17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਿਪਤਾ ਦੀ ਘੜੀ 'ਚ ਪੰਜਾਬ ਦੇ ਭਾਜਪਾ ਆਗੂਆਂ ਦੀ ਚੁੱਪ ਹੈਰਾਨ ਕਰਨ ਵਾਲੀ-ਅਮਨ ਅਰੋੜਾ

ਅਜੀਤ ਡੈਸਕ 31-08-2025

ਸੁਨਾਮ ਊਧਮ ਸਿੰਘ ਵਾਲਾ, 30 ਅਗਸਤ (ਭੁੱਲਰ, ਧਾਲੀਵਾਲ, ਸੱਗੂ) - ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਅੱਜ ਜਦੋਂ ਪੰਜਾਬ ਬਿਪਤਾ ਦੀ ਘੜੀ 'ਚੋਂ ਲੰਘ ਰਿਹਾ ਹੈ ਤਾਂ ਉਨ੍ਹਾਂ ਦੀ ਚੁੱਪ ਹੈਰਾਨ ਕਰਨ ਵਾਲੀ ਹੈ | ਅਜਿਹੇ ਮੌਕੇ ਕੇਂਦਰ ਨੂੰ ਤੁਰੰਤ ਪੈਕੇਜ ਜਾਰੀ ਕਰਨ ਲਈ ਦਬਾਅ ਪਾਉਣ ਦੀ ਬਜਾਏ ਭਾਜਪਾ ਆਗੂਆਂ ਵੱਲੋਂ ਸਿਰਫ਼ ਸੂਬਾ ਸਰਕਾਰ ਦੀਆਂ ਕਮੀਆਂ ਲੱਭਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ | ਅੱਜ ਸਥਾਨਕ ਅਨਾਜ ਮੰਡੀ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਸਮਗਰੀ ਦੇ 11 ਟਰੱਕ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪਾਣੀ ਦੇ ਕੋਟੇ ਵਿਚ ਕਟੌਤੀ ਕਰਨ ਬਾਰੇ ਕਹਿਣ ਨਾਲ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ, ਕੇਂਦਰ ਸਰਕਾਰ ਅਤੇ ਪੰਜਾਬ ਦੇ ਭਾਜਪਾ ਆਗੂਆਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਬਿਪਤਾ ਦੀ ਘੜੀ ਵਿਚ ਪੰਜਾਬ ਦੇ ਭਾਜਪਾ ਆਗੂਆਂ ਦੀ ਚੁੱਪ ਤਾਂ ਬਿਲਕੁਲ ਹੀ ਹੈਰਾਨੀ ਪੈਦਾ ਕਰਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਨੂੰ ਆਪਣੀਆਂ ਫ਼ਸਲਾਂ ਲਈ ਪਾਣੀ ਚਾਹੀਦਾ ਹੁੰਦਾ ਹੈ ਤਾਂ ਉਸ ਵੇਲੇ ਹਰਿਆਣਾ ਵਾਧੂ ਪਾਣੀ ਮੰਗਦਾ ਹੈ ਪਰ ਅੱਜ ਅਸੀਂ ਹਰਿਆਣਾ ਨੂੰ ਕਹਿ ਰਹੇ ਹਾਂ ਕਿ ਉਹ ਵਾਧੂ ਪਾਣੀ ਲੈ ਲਵੇ ਤਾਂ ਜੋ ਸੂਬੇ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ ਤਾਂ ਹਰਿਆਣਾ ਸਰਕਾਰ ਨੇ ਕਹਿ ਦਿੱਤਾ ਕਿ ਉਨ੍ਹਾਂ ਨੂੰ ਹੁਣ ਪਾਣੀ ਦੀ ਲੋੜ ਨਹੀਂ ਹੈ | ਉਲਟਾ ਨਿਰਧਾਰਿਤ ਕੋਟੇ ਵਿਚੋਂ ਵੀ ਕਟੌਤੀ ਕਰਨ ਬਾਰੇ ਕਿਹਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਹਲਕਾ ਸੁਨਾਮ ਵਲੋਂ ਸਮੂਹ ਧਿਰਾਂ ਦੇ ਸਹਿਯੋਗ ਨਾਲ ਹੜ੍ਹ ਤੋਂ ਜ਼ਿਆਦਾ ਪ੍ਰਭਾਵਿਤ ਡੇਰਾ ਬਾਬਾ ਨਾਨਕ, ਅਜਨਾਲਾ, ਰਾਜਾਸਾਂਸੀ, ਫ਼ਾਜ਼ਿਲਕਾ, ਭੋਆ ਅਤੇ ਪੱਟੀ ਲਈ 11 ਟਰੱਕ ਭੇਜੇ ਗਏ ਹਨ, ਜਿਸ ਵਿਚ ਪਾਣੀ, ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਭੇਜਿਆ ਗਿਆ ਹੈ | ਉਨ੍ਹਾਂ ਇਸ ਰਾਹਤ ਸਮਗਰੀ ਵਿਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮੁਕੇਸ਼ ਜੁਨੇਜਾ ਚੇਅਰਮੈਨ ਮਾਰਕਿਟ ਕਮੇਟੀ ਸੁਨਾਮ, ਜਤਿੰਦਰ ਜੈਨ, ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ, ਗੁਰਚਰਨ ਸਿੰਘ ਚੌਵਾਸ ਜਖੇਪਲ, ਅਮਰੀਕ ਸਿੰਘ ਧਾਲੀਵਾਲ, ਠੇਕੇਦਾਰ ਨਰਿੰਦਰ ਸਿੰਘ ਕਣਕਵਾਲ, ਰਮੇਸ਼ ਸ਼ਰਮਾ, ਨਰਿੰਦਰ ਪਾਲ ਸਕੱਤਰ, ਪ੍ਰਧਾਨ ਰਾਜਨ ਹੋਡਲਾ, ਰਾਜਨ ਸਿੰਗਲਾ, ਪ੍ਰਧਾਨ ਸੰਜੀਵ ਪੋਪੀ, ਅਗਸਤ ਪ੍ਰਧਾਨ ਹਕੂਮਤ ਰਾਏ ਜਿੰਦਲ, ਅਨਿਲ ਪੋਪਲੀ, ਪ੍ਰਧਾਨ ਯਾਦਵਿੰਦਰ ਸਿੰਘ ਰਾਜਾ ਅਤੇ ਅਵਤਾਰ ਸਿੰਘ ਈਲਵਾਲ ਆਦਿ ਮੌਜੂਦ ਸਨ |
ਲਹਿਰਾਗਾਗਾ, (ਅਸ਼ੋਕ ਗਰਗ) - ਨੇੜਲੇ ਪਿੰਡ ਸੰਗਤਪੁਰਾ ਵਿਖੇ ਭਾਰੀ ਮੀਂਹ ਦੇ ਪਾਣੀ ਨੇ ਕਿਸਾਨਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ | ਪਿੰਡ ਅੰਦਰ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ | ਕਈ ਕੱਚੇ ਘਰਾਂ ਵਾਲੇ ਲੋਕ ਆਪਣੇ ਘਰ ਛੱਡ ਕੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਰਹਿਣ ਲਈ ਮਜਬੂਰ ਹੋਏ ਹਨ | ਪਿੰਡ ਅੰਦਰ ਡੇਅਰੀ ਫਾਰਮ ਦਾ ਕੰਮ ਕਰਦੇ ਕਿਸਾਨਾਂ ਦੇ ਪਸ਼ੂਆਂ ਵਾਲੇ ਬਰਾਂਡੇ ਡਿੱਗ ਜਾਣ ਕਾਰਨ ਵੱਡਾ ਨੁਕਸਾਨ ਹੋਇਆ ਹੈ ਅਤੇ ਕਈ ਪਸ਼ੂ ਜ਼ਖ਼ਮੀ ਵੀ ਹੋਏ ਹਨ | ਪਿੰਡ ਦੀ ਕਰੀਬ 300 ਏਕੜ ਫ਼ਸਲ ਮੀਂਹ ਦੇ ਪਾਣੀ ਵਿਚ ਡੁੱਬ ਜਾਣ ਕਾਰਨ ਪਿੰਡਾਂ ਦੇ ਕਿਸਾਨ ਟਰੈਕਟਰ ਲਗਾ ਕੇ ਨੀਵੀਂਆਂ ਥਾਵਾਂ ਤੋਂ ਆਪਣੇ ਖੇਤਾਂ ਵਿਚ ਖੜਾ ਪਾਣੀ ਕੱਢ ਰਹੇ ਹਨ | ਪਿੰਡ ਦੇ ਕਿਸਾਨ ਪ੍ਰੇਮ ਸਿੰਘ ਬਾਠ ਨੇ ਦੱਸਿਆ ਹੈ ਕਿ ਪਿੰਡ ਦੇ ਲੋਕਾਂ ਵਿਚ ਆਪਸੀ ਪਿਆਰ ਦੀ ਭਾਵਨਾ ਹੋਣ ਕਰ ਕੇ ਕਿਸਾਨਾਂ ਨੇ ਇੱਕ ਦੂਸਰੇ ਦੀ ਮਦਦ ਲਈ ਅੱਗੇ ਆਏ ਹਨ | ਕਿਸਾਨ ਧਰਮਜੀਤ ਸਿੰਘ ਸੰਗਤਪੁਰਾ ਨੇ ਦੱਸਿਆ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਦਾ ਪਿੰਡ ਸੰਗਤਪੁਰਾ ਵਿਖੇ 300 ਏਕੜ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ, ਕਿਸਾਨਾਂ ਵੱਲੋਂ ਆਪਣੇ ਪੱਧਰ 'ਤੇ ਖਰਚਾ ਕਰ ਕੇ 11 ਟਰੈਕਟਰ ਲਗਾਏ ਗਏ ਹਨ ਤਾਂ ਜੋ ਮੀਂਹ ਦਾ ਪਾਣੀ ਖੇਤਾਂ ਵਿਚੋਂ ਕੱਢ ਕੇ ਡਰੇਨ ਵਿਚ ਸੁੱਟਿਆ ਜਾ ਸਕੇ | ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਗਿਲਾ ਜ਼ਾਹਿਰ ਕੀਤਾ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ | ਖੇਤਾਂ ਵਿਚ ਖੜ੍ਹਾ ਪਾਣੀ ਕਿਸਾਨਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ | ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਲਦਾਲ ਲਿੰਕ ਡਰੇਨ ਦੀ ਸਫ਼ਾਈ ਨਹੀਂ ਕਰਵਾਈ ਜਿਸ ਦਾ ਖ਼ਮਿਆਜ਼ਾ ਅੱਜ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ | ਲਦਾਲ ਰੋਡ 'ਤੇ ਜੱਸੀ ਦੇ ਪੋਲਟਰੀ ਫਾਰਮ ਵਿਚ ਪਾਣੀ ਭਰ ਜਾਣ ਕਾਰਨ ਲਗਭਗ 2500 ਚੂਚੇ ਮਾਰੇ ਜਾਣ ਦੀ ਜਾਣਕਾਰੀ ਹੈ | ਜੱਸੀ ਨੇ ਦੱਸਿਆ ਕਿ ਭਾਰੀ ਬਰਸਾਤ ਕਾਰਨ ਉਨ੍ਹਾਂ ਦੇ ਮਕਾਨ ਦੀਆਂ ਛੱਤਾਂ ਡਿੱਗਣ ਕਿਨਾਰੇ ਹਨ | ਜਦੋਂਕਿ ਦੀਪਾ ਸਿੰਘ ਦਾ ਮਕਾਨ ਪਿਛਲੀਆਂ ਬਰਸਾਤਾਂ ਵਿਚ ਹੀ ਡਿਗ ਗਿਆ ਸੀ, ਉਹ ਹੁਣ ਤਰਪਾਲ ਲਗਾ ਕੇ ਰਾਤਾਂ ਕੱਟਣ ਲਈ ਮਜਬੂਰ ਹੈ | ਦੂਸਰੇ ਪਾਸੇ ਜਦੋਂ ਇਸ ਸਬੰਧੀ ਐਸਡੀਐਮ ਸੂਬਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਖ਼ੁਦ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਪੀ.ਏ. ਤਪਿੰਦਰ ਸਿੰਘ ਸੋਹੀ ਨਾਲ ਇਹਨਾਂ ਪਿੰਡਾਂ ਵਿਚ ਦੌਰਾ ਕਰ ਕੇ ਗਏ ਹਨ ਅਤੇ ਹੁਣ ਬਕਾਇਦਾ ਪ੍ਰਸ਼ਾਸਨ ਵੱਲੋਂ ਹਲਕਾ ਪਟਵਾਰੀ ਅਤੇ ਕਾਨੂੰਗੋ ਨੂੰ ਪਿੰਡਾਂ ਵਿਚ ਹੋਏ ਨੁਕਸਾਨ ਦੀਆਂ ਰਿਪੋਰਟਾਂ ਤਿਆਰ ਕਰਨ ਲਈ ਭੇਜ ਦਿੱਤਾ ਗਿਆ ਹੈ |
ਛਾਜਲੀ, (ਅਜਾਇਬ ਸਿੰਘ ਨੀਲੋਵਾਲ) - ਬੀਤੇ ਦਿਨੀਂ ਹੋਈ ਮਾਨਸੂਨੀ ਭਾਰੀ ਬਰਸਾਤ ਨੇ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ, ਉੱਥੇ ਹੀ ਦਿਹਾਤੀ ਖੇਤਰਾਂ ਵਿਚ ਕਈ ਰਹਾਇਸ਼ੀ ਮਕਾਨਾਂ ਵਿਚ ਪਾਣੀ ਵੜਣ ਨਾਲ ਗਰੀਬ ਪਰਿਵਾਰਾਂ ਦਾ ਜੀਵਨ ਹੋਰ ਵੀ ਮੁਸ਼ਕਲ ਹੋ ਗਿਆ | ਸਰਕਾਰ ਵਲੋਂ ਗ਼ਰੀਬਾਂ ਲਈ ਘੋਸ਼ਿਤ ਕੀਤੀਆਂ ਸਕੀਮਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਪੰਜ-ਪੰਜ ਮਰਲੇ ਦੇ ਪਲਾਟਾਂ ਦੇ ਵਾਅਦੇ ਕੇਵਲ ਕਾਗ਼ਜ਼ਾਂ ਅਤੇ ਇਸ਼ਤਿਹਾਰਾਂ ਤੱਕ ਹੀ ਸੀਮਿਤ ਨਜ਼ਰ ਆਏ ਹਨ | ਨੇੜਲੇ ਪਿੰਡ ਨੀਲੋਵਾਲ ਵਿਖੇ ਇੱਕ ਗਰੀਬ ਦਲਿਤ ਜੋੜੇ ਦਾ ਘਰ ਪਾਣੀ ਨਾਲ ਇਸ ਕਦਰ ਭਰ ਗਿਆ ਕਿ ਨਾ ਕੇਵਲ ਘਰ ਦਾ ਸਾਮਾਨ ਬਰਬਾਦ ਹੋਇਆ, ਸਗੋਂ ਰਹਿਣ ਲਈ ਸੁੱਕੀ ਥਾਂ ਵੀ ਨਾ ਬਚੀ, ਘਰਾਂ 'ਚ ਵੱਡੀਆਂ ਵੱਡੀਆਂ ਤਰੇੜਾਂ ਆ ਗਈਆਂ, ਹਾਲਾਤ ਇਨ੍ਹਾਂ ਗੰਭੀਰ ਹੋ ਗਏ ਕਿ ਪਰਿਵਾਰ ਨੂੰ ਪਿੰਡ ਦੀ ਧਰਮਸ਼ਾਲਾ ਵਿਚ ਪਨਾਹ ਲੈਣੀ ਪਈ | ਪਰਿਵਾਰ ਦੇ ਮੁਖੀ ਨੇ ਕੁਝ ਸਮਾਂ ਪਹਿਲਾਂ ਗੰਭੀਰ ਬਿਮਾਰੀ ਕਾਰਨ ਆਪਣੀ ਇਕ ਲੱਤ ਵੀ ਗੁਆ ਦਿੱਤੀ ਸੀ, ਜਿਸ ਨਾਲ ਉਸ ਦਾ ਜੀਵਨ ਪਹਿਲਾਂ ਹੀ ਸੰਘਰਸ਼ਮਈ ਹੋ ਚੁੱਕਾ ਹੈ | ਇਸ ਮੌਕੇ 'ਤੇ ਭੀਮ ਆਰਮੀ ਦੇ ਸੀਨੀਅਰ ਆਗੂ ਅਤੇ ਉੱਘੇ ਦਲਿਤ ਚਿੰਤਕ ਕਰਨੈਲ ਸਿੰਘ ਨੀਲੋਵਾਲ ਨੇ ਤਿੱਖੀ ਪ੍ਰਤੀਕਿ੍ਆ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅੱਜ ਪੰਜਾਬ ਦਾ ਦਲਿਤ ਮਜ਼ਦੂਰ ਦੁੱਖਾਂ ਭਰੀ ਜ਼ਿੰਦਗੀ ਨਹੀਂ ਬਸਰ ਕਰ ਰਿਹਾ ਹੁੰਦਾ | ਉਨ੍ਹਾਂ ਕਿਹਾ ਕਿ ਅਜਿਹੇ ਕਈ ਹੋਰ ਪਰਿਵਾਰ ਵੀ ਹਨ ਜਿਨ੍ਹਾਂ ਦੇ ਘਰ ਡਿੱਗਣ ਕਿਨਾਰੇ ਹਨ ਅਤੇ ਹਰ ਮਾਨਸੂਨ ਵਿਚ ਇਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਜਾਂਦੀ ਹੈ | ਇਸ ਲਈ ਬਿਨ੍ਹਾਂ ਕਿਸੇ ਪੱਖਪਾਤ ਦੇ ਸਾਰੇ ਗਰੀਬ ਪਰਿਵਾਰਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲਣਾ ਚਾਹੀਦਾ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਜਲਦ-ਤੋਂ-ਜਲਦ ਪੰਜ ਮਰਲਿਆਂ ਦੇ ਪਲਾਟ ਅਲਾਟ ਕੀਤੇ ਜਾਣ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਅਸਲ ਰੂਪ ਵਿਚ ਲਾਗੂ ਕੀਤਾ ਜਾਵੇ, ਤਾਂ ਜੋ ਗਰੀਬ ਪਰਿਵਾਰਾਂ ਨੂੰ ਛੱਤ ਮਿਲ ਸਕੇ ਅਤੇ ਉਹ ਆਪਣੀ ਜ਼ਿੰਦਗੀ ਇੱਜ਼ਤ ਨਾਲ ਬਸਰ ਕਰ ਸਕਣ |

ਪਿਛਲੀ ਖ਼ਬਰ ਗਲੀ 'ਚ ਖੜ੍ਹੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਦੇ ਰੋਸ 'ਚ ਲੋਕਾਂ ਵਲੋਂ ਧਰਨਾ <br/> ਅਗਲੀ ਖ਼ਬਰ ਬਰਿੰਦਰ ਗੋਇਲ ਨੇ ਚਾਂਦਪੁਰਾ ਘੱਗਰ ਸਾਈਫ਼ਨ ਦਾ ਜਾਇਜ਼ਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।