ਫ਼ਾਜ਼ਿਲਕਾ, 30 ਅਗਸਤ (ਦਵਿੰਦਰ ਪਾਲ ਸਿੰਘ)-ਹੜ੍ਹਾਂ ਕਾਰਨ ਆਪਣੇ ਅੱਖੀਂ ਆਪਣੇ ਪੁੱਤਰਾਂ ਦੀ ਬਰਬਾਦ ਹੁੰਦੀ ਫ਼ਸਲ ਦੇਖ ਕੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਢਾਣੀ ਸੱਦਾ ਸਿੰਘ ਦੀ ਇਕ ਮਾਤਾ ਹੌਂਕਾਂ ਲੈਂਦੀ ਹੋਈ ਰੱਬ ਨੂੰ ਪਿਆਰੀ ਹੋ ਗਈ | ਆਲਮ ਇਹ ਰਿਹਾ ਕਿ ਮਾਤਾ ਮੌਤ ਤੋਂ ਬਾਅਦ ਪਿੰਡ ਦੀ ਸ਼ਮਸ਼ਾਨ ਭੂਮੀ ਵੀ ਨਸੀਬ ਨਹੀਂ ਹੋਈ ਅਤੇ ਮਾਤਾ ਦੇ ਪੁੱਤਰਾਂ ਨੇ 4 ਕਿਲੋਮੀਟਰ ਬੇੜੀਆਂ 'ਤੇ ਸਫ਼ਰ ਕਰਕੇ ਮਾਤਾ ਦੀ ਲਾਸ਼ ਨੂੰ ਆਪਣੇ ਘਰ ਲਿਜਾ ਕੇ ਚਿਖਾ ਸਜਾਈ ਅਤੇ ਉਸ ਦਾ ਅਤਿੰਮ ਸੰਸਕਾਰ ਕੀਤਾ | ਤਰਸਯੋਗ ਹਾਲਤ ਅਤੇ ਕਹਿਰਵਾਨ ਕੁਦਰਤ ਨੂੰ ਦੇਖ ਕੇ ਹਰ ਇਕ ਅੱਖ ਨਮ ਹੋ ਗਈ | ਜਦੋਂ ਪਿੰਡ ਢਾਣੀ ਸੱਦਾ ਸਿੰਘ ਦੀ ਮਾਤਾ ਹੁਕਮਾਂ ਬਾਈ (75) ਨੇ ਸਤਲੁਜ ਦਾ ਕਹਿਰ ਦੇਖਿਆ ਅਤੇ ਆਪਣੇ ਅੱਖੀਂ ਆਪਣੇ ਪੁੱਤਰਾਂ ਦੀ 7 ਏਕੜ ਖ਼ੁਦ ਦੀ ਅਤੇ 7 ਏਕੜ ਠੇਕੇ 'ਤੇ ਲਈ ਫ਼ਸਲ ਤਬਾਹ ਹੁੰਦੀ ਦੇਖੀ ਤਾਂ ਮਾਤਾ ਗੱਲ ਦਿਲ 'ਤੇ ਲਗਾ ਗਈ ਅਤੇ ਇਕੋ ਹੀ ਹੌਂਕਾਂ ਲੈਂਦੀ ਰਹੀ ਕਿ ਅਜੇ ਤਾਂ 2023 ਦੇ ਦਿੱਤੇ ਜ਼ਖ਼ਮ ਨਹੀਂ ਸਨ ਭੁੱਲੇ ਰੱਬਾ ਤੂੰ ਤਾਂ ਫਿਰ ਕੱਖੋਂ ਹੌਲੇ ਕਰ ਦਿੱਤੇ, ਮੇਰੇ ਪੁੱਤਰਾਂ ਸਿਰ ਚੜਿ੍ਹਆ ਕਰਜ਼ਾ ਕਿਵੇਂ ਉਤਰੇਗਾ | ਇਹੀ ਗੱਲ ਕਰਦੀ ਕਰਦੀ ਮਾਤਾ ਬਿਮਾਰ ਹੋ ਗਈ, ਜਿਸ ਨੂੰ ਬਚਾਅ ਵਿਚ ਲੱਗੀ ਐਨ. ਡੀ. ਆਰ. ਐਫ਼. ਦੀ ਟੀਮ ਨੇ ਬੇੜੀ ਰਾਹੀ ਬਾਹਰ ਲਿਆਂਦਾ ਅਤੇ ਫ਼ਾਜ਼ਿਲਕਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਮਾਤਾ ਜਹਾਨੋਂ ਕੂਚ ਕਰ ਗਈ | ਮਾਤਾ ਦੇ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਚਾਰੇ ਪਾਸੇ ਪਾਣੀ ਹੋਣ ਕਾਰਨ ਘਰ ਵਿਚ ਥੋੜ੍ਹੀ ਥਾਂ ਸੁੱਕੀ ਸੀ, ਜਿਥੇ ਪਿੰਡ ਵਿਚੋਂ ਹੀ ਲੱਕੜਾਂ ਇਕੱਤਰ ਕਰਕੇ ਮਾਤਾ ਦਾ ਸੰਸਕਾਰ ਆਪਣੇ ਘਰ ਵਿਚ ਕਰ ਦਿੱਤਾ |