ਚੰਡੀਗੜ੍ਹ, 29 ਅਗਸਤ (ਸੰਦੀਪ ਕੁਮਾਰ ਮਾਹਨਾ)ਪੰਜਾਬ ਸਰਕਾਰ ਹੜ੍ਹ ਪੀੜਤ ਲੋਕਾਂ ਦੀ ਸੁਰੱਖਿਆ ਤੇ ਰਾਹਤ ਲਈ ਤੁਰੰਤ ਤੇ ਢੁਕਵੇਂ ਕਦਮ ਚੁੱਕ ਰਹੀ ਹੈ | ਮਨੁੱਖੀ ਜਾਨਾਂ ਨੂੰ ਬਚਾਉਣਾ ਤੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਸੂਬਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ | ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੰਜਾਬ ਭਵਨ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਸਮੇਂ 41 ਬਿਰਧ ਘਰ ਕਾਰਗਰ ਹਨ, ਜਿਨ੍ਹਾਂ ਵਿਚ ਕੁੱਲ 572 ਬਜ਼ੁਰਗਾਂ ਨੂੰ ਰੱਖਣ ਦੀ ਸਮਰਥਾ ਹੈ, ਜਿਸਨੂੰ ਵਧਾ ਕੇ 700 ਤੱਕ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਬਜ਼ੁਰਗਾਂ ਨੂੰ ਇਨ੍ਹਾਂ ਬਿਰਧ ਘਰਾਂ 'ਚ ਸੁਰੱਖਿਆ ਪੂਰਵਕ ਰਿਹਾਇਸ਼, ਖਾਣ-ਪੀਣ, ਕੱਪੜੇ, ਦਵਾਈਆਂ ਅਤੇ ਰੈਗੂਲਰ ਚੈਕ ਅਪ ਦੀ ਸਹੂਲਤ ਦਿੱਤੀ ਜਾਵੇਗੀ | ਡਾ. ਬਲਜੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ, ਚਾਈਲਡ ਪ੍ਰੋਟੈਕਸ਼ਨ ਅਫ਼ਸਰਾਂ ਤੇ ਆਂਗਣਵਾੜੀ ਵਰਕਰਾਂ ਦੀਆਂ ਟੀਮਾਂ ਬਜ਼ੁਰਗਾਂ ਨੂੰ ਸੁਰੱਖਿਆ ਪੂਰਵਕ ਥਾਵਾਂ 'ਤੇ ਪਹੁੰਚਾਉਣ ਲਈ ਤੈਨਾਤ ਕੀਤਾ ਗਿਆ ਹੈ | ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੂਬੇ ਦੇ ਸਾਰੇ ਬਿਰਧ ਘਰਾਂ ਨੂੰ ਬਤੌਰ ਅਸਥਾਈ ਸ਼ੈਲਟਰ ਹੋਮ ਵਜੋਂ ਵਰਤਣ ਲਈ ਸਬੰਧਿਤ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ | ਬੱਚਿਆਂ ਨਾਲ ਸੰਬੰਧਿਤ ਐਮਰਜੈਂਸੀ ਮਾਮਲਿਆਂ ਲਈ 1098 ਹੈਲਪਲਾਈਨ ਨੰਬਰ 24 ਘੰਟੇ ਕਾਰਗਰ ਹਨ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ | ਜਿਨ੍ਹਾਂ 'ਚ ਬੱਚਿਆਂ ਲਈ 1098, ਮਹਿਲਾਵਾਂ ਲਈ 181, ਬਜ਼ੁਰਗਾਂ ਲਈ 14567 ਤੋਂ ਇਲਾਵਾ ਮੁੱਖ ਮੰਤਰੀ ਹੈਲਪਲਾਈਨ ਲਈ 01812240064 ਨੰਬਰ ਜਾਰੀ ਕੀਤਾ ਗਿਆ ਹੈ |