ਅੰਮਿ੍ਤਸਰ, 20 ਸਤੰਬਰ (ਸੁਰਿੰਦਰ ਕੋਛੜ)-ਦਰਿਆ ਰਾਵੀ ਦੇ ਭਿਆਨਕ ਹੜ੍ਹ ਦੀ ਮਾਰ ਹੇਠ ਆਉਣ ਤੋਂ ਬਾਅਦ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿਖੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਪਾਕਿਸਤਾਨੀ ਸੈਲਾਨੀਆਂ ਅਤੇ ਸ਼ਰਧਾਲੂਆਂ ਦਾ ਦਾਖਲਾ 27 ਅਗਸਤ ਨੂੰ ਬੰਦ ਕਰ ਦਿੱਤਾ ਗਿਆ ਸੀ | ਗੁਰਦੁਆਰੇ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚੋਂ ਹੜ੍ਹ ਦਾ ਗੰਧਲਾ ਪਾਣੀ ਅਤੇ ਮਿੱਟੀ ਦੀ ਗਾਰ ਨਾਲ ਫ਼ਰਸ਼ਾਂ 'ਤੇ ਇਕੱਠੀ ਹੋਈ ਚਿਕਨਾਈ ਅਤੇ ਮਲਬੇ ਨੂੰ ਹਟਾਉਣ ਉਪਰੰਤ ਲਗਭਗ 25 ਦਿਨਾਂ ਬਾਅਦ ਅੱਜ ਸਵੇਰ ਤੋਂ ਪਾਕਿਸਤਾਨੀ ਯਾਤਰੂਆਂ ਲਈ ਕਰਤਾਰਪੁਰ ਲਾਂਘਾ ਮੁੜ ਖੋਲ੍ਹ ਦਿੱਤਾ ਗਿਆ ਹੈ | ਜਾਣਕਾਰੀ ਮੁਤਾਬਿਕ ਅਗਲੇ ਆਦੇਸ਼ਾਂ ਤੱਕ ਗੁਰਦੁਆਰਾ ਸਾਹਿਬ 'ਚ ਪਾਕਿਸਤਾਨੀ ਸੈਲਾਨੀ ਸਿਰਫ਼ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੀ ਪਹੁੰਚ ਸਕਣਗੇ ਅਤੇ ਲਾਂਘੇ ਰਾਹੀਂ ਸਿਰਫ਼ ਆਮ ਨਾਗਰਿਕਾਂ ਨੂੰ ਹੀ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ | ਇਸ ਆਦੇਸ਼ ਦੇ ਚਲਦਿਆਂ ਸਰਕਾਰੀ ਤੇ ਗੈਰ-ਸਰਕਾਰੀ ਵਫ਼ਦ, ਮੀਡੀਆ ਕਰਮਚਾਰੀ ਅਤੇ ਵਿਸ਼ੇਸ਼ ਵਿਅਕਤੀ ਗੁਰਦੁਆਰਾ ਸਾਹਿਬ ਨਹੀਂ ਪਹੁੰਚ ਸਕਣਗੇ | ਹਾਲਾਂਕਿ, ਭਾਰਤ ਸਰਕਾਰ ਵਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਭਾਰਤੀ ਯਾਤਰੂਆਂ ਲਈ ਲਾਂਘਾ ਬੰਦ ਰੱਖਿਆ ਗਿਆ ਹੈ, ਜਿਸ ਨੂੰ ਖੁਲ੍ਹਵਾਉਣ ਲਈ ਵਿਸ਼ਵ-ਭਰ ਦੀਆਂ ਸਿੱਖ ਜਥੇਬੰਦੀਆਂ ਵਲੋਂ ਅਪੀਲ ਕੀਤੀ ਜਾ ਰਹੀ ਹੈ | ਦੱਸਣਯੋਗ ਹੈ ਕਿ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵਲੋਂ ਪਾਕਿਸਤਾਨੀ ਮੁਸਲਿਮ ਸੈਲਾਨੀ ਪਾਸੋਂ ਦਾਖਲਾ ਟਿਕਟ ਦੇ ਮੌਜੂਦਾ ਸਮੇਂ 400 ਪਾਕਿਸਤਾਨੀ ਰੁਪਏ ਵਸੂਲ ਕੀਤੇ ਜਾ ਰਹੇ ਹਨ | ਪਾਕਿ ਸਰਕਾਰ ਵਲੋਂ ਗੁਰਦੁਆਰਾ ਸਾਹਿਬ 'ਚ ਦਾਖ਼ਲੇ ਮੌਕੇ ਪਾਕਿਸਤਾਨੀ ਸੈਲਾਨੀ ਨੂੰ ਦਿੱਤੀ ਜਾਣ ਵਾਲੀ ਹਰੇ ਰੰਗ ਦੀ ਰਸੀਦ ਦੇ ਇਕ ਪਾਸੇ ਉਪਰ ਅੰਗਰੇਜ਼ੀ ਅਤੇ ਹੇਠਾਂ ਗੁਰਮੁਖੀ 'ਚ 'ਵਿਅਕਤੀਗਤ ਰਸੀਦ-ਸੇਵਾ ਚਾਰਜ 400 ਰੁਪਏ, ਸਿੱਖ ਅਤੇ ਨਾਨਕ ਨਾਮ ਲੇਵਾ ਨੂੰ ਛੋਟ ਦਿੱਤੀ ਗਈ ਹੈ' ਲਿਖਿਆ ਗਿਆ ਹੈ | ਜਦਕਿ ਦੂਜੇ ਪਾਸੇ ਸ਼ਾਹਮੁਖੀ, ਗੁਰਮੁਖੀ ਅਤੇ ਅੰਗਰੇਜ਼ੀ 'ਚ 'ਰੱਖ-ਰਖਾਅ, ਸਹੂਲਤਾਂ ਅਤੇ ਟਰਾਂਸਪੋਰਟ ਦੇ ਲਈ ਸੇਵਾ ਖ਼ਰਚ' ਲਿਖਿਆ ਹੈ |