, 29 ਅਗਸਤ (ਜਸਬੀਰ ਸਿੰਘ ਬਾਵਾ)-ਸੈਣੀ ਵੈਲਫੇਅਰ ਬੋਰਡ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ ਨੇ ਕਿਹਾ ਹੈ ਕਿ ਅੰਬੂਜਾ ਸੀਮਿੰਟ ਉਦਯੋਗ ਨੂੰ ਨੇੜਲੇ ਪਿੰਡਾਂ ਦੇ ਪਰਿਵਾਰਾਂ ਨਾਲ ਸੰਬੰਧਤ ਦੀ ਵੈਪਕੋ ਕੋਪ੍ਰੇਟਿਵ ਟਰੱਕ ਟਰਾਸਪੋਰਟ ਸੁਸਾਇਟੀ ਨੂੰ ਰੁਜ਼ਗਾਰ ਦੇਣ ਦੀ ਲੋੜ ਹੈ, ਕਿਉਂਕਿ ਉਕਤ ਪਰਿਵਾਰ ਅੰਬੁਜਾ ਸੀਮੇਂਟ ਉਦਯੋਗ ਤੋਂ 7 ਕਿਲੋਮੀਟਰ ਦੇ ਘੇਰੇ ਅਧੀਨ ਆਉਂਦੇ ਹਨ | ਉਨ੍ਹਾਂ ਕਿਹਾ ਕਿ ਸੀਮਿੰਟ ਉਦਯੋਗ ਵਲੋਂ ਪ੍ਰਦੂਸ਼ਣ ਦੇ ਨਿਯਮਾਂ ਨੂੰ ਛਿੱਕੇ ਟੰਗਕੇ ਖੇਤਰੀ ਪਿੰਡਾਂ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਦੋਂ ਕਿ ਰੁਜਗਾਰ ਬਾਹਰਲੇ ਸੂਬੇ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ | ਇਸੇ ਦੌਰਾਨ ਨੇੜਲੇ ਪਿੰਡਾਂ 'ਚੋਂ ਰਣਜੀਤਪੁਰਾ ਵਾਸ, ਮਾਜਰੀ ਗੁੱਜਰਾਂ ,ਆਸਪੁਰ, ਕੋਟਬਾਲਾ, ਅਵਾਨਕੋਟ, ਹਿੰਮਤਪੁਰ, ਸਰਸਾ ਨੰਗਲ, ਮੰਗੂਵਾਲ ਦੀਵਾੜੀ ਦੇ ਵਸਨੀਕਾਂ 'ਚੋਂ ਜਗਤਾਰ ਸਿੰਘ ਪਾਬਲਾ, ਪਰਮਜੀਤ ਸਿੰਘ, ਕੇਸਰ ਸਿੰਘ, ਗੁਰਅਵਤਾਰ ਸਿੰਘ, ਗੁਰਧਿਆਨ ਸਿੰਘ, ਹਰੀਸ਼ ਮੁਹੰਮਦ, ਤਰਲੋਚਨ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਮੰਗਲ ਸਿੰਘ, ਸੋਹਣ ਸਿੰਘ, ਮੋਹਣ ਸਿੰਘ ਆਦਿ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਖਤੀ ਪੱਤਰ ਭੇਜਦਿਆਂ ਕਿਹਾ ਹੈ ਕਿ ਅਸੀਂ ਦਬੁਰਜੀ ਸਥਿਤ ਅੰਬੂਜਾ ਸੀਮਿੰਟ ਉਦਯੋਗ ਦੇ 7 ਕਿਲੋਮੀਟਰ ਦੇ ਘੇਰੇ 'ਚ ਸ਼ਾਮਿਲ ਹਾਂ, ਅਸੀਂ ਪਿਛਲੇ 25 ਵਰਿ੍ਹਆਂ ਤੋਂ ਇਸ ਉਦਯੋਗ ਦੇ ਪ੍ਰਦੂਸ਼ਣ ਦੀ ਮਾਰ ਸਹਿ ਰਹੇ ਹਾਂ, ਪ੍ਰਦੂਸ਼ਣ ਦੇ ਸਬੂਤ ਵੀ ਕਈ ਵਾਰ ਸਰਕਾਰੀ ਜਾਂਚ ਰਿਪੋਰਟ 'ਚ ਸਾਹਮਣੇ ਆ ਚੁੱਕੇ ਹਨ, ਕੁਝ ਰਿਪੋਰਟ ਦੇ ਨਮੂਨੇ ਵਜੋਂ ਉਕਤ ਪੱਤਰ ਨਾਲ ਵੀ ਨੱਥੀ ਹਨ | ਮੁਲਤਾਨੀ ਸਮੇਤ ਉਕਤ ਪਿੰਡਾਂ ਦੇ ਵਸਨੀਕਾਂ ਨੇ ਕਿਹਾ ਹੈ ਅਸੀਂ ਇਸ ਉਦਯੋਗ ਦੇ ਅਧਿਕਾਰੀਆਂ ਦੇ ਪੱਖਪਾਤੀ ਰਵੱਈਏ ਕਰਕੇ ਉਦਯੋਗ ਵਲੋਂ ਬਾਹਰੀ ਲੋਕਾਂ ਨੂੰ ਦਿੱਤੇ ਜਾ ਰਹੇ ਰੋਜ਼ਗਾਰ ਕਰਕੇ ਅਸੀਂ ਰੁਜ਼ਗਾਰ ਤੋਂ ਵਾਂਝੇ ਹਾਂ, ਪਿੰਡਾਂ ਦੇ ਵਸਨੀਕਾਂ ਦੀ ਆਰਥਿਕ ਹਾਲਤ ਵੀ ਨਿਘਾਰ ਵੱਲ ਜਾ ਰਹੀ ਹੈ, ਅੰਬੂਜਾ ਸੀਮਿੰਟ ਉਦਯੋਗ ਦੇ ਅਧਿਕਾਰੀਆਂ ਨੇ ਕਈ ਵਾਰ ਵਾਅਦਾ ਕੀਤਾ ਸੀ ਕਿ ਇਸ ਖੇਤਰ ਦੇ ਮੂਲ ਵਸਨੀਕਾਂ ਨੂੰ ਰੋਜ਼ਗਾਰ ਦੇਣ ਵਿਚ ਪਹਿਲ ਦਿੱਤੀ ਜਾਵੇਗੀ, ਉਕਤ ਸੀਮਿੰਟ ਉਦਯੋਗ ਦੇ 7 ਕਿ. ਮੀ. ਦੇ ਘੇਰੇ 'ਚ ਸ਼ਾਮਿਲ ਪਿੰਡਾਂ ਦੇ ਵਸਨੀਕਾਂ ਨੇ ਦੀ ਵੈਪਕੋ ਕੋਆ ਟਰਾਂਸਪੋਰਟ ਸੁਸਾਇਟੀ ਰਜਿਸਟਰਡ ਕਰਵਾਈ ਹੋਈ ਹੈ, ਸੀਮਿੰਟ ਉਦਯੋਗ ਤੋਂ ਤੇ ਸੀਮਿੰਟ ਅਤੇ ਹੋਰ ਸਮਗਰੀ ਦੀ ਢੋਆ ਢੁਆਈ ਦਾ ਕੰਮ ਉਕਤ ਪਿੰਡਾਂ ਦੇ ਵਸਨੀਕਾਂ ਦੀ ਇਸ ਸੁਸਾਇਟੀ ਨੂੰ ਪਹਿਲ ਦੇ ਆਧਾਰ 'ਤੇ ਦੁਆਉਣਾ ਅਜੋਕੇ ਵਕਤ ਦੀ ਮੁੱਖ ਲੋੜ ਹੈ ਤਾਂ ਕਿ ਰੋਜ਼ਗਾਰ ਪ੍ਰਾਪਤੀ ਨਾਲ ਉਕਤ ਪਿੰਡਾਂ ਦੇ ਵਸਨੀਕ ਆਰਥਿਕ ਪੱਖੋਂ ਮਜ਼ਬੂਤ ਹੋ ਸਕਣ |