19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦੌਰਾਨ ਇਸਤਰੀ ਅਕਾਲੀ ਦਲ ਦੀ ਪੁਲਿਸ ਨਾਲ ਧੱਕਾ-ਮੁੱਕੀ <br/>

ਅਜੀਤ ਡੈਸਕ 21-09-2025
ਸੰਗਰੂਰ, 20 ਸਤੰਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਘਿਰਾਓ ਦੌਰਾਨ ਪੁਲਿਸ ਨਾਲ ਤਿੱਖੀ ਝੜਪ ਦੇਖਣ ਨੂੰ ਮਿਲੀ ਪਰ ਐਸ.ਐਚ.ਓ. ਸਦਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਤਾਇਨਾਤ ਮਹਿਲਾ ਪੁਲਿਸ ਨੇ ਸੰਜਮ ਨਾਲ ਹਾਲਤ 'ਤੇ ਕਾਬੂ ਪਾਈ ਰੱਖਿਆ | ਇਸਤਰੀ ਵਿੰਗ ਦੀ ਅਗਵਾਈ ਕਰ ਰਹੀ ਪਾਰਟੀ ਦੀ ਕੌਮੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਪੂਰੀ ਤਰ੍ਹਾਂ ਅਸਫ਼ਲ ਹੋ ਚੁੱਕੇ ਹਨ | ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਨੇ ਕੀ-ਕੀ ਕੰਮ ਕੀਤੇ ਹਨ, ਹੜ੍ਹਾਂ ਦੌਰਾਨ ਕੀ ਕੀਤਾ, ਇਨ੍ਹਾਂ ਗੱਲਾਂ ਦਾ ਜਵਾਬ ਦੇਣ ਦੀ ਥਾਂ ਮੁੱਦੇ ਭਟਕਾਉਣ ਲਈ ਅਤੇ ਇਧਰ-ਉਧਰ ਦੀ ਗੱਲਾਂ ਕਰਨ ਵਿਚ ਹੀ ਜ਼ਿਆਦਾ ਯਕੀਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮੁੱਦਿਆਂ ਨੂੰ ਭਟਕਾਉਣ ਖਾਤਰ ਹੀ ਭਗਵੰਤ ਮਾਨ ਬੀਬੀ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਚੱਕੀਆਂ ਲਾਉਣ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ, ਜਿਸ ਦਾ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਆਪਣੇ ਸ਼ਬਦਾਂ ਨੂੰ ਵਾਪਸ ਲੈਣ ਅਤੇ ਮੁਆਫ਼ੀ ਮੰਗਣ | ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਬੀਬੀਆਂ ਨਾਲ ਵਾਅਦਾ ਪੂਰਾ ਕਰਨ ਅਤੇ ਹਜ਼ਾਰ ਹਜ਼ਾਰ ਰੁਪਿਆ ਦੇਣ, 2500 ਰੁਪਿਆ ਪੈਨਸ਼ਨ ਚਾਲੂ ਕਰਨ, ਹੜ੍ਹ ਪੀੜਤਾਂ ਨੂੰ ਤੁਰੰਤ 50 ਹਜ਼ਾਰ ਰੁਪਏ ਮੁਆਵਜ਼ਾ, ਜਿੰਨਾ ਦੇ ਘਰ ਡਿੱਗੇ, ਫ਼ਸਲਾਂ ਬਰਬਾਦ ਹੋਈਆ ਹਨ ਨੂੰ ਪੂਰਾ-ਪੂਰਾ ਮੁਆਵਜ਼ਾ ਦਿੱਤਾ ਜਾਵੇ | ਪਹਿਲਾਂ ਇਸਤਰੀ ਅਕਾਲੀ ਦਲ ਦੀਆਂ ਕਾਰਕੁਨ ਸੰਗਰੂਰ ਪਟਿਆਲਾ ਫਲਾਈ ਉਵਰ ਹੇਠਾਂ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ ਦੀ ਅਗਵਾਈ ਹੇਠ ਤੜਕਸਾਰ ਤੋਂ ਹੀ ਇਕੱਤਰ ਹੋਣੇ ਸ਼ੁਰੂ ਹੋ ਗਈਆਂ ਸਨ, ਜਿਥੋਂ ਦੁਪਹਿਰ ਉਪਰੰਤ ਉਹ ਕੁਝ ਦੂਰੀ 'ਤੇ ਸਥਿਤ ਮੁੱਖ ਮੰਤਰੀ ਨਿਵਾਸ ਵੱਲ ਵਧੀਆਂ, ਜਿਥੇ ਜਾਂਦਿਆਂ ਹੀ ਉਨ੍ਹਾਂ ਦੀ ਝੜਪ ਹੋਈ | ਇਸਤਰੀ ਅਕਾਲੀ ਦਲ ਦੀਆਂ ਕਾਰਕੁਨਾਂ ਅੱਗੇ ਜਾਣ ਲਈ ਤਤਪਰ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਿਵਾਸ ਬਾਹਰ ਕੁਝ ਦੂਰੀ 'ਤੇ ਹੀ ਰੋਕ ਲਿਆ, ਜਿਥੇ ਉਨ੍ਹਾਂ ਆਪਣੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ | ਇਕੱਤਰਤਾ ਨੂੰ ਬੀਬੀ ਪਰਮਜੀਤ ਕੌਰ ਵਿਰਕ, ਕਰਮਜੀਤ ਕੌਰ ਸਮਾਓ, ਜਸਵਿੰਦਰ ਕੌਰ ਜਪਜੀ, ਜਗਰੂਪ ਕੌਰ ਸੰਧੂ, ਜਸਪਾਲ ਕੌਰ ਬਾਰਨ, ਗੁਰਪ੍ਰੀਤ ਕੌਰ ਸਿਬੀਆ, ਰਾਣੀ ਧਾਲੀਵਾਲ, ਜਸਵਿੰਦਰ ਕੌਰ ਠੁੱਲੀਵਾਲ, ਬੇਅੰਤ ਕੌਰ ਖਹਿਰਾ, ਜਸਵੀਰ ਕੌਰ ਜੱਸੀ, ਗੁਰਮੀਤ ਕੌਰ ਬੱਲ, ਬਲਵੀਰ ਕੌਰ ਲਾਇਲਪੁਰ, ਰੁਪਿੰਦਰ ਕੌਰ, ਕਿਰਨਪਾਲ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ ਤੇ ਵੱਖ-ਵੱਖ ਜ਼ਿਲਿ੍ਹਆਂ ਦੀ ਕਾਰਕੁਨਾਂ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਲਾਪਰਵਾਹੀ ਨਾਲ ਮੋਟਰਸਾਈਕਲ ਚਲਾ ਕੇ ਟੱਕਰ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹਾਈ ਕੋਰਟ ਦੀ ਘੁਰਕੀ ਤੋਂ ਬਾਅਦ ਜਾਗੀ ਪੰਜਾਬ ਪੁਲਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।