ਸ੍ਰੀ ਚਮਕੌਰ ਸਾਹਿਬ, 29 ਅਗਸਤ(ਜਗਮੋਹਣ ਸਿੰਘ ਨਾਰੰਗ)-ਸਥਾਨਕ ਨਗਰ ਕੌਸ਼ਲ ਦੇ ਦਫ਼ਤਰ ਤੋਂ ਅੱਜ ਬਾਅਦ ਦੁਪਹਿਰ ਇੱਕ ਰਾਸ਼ਨ ਦਾ ਭਰਿਆ ਟਰੱਕ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹੁਸ਼ਿਆਰਪੁਰ ਜ਼ਿਲੇ੍ਹ ਲਈ ਭੇਜਿਆ ਗਿਆ | ਜਿਸ ਨੂੰ ਸਥਾਨਕ ਐਸ.ਡੀ.ਐਮ. ਅਮਰੀਕ ਸਿੰਘ ਸਿੱਧੂ ਨੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਕਰੀਬ 650 ਕਿੱਟਾਂ ਜਿਨ੍ਹਾਂ 'ਚ ਆਟਾ, ਚਾਵਲ, ਦਾਲਾਂ, ਚੀਨੀ ਅਤੇ ਹੋਰ ਜ਼ਰੂਰੀ ਵਸਤਾਂ ਸ਼ਾਮਿਲ ਸਨ, ਨੂੰ ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਕੌਂਸਲਰ ਤੇ ਮੁਲਾਜ਼ਮਾਂ ਵਲੋਂ 100 ਕਿੱਟ, ਅਨਾਜ ਮੰਡੀ ਸ੍ਰੀ ਚਮਕੌਰ ਸਾਹਿਬ ਦੇ ਆੜਤੀਆਂ ਵਲੋਂ 250 ਕਿੱਟ, ਵਿਸ਼ਾਲ ਟਰੇਡਰਜ਼ ਸ੍ਰੀ ਚਮਕੌਰ ਸਾਹਿਬ ਵਲੋਂ 50 ਕਿੱਟ, ਭੱਠਾ ਯੂਨੀਅਨ ਵਲੋਂ 100 ਕਿੱਟ, ਬਲਾਕ ਦਫ਼ਤਰ /ਪੰਚਾਇਤਾਂ ਵਲੋਂ 150 ਕਿੱਟਾਂ ਹੜ੍ਹ ਪੀੜਤਾਂ ਲਈ ਭੇਟ ਕੀਤੀਆਂ ਗਈਆਂ ਹਨ | ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮੌਕੇ ਆਪਣਾ ਮਨੁੱਖਤਾ ਦਾ ਫ਼ਰਜ਼ ਸਮਝਦੇ ਹੋਏ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ | ਇਸ ਮੌਕੇ ਨਗਰ ਕੌਸ਼ਲ ਦੇ ਈ ਓ ਰਵੀ ਜਿੰਦਲ, ਨਗਰ ਕੌਸ਼ਲ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ, ਵਾਈਸ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਸੈਨੇਟਰੀ ਇੰਸਪੈਕਟਰ ਸਤਨਾਮ ਸਿੰਘ, ਪੰਚਾਇਤ ਯੂਨੀਅਨ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਹਰਿੰਦਰ ਸਿੰਘ ਕਾਕਾ ਜਟਾਣਾ, ਆੜਤੀ ਐਸੋ. ਦੇ ਪ੍ਰਧਾਨ ਮੇਜਰ ਸਿੰਘ ਮਾਂਗਟ, ਆੜਤੀ ਮਨਜੀਤ ਸਿੰਘ ਕੰਗ, ਆੜਤੀ ਕੇਹਰ ਸਿੰਘ, ਸੂਖਵਿੰਦਰ ਸਿੰਘ ਮਹਿਤੋਤ, ਸਮਸ਼ੇਰ ਸਿੰਘ ਮੰਗੀ ਸਮੇਤ ਸਮੂਹ ਕੌਂਸਲਰ ਅਤੇ ਹੋਰ ਅਮਲਾ ਮੌਜੂਦ ਸੀ |