ਨੂਰਪੁਰਬੇਦੀ, 29 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਜਾਬ ਸਰਕਾਰ ਵਲੋਂ ਆਰੰਭ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕਾ ਕੋਆਰਡੀਨੇਟਰ ਅਵਤਾਰ ਸਿੰਘ ਕੂੰਨਰ ਦੀ ਅਗਵਾਈ ਹੇਠ ਪਿੰਡ ਮੀਰਪੁਰ ਚ ਇੱਕ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਡਿਫੈਂਸ ਕਮੇਟੀ ਦਾ ਗਠਨ ਕੀਤਾ ਗਿਆ | ਇਸ ਕਮੇਟੀ ਵਿੱਚ ਮਨਪ੍ਰੀਤ ਕੌਰ, ਗੁਰਨਾਮ ਸਿੰਘ, ਪੁਸ਼ਪਿੰਦਰ ਕੌਰ, ਅਮਰਪ੍ਰੀਤ ਸਿੰਘ, ਸ਼ਿੰਗਾਰਾ ਸਿੰਘ, ਸੁਖਚੈਨ ਸਿੰਘ ਆਦਿ ਨੂੰ ਮੈਂਬਰਾਂ ਵਜੋਂ ਚੁਣਿਆ ਗਿਆ | ਇਸ ਮੌਕੇ ਗੱਲ ਕਰਦਿਆਂ ਅਵਤਾਰ ਸਿੰਘ ਕੂੰਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਲਿਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਹਰ ਪਿੰਡ ਦੇ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅੱਜ ਨਸ਼ਿਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅੰਦਰੋਂ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਲਈ ਲੋੜ ਹੈ ਕਿ ਪਿੰਡ ਪੱਧਰ 'ਤੇ ਲੋਕ ਇਕੱਠੇ ਹੋਣ, ਕਮੇਟੀਆਂ ਰਾਹੀਂ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਜਿਹੜਾ ਵੀ ਵਿਅਕਤੀ ਨਸ਼ਿਆਂ ਵੱਲ ਵਧ ਰਿਹਾ ਹੈ, ਉਸਨੂੰ ਪਿਆਰ ਨਾਲ ਸਮਝਾ ਕੇ ਇਸ ਬੁਰਾਈ ਤੋਂ ਬਚਾਇਆ ਜਾਵੇ | ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਜਦ ਤਕ ਲੋਕਾਂ ਦਾ ਸਾਥ ਨਹੀਂ ਮਿਲੇਗਾ, ਤਦ ਤਕ ਇਹ ਲੜਾਈ ਅਧੂਰੀ ਰਹੇਗੀ | ਕੂੰਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਆਪਣੇ ਪਿੰਡਾਂ ਵਿਚ ਚਲਾਉਣ, ਤਾਂ ਜੋ ਨਵੀਂ ਪੀੜ੍ਹੀ ਨੂੰ ਇੱਕ ਚੰਗਾ ਭਵਿੱਖ ਮਿਲ ਸਕੇ | ਇਸ ਮੌਕੇ ਗੁਰਨੈਬ ਸਿੰਘ ਘੁੰਮਣ ਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |