ਕਾਹਨਪੁਰ ਖੂਹੀ, 29 ਅਗਸਤ (ਗੁਰਬੀਰ ਸਿੰਘ ਵਾਲੀਆ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੁੱਧ ਮੁਹਿੰਮ ਅਤੇ ਨੌਜਵਾਨਾਂ ਨੂੰ ਸਹੀ ਰਾਹ 'ਤੇ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਨਿਰਦੇਸ਼ਾਂ ਹੇਠ ਪਿੰਡ ਪੱਧਰ 'ਤੇ ਯੂਥ ਕਲੱਬਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ | ਇਸ ਸੰਬੰਧੀ ਜ਼ਿਲ੍ਹਾ ਯੂਥ ਪ੍ਰਧਾਨ ਜਗਦੀਪ ਸਿੰਘ ਦੀਪੀ ਕੋਲਾਪੁਰ ਦੀ ਅਗਵਾਈ ਹੇਠ ਪਿੰਡ ਨਲਹੋਟੀ ਦੇ ਖੇਡ ਮੈਦਾਨ ਵਿਚ ਨੌਜਵਾਨਾਂ ਦੀ ਇੱਕ ਵੱਡੀ ਮੀਟਿੰਗ ਆਯੋਜਿਤ ਕੀਤੀ ਗਈ | ਇਸ ਮੌਕੇ ਜਗਦੀਪ ਦੀਪੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ਜਿਵੇਂ ਕਿ ਰੋਜ਼ਗਾਰ ਮੌਕੇ, ਖੇਡਾਂ ਨੂੰ ਉਤਸ਼ਾਹਿਤ ਕਰਨਾ, ਨਸ਼ਾ ਵਿਰੁੱਧ ਜਾਗਰੂਕਤਾ ਤੇ ਸਕਿਲ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਨੌਜਵਾਨ ਹੀ ਰਾਜ ਦਾ ਭਵਿੱਖ ਹਨ, ਇਸ ਲਈ ਉਨ੍ਹਾਂ ਨੂੰ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਨਾਲ ਜੋੜਨਾ ਸਰਕਾਰ ਦੀ ਪ੍ਰਾਥਮਿਕਤਾ ਹੈ | ਉਨ੍ਹਾਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਹਲਕੇ ਵਿਚ ਹਰ ਪਿੰਡ ਪੱਧਰ 'ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਯੂਥ ਕਲੱਬਾਂ ਦੀ ਬਣਤਰ ਸ਼ੁਰੂ ਕਰਵਾਈ ਹੈ | ਚੱਢਾ ਸਾਹਿਬ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦੇ ਹਨ ਅਤੇ ਉਨ੍ਹਾਂ ਲਈ ਸਰਕਾਰੀ ਯੋਜਨਾਵਾਂ ਤੱਕ ਪਹੁੰਚ ਬਣਾਉਣ ਵਿਚ ਅਗਵਾਈ ਕਰ ਰਹੇ ਹਨ | ਮੀਟਿੰਗ ਦੌਰਾਨ ਪਿੰਡ ਨਲਹੋਟੀ, ਰੈਂਸੜਾ, ਕਹਾਨਪੁਰ ਖੂਹੀ, ਗੋਚਰ, ਰਾਮਪੁਰ ਕਾਲਾ, ਰੋੜੂਆਣਾ, ਸਾਖਪੁਰ, ਝਾਂਗੜੀਆ, ਝੱਜ, ਡੂਮੇਵਾਲ, ਕਲਵਾਂ, ਕਾਂਗੜ, ਥਾਣਾ, ਸਮੁੰਦੜੀਆਂ, ਹਰੀਪੁਰ ਅਤੇ ਪਲਾਟਾ ਤੋਂ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਹਿਸਾ ਲਿਆ | ਇਸ ਮੌਕੇ ਕੋਚ ਜਤਿੰਦਰ ਸੇਠੀ, ਰਿੰਕੂ ਜੱਟਪੁਰ, ਕੁਲਵਿੰਦਰ ਸਰਪੰਚ ਜੱਟਪੁਰ ਅਤੇ ਸ਼ੰਮੀ ਫੌਜੀ ਮੂਸਾਪੁਰ ਵੀ ਖ਼ਾਸ ਹਾਜ਼ਰ ਸਨ |